(ਸਮਾਜ ਵੀਕਲੀ) ਦੁਨੀਆਂ ਵਿੱਚ ਸ਼ਾਇਦ ਹੀ ਕੋਈ ਇਹੋ ਜਿਹਾ ਬੰਦਾ ਹੋਇਆ ਹੋਵੇਗਾ ਜਿਸ ਨੂੰ ਕਦੇ ਬੁਖਾਰ ਨਾ ਹੋਇਆ ਹੋਵੇ। ਕਹਿੰਦੇ ਨੇ ਕਿ ਹਰ ਬੰਦੇ ਨੂੰ ਕਦੇ ਕਦੇ ਬਹੁਤ ਤੇਜ ਬੁਖਾਰ ਜਰੂਰ ਹੋ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਕਰਨ ਵਾਲੇ ਕੀਟਾਣੂ ਉਝ ਹੀ ਮਰ ਜਾਂਦੇ ਹਨ ਜਿਵੇਂ ਕਿ ਜੂਨ ਦੇ ਮਹੀਨੇ ਵਿੱਚ ਤੇਜ ਗਰਮੀ ਪੈਣ ਕਰਕੇ ਮੱਛਰ ਆਪਣੇ ਆਪ ਮਰ ਜਾਂਦੇ ਹਨ। ਜਦ ਕਦੇ ਵੀ ਕਿਸੇ ਬੰਦੇ ਨੂੰ ਬੁਖਾਰ ਹੁੰਦਾ ਹੈ ਤਾਂ ਉਸ ਦਾ ਚਿਹਰਾ ਲਾਲ ਹੋ ਜਾਂਦਾ ਹੈ। ਸਰੀਰ ਵਿੱਚ ਬਹੁਤ ਗਰਮੀ ਆ ਜਾਂਦੀ ਹੈ। ਲੇਕਿਨ ਜਦੋਂ ਬੁਖਾਰ ਉਤਰ ਜਾਂਦਾ ਹੈ ਤਾਂ ਇਹ 98 ਜਾਂ 97 ਡਿਗਰੀ ਦੇ ਆਸ ਪਾਸ ਹੋ ਜਾਂਦਾ ਹੈ। ਜੇ ਕਿਸੇ ਬੰਦੇ ਦਾ ਟੈਂਪਰੇਚਰ ਜੀਰੋ ਡਿਗਰੀ ਹੋ ਜਾਵੇ ਤਾਂ ਉਸ ਨੂੰ ਮਰਿਆ ਹੋਇਆ ਹੀ ਸਮਝ ਲਿਆ ਜਾਂਦਾ ਹੈ। ਇਸ ਲਈ ਤਾਪਮਾਨ ਕਿਸੇ ਬੰਦੇ ਦੇ ਜਿਉਣ ਦਾ ਇੱਕ ਸਬੂਤ ਹੈ। ਲੇਕਿਨ ਜਿਵੇਂ ਜਿਵੇਂ ਕਿਸੇ ਬੰਦੇ ਦਾ ਬੁਖਾਰ 104 ਡਿਗਰੀ ਤੋਂ ਜਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸਦੇ ਘਰ ਵਾਲਿਆਂ ਦਾ ਚਿੰਤਾ ਕਰਨਾ ਲਾਜਮੀ ਹੋ ਜਾਂਦਾ ਹੈ ਅਤੇ ਜੇਕਰ ਇਹ ਬੁਖਾਰ ਵਧਦਾ ਹੋਇਆ 108 ਡਿਗਰੀ ਤੱਕ ਪਹੁੰਚ ਜਾਵੇ ਤਾਂ ਘਰ ਵਾਲਿਆਂ ਨੂੰ ਬਹੁਤ ਜਿਆਦਾ ਚਿੰਤਾ ਹੋ ਜਾਂਦੀ ਹੈ। ਡਾਕਟਰਾਂ ਅਤੇ ਮਰੀਜ਼ ਵਾਸਤੇ ਇਹ ਖਤਰੇ ਦੀ ਘੰਟੀ ਹੁੰਦੀ ਹੈ। ਜਦੋਂ ਕਿਸੇ ਬੰਦੇ ਨੂੰ 108 ਡਿਗਰੀ ਬੁਖਾਰ ਹੁੰਦਾ ਹੈ ਤਾਂ ਦੋ ਗੱਲਾਂ ਹੋਣ ਦੀ ਸੰਭਾਵਨਾ ਹੁੰਦੀ ਹੈ। ਪਹਿਲੀ ਤਾਂ ਇਹ ਹੈ ਕਿ ਇੰਨੇ ਜਿਆਦਾ ਬੁਖਾਰ ਨਾਲ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਅਤੇ ਦੂਜੀ ਸੰਭਾਵਨਾ ਇਹ ਹੈ ਕਿ ਹੌਲੀ ਹੌਲੀ ਬੁਖਾਰ ਉਤਰਨਾ ਸ਼ੁਰੂ ਹੋ ਜਾਂਦਾ ਹੈ। ਗੱਲ ਸਾਫ ਹੈ ਕਿ ਬੁਖਾਰ ਉਤਾਰਨ ਵਾਸਤੇ ਡਾਕਟਰ ਦੀਆਂ ਦਵਾਈਆਂ ਦੇ ਨਾਲ ਨਾਲ ਮਰੀਜ਼ ਦੇ ਸਿਰ, ਢਿੱਡ, ਮੱਥੇ, ਪੈਰਾਂ ਆਦਿ ਤੇ ਠੰਡੇ ਪਾਣੀ ਜਾਂ ਬਰਫ ਦੀਆਂ ਪੱਟੀਆਂ ਰੱਖਣੀਆਂ ਪੈਂਦੀਆਂ ਹਨ ਤਾਂ ਕਿਤੇ ਜਾ ਕੇ ਬੁਖਾਰ ਉਤਰਦਾ ਹੈ। ਖੈਰ, ਸਾਹਿਬ! ਬੁਖਾਰ ਤਾਂ ਬੁਖਾਰ ਹੁੰਦਾ ਹੈ, ਆਦਮੀ ਦੀ ਜਾਨ ਕੱਢ ਕੇ ਰੱਖ ਦਿੰਦਾ ਹੈ।
ਦੁਨੀਆਂ ਵਿੱਚ ਕਈ ਕਿਸਮ ਦੇ 108 ਡਿਗਰੀ ਦੇ ਬੁਖਾਰ ਹੁੰਦੇ ਹਨ। ਕਈ ਆਦਮੀ ਨੂੰ ਸਿਆਸਤ ਵਿੱਚ ਚਮਕਣ ਦਾ ਬੁਖਾਰ ਹੋ ਜਾਂਦਾ ਹੈ ਅਰਥਾਤ ਉਹਨਾਂ ਨੂੰ ਆਪਣੀ ਲੀਡਰੀ ਚਮਕਾਉਣ ਦਾ ਚਸਕਾ ਲੱਗ ਜਾਂਦਾ ਹੈ। ਖੱਦਰ ਦੇ ਕਈ ਕਈ ਕੁਰਤੇ ਅਤੇ ਪਜਾਮੇ ਬਣਵਾ ਲੈਂਦੇ ਹਨ। ਜੇ ਕੋਈ ਇੱਕ ਪਾਰਟੀ ਉਹਨਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਤਾਂ ਉਹ ਪਲਟੀ ਮਾਰ ਕੇ ਦੂਜੀ ਪਾਰਟੀ ਦੇ ਕੋਲ ਜਾ ਕੇ ਆਪਣੇ ਪੂੰਛ ਹਿਲਾਉਣੀ ਸ਼ੁਰੂ ਕਰ ਦਿੰਦੇ ਹਨ। ਜਦੋਂ ਕਦੇ ਵੀ ਮਹਿੰਗਾਈ, ਬੇਰੋਜ਼ਗਾਰੀ, ਪੀਣ ਦੇ ਪਾਣੀ ਦੀ ਸਮੱਸਿਆ, ਭਰਿਸ਼ਟਾਚਾਰ, ਬਲਾਤਕਾਰ ਆਦਿ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਅਜਿਹੇ ਬੰਦਿਆਂ ਨੂੰ ਆਪਣੀ ਲੀਡਰੀ ਚਮਕਾਉਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਨਜ਼ਰ ਵਿੱਚ ਆ ਜਾਂਦੇ ਹਨ। ਕਈ ਵਾਰ ਤਾਂ ਅਜਿਹੇ ਬੰਦੇ ਅੰਨ ਪਾਣੀ ਛੱਡ ਕੇ ਮਰਨ ਵਰਤ ਰੱਖਣ ਦਾ ਵੀ ਨਾਟਕ ਕਰਦੇ ਹਨ। ਅਜਿਹੇ ਲੋਕ ਪੈਸੇ ਉਧਾਰ ਲੈ ਕੇ ਆਪਣਾ ਕੋਈ ਦਫਤਰ ਵੀ ਖੋਲ ਲੈਂਦੇ ਹਨ ਅਤੇ ਉੱਥੇ ਆਉਣ ਜਾਣ ਵਾਲੇ ਬੰਦਿਆਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਵੀ ਕਰਦੇ ਹਨ। ਅਖਬਾਰ ਅਤੇ ਟੀਵੀ ਵਾਲੇ ਅਜਿਹੇ ਲੀਡਰਾਂ ਦਾ ਇੰਟਰਵਿਊ ਲੈਂਦੇ ਹਨ ਅਤੇ ਇਹ ਲੀਡਰ ਜਨਤਾ ਦੀ ਨਜ਼ਰ ਵਿੱਚ ਆ ਜਾਂਦੇ ਹਨ। ਜਦੋਂ ਕਦੇ ਵੀ ਕੋਈ ਪਾਰਟੀ ਇਹਨਾਂ ਨੂੰ ਚੋਣ ਲੜਨ ਵਾਸਤੇ ਟਿਕਟ ਦੇ ਦਿੰਦੀ ਹੈ ਤਾਂ ਇਹਨਾਂ ਦਾ 108 ਡਿਗਰੀ ਦਾ ਰਾਜਨੀਤੀ ਦਾ ਬੁਖਾਰ ਉਸ ਵੇਲੇ ਉਤਰਦਾ ਹੈ ਜਦੋਂ ਚੋਣਾਂ ਵਿੱਚ ਇਹਨਾਂ ਦੀ ਜਮਾਨਤ ਵੀ ਜਬਤ ਹੋ ਜਾਂਦੀ ਹੈ। ਅਗਲੇ ਦਿਨ ਅਜਿਹੇ ਲੀਡਰ ਲੱਭਣ ਤੇ ਵੀ ਨਹੀਂ ਮਿਲਦੇ ਐਵੇਂ ਗਾਇਬ ਹੋ ਜਾਂਦੇ ਹਨ ਜਿਵੇਂ ਕਿ ਖੋਤੇ ਦੇ ਸਿਰ ਤੇ ਸਿੰਗ।
ਜਿਆਦਾਤਰ ਲੋਕਾਂ ਨੂੰ ਜਵਾਨੀ ਦੇ ਦਿਨਾਂ ਵਿੱਚ ਇਸ਼ਕ ਦਾ ਬੁਖਾਰ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਿਆਰ ਅੰਨਾ ਹੁੰਦਾ ਹੈ। ਜਦੋਂ ਕਿਸੇ ਬੰਦੇ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਉਹ ਦਿਖਾਈ ਦੇਣ ਤੋਂ ਇਲਾਵਾ ਹੋਰ ਕੋਈ ਵੀ ਦਿਖਾਈ ਨਹੀਂ ਦਿੰਦਾ। ਅਤੇ ਨਾ ਹੀ ਕੁਝ ਹੋਰ ਚੰਗਾ ਲੱਗਦਾ ਹੈ। ਹਰ ਪ੍ਰੇਮੀ ਇਹੀ ਚਾਹੁੰਦਾ ਹੈ ਕਿ ਉਸ ਦੀ ਪ੍ਰੇਮਿਕਾ ਹਰ ਸਮੇਂ ਉਸ ਦੇ ਨਾਲ ਹੀ ਰਹੇ ਅਤੇ ਉਹ ਉਸ ਦੇ ਨਾਲ ਮੌਜ ਮਸਤੀ ਅਤੇ ਪ੍ਰੇਮ ਦੀਆਂ ਗੱਲਾਂ ਕਰਦਾ ਰਹੇ। ਜਦੋਂ ਕਿਸੀ ਨੌਜਵਾਨ ਮੁੰਡੇ ਜਾਂ ਕੁੜੀ ਨੂੰ ਪਿਆਰ ਦਾ 108 ਡਿਗਰੀ ਦਾ ਬੁਖਾਰ ਹੋ ਜਾਂਦਾ ਹੈ ਤਾਂ ਉਹ ਆਪਣੀ ਪੜ੍ਹਾਈ, ਲਿਖਾਈ, ਮਾਂ ਪਿਓ, ਭੈਣ ਭਰਾ ਅਤੇ ਮਿੱਤਰ ਪਿਆਰਿਆਂ ਦੀ ਪਰਵਾਹ ਨਹੀਂ ਕਰਦਾ। ਪਿਆਰ ਦੇ ਅੰਨੇਪਣ ਵਿੱਚ ਨੌਜਵਾਨ ਮੁੰਡੇ ਕੁੜੀਆਂ ਲੋਕ ਲਾਜ ਅਤੇ ਮਰਿਆਦਾ ਦੀ ਵੀ ਪਰਵਾਹ ਨਹੀਂ ਕਰਦੇ, ਜਗ ਹਸਾਈ ਦਾ ਖਿਆਲ ਵੀ ਉਹਨਾਂ ਨੂੰ ਨਹੀਂ ਆਉਂਦਾ। ਕਈ ਵਾਰ ਤਾਂ ਪ੍ਰੇਮ ਵਿੱਚ ਅੰਨੇ ਹੋ ਕੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਘਰੋਂ ਭੱਜ ਜਾਂਦੇ ਹਨ ਅਤੇ ਕਈ ਕੋਟ ਕਚਹਿਰੀ ਵਿੱਚ ਜਾ ਕੇ ਕੋਰਟ ਮੈਰਿਜ ਵੀ ਕਰਵਾ ਲੈਂਦੇ ਹਨ। ਲੇਕਿਨ ਜਦੋਂ ਪਿਆਰ ਦਾ ਬੁਖਾਰ ਉਤਰਦਾ ਹੈ, ਜ਼ਿੰਦਗੀ ਦੀ ਅਸਲੀਅਤ ਸਾਹਮਣੇ ਆਉਂਦੀ ਹੈ, ਸ਼ੁਭ ਚਿੰਤਕਾਂ ਦੀ ਸਲਾਹ ਦਾ ਮਤਲਬ ਸਮਝ ਵਿੱਚ ਆਉਂਦਾ ਹੈ, ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਆਪਸੀ ਗਿਲੇ ਸ਼ਿਕਵੇ, ਨਫਰਤ ਅਤੇ ਮਾਰ ਕੁੱਟ ਸ਼ੁਰੂ ਹੋ ਜਾਂਦੀ ਹੈ। ਲੇਕਿਨ… ਸਭ ਕੁਝ ਲੁਟਾ ਕਰ, ਹੋਸ਼ ਮੇਂ ਆਏ ਤੋ ਕਿਆ,,, ਹੋ ਜਾਂਦੀ ਹੈ। ਧੱਕੇ ਖਾ ਕੇ ਆਖਿਰਕਾਰ ਆਪਣੇ ਮਾਂ ਪਿਓ ਦੀ ਸ਼ਰਨ ਵਿੱਚ ਹੀ ਆ ਜਾਂਦੇ ਹਨ। ਲੇਕਿਨ ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਵੇਂ ਕਿ ਭੁਚਾਲ ਤੋਂ ਬਾਅਦ ਨਵੇਂ ਸਿਰੇ ਤੋਂ ਲੋਕ ਮਕਾਨ ਬਣਾਉਂਦੇ ਹਨ ਉਹ ਤਰੀਕੇ ਨਾਲ ਇੱਕ ਪਿਆਰ ਵਿੱਚ ਧੋਖਾ ਖਾਣ ਤੋਂ ਬਾਅਦ ਕਿਸੇ ਹੋਰ ਥਾਂ ਤੇ ਪਿਆਰ ਦੀ ਕਿਸਮਤ ਅਜਮਾਉਣ ਦਾ ਯਤਨ ਕਰਦੇ ਹਨ।,,,, ਤੂੰ ਨਹੀਂ ਤੋ ਔਰ ਸਹੀ,, i
ਕਈ ਲੋਕ ਸ਼ੌਕ ਸ਼ੌਕ ਵਿੱਚ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ। ਕਦੇ ਕਿਸੇ ਮਿੱਤਰ ਪਿਆਰੇ ਨੇ ਪਾਰਟੀ ਕੀਤੀ ਤਾਂ ਉੱਥੇ ਸ਼ਰਾਬ ਪੀ ਲਈ, ਕਦੇ ਕਿਸੇ ਵਿਆਹ ਸ਼ਾਦੀ ਵਿੱਚ ਗਏ ਤਾਂ ਉਥੇ ਪੀਣ ਨੂੰ ਮਿਲ ਗਈ, ਕਦੇ ਕਿਸੇ ਨੂੰ ਮਜਬੂਰੀ ਵਿੱਚ ਪਿਲਾਣੀ ਪੈ ਗਈ ਅਤੇ ਉਹਦੇ ਨਾਲ ਮਿਲ ਕੇ ਪੀਤੀ, ਇਸ ਤਰ੍ਹਾਂ ਹੌਲੀ ਹੌਲੀ ਸ਼ਰਾਬ ਪੀਣ ਦੀ ਆਦਤ ਪੈ ਗਈ। ਅੱਜ ਕੱਲ ਸ਼ਰਾਬ ਪੀਣਾ ਕਈ ਲੋਕ ਆਪਣੇ ਉੱਚੇ ਸਟੈਂਡਰਡ ਦੀ ਨਿਸ਼ਾਨੀ ਸਮਝਣ ਲੱਗ ਗਏ ਹਨ, ਕੋਈ ਗਮ ਵਿੱਚ ਪੀ ਰਿਹਾ ਹੈ, ਕੋਈ ਖੁਸ਼ੀ ਵਿੱਚ ਪੀ ਰਿਹਾ ਹੈ, ਕੋਈ ਮਿੱਤਰ ਦੇ ਮਿਲਣ ਤੇ ਪੀ ਰਿਹਾ, ਅਤੇ ਕਈ ਉਸ ਦੇ ਵਿਛੋੜੇ ਦੇ ਸਦਮੇ ਨੂੰ ਸਹਿਣ ਲਈ ਪੀ ਰਿਹਾ। ਲੇਕਿਨ ਜਦੋਂ ਸ਼ਰਾਬ ਪੀਣ ਦਾ ਬੁਖਾਰ 108 ਡਿਗਰੀ ਤੱਕ ਪਹੁੰਚ ਜਾਂਦਾ ਹੈ ਤਾਂ ਬੰਦਾ ਸਵੇਰੇ ਉਠਦੇ ਹੀ ਦਾਰੂ ਪੀਣੀ ਸ਼ੁਰੂ ਕਰਦਾ ਹੈ ਅਤੇ ਸੌਣ ਦੇ ਵੇਲੇ ਤੱਕ ਪੀਂਦਾ ਹੀ ਰਹਿੰਦਾ ਹੈ, ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੀ ਰਹਿੰਦਾ ਹੈ। ਉਸ ਨੂੰ ਦੁਨੀਆਂ ਦੀ ਕੋਈ ਖਬਰ ਨਹੀਂ ਆਉਂਦੀ। ਘਰ ਵਿੱਚ ਕੋਈ ਬਿਮਾਰ ਹੋਵੇ, ਘਰ ਵਿੱਚ ਕੋਈ ਆ ਜਾਵੇ, ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਦੀਨ ਦੁਨੀਆ ਦੀ ਉਸ ਨੂੰ ਖਬਰ ਨਹੀਂ ਹੁੰਦੀ। ਉਸ ਦਾ ਹਾਲ ਉਵੇਂ ਹੋ ਜਾਂਦਾ ਹੈ ਜਿਵੇਂ ਕਿ,,, ਸਾਹਿਬ, ਬੀਵੀ ਔਰ ਗੁਲਾਮ,,, ਫਿਲਮ ਵਿੱਚ ਮੀਨਾ ਕੁਮਾਰੀ ਅਤੇ ਰਹਿਮਾਨ ਦਾ ਦਿਖਾਇਆ ਗਿਆ ਹੈ। ਅੱਜ ਕੱਲ ਤਾਂ ਲੋਕਾਂ ਨੂੰ ਨਸ਼ੇ ਦਾ ਜੋ 108 ਡਿਗਰੀ ਦ ਬੁਖਾਰ ਚੜਿਆ ਹੈ ਤਾਂ ਉਹ ਹੈਰੋਇਨ, ਸਮੈਕ, ਬਰਾਉਨ ਸ਼ੂਗਰ ਆਦਿ ਵੀ ਲੈਣ ਲੱਗੇ ਹਨ। ਪੰਜਾਬ ਵਿੱਚ ਤਾਂ ਇਹੋ ਜਿਹੇ ਘਰ ਬਹੁਤ ਸਾਰੇ ਮਿਲ ਜਾਣਗੇ ਜਿੱਥੇ ਨੌਜਵਾਨ ਮੁੰਡਿਆਂ ਨੂੰ,, ਚਿੱਟੇ,, ਦਾ 108 ਡਿਗਰੀ ਦਾ ਬੁਖਾਰ ਨਾ ਚੜਿਆ ਹੋਵੇ। ਬਹੁਤ ਵਾਰ ਤਾਂ ਅਜਿਹੇ ਲੋਕ ਸੜਕਾਂ ਦੇ ਕਿਨਾਰੇ ਜਾਂ ਕਿਸੇ ਦਰਖਤ ਦੇ ਥੱਲੇ ਜਾਂ ਕਿਸੇ ਪਾਰਕ ਵਿੱਚ ਨਸ਼ੇ ਨਾਲ ਧੁੱਤ ਬੇਸੁੱਧ ਡਿੱਗੇ ਹੋਏ ਦੇਖੇ ਜਾ ਸਕਦੇ ਹਨ। ਅਜਿਹੇ ਲੋਕਾਂ ਦਾ 108 ਡਿਗਰੀ ਦਾ ਨਸ਼ੇ ਦਾ ਬੁਖਾਰ ਮੌਤ ਦੇ ਨਾਲ ਹੀ ਉਤਰਦਾ ਹੈ। 108 ਡਿਗਰੀ ਦਾ ਬੁਖਾਰ ਚਾਹੇ ਕਿਸੇ ਕਿਸਮ ਦਾ ਵੀ ਕਿਉਂ ਨਾ ਹੋਵੇ, ਹੈ ਤਾਂ ਬਹੁਤ ਖਤਰਨਾਕ। ਜਿਵੇਂ ਅਸੀਂ ਆਪਣੇ ਸਰੀਰ ਦਾ ਤਪਵਾਨ ਜਿਆਦਾ ਨਹੀਂ ਹੋਣ ਦਿੰਦੇ ਉਸੇ ਤਰਾਂ ਜੀਵਨ ਦੇ ਕਿਸੇ ਖੇਤਰ ਵਿੱਚ ਜੇਕਰ 108 ਡਿਗਰੀ ਦਾ ਬੁਖਾਰ ਹੋ ਗਿਆ ਤਾਂ ਬੇੜਾ ਗਰਕ ਕਰਕੇ ਹੀ ਰਹੇਗਾ। ਇਸ ਲਈ 108 ਡਿਗਰੀ ਦੇ ਬੁਖਾਰ ਤੋਂ ਸਾਵਧਾਨ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj