ਮਨੁੱਖਤਾ ਨੂੰ ਬਾਬੇ ਨਾਨਕ ਵਲੋਂ ਸੱਚ ਦਾ ਸਨੇਹਾ

ਅੱਜ ਲੋੜ ਹੈ ਬਾਬੇ ਨਾਨਕ ਦਾ ਸੱਚ, ਸਬਰ, ਸੰਤੋਖ ਅਤੇ ਮਿਹਨਤ ਦਾ ਸਨੇਹਾ ਆਪਣੇ ਜੀਵਨ ਵਿੱਚ ਅਪਨਾਉਣ ਦੀ,ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਲਈ ਉਦਾਹਰਨ ਹਨ।
 ਬਲਦੇਵ ਸਿੰਘ ਬੇਦੀ 
(ਸਮਾਜ ਵੀਕਲੀ) ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਮਹਾਨ ਪੈਗ਼ੰਬਰ ਸਨ। ਉਹਨਾਂ ਨੇ ਆਪਣੀ ਪਵਿੱਤਰ ਸਿੱਖਿਆ ਰਾਹੀਂ ਮਨੁੱਖਤਾ ਨੂੰ ਸੱਚ ਅਤੇ ਸੰਤੋਖ ਦਾ ਰਾਹ ਵਿਖਾਇਆ। ਸੱਚ ਨੂੰ ਪ੍ਰਕਾਸ਼ਿਤ ਕਰਨ ਲਈ ਉਹਨਾਂ ਨੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ, ਜਿਸਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਹ ਚਾਰ ਉਦਾਸੀਆਂ ਉਹਨਾਂ ਦੇ ਸੰਕਲਪ ਨੂੰ ਪ੍ਰਗਟਾਉਂਦੀਆਂ ਹਨ, ਜਿਸ ਵਿੱਚ ਉਹਨਾਂ ਨੇ ਸਮਾਜ ਦੇ ਵਿਕਾਰਾਂ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ।
ਜਗਤ ਗੁਰੂ ਨੇ ਲੋਕਾਂ ਨੂੰ ਜਾਤ-ਪਾਤ, ਧਰਮ ਦੇ ਵੰਡ ਤੋਂ ਉੱਪਰ ਉੱਠਣ ਅਤੇ ਏਕਤਾ ਦਾ ਸਨੇਹਾ ਦਿੱਤਾ। ਉਹਨਾਂ ਨੇ ਮਨੁੱਖਤਾ ਲਈ ਇਹ ਪ੍ਰਚਾਰ ਕੀਤਾ ਕਿ ਸਾਰੇ ਲੋਕ ਸਿਰਫ ਇਕੋ ਹੀ ਸਿਰਜਣਹਾਰ ਦੇ ਪਾਲਕ ਹਨ। ਜਿਥੇ ਕਈ ਲੋਕ ਧਰਮ ਦੇ ਨਾਮ ‘ਤੇ ਵੰਡੇ ਹੋਏ ਸਨ, ਉਥੇ ਗੁਰੂ ਨਾਨਕ ਜੀ ਨੇ ਸਾਰਿਆ ਨੂੰ ਇਕ ਹੀ ਰਾਹ ਤੇ ਚਲਣ ਦੇ ਸੁਨੇਹੇ ਨੂੰ ਫੈਲਾਇਆ।
ਉਹਨਾਂ ਦੀਆਂ ਸਿੱਖਿਆਵਾਂ ‘ਚ ਹੱਥੀਂ ਕਿਰਤ ਦਾ ਮਹੱਤਵ ਬਹੁਤ ਵੱਡਾ ਸੀ। ਜਿਵੇਂ ਕਿ ਉਹਨਾਂ ਨੇ ਕਿਹਾ, “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ,” ਇਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨੂੰ ਮਿਹਨਤ ਨਾਲ ਆਪਣਾ ਜੀਵਨ ਚਲਾਉਣ ਦੀ ਪ੍ਰੇਰਣਾ ਵੀ ਦਿੱਤੀ। ਇਸ ਸਿਧਾਂਤ ਰਾਹੀਂ ਉਹਨਾਂ ਨੇ ਲੋਕਾਂ ਨੂੰ ਠੱਗੀ ਅਤੇ ਹੱਥ ਦੇ ਫੈਰ ‘ਚੋਂ ਬਾਹਰ ਕੱਢਿਆ। ਸਾਡੇ ਸਮਾਜ ਵਿਚ ਕਈ ਲੋਕ ਮਿਹਨਤ ਕਰਨ ਵਾਲੇ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਸਨ, ਪਰ ਗੁਰੂ ਨਾਨਕ ਜੀ ਨੇ ਸਿਖਾਇਆ ਕਿ ਹਰ ਕਿਸੇ ਨੂੰ ਆਪਣੀ ਮਿਹਨਤ ਨਾਲ ਹੀ ਰੋਜ਼ੀ ਕਮਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਿਹਨਤ ਸਿਰਫ ਪੈਸਾ ਕਮਾਉਣ ਲਈ ਨਹੀਂ, ਬਲਕਿ ਮਨੁੱਖ ਨੂੰ ਸੰਤੁਸ਼ਟੀ ਵੀ ਦਿੰਦੀ ਹੈ ਅਤੇ ਸਮਾਜ ਵਿੱਚ ਸਨਮਾਨ ਪ੍ਰਦਾਨ ਕਰਦੀ ਹੈ।
