(ਸਮਾਜ ਵੀਕਲੀ)
ਆਪਣਿਆਂ ਲਈ ਟੁੱਟ-ਟੁੱਟ ਮਰਿਆ
ਦਿਲ ਤੇ ਬੋਝ ਦਾ ਪੱਥਰ ਧਰਿਆ,
ਦੂਹਰੀਆਂ-ਤੀਹਰੀਆਂ ਸ਼ਿਫਟਾ ਲਾ ਕੇ
ਤਪਦੀ ਅੱਗ ਦਾ ਸੇਕ ਵੀ ਜਰਿਆ।
ਲਹੂ ਪਸੀਨਾ ਰਿਹਾ ਵਹਾਉਂਦਾ
ਆਪਣੇ ਤਨ ਤੇ ਦੁੱਖ ਹੰਢਾਉਂਦਾ,
ਧੁਨਖੀ ਵਾਂਗ ਹੋਇਆ ਲੱਕ ਦੂਹਰਾ
ਲੋੜਾਂ ਦਾ ਖੂਹ ਅਜੇ ਨਾ ਭਰਿਆ।
ਰੱਟਣ ਪਏ, ਨੇ ਹੱਥੀਂ ਛਾਲੇ
ਤਦ ਜਾ ਕੇ ਬਣੇ ਕੋਠੀਆਂ ਵਾਲ਼ੇ,
ਹੱਡ-ਭੰਨਵੀਂ, ਕਰੀ ਮੁਸ਼ੱਕਤ
ਲਹੂ-ਪਸੀਨਾ ਸੀ ਇਕ ਕਰਿਆ।
ਹਿੰਮਤ ਨਾਲ ਮੁਸ਼ਕਲਾਂ ਜਿੱਤੀਆਂ
ਸਿਰ ਮੱਥੇ, ਜੋ ਸਮੇਂ ਨੇ ਦਿੱਤੀਆਂ,
ਚੜ੍ਹਦੀ ਕਲਾ ‘ਚ ਅਜੇ ਵੀ ਸਾਬਤ
ਨਾ ਝੁਰਿਆ ਤੇ ਨਾ ਮੈਂ ਡਰਿਆ।
ਧੰਨ-ਦੌਲਤ ਦਾ ਭਾਂਡਾ ਖਾਲੀ
ਸੱਖਣੇ ਖੀਸੇ ਦਾ ਰੱਬ ਵਾਲੀ,
ਉੱਦਮ ਅੱਗੇ ਲੱਛਮੀ ਨੱਚੀ
ਖਾਲੀ ਮੂਰਤ ਵਿੱਚ ਰੰਗ ਭਰਿਆ।
ਬੀਤੇ ਸਮੇਂ ਰਹੇ, ਯਾਦਾਂ ਅੰਦਰ
ਘੋਰ ਗਰੀਬੀ ਦਾ ਸੀ ਮੰਜ਼ਰ,
ਪੌਂਡਾਂ ਦੀ ਜਦ ਘਾਲ਼ ਪਈ ਤਾਂ
ਰਹਿਮਤ ਨੇ ਹੱਥ ਸਿਰ ਤੇ ਧਰਿਆ।
ਘਰ-ਬਾਹਰ ਜਦ ਵੰਡਿਆ ਸਾਰਾ
ਦੂਜਾ ਪੱਲੜਾ ਦਿਸਿਆ ਭਾਰਾ,
ਚੰਦ ਛਿੱਲੜਾਂ ਦਾ ਲਾਲਚ ਕਰਕੇ
ਲੂਣ ਵਾਂਗਰਾਂ ਅੱਜ ਉਹ ਖਰਿਆ।
ਖਰੀਦ ਜ਼ਮੀਨ, ਚੁਬਾਰਾ ਛੱਤਿਆ
ਫ਼ਰਸ਼-ਕੰਧਾਂ ਤੇ ਸੀਮਿੰਟ ਥੱਪਿਆ,
ਅੱਧੋਂ ਵੱਧ ਦੇ ਮਾਲਕ ਬਣ ਗਏ
ਡੱਕਾ ਤੋੜ ਨਾ ਦੂਹਰਾ ਕਰਿਆ।
ਉਲਟੀ ਸੋਚ ਦੇ ਉਲਟ ਹੁੰਗਾਰੇ
ਸੱਪ ਦੀ ਲੀਕ ਨੂੰ ਕੁੱਟਣ ਸਾਰੇ,
ਮੂੰਹ ਤੇ ਝੂਠ ਦੇ ਪਾਏ ਮਖੌਟੇ
ਤੋਲੇ ਕੁਫ਼ਰ, ਮਕਾਰਾਂ ਭਰਿਆ।
ਨਾ ਬੱਦਲ਼ ਘਨਘੋਰ ਘਟਾਵਾਂ
ਮੋਰ ਕਹੇ, ਕਿੰਝ ਪੈਲਾਂ ਪਾਵਾਂ,
ਨਾ ਕੋਇਲਾ ਨੇ ਗਾਏ ਤਰਾਨੇ
ਸੁੱਕਾ ਸਾਵਣ ਮੈਥੇ ਵਰ੍ਹਿਆ।
ਬੇਸ਼ੱਕ ਹਾਰ ਗਿਆ ਹਾਂ ਪਾਰੀ
ਅਜੇ ਵੀ ਨਹੀਂ ਮੈਂ ਹਿੰਮਤ ਹਾਰੀ,
ਧੁਰ ਅੰਦਰੋਂ ਹੈ ਟੁੱਟਿਆ ਭੋਗਲ
ਸਹਿਕਦਾ ਹੈ ਪਰ ਨਹੀਂਓ ਮਰਿਆ।
ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)