ਮਾਨਵਤਾ ਕਲਾ ਮੰਚ ਨਗਰ ਦਾ ਨਵਾਂ ਨਾਟਕ ਸੰਗ੍ਰਹਿ ਗ਼ਦਰੀ ਬਾਬਿਆਂ ਦੇ ਮੇਲੇ ਜਲੰਧਰ ਵਿਖੇ

ਫਿਲੌਰ ਅੱਪਰਾ ਜੱਸੀ (ਸਮਾਜ ਵੀਕਲੀ)-ਕਿਸੇ ਨਾਟਕ-ਮੰਡਲੀ ਲਈ ਬਹੁਤ ਜ਼ਰੂਰੀ ਹੈ ਕਿ ਉਸ ਕੋਲ ਸਮਕਾਲੀ ਭਖਦੇ ਮੁੱਦਿਆਂ ਉੱਪਰ ਸਿਰਜੀ ਨਾਟਕੀ-ਸਮੱਗਰੀ ਹੋਵੇ। ਮਾਨਵਤਾ ਕਲਾ ਮੰਚ ਇਸ ਪੱਖ ਵਿੱਚ ਕਈ ਨਾਟਕ-ਮੰਡਲੀਆਂ ਤੋਂ ਅੱਗੇ ਹੈ। ਨਾਟਕ ‘ਪਹਿਲੀ ਅਧਿਆਪਕਾ’ ਨੂੰ ਛੱਡ ਕੇ, ਕੁਲਵੰਤ ਦੇ ਇਹ ਸਾਰੇ ਨਾਟਕ ਸਾਡੇ ਸਮਿਆਂ ਦੀਆਂ ਠੋਸ, ਗੰਭੀਰ ਅਤੇ ਦੂਰ-ਰਸ ਸਮਕਾਲੀ ਸਮੱਸਿਆਵਾਂ ਦੀ ਪੇਸ਼ਕਾਰੀ ਕਰਦੇ ਹਨ। ਇਹ ਸਾਰੇ ਮੁੱਦੇ ਸਿਰਫ ਪਦਾਰਥਕ, ਸਿਆਸੀ ਹੀ ਨਹੀਂ ਸਗੋਂ ਮਾਨਸਿਕਤਾ ਤੇ ਮਾਨਸਿਕ ਤਣਾਓ ਆਦਿ ਨੂੰ ਵੀ ਪੇਸ਼ ਕਰਦੇ ਹਨ। ਵੋਟਾਂ ਵਿੱਚ ਸ਼ਰਾਬ-ਪੈਸੇ ਦੀ ਮਾਰ, ਹਾਕਮ ਧਿਰਾਂ ਦੀਆਂ ਨੀਤੀਆਂ ਅਤੇ ਸਾਜਿਸ਼ਾਂ, ਸਾਜਿਸ਼ਾਂ ਦਾ ਪਰਦਾਫਾਸ਼, ਇਹ ਸਾਰੇ ਪੱਖ ਇਨਾਂ ਨਾਟਕਾਂ ਵਿੱਚ ਸਮੋਏ ਹੋਏ ਹਨ। ਇਨਾਂ ਨਾਲ ਲੋਕਾਂ ਦਾ ਰੋਜ਼ ਦਾ ਵਾਹ-ਵਾਸਤਾ ਹੈ, ਇਸ ਕਰਕੇ ਇਨਾਂ ਦੀ ਪੇਸ਼ਕਾਰੀ ਫੌਰੀ ਸਿਰਜਣਾ ਦੀ ਮੰਗ ਕਰਦੀ ਹੈ ਅਤੇ ਇਸ ਨੂੰ ਕੁਲਵੰਤ ਕੌਰ ਨਗਰ ਨਾਟਕੀ ਰੂਪ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੀ। ਉਹ ਅਜਿਹੇ ਫੌਰੀ ਅਤੇ ਮਘਦੇ ਮੁੱਦੇ ਚੁਣਦੀ ਹੈ ਜਿਨ੍ਹਾਂ ਨੂੰ ਲੋਕਾਂ ਵੱਲੋਂ ਫੌਰੀ, ਅਮਲੀ ਤੇ ਜੁਝਾਰੂ ਪ੍ਰਤੀਕਰਮ ਲੋੜੀਂਦਾ ਹੈ। ਹੁੰਗਾਰਾ ਤਾਂ ਉਸਦੇ ਪਾਤਰ ਦਿੰਦੇ ਹੀ ਹਨ, ਪਰ ਸਿਰਫ ਤਰਕ ਦੇ ਪੱਧਰ ’ਤੇ ਹੀ ਨਹੀਂ ਸਗੋਂ ਸੰਘਰਸ਼ ਦੇ ਪੱਧਰ ’ਤੇ ਵੀ। ਕੁੱਲ ਵਸੋਂ ਜਾਂ ਸ਼ਾਇਦ ਵਸੋਂ ਦੇ ਵੱਡੇ-ਵਿਸ਼ਾਲ ਹਿੱਸੇ ਦਾ ਨਿਰਣਾਕਾਰੀ ਤੇ ਵਿਰੋਧੀ ਹੁੰਗਾਰਾ ਸੰਭਵ ਵੀ ਨਾ ਹੁੰਦਾ ਹੋਵੇ, ਪਰ ਛੋਟੇ ਤੇ ਸਰਗਰਮ ਲੋਕ-ਸਮੂਹ ਦਾ ਸਰਗਰਮ ਹੁੰਗਾਰਾ ਵੀ ਹਾਲਾਤ ਨੂੰ ਹਾਂ-ਪੱਖੀ ਦਿਸ਼ਾ ਦੇਣ ਦੇ ਯੋਗ ਹੋ ਨਿੱਬੜਦਾ ਹੈ। ਕੁਲਵੰਤ ਇਸ ਹੁੰਗਾਰੇ ਦੀ ਇੱਕ ਪ੍ਰਤੀਨਿਧ ਆਵਾਜ਼ ਹੈ। ਉਸ ਦਾ ਇਹ ਰੁਖ਼ ਉਸ ਨੂੰ ਇੱਕ ਪ੍ਰਤੀਬੱਧ, ਪ੍ਰਗਤੀਸ਼ੀਲ, ਲੋਕ-ਪੱਖੀ ਅਤੇ ਜੁਝਾਰੂ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਕਰਦਾ ਹੈ। ਇਸ ਕਰਕੇ ਇਹ ਨਾਟਕ-ਸੰਗ੍ਰਹਿ ਸੁਆਗਤ ਦਾ ਹੱਕਦਾਰ ਹੈ। ਕੁਲਵੰਤ ਕੌਰ ਨੂੰ ਨਾਟਕ-ਲਿਖਣ ਦੀ ਕਲਾ ਦੀ ਕਾਫੀ ਸਮਝ ਹੈ। ਉਸ ਨੂੰ ਨਾਟਕ-ਕਲਾ ਦਾ ਬੋਧ ਵੀ ਹੈ। ਨਾਟਕਾਂ ਵਿੱਚ ਨਾਟਕੀ ਗੁਣ ਮੌਜੂਦ ਹਨ। ਹਰੇਕ ਸਾਹਿਤਕ ਵੰਨਗੀ ਵਾਂਗ ਉਨ੍ਹਾਂ ਵਿੱਚ ਸੁਝਾਤਮਕਤਾ, ਖਿਆਲ-ਉਡਾਰੀ, ਕਲਾਤਮਕਤਾ, ਨਾਟਕੀ ਟੱਕਰਾਂ, ਨਾਟਕੀ ਮੋੜ ਅਤੇ ਹੁੰਗਾਰੇ ਦੀ ਤਰਕਸ਼ੀਲਤਾ ਵੀ ਉਸਦੇ ਸਾਰੇ ਨਾਟਕਾਂ ਵਿੱਚ ਮੌਜੂਦ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਚੋਣਾਂ ਲੜਨ ਜੋਗੇ ਨਾ ਛੱਡੇ’
Next article*ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਦੇ ਅਧਿਆਪਕਾ ਨੂੰ ਨੋਟਿਸ ਕੱਢਣ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖ਼ਤ ਨਿਖੇਧੀ*