ਹਾਸ ਵਿਅੰਗ

ਉਤਾਵਲਾ ਰਾਮ

(ਸਮਾਜ ਵੀਕਲੀ)   ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ,,, ਜਿਉਂ ਦੇਰ, ਤਿਉਂ ਖੈਰ,, ਆਗਾ ਦੌੜ, ਪਿੱਛਾ ਚੌੜ,,,, ਧੀਰੇ ਧੀਰੇ ਨਾਨਕਾ, ਧੀਰੇ ਧੀਰੇ ਸਭ ਕੁਝ ਹੋਏ,,,, Slow and steady wins the race ਅਤੇ ਸਾਨੂੰ ਹੌਲੀ ਹੌਲੀ ਚਬਾ ਕੇ ਰੋਟੀ ਖਾਣ ਦੀ ਸਿੱਖਿਆ ਵੀ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾਂਦੀ ਹੈ। ਸਾਨੂੰ ਸਮਝਾਇਆ ਗਿਆ ਸੀ ਕਿ Rome was not built in a day,,, ਲੇਕਿਨ ਦੋਸਤੋ ਇਹ ਸਾਰੀਆਂ ਗੱਲਾਂ ਪੁਰਾਣੀਆਂ ਹੋ ਗਈਆਂ ਹਨ ਇਹਨਾਂ ਦਾ ਅੱਜ ਕੱਲ ਕੋਈ ਮਹੱਤਵ ਨਹੀਂ ਹੈ। ਅੱਜ ਕੱਲ ਹਰ ਕੋਈ ਬਹੁਤ ਜਲਦੀ ਵਿੱਚ ਹੈ। ਜਿਸ ਨੂੰ ਵੀ ਦੇਖੋ ਭੱਜਿਆ ਹੀ ਜਾ ਰਿਹਾ ਹੈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹਰ ਆਦਮੀ ਹਰ ਕੰਮ ਛੇਤੀ ਛੇਤੀ ਹੀ ਕਰ ਲੈਣਾ ਚਾਹੁੰਦਾ ਹੈ। ਹਰ ਆਦਮੀ ਇਹ ਸੋਚਦਾ ਹੈ ਕਿ ਭਾਈ ਜੇਕਰ ਇਹ ਕੰਮ ਛੇਤੀ ਨਹੀਂ ਹੋਇਆ ਤਾਂ ਪਤਾ ਨਹੀਂ ਕੀ ਹੋ ਜਾਊਗਾ। ਜੇਕਰ ਪਿਛੜ ਗਏ ਤਾਂ ਬੇੜਾ ਗਰਕ ਹੋ ਜਾਊਗਾ। ਸਾਰੇ ਲੋਕ ਉਤਾਵਲੇਪਣ ਦਾ ਸ਼ਿਕਾਰ ਹਨ। ਕਿਸੇ ਨੂੰ ਵੀ ਸੰਜਮ, ਸ਼ਾਂਤੀ, ਸਬਰ ਅਤੇ ਹੌਲੀ ਚੱਲਣ ਦਾ ਪਤਾ ਹੀ ਨਹੀਂ। ਜਲਦੀ, ਜਲਦੀ ਅਤੇ ਹੋਰ ਜਲਦੀ,,, ਸਾਡੀ ਸੋਚ ਵਿੱਚ ਇਹੋ ਗੱਲ ਸਮਾਈ ਹੋਈ ਹੈ। ਬੇਸ਼ਕ ਗੱਡੀ ਚਾਲਕਾਂ ਵਾਸਤੇ ਸੜਕ ਤੇ ਇਹੋ ਜਿਹਾ ਚੇਤਾਵਨੀ ਬੋਰਡ ਲੱਗਿਆ ਹੁੰਦਾ ਹੈ,,,,Speed thrills, but kills…. ਹਰ ਕੋਈ ਸੜਕ ਤੇ ਚਲਦੇ ਹੋਏ ਆਪਣੀ ਗੱਡੀ ਨੂੰ ਦੂਜੇ ਦੀ ਗੱਡੀ ਦੇ ਮੁਕਾਬਲੇ ਰੇਸ ਲਗਾ ਕੇ ਅੱਗੇ ਹੀ ਲੈ ਜਾਣਾ ਚਾਹੁੰਦਾ ਹੈ ਅਤੇ ਕਿਸੇ ਸਪੀਡ ਬਰੇਕਰ ਦੀ ਵੀ ਪਰਵਾਹ ਨਹੀਂ ਕਰਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਪੀਡ ਬਰੇਕਰ ਤੇ ਗੱਡੀ ਉਛਲਦੀ ਹੈ ਅਤੇ ਸਿਰ ਗੱਡੀ ਦੀ ਛੱਤ ਦੇ ਨਾਲ ਟਕਰਾ ਜਾਂਦਾ ਹੈ, ਫੁੱਟ ਜਾਂਦਾ ਹੈ, ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਗੇ ਜਾ ਕੇ ਇੱਕ ਹੋਰ ਚੇਤਾਵਨੀ ਬੋਰਡ ਤੇ ਲਿਖਿਆ ਹੋਇਆ ਪੜਨ ਨੂੰ ਮਿਲਦਾ ਹੈ,,,, ਤੁਹਾਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਗਿਆ ਸੀ। ਲੇਕਿਨ ਇਸ ਤੇ ਬਾਵਜੂਦ ਵੀ ਕੌਣ ਪ੍ਰਵਾਹ ਕਰਦਾ ਹੈ, ਜਨਾਬ ਸਾਰੇ ਉਤਾਵਲੇ ਇਕੱਠੇ ਹੋਏ ਹੋਏ ਹਨ।

ਇਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਾਡੇ ਇੱਕ ਮਿੱਤਰ ਪਿਆਰੇ ਹਨ। ਉਹਨਾਂ ਦਾ ਅਸਲੀ ਨਾਂ ਤਾਂ ਸੁਰਿੰਦਰ ਪ੍ਰਕਾਸ਼ ਵਰਮਾ ਹੈ। ਲੇਕਿਨ ਉਹਨਾਂ ਦੀਆਂ ਆਦਤਾਂ, ਸੁਭਾਅ, ਵਿਚਾਰ ਅਤੇ ਸੋਚ ਨੂੰ ਲੈ ਕੇ ਉਹਨਾਂ ਨੂੰ ਉਤਾਵਲਾ ਰਾਮ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਹਰ ਕੰਮ ਵਿੱਚ ਉਤਾਵਲੇ ਹੁੰਦੇ ਹਨ। ਅਜਿਹਾ ਲੱਗਦਾ ਹੈ ਕਿ ਉਹਨਾਂ ਦੀ ਮਾਨਸਿਕਤਾ,, ਖੋ ਖੋ,, ਖੇਡਣ ਵਾਲੇ ਖਿਡਾਰੀ ਦੀ ਤਰਹਾਂ ਹੈ। ਤਦੋਂ ਤਾਂ ਜਦੋਂ ਉਤਾਵਲਾ ਰਾਮ ਸਕੂਲ ਵਿੱਚ ਪੜਦਾ ਸੀ ਤਾਂ ਪੀਟੀ ਮਾਸਟਰ ਜੀ ਨੇ ਉਸ ਨੂੰ, ਖੋ ਖੋ,, ਟੀਮ ਦਾ ਕੈਪਟਨ ਬਣਾ ਰੱਖਿਆ ਸੀ। ਅਤੇ ਉਸ ਦੀ ਕਪਤਾਨੀ ਵਿੱਚ ਸਕੂਲ ਖੋਖੋ ਦੇ ਲਗਭਗ ਸਾਰੇ ਮੈਚ ਜਿੱਤਦਾ ਸੀ। ਕਿਸ ਨੂੰ ਪਤਾ ਸੀ ਕਿ ਉਸ ਦੀ ਇਹ ਆਦਤ ਬਾਅਦ ਵਿੱਚ ਉਸ ਦੀ ਜ਼ਿੰਦਗੀ ਦਾ ਇੱਕ ਅਭਿਨ ਹਿੱਸਾ ਬਣ ਜਾਏਗੀ। ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਆਮ ਤੌਰ ਤੇ ਕਿਸੇ ਬੱਚੇ ਦਾ ਜਨਮ ਮਾਂ ਦੇ ਪੇਟ ਵਿੱਚ ਨੌ ਮਹੀਨੇ ਦੇ ਵਖਫੇਬਾਦ ਹੁੰਦਾ ਹੈ ਲੇਕਿਨ ਸਾਡੇ ਉਤਾਵਲੇ ਰਾਮ ਨੂੰ ਪੈਦਾ ਹੋਣ ਦੀ ਵੀ ਜਲਦੀ ਸੀ ਇਸ ਕਰਕੇ ਉਸ ਦਾ ਜਨਮ ਸੱਤਵੇਂ ਮਹੀਨੇ ਸਿਜੇ਼ਰੀਅਨ ਆਪਰੇਸ਼ਨ ਦੇ ਬਾਅਦ ਹੋ ਗਿਆ। ਸਾ਼ਇਦ ਉਤਾਵਲਾ ਰਾਮ ਜਲਦੀ ਹੀ ਦੁਨੀਆ ਦੀ ਸੈਰ ਕਰਨਾ ਚਾਹੁੰਦਾ ਸੀ। ਉਤਾਵਲਾ ਰਾਮ ਬਚਪਨ ਤੋਂ ਹੀ ਹਰ ਕੰਮ ਦੀ ਜਲਦੀ ਕਰਦਾ ਸੀ। ਉਸ ਦੀ ਮਾਂ ਬਚਪਨ ਵਿੱਚ ਉਸ ਨੂੰ ਢਿੱਡ ਭਰ ਕੇ ਦੁੱਧ ਪਿਲਾ ਦਿੰਦੀ ਸੀ ਅਤੇ ਸੋਚਦੀ ਸੀ ਤੇ ਚਲੋ ਦੋ ਤਿੰਨ ਘੰਟੇ ਤਾਂ ਇਹ ਕਾਕਾ ਸੋਂਦਾ ਰਹੇਗਾ ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਉਹ ਅੱਧੇ ਘੰਟੇ ਬਾਅਦ ਹੀ ਫੇਰ ਦੁੱਧ ਪੀਣ ਵਾਸਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਸੀ। ਉਸ ਦੀ ਮਾਂ ਸਵੇਰੇ ਸ਼ਾਮ ਜਦੋਂ ਰੋਟੀ ਬਣਾਉਂਦੀ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਇੱਕ ਖਵਾਉਂਦੀ ਸੀ। ਉਸ ਬਾਰੇ ਇਕ ਚੰਗੀ ਗੱਲ ਇਹ ਹੈ ਕਿ ਉਹ ਆਪਣੀ ਕਲਾਸ ਵਿੱਚ ਅਧਿਆਪਕ ਦੁਆਰਾ ਪੜਾਇਆ ਹੋਇਆ ਪਾਠ ਸਭ ਤੋਂ ਪਹਿਲੇ ਯਾਦ ਕਰਕੇ ਸੁਣਾਉਂਦਾ ਸੀ। ਦਿਲਚਸਪ ਗੱਲ ਇਹ ਹੈ ਕਿ ਜਦੋਂ ਉਸ ਦੇ ਅਧਿਆਪਕ ਪਹਿਲਾਂ ਪੜਾਇਆ ਹੋਇਆ ਪਾਠ ਦੋਹਰਾ ਰਹੇ ਹੁੰਦੇ ਸਨ ਤਾਂ ਉਹ ਅੱਗੇ ਦਾ ਪਾਠ ਬਿਨਾ ਪੜੇ ਹੀ ਪਹਿਲਾਂ ਹੀ ਉਹਨਾਂ ਨੂੰ ਸੁਣਾ ਕੇ ਹੈਰਾਨ ਕਰ ਦਿੰਦਾ ਸੀ। ਇਸ ਆਦਤ ਕਾਰਨ ਉਤਾਵਲਾ ਰਾਮ ਸਾਲ ਵਿੱਚ ਦੋ ਦੋ ਕਲਾਸਾਂ ਦੇ ਇਮਤਿਹਾਨ ਪਾਸ ਕਰਕੇ ਪੜ੍ਹਾਈ ਵਿੱਚ ਸਭ ਤੋਂ ਅੱਗੇ ਪਹੁੰਚ ਗਿਆ ਅਤੇ ਰਿਕਾਰਡ ਕਾਇਮ ਕਰ ਦਿੱਤਾ। ਇਹੀ ਗੱਲ ਕਾਲਜ ਅਤੇ ਯੂਨੀਵਰਸਿਟੀ ਵਿੱਚ ਵੀ ਹੋਈ। ਉਤਾਵਲਾ ਰਾਮ ਨਹਾਣ, ਤਿਆਰ ਹੋਣ ਅਤੇ ਕਿਸੇ ਪਾਸੇ ਜਾਣ ਵਾਸਤੇ ਸਭ ਤੋਂ ਪਹਿਲਾਂ ਤਿਆਰ ਹੋ ਜਾਇਆ ਕਰਦਾ ਸੀ ਜਿਵੇਂ ਕਿ ਕੋਈ ਗੱਡੀ ਫੜਨੀ ਹੋਵੇ।ਉਤਾਵਲਾ ਰਾਮ ਦੀ ਇਹ ਖੂਬੀ ਸੀ ਕਿ ਉਸ ਸਮੇਂ ਦਾ ਬਹੁਤ ਪਾਬੰਦ ਸੀ। ਦੇਰ,, ਸ਼ਬਦ ਉਸ ਦੀ ਡਿਕਸ਼ਨਰੀ ਵਿੱਚ ਬਿਲਕੁਲ ਨਹੀਂ ਸੀ। ਉਤਾਵਲਾ ਰਾਮ ਉੱਚ ਅਭਿਲਾਸ਼ੀ ਸੀ। ਉਹ ਗਵਰਨਰ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨਾ ਚਾਹੁੰਦਾ ਸੀ ਅਤੇ ਉਸ ਦੇ ਅਜਿਹਾ ਬਣਨ ਦੇ ਸੁਫਨੇ ਸ਼ੇਖ ਚਿੱਲੀ ਵਾਲੇ ਨਹੀਂ ਸਨ। ਕੁਝ ਸਮਾਂ ਪਹਿਲਾਂ ਸ਼ਹਿਰ ਦੇ ਨਗਰ ਪਾਲਿਕਾ ਦੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ ਅਤੇ ਥਾਂ ਥਾਂ ਤੇ ਕੂੜੇ ਕਰਕਟ ਦੇ ਢੇਰ ਇਕੱਠੇ ਹੋ ਗਏ ਅਤੇ ਲੋਕਾਂ ਵਾਸਤੇ ਘਰੋਂ ਬਾਹਰ ਨਿਕਲਣਾ ਅਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ। ਫਿਰ ਕੀ ਸੀ ਉਤਾਵਲਾ ਰਾਮ ਨੇ ਆਪਣੇ ਦੋ ਚਾਰ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਦੀ ਅਜਿਹੀ ਸਫਾਈ ਕਰ ਦਿੱਤੀ ਜਿਵੇਂ ਕਿ ਕਿਸੇ ਮਨਿਸਟਰ ਨੇ ਸ਼ਹਿਰ ਦੇ ਮੁਆਇਨੇ ਤੇ ਆਉਣਾ ਹੋਵੇ। ਉਤਾਵਲਾ ਰਾਮ ਦੀ ਇਸ ਆਦਤ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਅਤੇ ਉਸਦੀ ਬਹੁਤ ਤਾਰੀਫ ਕੀਤੀ। ਇੰਜ ਤਾਂ ਸਾਡਾ ਉਤਾਵਲਾ ਰਾਮ ਸਾਰਾ ਕੰਮ ਤਸੱਲੀ ਬਖਸ਼ ਤਰੀਕੇ ਨਾਲ ਕਰਦਾ ਹੈ ਲੇਕਿਨ ਉਸਦੀ ਖੂਬੀ ਇਹ ਹੈ ਕਿ ਅਜੇ ਇੱਕ ਕੰਮ ਖਤਮ ਨਹੀਂ ਹੋਇਆ ਹੁੰਦਾ ਉਹ ਦੂਜੇ ਕੰਮ ਨੂੰ ਕਰਨ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਸਿਲਸਿਲਾ ਚਲਦਾ ਹੀ ਰਹਿੰਦਾ ਹੈ। ਉਸ ਦਾ ਦਿਮਾਗ ਬਹੁਤ ਤੇਜ਼ ਹੈ ਅਤੇ ਉਸ ਦਾ ਗਿਆਨ ਬਹੁਤ ਵਿਆਪਕ ਹੈ ਅਤੇ ਉਸਨੂੰ ਬਹੁਤ ਸਾਰੀਆਂ ਗੱਲਾਂ ਦਾ ਤਜਰਬਾ ਹੈ। ਉਹ ਚੱਲਦਾ ਫਿਰਦਾ ਕੰਪਿਊਟਰ ਹੈ। ਸਾਡਾ ਉਤਾਵਲਾ ਰਾਮ ਹਮੇਸ਼ਾ ਬੁਲਟ ਟਰੇਨ ਜਾਂ ਹਵਾਈ ਜਹਾਜ ਵਿੱਚ ਸਫਰ ਕਰਨ ਦਾ ਚਾਹਵਾਨ ਰਹਿੰਦਾ ਹੈ। ਉਸ ਨੂੰ ਸਮਾਰਟ ਸਿਟੀ ਬਹੁਤ ਪਸੰਦ ਹਨ। ਉਹ ਸਦਾ ਏਟੀਐਮ ਜਾਂ ਪੇਟਮ ਨਾਲ ਹੀ ਪੈਸੇ ਦਾ ਲੈਣ ਦੇਣ ਕਰਦਾ ਹੈ। ਉਹ ਜਲਦੀ ਸੋਣ ਅਤੇ ਜਲਦੀ ਉੱਠਣ ਦੀ ਆਦਤ ਵਿੱਚ ਵਿਸ਼ਵਾਸ ਕਰਦਾ ਹੈ ਇਹੀ ਕਾਰਨ ਹੈ ਕਿ ਉਹ ਇਤਨਾ ਕੰਮ ਕਰਨ ਦੇ ਬਾਵਜੂਦ ਵੀ ਬਹੁਤ ਸਿਹਤ ਮੰਦ ਹੈ। ਉਹ ਜਦੋਂ ਕਦੇ ਵੀ ਸਵੇਰੇ ਪਾਰ ਵਿੱਚ ਸੈਰ ਕਰਨ ਵਾਸਤੇ ਜਾਂਦਾ ਹੈ ਤਾਂ ਉਹ ਇਤਨੀ ਤੇਜ਼ ਚਲਦਾ ਹੈ ਕਿ ਸਭ ਨੂੰ ਪਿੱਛੇ ਛੱਡ ਦਿੰਦਾ ਹੈ। ਤੇਜ਼ ਚੱਲਣ ਵਿੱਚ ਕੋਈ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਜੇਕਰ ਕਿਸੇ ਨੂੰ ਮਿਲਣ ਵਾਸਤੇ ਜਾਣਾ ਹੋਵੇ ਤਾਂ ਉਤਾਵਲਾ ਰਾਮ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਕੇ ਜਾਣ ਵਾਸਤੇ ਇੰਤਜ਼ਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਕਈ ਲੋਕ ਉਤਾਵਲਾ ਰਾਮ ਦੀ ਇਸ ਆਦਤ ਨੂੰ ਪਸੰਦ ਕਰਦੇ ਹਨ ਅਤੇ ਜਿਹੜੇ ਲੋਕ ਉਸ ਦੀ ਇਸ ਆਦਤ ਨੂੰ ਪਸੰਦ ਨਹੀਂ ਕਰਦੇ ਉਹਨਾਂ ਬਾਰੇ ਉਤਾਲਾ ਰਾਮ ਦਾ ਕਹਿਣਾ ਹੈTo hell with it.

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਐਲੀਮੈਂਟਰੀ ਸਕੂਲ, ਅਲੰਮਦੀਪੁਰ ਦਾ ਸਲਾਨਾ ਇਨਾਮ ਵੰਡ ਸਮਾਗਮ ਰਿਹਾ ਪ੍ਰਭਾਵਸ਼ਾਲੀ
Next articleਸਿੱਧਾ ਬੰਦਾ ਸਿੱਧੀ ਗੱਲ।‌