ਹਾਸ ਵਿਅੰਗ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਦਸ ਮੈਂ ਕੀ ਪਿਆਰ ਵਿੱਚ ਖਟਿਆ?
ਪਿਆਰ ਹੀ ਆਦਮੀ ਦੀ ਉਤਪੱਤੀ ਦਾ ਕਾਰਨ ਹੈ। ਪੈਦਾ ਹੋਣ ਤੋਂ ਬਾਅਦ ਹੀ ਮਾਂ ਪਿਓ ਬੱਚਿਆਂ ਨੂੰ ਪਿਆਰ ਕਰਦੇ ਹਨ। ਅਸੀਂ ਵੀ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਕਈ ਆਪਣੇ ਸਵਾਰਥ ਕਰਕੇ ਪਿਆਰ ਕਰਦੇ ਹਾਂ ਅਤੇ ਕਈ ਵਾਰ ਬਿਨਾਂ ਸਵਾਰਥ ਦੇ ਵੀ ਪਿਆਰ ਕਰਦੇ ਹਾਂ। ਜਦੋਂ ਕਿਸੇ ਬੰਦੇ ਨੂੰ ਆਪਣਾ ਕੋਈ ਪਿਆਰ ਕਰਨ ਵਾਸਤੇ ਨਹੀਂ ਮਿਲਦਾ ਤਾਂ ਉਹ ਜਾਨਵਰਾਂ, ਪੰਛੀਆਂ ਅਤੇ ਕੁਦਰਤ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਕਿਸੇ ਜਮਾਨੇ ਵਿੱਚ ਛੋਟੇ ਬੱਚਿਆਂ ਨੂੰ ਗੁੱਡੇ ਗੁੱਡੀਆਂ ਨਾਲ ਪਿਆਰ ਹੁੰਦਾ ਸੀ, ਉਹ ਉਹਨਾਂ ਦਾ ਵਿਆਹ ਕਰਦੇ ਸੀ ਅਤੇ ਵਿਆਹ ਦੇ ਸਮੇਂ ਵਿਦਾਈ ਤੇ ਹੰਜੂ ਵਹਾਉਣ ਦਾ ਡਰਾਮਾ ਕਰਦੇ ਸੀ। ਲੇਕਿਨ ਅੱਜ ਕੱਲ ਦੇ ਬੱਚਿਆਂ ਦਾ ਤਾਂ ਮੋਬਾਈਲ ਦੇ ਨਾਲ ਹੀ ਪਿਆਰ ਹੋ ਗਿਆ ਹੈ। ਛੋਟੇ ਛੋਟੇ ਬੱਚੇ ਟੀਵੀ ਤੇ ਛੋਟਾ ਭੀਮ, ਸਪਾਈਡਰ ਮੈਨ ਆਦੀ ਦੇਖ ਕੇ ਟੀਵੀ ਨਾਲ ਚੰਬੜੇ ਰਹਿੰਦੇ ਹਨ। ਸਭ ਦੇ ਪਿਆਰ ਕਰਨ ਅਤੇ ਉਸਦੇ ਇਜ਼ਹਾਰ ਕਰਨ ਦੇ ਆਪਣੇ ਆਪਣੇ ਤਰੀਕੇ ਹਨ।
ਪੰਜਾਬੀ ਦੇ ਇੱਕ ਮਸ਼ਹੂਰ ਗਾਇਕ, ਲਾਲ ਚੰਦ ਯਮਲਾ ਦਾ ਇਕ ਮਸ਼ਹੂਰ ਗਾਣਾ ਹੈ,,, ਤੇਰੇ ਨੀ ਪਿਆਰਾ ਮੈਨੂੰ ਪੱਟਿਆ, ਦਸ ਮੈਂ ਕੀ ਪਿਆਰ ਵਿੱਚ ਖੱਟਿਆ,,,,? ਜੇ ਸੱਚ ਪੁੱਛੋ ਤਾਂ ਪਿਆਰ ਇਕ ਘਾਟੇ ਦਾ ਸੌਦਾ ਹੈ। ਅੱਜ ਤੱਕ ਕੋਈ ਵੀ ਪਿਆਰ ਵਿੱਚ ਪੂਰਨਤਾ ਤੱਕ ਨਹੀਂ ਪਹੁੰਚਿਆ। ਹੀਰ ਰਾਂਝਾ, ਸਸੀ ਪੁੰਨੂ, ਸੋਹਣੀ ਮਹੀਵਾਲ ਆਦੀ ਦੇ ਕਿੱਸੇ ਸਾਨੂੰ ਚੇਤਾਵਨੀ ਦਿੰਦੇ ਹਨ,,,, ਖਬਰਦਾਰ! ਅੱਜ ਕੱਲ ਪਿਆਰ ਕਰਨ ਵਾਲਿਆਂ ਦੇ,,, ਆਨਰ ਕਿਲਿੰਗ,,, ਦੇ ਮਾਮਲੇ ਵੀ ਦੇਸ਼ ਦੇ ਕੁਝ ਭਾਗਾਂ ਵਿੱਚ ਸੁਣਨ ਵਾਸਤੇ ਮਿਲਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਮੁੰਡੇ ਅਤੇ ਕੁੜੀਆਂ ਆਪਣੇ ਆਪ ਨੂੰ ਗਲਤੀ ਨਾਲ ਕਿਸੇ ਫਿਲਮ ਦਾ ਹੀਰੋ ਅਤੇ ਹੀਰੋਇਨ ਸਮਝ ਬੈਠਦੇ ਹਨ। ਕੰਟੀਨ, ਲਾਇਬਰੇਰੀ, ਨਜਦੀਨ ਤੇ ਕਿਸੇ ਪਾਰਕ ਵਿੱਚ ਜਨਮ ਜਨਮਾਂਤਰ ਤੱਕ ਇਕ ਦੂਜੇ ਦਾ ਹੱਥ ਫੜ ਕੇ ਰੱਖਣ ਦੀਆਂ ਕਸਮਾਂ ਖਾਦੇ ਹਨ। ਲੇਕਿਨ ਬਹੁਤ ਸਾਰੇ ਮਾਮਲਿਆਂ ਵਿੱਚ,, ਫਾਈਨਲ ਪ੍ਰੀਖਿਆ,, ਹੋਣ ਤੋਂ ਪਹਿਲੇ ਹੀ,,, ਦੀ ਐਂਡ,, ਆ ਜਾਂਦਾ ਹੈ। ਉਸ ਦਾ ਨਤੀਜਾ ਇੱਕ ਦੂਜੇ ਤੇ ਦੋਸ਼ ਮੜਨ, ਗਿਲੇ ਸ਼ਿਕਵੇ, ਮਾਂ ਪਿਓ ਦੁਆਰਾ ਕਿਸੇ ਹੋਰ ਪਾਸੇ ਰਿਸ਼ਤਾ ਕਰਨ, ਜਾਤ ਪਾਤ, ਅਮੀਰੀ ਗਰੀਬੀ ਦੀਆਂ ਦੀਵਾਰਾਂ, ਨਿਰਾਸ਼ਾ ਅਤੇ ਦਿਲ ਤੋੜਨ ਵਾਲੇ ਨਤੀਜਿਆਂ ਦੇ ਤੌਰ ਤੇ ਸਾਹਮਣੇ ਆਉਂਦੇ ਹਨ। ਜਿਹੜੇ ਕੁਝ ਪਿਆਰ ਦੇ ਮਾਮਲੇ ਘਰ ਵਸਾਉਣ ਤੱਕ ਪੁਜਦੇ ਵੀ ਹਨ, ਉਹਨਾਂ ਦਾ ਕੁਝ ਸਮੇਂ ਤੱਕ ਤਾਂ ਸਭ ਠੀਕ ਠਾਕ ਚਲਦਾ ਹੈ ।\ਦੇਖੋ ਜੀ ਕੁਝ ਸਮੇਂ ਬਾਅਦ ਉਹਨਾਂ ਵਿੱਚ ਈਰਖਾ, ਤਣਾਵ, ਇੱਕ ਦੂਜੇ ਨੂੰ ਨੀਵਾਂ ਦਿਖਾਣਾ, ਮਾਰ ਕੁੱਟ, ਕਿਸੇ ਤੀਜੇ ਵਿੱਚ ਦਿਲਚਸਪੀ, ਅਲਗ ਰਹਿਣਾ, ਤਲਾਕ ਤਕ ਨੌਬਤ ਆਉਣਾ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਇਸ ਤਰਾਂ ਜਿਨਾਂ ਨੂੰ ਪਿਆਰ ਵਿੱਚ ਸਫਲਤਾ ਨਹੀਂ ਮਿਲੀ ਅਤੇ ਸਫਲਤਾ ਦੇ ਬਾਅਦ ਤੋ ਸਾਰੀਆਂ ਅਨ ਹੋਣੀਆ ਗੱਲਾਂ ਦੇਖ ਕੇ ਸਾਰੇ ਲੋਕ ਇਹੀ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ,,,, ਦੱਸ ਮੈਂ ਕੀ ਪਿਆਰ ਵਿੱਚ ਖੱਟਿਆ,,,। ਉਹਨਾਂ ਦੀ ਅੰਤਰ ਆਤਮਾ ਵਿੱਚੋਂ ਕੇ ਐਲ ਸਹਗਲ ਦੇ ਗਾਣੇ ਦੀ ਇਹ ਆਵਾਜ਼ ਸੁਣਾਈ ਦਿੰਦੀ ਹੈ,,, ਜਬ ਦਿਲ ਹੀ ਟੂਟ ਗਿਆ ਤੋ ਜੀ ਕਰ ਕਿਆ ਕਰੇਂਗੇ।

ਸੱਚ ਪੁੱਛੋ ਤਾਂ ਦੁਨੀਆ ਵਿੱਚ ਪਿਆਰ ਇਕ ਧੋਖਾ ਹੈ। ਕਿਤੇ ਵਿਚਾਰੇ ਕ੍ਰਿਸ਼ਨ ਜੀ ਪਿਆਰ ਦੀ ਖਾਤਰ ਰਾਧਾ ਰਾਣੀ ਅਤੇ ਉਸਦੀਆਂ ਸਖੀਆਂ ਨਾਲ ਬੰਸੀ ਵਜਾਕੇ ਰਾਸਲੀਲਾ ਰਚਾਉਂਦੇ ਹਨ, ਕਿਤੇ ਬਿਚਾਰੀ ਮੀਰਾਂ ਪ੍ਰੇਮ ਦੀਵਾਨੀ ਹੋ ਕੇ,,, ਸ਼ਾਮ,,, ਲਈ ਇਕ ਤਾਰਾ ਵਜਾਉਂਦੀ ਹੈ। ਉਸ ਨੂੰ ਇਹ ਵੀ ਪਤਾ ਨਹੀਂ ਚਲਦਾ ਕਿ ਕਦੋਂ ਪ੍ਰੇਮ ਦੀਵਾਨੀ ਹੋ ਕੇ ਉਹ ਜਹਿਰ ਦਾ ਪਿਆਲਾ ਪੀ ਗਈ ਅਤੇ ਕਦੋਂ ਉਹਨੂੰ ਸੱਪ ਦੇ ਛੂਣ ਦਾ ਵੀ ਪਤਾ ਨਹੀਂ ਚਲਿਆ। ਇਸ ਵਿਚਕਾਰ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾਏ, ਪਰੇਸ਼ਾਨ ਕੀਤਾ, ਤਾਹੀਓ ਤਾ ਮੀਰਾ ਬਾਈ ਨੇ ਕਿਹਾ ਸੀ,,, ਜੋ ਮੈਂ ਯਹ ਜਾਣਤੀ ਕਿ ਪ੍ਰੇਮ ਕਿਏ ਦੁਖ ਹੋਏ, ਨਗਰ ਡੰਡੋਰਾ ਪੀਟਤੀ ਪ੍ਰੀਤ ਕਰੇ ਨ ਕੋਇ। ਪ੍ਰੀਤ, ਪ੍ਰੇਮ ਪਿਆਰ,,,,, ਦੂਰ ਦੇ ਸੁਹਾਵਣੇ ਢੋਲ ਹਨ। ਪਿਆਰ ਵਿੱਚ ਆਦਮੀ ਪਾਗਲ ਹੋ ਜਾਂਦਾ ਹੈ। ਉਸਦਾ ਕਿਸੇ ਪਾਸੇ ਮਨ ਨਹੀਂ ਲੱਗਦਾ, ਕੁਛ ਵੀ ਕਰਨ ਵਾਸਤੇ ਦਿਲ ਨਹੀਂ ਕਰਦਾ। ਪਿਆਰ ਵਿੱਚ ਅੰਨੇ ਹੋ ਕੇ ਅੱਜ ਕੱਲ ਦੇ ਮੁੰਡੇ ਕੁੜੀਆਂ ਮਾਂ ਪਿਓ ਦੀ ਇੱਜਤ ਦੇ ਨਾਲ ਖਿਲਵਾੜ ਕਰਕੇ ਘਰੋਂ ਭੱਜ ਜਾਂਦੇ ਹਨ। ਕੁਝ ਦਿਨ ਬਾਹਰ ਮੌਜ ਮਸਤੀ ਕਰਨ ਤੋਂ ਬਾਅਦ ਉਹਨਾਂ ਨੂੰ ਦੁਨੀਆਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਹ ਨਾ ਇਧਰ ਦੇ ਰਹਿੰਦੇ ਹਨ ਅਤੇ ਨਾ ਉਧਰ ਦੇ ਰਹਿੰਦੇ ਹਨ। ਪਰੇਸ਼ਾਨ ਹੋ ਕੇ ਮੁੜ ਕੇ ਘਰ ਹੀ ਆਉਣਾ ਪੈਂਦਾ ਹੈ। ਉਹਨਾਂ ਦੀ ਅੰਤਰ ਆਤਮਾ ਵਿੱਚੋਂ ਇਹੀ ਆਵਾਜ਼ ਨਿਕਲਦੀ ਹੈ,,,,,  ਦਸ ਮੈਂ ਪਿਆਰ ਵਿੱਚ ਕੀ ਖੱਟਿਆ,,।
ਕਹਾਵਤ ਮਸ਼ਹੂਰ ਹੈ. Politics is the last resort of scoundrels…. ਇਹ ਦੇ ਬਾਵਜੂਦ ਵੀ ਅੱਜ ਕੱਲ ਜਿਸ ਪਾਸੇ ਦੇਖੋ ਲੋਕ ਆਪਣੇ ਰਾਜਨੀਤਿਕ ਭਵਿੱਖ ਨੂੰ ਆਜ਼ਮਾਉਣ ਵਿੱਚ ਲੱਗੇ ਹੋਏ ਹਨ। ਜਿਸ ਨੂੰ ਦੇਖੋ ਉਹ ਰਾਜਨੀਤੀ ਵੱਲ ਭੱਜਿਆ ਜਾ ਰਿਹਾ ਹੈ। ਹੁਣ ਤਾਂ ਮੰਦਰ, ਮਸਜਿਦ, ਗੁਰਦੁਆਰੇ, ਸਿੱਖਿਆ ਸੰਸਥਾਵਾਂ, ਸਰਕਾਰੀ ਦਫਤਰਾਂ,  ਘਰਾਂ ਆਦੀ ਵਿੱਚ ਲੋਕ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਰਾਜਨੀਤੀ ਦਾ ਸਹਾਰਾ ਲੈ ਰਹੇ ਹਨ। ਮੇਰਾ ਇਹ ਮੰਨਣਾ ਹੈ ਕਿ ਰਾਜਨੀਤੀ ਦੀ ਆਖਰੀ ਮੰਜ਼ਿਲ ਕੋਈ ਮੰਤਰੀ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਪਦ ਤੱਕ ਪਹੁੰਚਣਾ ਹੁੰਦਾ ਹੈ। ਕਈ ਵਿਚਾਰੇ ਉਧਾਰ ਲੈ ਕੇ, ਆਪਣੀ ਜਮੀਨ ਜਾਇਦਾਦ ਗਿਰਵੀ ਰੱਖ ਕੇ ਚੋਣਾਂ ਲੜਦੇ ਹਨ। ਉਹ ਉਮੀਦ ਕਰਦੇ ਹਨ ਕਿ ਜਦੋਂ ਉਹ ਚੋਣਾਂ ਜਿੱਤ ਜਾਣਗੇ ਤਾਂ ਸਾਰਾ ਕਰਜ਼ਾ ਉਤਾਰ ਦੇਣਗੇ। ਲੇਕਿਨ ਵਾਰ ਵਾਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਕੇ ਉਹ ਤਬਾਹ ਹੋ ਜਾਂਦੀਆਂ ਹਨ ਅਤੇ ਜਿਹੜੇ ਚੋਣਾਂ ਜਿੱਤ ਕੇ ਸੁਖ ਭੋਗਦੇ ਵੀ ਹਨ ਕੁਝ ਸਮੇਂ ਬਾਅਦ ਉਹਨਾਂ ਦਾ ਜਾਦੂ ਉਤਰਨਾ ਸ਼ੁਰੂ ਹੋ ਜਾਂਦਾ ਹੈ। ਦੂਜੀ ਪਾਰਟੀ ਦੇ ਤਾਕਤ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਖਿਲਾਫ ਘੁਟਾਲੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੀ ਬਦਨਾਮੀ ਹੁੰਦੀ ਹੈ, ਕਈ ਵਾਰ ਜੇਲ ਵੀ ਹੁੰਦੀ ਹੈ। ਇਹ ਸਭ ਦੇਖ ਕੇ ਉਹਨਾਂ ਦੇ ਮੂੰਹ ਵਿੱਚੋਂ ਇਹ ਨਿਕਲ ਵੀ ਆਉਂਦਾ ਹੈ,, ਹੇ ਕੁਰਸੀ! ਦੱਸ ਤੇਰੇ ਪਿਆਰ ਵਿੱਚ ਮੈਂ ਕੀ ਖੱਟਿਆ,,,,।

ਹਰ ਆਦਮੀ ਦੁਨੀਆਦਾਰੀ ਵਿਚ ਕੁਝ ਨਾ ਕੁਝ ਪੈਸੇ ਇਕੱਠੇ ਕਰਕੇ ਸੁਰੱਖਿਅਤ ਭਵਿੱਖ ਦੀ ਉਮੀਦ ਕਰਦਾ ਹੈ। ਘਰ ਬਾਰ  ਵਸਾਉਂਦਾ ਹੈ । ਆਪਣੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਵਿੱਚ ਆਪਣਾ ਨਾਮ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਸਰੀਰ ਨਾਲ ਪਿਆਰ ਕਰਦਾ ਹੋਇਆ ਚੰਗੇ ਚੰਗੇ ਅਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਪਰਸਨੈਲਿਟੀ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਲੀਸ਼ਾਨ ਬਿਲਡਿੰਗ ਬਣਵਾ ਕੇ ਉਸ ਵਿੱਚ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕਰਦਾ ਹੈ। ਲੇਕਿਨ ਸਮੇਂ ਦੇ ਬਦਲਣ ਦੇ ਨਾਲ ਉਹ ਇਹ ਸਾਰਾ ਸੁਖ ਮਾਣਦੇ ਮਾਣਦੇ ਬੁੱਢਾ ਹੋ ਜਾਂਦਾ ਹੈ, ਉਸ ਨੂੰ ਸੁਣਨਾ, ਦਿਖਣਾ ਬੰਦ ਹੋ ਜਾਂਦਾ ਹੈ ਅਤੇ ਤੁਰਨ ਫਿਰਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਕਈ ਵਾਰ ਤਾਂ ਉਹ ਵਾਸ਼ਰੂਮ ਵੀ ਨਹੀਂ ਜਾ ਸਕਦਾ। ਉਸ ਦੀ ਇਹ ਦਸ਼ਾ ਦੇਖ ਕੇ ਉਸ ਦੇ ਆਪਣੇ ਘਰ ਵਾਲੇ ਵੀ ਪਰਮਾਤਮਾ ਨੂੰ ਦੁਆ ਕਰਦੇ ਹਨ ਕਿ ਹੇ ਰੱਬਾ ਹੁਣ ਇਸ ਬੁੱਢੇ ਨੂੰ ਤੂੰ ਚੁੱਕ ਲੈ। ਜਿਨਾ ਘਰ ਵਾਲਿਆਂ ਵਾਸਤੇ ਉਸ ਨੇ ਸਾਰੀ ਉਮਰ ਮਿਹਨਤ ਕੀਤੀ, ਬਦਨਾਮੀ ਸਹੀ, ਪਾਪ ਕਮਾਏ, ਕੁਰਬਾਨੀਆਂ ਕੀਤੀਆਂ, ਆਪਣੇ ਸਕੇ ਸਬੰਧੀਆਂ ਨੂੰ ਛੱਡ ਕੇ ਇਹਨਾਂ ਦੀ ਭਲਾਈ ਲਈ ਕੰਮ ਕੀਤਾ। ਇਹੀ ਲੋਕ ਉਸਦੇ ਬੁੱਢਾ ਹੋਣ ਦੇ ਕੁਝ ਤੇ ਧਨ ਦੌਲਤ ਤੇ ਕਬਜ਼ਾ ਕਰ ਲੈਂਦੇ ਹਨ ਅਤੇ ਉਹ ਵਿਚਾਰਾਂ ਕੁਝ ਨਹੀਂ ਕਰ ਸਕਦਾ। ਆਪਣੀ ਇਸ ਇਸ ਬੇਬਸੀ, ਲਾਚਾਰੀ ਅਤੇ ਬੁਢੇਪੇ ਨੂੰ ਦੇਖ ਕੇ ਉਹਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ,,,, ਇਹ ਜਿੰਦਗੀ! ਦੱਸ ਮੈਂ ਪਿਆਰ ਵਿੱਚ ਕੀ ਖੱਟਿਆ।
ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਦੁਨੀਆ ਵਿੱਚ ਪਿਆਰ ਮੁਹੱਬਤ ਕੁਝ ਵੀ ਨਹੀਂ। ਸਭ ਧੋਖਾ ਹੈ। ਸਭ ਲੋਕ ਸਵਾਰਥ ਵਿੱਚ ਅੰਨੇ ਹੋ ਕੇ ਇੱਕ ਦੂਜੇ ਨੂੰ ਲੁੱਟ ਰਹੇ ਹਨ ਅਤੇ ਬੇਵਕੂਫ ਬਣਾ ਰਹੇ ਹਨ। ਜਿੰਨਾ ਜਿਆਦਾ ਸਵਾਰਥ ਹੁੰਦਾ ਹੈ ਉਨਾ ਹੀ ਜਿਆਦਾ ਪਿਆਰ ਦਾ ਦਿਖਾਵਾ ਕੀਤਾ ਜਾਂਦਾ ਹੈ ਅਤੇ ਸਵਾਰਥ ਪੂਰਾ ਹੁੰਦੇ ਹੀ ਸਾਰੇ ਛੱਡ ਜਾਂਦੇ ਹਨ। ਜਰੂਰਤ ਪੈਣ ਤੇ ਆਦਮੀ ਖੋਤੇ ਨੂੰ ਵੀ ਪਿਓ ਕਹਿੰਦਾ ਹੈ। ਮੈਂ ਆਪ ਜੀ ਨੂੰ ਇਹੀ ਪੁੱਛਦਾ ਹਾਂ ਕਿ ਜਿਸ ਜਿਸ ਨੂੰ ਤੁਸੀਂ ਪਿਆਰ ਕੀਤਾ ਕੀ ਉਹਨਾਂ ਵਿੱਚੋਂ ਕੋਈ ਖੁਸ਼ ਜਾਂ ਸੰਤੁਸ਼ਟ ਹੋਇਆ।  ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦਾ ਜਵਾਬ ਇਹੀ ਹੋਏਗਾ,,,,, ਦਸ ਮੈਂ ਪਿਆਰ ਵਿੱਚ ਕੀ ਖੱਟਿਆ। ਦੁਨੀਆਂ ਦੀ ਇਹ ਹਕੀਕਤ ਹੈ ਕਿ ਜਿਸ ਨੇ ਪਿਆਰ ਕੀਤਾ ਉਹ ਵੀ ਰੋਇਆ ਅਤੇ ਜਿਸ ਨੇ ਪਿਆਰ ਨਹੀਂ ਕੀਤਾ ਉਹ ਵੀ ਰੋਇਆ। ਬੜੀ ਅਜੀਬ ਗੱਲ ਹੈ ਇਸ ਦੇ ਬਾਵਜੂਦ ਵੀ ਲੋਕਾਂ ਵਿੱਚ ਪਿਆਰ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ-124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਕੋਸ਼ਿਸ਼, ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ
Next articleਜ਼ਿੰਦਗੀ ਦੇ ਪਰਛਾਵੇਂ : ਵਿਰੋਧੀ ਜੁੱਟ ਦੇ ਸੁਭਾਅ ਦੀ ਸੁਰ