ਹੌਕੇ ਹਾਵੇ

ਰੋਮੀ 'ਘੜਾਮੇਂ ਵਾਲਾ

(ਸਮਾਜ ਵੀਕਲੀ)

ਹਉਂਕੇ-ਹਾਵੇ ਹੈ ਕਰੋੜਾਂ ਵਾਲੇ ਕਹਿ ਗਿਆ।
ਗਾਉਂਦਾ ਕਵੀ ਜਜ਼ਬਾਤਾਂ ਵਿੱਚ ਵਹਿ ਗਿਆ।
ਨਾਅਰੇ ਜਿਹੇ ਲਾ ਗਿਆ ਜਿਉਂ, ਨਰਮ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ। -2

ਰੂਹ ਦੇ ਧੁਰ ਤੋਂ ਲਾਚਾਰਗੀ ਉਚਾਰ ਗਿਆ।
ਬੋਲ ਕੱਲਾ ਕੱਲਾ ਕਾਲਜੇ ਨੂੰ ਪਾੜ ਗਿਆ।
ਹੁੰਦਾ ‘ਭੁੱਖ’ ਦਾ ਕੀ ?,
ਦੱਸ ਗਿਆ ਧਰਮ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ। -2

ਰੋਟੀ ਖਾਣ ਨੂੰ ਮਿਲੇ ਨਾ ਦੋ ਕੁ ਡੰਗ ਦੀ।
ਤੇ ਤੂੰ ਫਿਰਦੀ ‘ਸ਼ੋਚਾਲਿਆਂ’ ਨੂੰ ਰੰਭ ਦੀ।
ਪਾਇਆ ‘ਸ਼ਾਈਨਿੰਗ’ ਵਾਲਾ ਹੈ ਭਰਮ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ। -2

ਲੈਣਾ ‘ਭੁੱਖ’ ਨੇ ਕੀ ਕਾਲੇ-ਚਿੱਟੇ ਧਨ ਤੋਂ।
ਇਹਨੂੰ ਮਤਲਬ ਬੱਸ ਪਾਈਆ ਅੰਨ ਤੋਂ।
ਭਾਵੇਂ ਵਧੇ-ਘਟੇ ਕੋਈ ਵੀ ਧਰਮ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ।

ਕਿਤੇ ਲਾਲੇ ਪਏ ‘ਸਾਈਕਲ ਦੀ ਚੇਨ’ ਦੇ।
ਤੇ ਤੈਨੂੰ ਸੁਪਨੇ ਨੇ ਬੁਲੇਟ-ਟ੍ਰੇਨ ਦੇ।
ਬੱਸ ਭਾਸ਼ਣ ਹੀ ਗਰਮੋ-ਗਰਮ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ। -2

ਜਾਗ ਸੁੱਤੀਏ ਤਿਆਗ ਦੇ ਨੀ ਸੁਸਤੀ।
ਔਖੀ ਹੋਵੇਂਗੀ ਲੋਕਾਈ ਕਿਤੇ ਰੁੱਸ ਗਈ।
ਚੁੱਕ ‘ਰੋਮੀ’ ਜਿਹੇ ਵੀ ਲੈਣ ਨਾ ‘ਕਲਮ’ ਸਰਕਾਰੇ ਨੀ।
ਕਿ ਸ਼ਾਇਦ ਤੈਨੂੰ ਆ ਜਵੇ ਸ਼ਰਮ ਸਰਕਾਰੇ ਨੀ।
ਕਿ ਸ਼ਾਇਦ ਤੇਰਾ ਟੁੱਟ ਜਾਏ ਭਰਮ ਸਰਕਾਰੇ ਨੀ।

ਰੋਮੀ ‘ਘੜਾਮੇਂ ਵਾਲਾ’।
98552-81105

Previous articleਤਰਕਸ਼ੀਲ ਸੁਸਾਇਟੀ ਯੂਕੇ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦਾ ਪ੍ਰੋਗਰਾਮ
Next articleਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