ਜ਼ਲੀਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਲਕਸ਼ਮੀ ਕਰਿਆਨਾ ਸਟੋਰ ਤੇ ਕੰਮ ਕਰਦੇ ਨੂੰ ਸੋਢੀ ਨੂੰ ਇੱਕ ਸਾਲ ਹੋ ਚੱਲਿਆ ਸੀ। ਕਰਿਆਨੇ ਸਟੋਰ ਦੇ ਮਾਲਕ ਹਰੀਸ਼ ਨੇ ਸੋਢੀ ਨੂੰ ਛੇ ਕੁ ਮਹੀਨਿਆਂ ਦੀ ਤਨਖਾਹ ਬੜੀ ਮੁਸ਼ਕਲ ਨਾਲ ਦਿੱਤੀ ਸੀ। ਜੇਬ ਚੋਂ ਪੈਸੇ ਕੱਢਣ ਵੇਲੇ ਜਿਵੇਂ ਉਸ ਨੂੰ ਸੱਪ ਹੀ ਸੁੰਘ ਜਾਂਦਾ ਸੀ। ਅੱਜ ਮਹੀਨੇ ਦੀ ਦਸ ਤਰੀਕ ਹੋ ਗਈ ਸੀ, ਪਰ ਹਰੀਸ਼ ਨੇ ਸੋਢੀ ਨੂੰ ਤਨਖਾਹ ਨਹੀਂ ਦਿੱਤੀ ਸੀ। ਸੋਢੀ ਨੇ ਹੌਸਲਾ ਕਰਕੇ ਹਰੀਸ਼ ਨੂੰ ਆਖਿਆ,” ਅੰਕਲ ਜੀ, ਮੇਰੇ ਡੈਡੀ ਨੇ ਕੁੱਛ ਦਿਨ ਹੋਏ, ਪੇਟ ਦੀ ਸਕੈਨਿੰਗ ਕਰਵਾਈ ਸੀ। ਉਸ ਦੇ ਪਿੱਤੇ ‘ਚ ਪੱਥਰੀ ਆ। ਮੇਰੇ ਡੈਡੀ ਨੇ ਅਪਰੇਸ਼ਨ ਕਰਵਾਣਾ ਆਂ। ਮੈਨੂੰ ਬਾਕੀ ਰਹਿੰਦੇ ਮਹੀਨਿਆਂ ਦੀ ਤਨਖਾਹ ਦੇ ਦਿਉ, ਤਾਂ ਕਿ ਮੇਰਾ ਡੈਡੀ ਅਪਰੇਸ਼ਨ ਕਰਵਾ ਸਕੇ।”

” ਤੂੰ ਹਰ ਵੇਲੇ ਤਨਖਾਹ, ਤਨਖਾਹ ਕਰੀ ਜਾਇਆ ਕਰ। ਤੇਰੀ ਤਨਖਾਹ ਦੇ ਪੈਸਿਆਂ ਨਾਲ ਕਿਹੜਾ ਤੇਰੇ ਡੈਡੀ ਦਾ ਅਪਰੇਸ਼ਨ ਹੋ ਜਾਣਾ। ਨਾਲੇ ਪੈਸੇ ਮੈਂ ਤੈਨੂੰ ਉਦੋਂ ਦੇਵਾਂਗਾ, ਜਦੋਂ ਮੇਰੇ ਕੋਲ ਹੋਣਗੇ। ਹਾਲੇ ਚੁੱਪ ਕਰਕੇ ਏਦਾਂ ਹੀ ਕੰਮ ਕਰੀ ਜਾਹ। ਜੇ ਨਹੀਂ ਕੰਮ ਕਰਨਾ, ਤਾਂ ਇੱਥੋਂ ਚੱਲਦਾ ਬਣ।” ਹਰੀਸ਼ ਨੇ ਗੁੱਸੇ ‘ਚ ਆਖਿਆ।

” ਪੈਸੇ ਤਾਂ ਮੈਂ ਲੈ ਕੇ ਹੀ ਜਾਊਂਗਾ, ਚਾਹੇ ਜੋ ਮਰਜ਼ੀ ਹੋ ਜਾਵੇ।”

” ਅੱਛਾ, ਹੁਣ ਤੇਰੇ ‘ਚ ਆਕੜ ਵੀ ਆ ਗਈ ਆ। ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਧੱਕੇ ਮਾਰ ਕੇ ਕੱਢਾਂ, ਚੁੱਪ ਕਰਕੇ ਇੱਥੋਂ ਦਫਾ ਹੋ ਜਾ।” ਹਰੀਸ਼ ਨੇ ਹੋਰ ਤਲਖੀ ਨਾਲ ਕਿਹਾ।

ਹੋਰ ਜ਼ਲੀਲ ਹੋਣ ਨਾਲੋਂ ਸੋਢੀ ਨੇ ਉੱਥੋਂ ਜਾਣਾ ਹੀ ਠੀਕ ਸਮਝਿਆ। ਉਹ ਨਿਰਾਸ਼ ਹੋ ਕੇ ਹੌਲੀ, ਹੌਲੀ ਆਪਣੇ ਘਰ ਨੂੰ ਤੁਰ ਪਿਆ। ਉਹ ਘਰ ਪਹੁੰਚਣ ਹੀ ਵਾਲਾ ਸੀ ਕਿ ਪਿੱਛੋਂ ਸਾਈਕਲ ਤੇ ਆ ਰਹੇ ਉਸ ਦੇ ਗੁਆਂਢੀ ਭੀਰੇ ਨੇ ਆਖਿਆ, ” ਮੈਂ ਲਕਸ਼ਮੀ ਕਰਿਆਨਾ ਸਟੋਰ ਤੋਂ ਖਾਣ-ਪੀਣ ਦਾ ਸਾਮਾਨ ਲੈਣ ਗਿਆ ਸੀ। ਮੈਨੂੰ ਸਾਮਾਨ ਦਿੰਦਾ, ਦਿੰਦਾ ਹਰੀਸ਼ ਠਾਹ ਕਰਦਾ ਥੱਲੇ ਡਿੱਗ ਪਿਆ। ਹੁਣ ਉਸ ਨੂੰ ਗੱਡੀ ‘ਚ ਪਾ ਕੇ ਰਾਜਾ ਹਸਪਤਾਲ ਲੈ ਗਏ ਆ। ਪਤਾ ਨ੍ਹੀ ਹੁਣ ਵਿਚਾਰੇ ਦਾ ਕੀ ਹਾਲ ਆ?”

” ਇਹ ਤਾਂ ਬਹੁਤ ਮਾੜਾ ਹੋਇਆ।” ਏਨਾ ਕਹਿ ਕੇ ਸੋਢੀ ਆਪਣੇ ਘਰ ਅੰਦਰ ਚਲਾ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਆਪਣੇ ਡੈਡੀ ਵਾਲਾ ਸਾਈਕਲ ਚੁੱਕਿਆ ਤੇ ਰਾਜਾ ਹਸਪਤਾਲ ਨੂੰ ਤੁਰ ਪਿਆ, ਜੋ ਕਿ ਉਸ ਦੇ ਘਰ ਤੋਂ ਬਾਰਾਂ ਕੁ ਕਿਲੋਮੀਟਰ ਦੂਰ ਸੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ,
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCong slams Centre’s decision to rename Nehru Memorial Museum & Library
Next articleNadda to address rally in Tripura on 9 years of Modi govt