ਉਹਨਾਂ ਨੇ ਕੁਦਰਤ ਨਾਲ ਸਿੱਧੇ ਸਬੰਧਾਂ ਨੂੰ ਸਮਝਾਉਣ ਲਈ ‘ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ’ ਕਿਹਾ। ਇਹ ਸਿੱਖਿਆ ਕੁਦਰਤ ਨਾਲ ਮਨੁੱਖ ਦੇ ਗੂੜ੍ਹੇ ਰਿਸ਼ਤੇ ਨੂੰ ਦਰਸਾਉਂਦੀ ਹੈ। ਉਹਨਾਂ ਨੇ ਸਿਖਾਇਆ ਕਿ ਕੁਦਰਤ ਦਾ ਸਨਮਾਣ ਕਰਨਾ, ਇਸਦੀ ਰੱਖਿਆ ਕਰਨੀ ਸਾਡਾ ਪਹਿਲਾ ਧਰਮ ਹੈ।
ਪਰ ਅੱਜ ਅਸੀਂ ਤਕਨੀਕੀ ਯੁਗ ‘ਚ ਵਿਕਾਸ ਦੇ ਨਾਂ ‘ਤੇ ਕੁਦਰਤੀ ਸਾਧਨਾਂ ਨੂੰ ਹਦੋ-ਵੱਧ ਨਸ਼ਟ ਕਰ ਰਹੇ ਹਾਂ, ਜੋ ਕਿ ਸਮੂਹ ਸ਼੍ਰਿਸ਼ਟੀ ਲਈ ਨੁਕਸਾਨ ਦਾਇਕ  ਹੈ। ਅਸੀਂ ਗੁਰੂ ਜੀ ਦੇ ਦਰਸਾਏ ਰਾਹ ਤੋਂ ਦੂਰ ਹੋ ਰਹੇ ਹਾਂ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਵਾਤਾਵਰਣੀ ਬਦਲਾਵ ਅਤੇ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ।
ਅੱਜ ਲੋੜ ਹੈ ਬਾਬੇ ਨਾਨਕ ਦਾ ਸੱਚ, ਸਬਰ, ਸੰਤੋਖ ਅਤੇ ਮਿਹਨਤ ਦਾ ਸਨੇਹਾ ਆਪਣੇ ਜੀਵਨ ਵਿੱਚ ਅਪਨਾਉਣ ਦੀ,ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਲਈ ਉਦਾਹਰਨ ਹਨ ਅਤੇ ਉਹ ਸੱਚੇ- ਸੁੱਚੇ ਅਤੇ ਸਹੀ ਜੀਵਨ ਦਾ ਰਾਹ ਦਿਖਾਉਂਦੀਆਂ ਹਨ। ਅਸੀਂ ਜੇਕਰ ਬਾਬੇ ਨਾਨਕ ਦੇ ਸਿਧਾਂਤਾਂ ਤੇ ਚਲਣ ਦਾ ਯਤਨ ਕਰੀਏ, ਤਾਂ ਸਾਡੇ ਸਮਾਜ ਨੂੰ ਕਈ ਬੁਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਅਸੀਂ ਇੱਕ ਸੁਰਖਿਅਤ ਅਤੇ ਸੁਖੀ ਜੀਵਨ ਦਾ ਆਨੰਦ ਮਾਣ ਸਕਦੇ ਹਾਂ। ਇਸ ਲਈ ਅੱਜ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਨ ਦੀ ਬਹੁਤ ਜਰੂਰਤ ਹੈ। ਜੇ ਅਸੀਂ ਉਹਨਾਂ ਦੇ ਸਿਖਾਏ ਮਾਰਗ ‘ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਇਹ ਸਾਡੇ ਲਈ ਸਿਰਫ ਧਾਰਮਿਕ ਹੀ ਨਹੀਂ, ਬਲਕਿ ਆਤਮਿਕ ਅਤੇ ਸਮਾਜਿਕ ਸੁਧਾਰ ਦਾ ਮਾਰਗ ਵੀ ਬਣੇਗਾ। ਜਿਸ ਨਾਲ ਸਾਡਾ ਜੀਵਨ ਸਿਰਫ ਸ਼ਾਂਤੀਮਈ ਨਹੀਂ ਹੋਵੇਗਾ, ਬਲਕਿ ਸਾਡੇ ਵਾਤਾਵਰਣ ਦੇ ਸੰਭਾਲ ਲਈ ਵੀ ਇਹ ਇਕ ਅਹਿਮ ਕਦਮ ਹੋਵੇਗਾ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਡਾ.ਘੁੰਮਣ ਦੀ ਕਿਤਾਬ “ਸੁਲਤਾਨਪੁਰ ਲੋਧੀ ਦੂਸਰਾ ਨਨਕਾਣਾ ਸਾਹਿਬ” ਦੀ ਘੁੰਡ ਚੁਕਾਈ 15 ਨੂੰ