ਹਾਏ ਕੁਰਸੀ!
(ਸਮਾਜ ਵੀਕਲੀ) ਇਹ ਕੁਰਸੀ ਬੜੇ ਕਮਾਲ ਦੀ ਚੀਜ਼ ਹੈ। ਦੁਨੀਆਂ ਵਿੱਚ ਸਾਰੇ ਲੋਕ ਇਸ ਕੁਰਸੀ ਵਾਸਤੇ ਆਪਸ ਵਿੱਚ ਲੜ ਝਗੜ ਰਹੇ ਹਨ। ਘਰ ਪਰਿਵਾਰ ਵਿੱਚ ਵੀ ਸਸ ਅਤੇ ਨੂੰਹ, ਪਿਓ ਤੇ ਪੁੱਤਰ ਵਿਚਕਾਰ ਕੁਰਸੀ (ਵਡਿਆਈ) ਦੇ ਪਿੱਛੇ ਕਲੇਸ਼ ਹੁੰਦੇ ਰਹਿੰਦੇ ਹਨ। ਧਾਰਮਿਕ ਸਥਾਨਾਂ, ਸਿੱਖਿਆ ਸੰਸਥਾਵਾਂ, ਸ਼ਾਮਲਾਤ ਜਮੀਨ ਦੀ ਪ੍ਰਧਾਨਗੀ, ਸ਼ਮਸ਼ਾਨ ਭੂਮੀ ਦੀ ਪ੍ਰਬੰਧ ਦੀ ਪ੍ਰਧਾਨਗੀ ਅਰਥਾਤ ਕੁਰਸੀ ਨੂੰ ਲੈ ਕੇ ਰੌਲੇ ਰੱਪੇ ਹੁੰਦੇ ਸੁਣੇ ਗਏ ਹਨ। ਪਹਿਲੇ ਜਮਾਨੇ ਵਿੱਚ ਨਾਈ ਲੋਕ ਜਮੀਨ ਤੇ ਟਾਟ ਵਿਛਾ ਕੇ ਆਦਮੀ ਦੀ ਹਜਾਮਤ ਜਾਂ ਸ਼ੇਵ ਕਰਿਆ ਕਰਦੇ ਸਨ। ਵਕਤ ਨੇ ਉਹਨਾਂ ਨੂੰ ਇਨਾ ਸਿਆਣਾ ਬਣਾ ਦਿੱਤਾ ਹੈ ਕਿ ਉਹ ਵੀ ਅੱਜ ਕੱਲ ਆਪਣੇ ਗਾਹਕਾਂ ਨੂੰ ਕੁਰਸੀ ਤੇ ਬਿਠਾ ਕੇ ਉਹਨਾਂ ਦੇ ਵਾਲ ਕੱਟਦੇ ਹਨ ਅਤੇ ਸ਼ੇਵ ਕਰਦੇ ਹਨ। ਤੁਸੀਂ ਕਿਸੇ ਗਿਰਜਾ ਘਰ ਵਿੱਚ ਜਾਓ ਕਈ ਵਾਰ ਉਥੇ ਵੀ ਪੂਜਾ ਪਾਠ ਕਰਨ ਵਾਲਿਆਂ ਵਾਸਤੇ ਕੁਰਸੀਆਂ ਵਿਛੀਆਂ ਹੁੰਦੀਆਂ ਹਨ। ਕੁਰਸੀ ਦੇ ਇਸਤੇਮਾਲ ਤੇ ਇਤਨੀ ਕ੍ਰਾਂਤੀ ਆ ਗਈ ਹੈ ਕਿ ਕਈ ਪਬਲਿਕ ਸਕੂਲਾਂ ਵਿੱਚ ਬਹੁਤ ਵਧੀਆ ਵਧੀਆ ਕੁਰਸੀਆਂ ਤੇ ਵਿਦਿਆਰਥੀਆਂ ਨੂੰ ਬਿਠਾਇਆ ਜਾਂਦਾ ਹੈ ਅਤੇ ਏਸੀ ਵੀ ਚਲਾਇਆ ਜਾਂਦਾ ਹੈ। ਅੱਜ ਕੱਲ ਰਸਮ ਤੇਰਵੀ ਤੇ ਜਾਣ ਵਾਲੇ ਉਹਨਾਂ ਲੋਕਾਂ ਲਈ ਬੈਠਣ ਲਈ ਖਾਸ ਤੌਰ ਤੇ ਕੁਰਸੀਆਂ ਲਗਾਈਆਂ ਜਾਂਦੀਆਂ ਹਨ ਜਿਹੜੇ ਬੰਦੇ ਥੱਲੇ ਜਮੀਨ ਤੇ ਦਰੀ ਉੱਤੇ ਨਹੀਂ ਬੈਠ ਸਕਦੇ। ਜਦੋਂ ਕਦੇ ਵੀ ਕਿਸੇ ਦਫਤਰ ਵਿੱਚ ਵੱਡਾ ਅਫਸਰ ਮੋਆਇਨੇ ਲਈ ਆਉਂਦਾ ਹੈ ਤਾਂ ਛੋਟਾ ਅਫਸਰ ਉਸ ਨੂੰ ਆਪਣੀ ਕੁਰਸੀ ਉੱਤੇ ਬੈਠਣ ਲਈ ਪ੍ਰਾਰਥਨਾ ਕਰਦਾ ਹੈ। ਇਹ ਹੈ ਕੁਰਸੀ ਦਾ ਕਮਾਲ।
ਇਸ ਤਰ੍ਹਾਂ ਸਾਡੇ ਸਮਾਜ ਵਿੱਚ ਕੁਰਸੀ ਦੇ ਪ੍ਰਤੀ ਜਾਗਰੂਕਤਾ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜਿਆਦਾ ਵਧ ਗਈ ਹੈ। ਅਸੀਂ ਹਰ ਥਾਂ ਤੇ ਕੁਰਸੀ ਚਾਹੁੰਦੇ ਹਾਂ। ਕਿਤੇ ਐਗਜੀਕਿਉਟਿਵ ਚੇਅਰ ਹੈ, ਕਿਤੇ ਗਾਰਡਨ ਚੇਅਰ, ਕਿਤੇ ਡਾਇਨਿੰਗ ਚੇਅਰ,ਕਿਤੇ ਈਜੀ਼ ਚੇਅਰ ਆਦੀ ਆਦੀ। ਲੇਕਿਨ ਸਾਡੇ ਨੇਤਾ ਲੋਕ ਕੁਰਸੀ ਦੇ ਜਿਤਨੇ ਭੁੱਖੇ ਹਨ ਉਸ ਦੇ ਬਾਰੇ ਜਿੰਨੀ ਘੱਟ ਗੱਲ ਕੀਤੀ ਜਾਵੇ ਉਨਾ ਹੀ ਚੰਗਾ ਹੈ। ਉਹ ਕੁਰਸੀ ਦੇ ਪਿੱਛੇ ਮਰਦੇ ਹਨ, ਕੁਰਸੀ ਦੇ ਪਿੱਛੇ ਆਪਣਾ ਧਰਮ ਇਮਾਨ ਅਤੇ ਕਈ ਵਾਰ ਪਰਿਵਾਰ ਵੀ ਬਲੀ ਤੇ ਚੜਾ ਦਿੰਦੇ ਹਨ, ਕੁਰਸੀ ਦੇ ਪਿੱਛੇ ਰਿਸ਼ਤੇਦਾਰੀਆਂ ਕੁਰਬਾਨ ਹੋ ਜਾਂਦੀਆਂ ਹਨ, ਉਹ ਮਰਦੇ ਦਮ ਤੱਕ ਕੁਰਸੀ ਤੇ ਬਿਰਾਜ ਮਾਨ ਰਹਿਣਾ ਚਾਹੁੰਦੇ ਹਨ ਅਤੇ ਉਹਨਾਂ ਦੀ ਅੰਤਿਮ ਇੱਛਾ ਇਹ ਹੁੰਦੀ ਹੈ ਕਿ ਜਦੋਂ ਉਹ ਮਰਨ ਤਾਂ ਉਹ ਕੁਰਸੀ ਤੇ ਬੈਠੇ ਬੈਠੇ ਹੀ ਮਰਨ ਤਾਂ ਜੋ ਉਹਨਾਂ ਦਾ ਦਾਹ ਸੰਸਕਾਰ ਸਰਕਾਰੀ ਤੌਰ ਤੇ ਸ਼ਾਨੋ ਸ਼ੌਕਤ ਨਾਲ ਕੀਤਾ ਜਾਵੇ। ਇਹੀ ਕਾਰਨ ਹੈ ਕਿ ਹਰ ਰਾਜਨੇਤਾ ਆਪਣੇ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਬਣ ਕੇ ਰਹਿਣਾ ਚਾਹੁੰਦਾ ਹੈ ਤਾਂ ਜੋ ਵੇਲਾ ਆਉਣ ਤੇ ਉਸ ਨੂੰ ਚੋਣ ਲੜਨ ਲਈ ਟਿਕਟ ਮਿਲ ਜਾਏ ਅਤੇ ਪਾਰਟੀ ਵੱਲੋਂ ਚੋਣਾਂ ਲੜਨ ਲਈ ਬਹੁਤ ਸਾਰਾ ਪੈਸਾ ਵੀ ਮਿਲ ਜਾਏ ਅਤੇ ਚੋਣ ਜਿੱਤਣ ਤੋਂ ਬਾਅਦ ਉਸ ਨੂੰ ਕੁਰਸੀ ਵੀ ਮਿਲ ਜਾਏ। ਮਨਿਸਟਰ ਬਣਨ ਦਾ ਤਾਂ ਮਜਾ ਹੀ ਕੁਝ ਹੋਰ ਹੈ। ਉਝ ਤਾਂ ਹਰ ਜੇਤੂ ਕੈਬਨਟ ਮਨਿਸਟਰ ਬਣਨਾ ਚਾਹੁੰਦਾ ਹੈ ਲੇਕਿਨ ਜਿਹੜੀ ਵੀ ਮਿਨਿਸਟਰੀ ਵਾਲੀ ਕੁਰਸੀ ਮਿਲ ਜਾਏ ਉਸ ਦਾ ਸਵਾਗਤ ਹੀ ਕਰਨਾ ਚਾਹੀਦਾ ਹੈ। ਮਨਿਸਟਰ ਵਾਲੀ ਕੁਰਸੀ ਮਿਲਣ ਤੋਂ ਬਾਅਦ ਉਸ ਦੇ ਜਲੂਸ ਕੱਢੇ ਜਾਂਦੇ ਹਨ, ਗਲ ਵਿੱਚ ਨੋਟਾਂ ਦੀ ਮਾਲਾ ਪਾਈ ਜਾਂਦੀ ਹੈ, ਸਵਾਗਤ ਗੇਟ ਬਣਾਏ ਜਾਂਦੇ ਹਨ, ਸਰਕਾਰੀ ਅਫਸਰ ਝੁਕ ਝੁਕ ਕੇ ਸਲਾਮ ਕਰਦੇ ਹਨ, ਕਈ ਲੋਕ ਉਸ ਕੋਲ ਆਪਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਆਉਂਦੇ ਹਨ, ਘਰ ਅਤੇ ਦਫਤਰ ਅੱਗੇ ਚੰਗੀ ਰੌਣਕ ਲੱਗੀ ਰਹਿੰਦੀ ਹੈ। ਇੱਜਤ ਵਿੱਚ ਵਾਧਾ ਹੁੰਦਾ ਹੈ। ਕੁਰਸੀ ਵਾਲੇ ਬੰਦੇ ਨੂੰ ਸਮੇਂ ਸਮੇਂ ਤੇ ਕਈ ਪ੍ਰਕਾਰ ਦੇ ਕੀਮਤੀ ਤੋਹਫੇ ਵੀ ਮਿਲਦੇ ਰਹਿੰਦੇ ਹਨ।
ਸਰਕਾਰ ਵੱਲੋਂ ਕੁਰਸੀ ਵਾਲੇ ਮਿਨਿਸਟਰ ਨੂੰ ਇੱਕ ਡਰਾਈਵਰ, ਇਕ ਪੁਲਿਸ ਦਾ ਬਾਡੀਗਾਰਡ ਅਤੇ ਸਟਾਫ ਦਿੱਤਾ ਜਾਂਦਾ ਹੈ, ਇੱਕ ਪੀ ਏ ਦੀ ਸਹੂਲੀਅਤ ਵੀ ਦਿੱਤੀ ਜਾਂਦੀ ਹੈ, ਰਹਿਣ ਲਈ ਸਰਕਾਰੀ ਬੰਗਲਾ ਮਿਲਦਾ ਹੈ ਅਤੇ ਬੰਗਲੇ ਦੇ ਬਾਹਰ ਸੁਰੱਖਿਆ ਕਰਮਚਾਰੀ ਰੱਖੇ ਜਾਂਦੇ ਹਨ। ਮਿਨਿਸਟਰ ਸਾਹਿਬ ਜਿੱਥੇ ਵੀ ਜਾਂਦੇ ਹਨ ਉਥੇ,,, ਜਿੰਦਾਬਾਦ, ਜਿੰਦਾਬਾਦ,,,,, ਜੈ ਹੋ,,, ਜੈ ਹੋ,,,, ਦੇ ਨਾਰੇ ਹੀ ਸੁਣਨ ਨੂੰ ਮਿਲਦੇ ਹਨ। ਇਹ ਸ਼ਬਦ ਸੁਣ ਕੇ ਮਨਿਸਟਰ ਸਾਹਿਬ ਨੂੰ ਬਹੁਤ ਹੀ ਚੰਗਾ ਲੱਗਦਾ ਹੈ। ਇਹ ਸਾਰਾ ਕੁਰਸੀ ਦਾ ਹੀ ਕਰਾਮਾਤ ਹੈ। ਸਰਕਾਰੀ ਕੁਰਸੀ ਮਿਲਣ ਦੇ ਬਾਅਦ ਵੱਡੀਆਂ ਵੱਡੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਆਪਣੇ ਪ੍ਰੋਗਰਾਮਾਂ ਵਿੱਚ ਪ੍ਰਧਾਨਗੀ ਕਰਨ ਵਾਸਤੇ ਪ੍ਰਾਰਥਨਾ ਕਰਦੀਆਂ ਰਹਿੰਦੀਆਂ ਹਨ। ਅਤੇ ਮਿਨਿਸਟਰ ਸਾਹਿਬ ਦੇ ਉਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਉਹਨਾਂ ਦੀ ਪ੍ਰਸ਼ੰਸਾ ਲਈ ਤਰ੍ਹਾਂ ਤਰ੍ਹਾਂ ਦੇ ਗਾਣੇ ਵਜਾਣੇ, ਡਾਂਸ ਅਤੇ ਭਾਸ਼ਣ ਹੁੰਦੇ ਹਨ। ਇਹ ਸ਼ਬਦ ਸੁਣ ਕੇ ਮਨਿਸਟਰ ਸਾਹਿਬ ਮਨ ਹੀ ਮਨ ਵਿੱਚ ਉਸ ਕੁਰਸੀ ਦਾ ਧੰਨਵਾਦ ਕਰਦੇ ਹਨ ਜਿਸ ਦੇ ਕਾਰਨ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਆਉਣ ਦਾ ਮੌਕਾ ਮਿਲਦਾ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਕਈ ਵਾਰ ਮਿਨਿਸਟਰ ਸਾਹਿਬ ਨੂੰ,,, ਮੰਗ ਪੱਤਰ,,, ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਸੰਸਥਾ ਵੱਲੋਂ ਕੁਝ ਜਰੂਰਤਾਂ ਜਾਂ ਆਪਣੀਆਂ ਕਠਿਨਾਈਆਂ ਦੂਰ ਕਰਾਉਣ ਲਈ ਮਨਿਸਟਰ ਸਾਹਿਬ ਨੂੰ ਪ੍ਰਾਰਥਨਾ ਕੀਤੀ ਗਈ ਹੁੰਦੀ ਹੈ। ਮਜੇ ਦੀ ਗੱਲ ਇਹ ਹੈ ਕਿ ਜਦੋਂ ਕੋਈ ਆਦਮੀ ਇੱਕ ਵਾਰ ਮਨਿਸਟਰ ਬਣ ਜਾਏ ਤਾਂ ਉਸ ਦਾ ਹਰ ਵਾਰ ਮਨਿਸਟਰ ਬਣੇ ਰਹਿਣ ਦਾ ਚਾਓ ਹਮੇਸ਼ਾ ਬਰਕਰਾਰ ਰਹਿੰਦਾ ਹੈ।। ਹੁਣੇ ਹੁਣੇ ਸੰਸਦ ਦੀਆਂ ਚੋਣਾਂ ਹੋਈਆਂ ਹਨ। ਸਾਡੇ ਗੁਆਂਢੀ ਰਾਮ ਆਸਰਾ ਜੀਵੀ ਇਹਨਾਂ ਚੋਣਾਂ ਵਿੱਚ ਚੰਗੇ ਮਾਰਜਨ ਨਾਲ ਚੋਣ ਜਿੱਤ ਗਏ ਹਨ। ਉਹਨਾਂ ਨੂੰ ਪੂਰਾ ਯਕੀਨ ਸੀ ਕਿ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮਨਿਸਟਰ ਬਣਾਇਆ ਜਾਏਗਾ। ਇਸ ਕੰਮ ਵਾਸਤੇ ਉਹਨਾਂ ਨੇ ਆਪਣੇ ਨਵੇਂ ਕੱਪੜੇ ਵੀ ਤਿਆਰ ਕਰਵਾ ਕੇ ਰੱਖੇ ਸਨ, ਖੁਸ਼ੀ ਦੇ ਮੌਕੇ ਤੇ ਵੰਡਣ ਵਾਸਤੇ ਲੱਡੂਆਂ ਦੇ ਕਈ ਥਾਲ ਤਿਆਰ ਕਰਕੇ ਰੱਖੇ ਸਨ, ਖੁਸ਼ੀ ਮਨਾਉਣ ਲਈ ਢੋਲ ਵਾਲਿਆਂ ਨੂੰ ਵੀ ਘਰ ਵਿੱਚ ਬੁਲਾ ਕੇ ਬਿਠਾਇਆ ਹੋਇਆ ਸੀ। ਉਹਨਾਂ ਨੂੰ ਅੰਦਾਜ਼ਾ ਸੀ ਕਿ ਇਸ ਵਾਰ ਉਹਨਾਂ ਦਾ ਨਾਂ ਉਸ ਲਿਸਟ ਵਿੱਚ ਹੈ ਜਿਨਾਂ ਲੋਕਾਂ ਨੂੰ ਮਨਿਸਟਰ ਬਣਾਇਆ ਜਾ ਰਿਹਾ ਹੈ। ਉਹਨਾਂ ਨੂੰ ਪੂਰਾ ਯਕੀਨ ਸੀ ਕਿ 72 ਮਨਿਸਟਰਾ ਵਿੱਚੋਂ ਉਹਨਾਂ ਦਾ ਨਾਂ ਵੀ ਜਰੂਰ ਆਏਗਾ। ਉਹ ਆਪਣੀ ਪਾਰਟੀ ਦੇ ਕੇਂਦਰੀ ਦਫਤਰ ਵੱਲੋਂ ਮਿਨਿਸਟਰ ਦੀ ਸਹੁੰ ਚੁੱਕਣ ਵਾਸਤੇ ਜਾਣ ਲਈ ਇੰਤਜ਼ਾਰ ਕਰ ਰਹੇ ਸਨ। ਲੇਕਿਨ ਅਫਸੋਸ ਕਿ ਇਸ ਲਿਸਟ ਵਿੱਚ ਉਹਨਾਂ ਦਾ ਨਾਂ ਕਿਤੇ ਨਹੀਂ ਦਿਸ ਰਿਹਾ ਸੀ।
ਉਨੋਂ ਨੇ ਮਨਿਸਟਰਾਂ ਵੱਲੋਂ ਸਹੁੰ ਚੁੱਕਣ ਦਾ ਪ੍ਰੋਗਰਾਮ ਟੀਵੀ ਤੇ ਲਾਈਵ ਦੇਖਿਆ। ਪਰ ਉਹਨਾਂ ਦਾ ਨਾਂ ਕਿਸੇ ਪਾਸੇ ਸੁਣਨ ਨੂੰ ਨਹੀਂ ਮਿਲਿਆ। ਉਹ ਸੋਚ ਰਹੇ ਸਨ ਕਿ ਜੇਕਰ ਹੁਣ ਵੀ ਵਿਰੋਧੀ ਦਲ ਦੀ ਸਰਕਾਰ ਬਣ ਜਾਏ ਤਾਂ ਉਹ ਆਪਣੀ ਪਾਰਟੀ ਨੂੰ ਠੋਕਰ ਮਾਰ ਕੇ ਵਿਰੋਧੀ ਦਲ ਨਾਲ ਮਿਲ ਜਾਣਗੇ ਤਾਂ ਜੋ ਉਹਨਾਂ ਨੂੰ ਮਨਿਸਟਰ ਦੀ ਕੁਰਸੀ ਮਿਲ ਜਾਏ। ਲੇਕਿਨ ਅਫਸੋਸ ਇਸ ਮੌਕੇ ਤੇ ਕੁਝ ਵੀ ਨਹੀਂ ਹੋ ਸਕਦਾ ਸੀ। ਰਾਮ ਆਸਰਾ ਨੂੰ ਮਨਿਸਟਰ ਦੀ ਕੁਰਸੀ ਨਾ ਮਿਲਣ ਕਰਕੇ ਇਨਾ ਵੱਡਾ ਸਦਮਾ ਲੱਗਿਆ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਅਤੇ ਉਹਨਾਂ ਨੂੰ ਵੀਲਡ ਚੇਅਰ ਤੇ ਬਿਠਾ ਕੇ ਇੱਕ ਪ੍ਰਾਈਵੇਟ ਹੋਸਪਿਟਲ ਲਿਜਾਇਆ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਦੇ ਮੂੰਹੋਂ ਵਾਰ ਵਾਰ ਇਹੋ ਕੁਝ ਨਿਕਲ ਰਿਹਾ ਸੀ,,,ਹਾਏ ਕੁਰਸੀ!
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly