(ਸਮਾਜ ਵੀਕਲੀ)
ਪੰਜਾਬ ਦੇ ਲੋਕਾਂ ਨੇ ਬਹੁਤ ਰੀਝਾਂ ਤੇ ਚਾਵਾਂ ਨਾਲ ਸੂਬੇ ਵਿਚ ਘਾਗ ਸਿਆਸੀ ਬੰਦੇ ਜ਼ਨਾਨੀਆਂ ਨੂੰ ਹਰਾ ਕੇ ਘਰਾਂ ਵਿਚ ਬਿਠਾ ਕੇ, ਆਪ ਸਰਕਾਰ ਬਣਾਈ ਸੀ। ਆਮ ਆਦਮੀ ਪਾਰਟੀ ਦਾ ਹਰ ਨਿੱਕੇ ਤੋਂ ਨਿੱਕਾ ਲੀਡਰ ਤੇ ਵੱਡੇ ਤੋਂ ਵੱਡਾ ਸਿਆਸਤਦਾਨ, ਚੋਣਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਇਕ ਵਾਰ ਸਰਕਾਰ ਬਣਾ ਦੇਓ, ਸਿੱਖਿਆ ਤੇ ਇਲਾਜ ਖੇਤਰ ਨੂੰ ਲੀਹਾਂ ਉੱਤੇ ਪਾ ਦਿਆਂਗੇ! ਹੁਣ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਵਰ੍ਹਾ ਹੋ ਚੁੱਕਿਆ ਏ ਪਰ ਸਿੱਖਿਆ ਖੇਤਰ ਦੇ ਪ੍ਰਾਈਵੇਟ ਠੱਗਾਂ ਦੀ ਚੜ੍ਹਤ ਪਹਿਲਾਂ ਵਾਂਗੂ ਕਾਇਮ ਏ।
ਇਵੇਂ ਹੀ ਜੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਹਾਲੀ ਵੀ ਕੱਮਚੋਰ ਇਲਾਜ ਕਾਮੇ ਤੇ ਪ੍ਰਬੰਧਕ, ਲੋਕਾਈ ਨੂੰ ਚਿੱਚੜਾਂ ਵਾਂਗਰਾਂ ਚਿੰਬੜੇ ਨਜ਼ਰੀਂ ਪੈਂਦੇ ਹਨ। ਪੰਜਾਬ ਦੇ ਹਰ ਜ਼ਿਲ੍ਹਾ ਵਿਚ ਉਂਝ ਤੇ esi ਹਸਪਤਾਲਾਂ ਦਾ ਬੁਰਾ ਹਾਲ ਏ ਪਰ ਜੇ ਜਲੰਧਰ ਜ਼ਿਲ੍ਹਾ ਦੀਆਂ ਈ ਐੱਸ ਆਈ ਡਿਸਪੈਂਸਰੀਜ਼ ਦੀ ਗੱਲ ਕਰੀਏ ਤਾਂ ਕ੍ਰੋਧ ਆਉਂਦਾ ਏ।
ਖੱਚ ਪ੍ਰਬੰਧਕਾਂ ਦੀ ਸਿਆਸੀ ਅਨਪੜ੍ਹਤਾ ਆਖੀਏ ਯਾਂ ਕਮੀਨਾ ਪਣ ਕਹਿ ਲਈਏ, ਹਰ ਲਫ਼ਜ਼ ਛੋਟਾ ਪਿਆ ਜਾਪਦਾ ਏ। ਅਸੀਂ ਸਮਾਜ ਸੇਵਕ ਤੇ ਪੱਤਰਕਾਰ ਦੇ ਤੌਰ ਉੱਤੇ ਸਮਾਜ ਵਿਚ ਵਿਚਰਦੇ ਹਾਂ, ਐਸ ਲਈ ਦਾਸ ਕੋਲ ਮਜਬੂਰ ਮਜ਼ਦੂਰ ਤੇ ਹੋਰ ਗ਼ਰੀਬ ਮਸਕੀਨ ਅਕਸਰ ਘਰੇ ਆਉਂਦੇ ਨੇ। ਕੁਝ ਰੋਜ਼ ਪਹਿਲਾਂ ਅਸੀਂ, ਇਕ ਕਾਰਖਾਨਾ ਮਜ਼ਦੂਰ ਦੇ ਬਿਰਧ ਬਾਪ ਨੂੰ ਏ ਐੱਸ ਆਈ ਵਿਚ ਇਲਾਜ ਖ਼ਾਤਰ ਦਾਖ਼ਿਲ ਕਵਾਇਆ ਸੀ। ਓਥੇ ਡਾਕਟਰਾਂ, ਨਰਸਾਂ ਵੱਲੋੰ ਗ਼ਰੀਬ ਗੁਰਬਾ ਮਰੀਜ਼ਾਂ ਤੇ ਉਨ੍ਹਾਂ ਦੇ ਤੀਮਾਰ ਦਾਰਾਂ (ਸੰਭਾਲ-ਕਾਰਾਂ) ਨਾਲ ਕੀਤਾ ਜਾ ਰਿਹਾ ਸਲੂਕ਼ ਤੱਕ ਕੇ ਡਾਹਢਾ ਦੁੱਖ ਲੱਗਿਆ। ਇੰਝ ਭਾਸਦਾ ਏ ਕਿ ਇਹ ਲੋਕ, ਪੜ੍ਹ ਲਿਖ ਕੇ ਵੀ ਜਾਹਲ ਦੇ ਜਾਹਲ ਰਹਿ ਗਏ ਨੇ ਯਾਂ ਫੇਰ ਅਖਬਾਰਾਂ, ਸਾਹਿਤ ਪੜ੍ਹਨ ਦੀ ਆਦਤ ਨਾ ਹੋਣ ਕਰ ਕੇ ਇਨਸਾਨੀ ਸੰਵੇਦਨਾ ਤੋਂ ਸੱਖਣੇ ਰਹਿ ਗਏ ਨੇ। ਫ਼ੈਕ੍ਟ੍ਰੀਜ਼ ਦੇ ਮਜ਼ਦੂਰਾਂ ਨਾਲ ਇਹ ਨਰਸਾਂ, ਸਟਾਫ ਨਰਸਾਂ ਤੇ ਡਾਕਟਰ ਐਨਾ ਘਟੀਆ ਸਲੂਕ਼ ਕਰਦੇ ਵੇਖ ਲਏ ਨੇ ਕਿ ਇਨਸਾਨੀ-ਅਤ ਤੋਂ ਭਰੋਸਾ ਚੁੱਕਿਆ ਗਿਆ ਏ। ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਦੇ ਜਲੰਧਰ ਦੇ ਮੁੱਖ ਈਐੱਸਆਈ ਹੋਸਪੀਟਲ ਵਿਚ ਗੇੜਾ ਮਾਰਨਾ ਪਸੰਦ ਕਰਣਗੇ?
ਤਾਜ਼ਾ ਮਾਮਲਾ ਗ਼ੌਰ ਫਰਮਾਓ! ਸਾਡਾ ਇਕ ਮਿੱਤਰ ਇਕ ਪੰਜਾਬੀ ਅਖਬਾਰ ਦੇ ਨਿਊਜ਼ ਡੈਸਕ ਉੱਤੇ ਚੀਫ਼ ਸਬ ਐਡੀਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਏ। ਉਨ੍ਹਾਂ ਦੇ ਪਿਤਾਜੀ ਜਿਹੜੇ ਕਿ ਹਯਾਤੀ ਦਾ ਬਹੁਤਾ ਹਿੱਸਾ ਚਮੜੇ ਦੀਆਂ ਟੈਨਰੀਜ਼ ਵਿਚ ਕੰਮ ਕਰਦੇ ਰਹੇ ਸਨ, ਅੱਜਕਲ੍ਹ ਬਮਾਰ ਰਹਿੰਦੇ ਨੇ। ਡਾਕਟਰ ਭਰਾ ਤੇ ਨਰਸ ਭੈਣਾਂ ਅਵੱਲ ਤੇ ਖ਼ੁਦ ਰੋਗੀ ਦੀ ਮਿਜ਼ਾਜਪੁਰਸੀ ਲਈ ਆਉਂਦੇ ਨਈਂ! ਤੇ ਜੇ ਆ ਜਾਣ ਤਾਂ ਚੱਜ ਨਾਲ ਟੈਸਟ ਕਰੌਣ ਦੀ ਗੱਲ ਨਹੀਂ ਕਰਦੇ। ਇਕ ਜਣੀ ਆਉਂਦੀ ਐ ਤਾਂ ਕੋਈ ਟੈਸਟ ਦੱਸ ਜਾਂਦੀ ਐ। ਦੂਜੀ ਜਣੀ ਆਉਂਦੀ ਐ ਤਾਂ ਕੋਈ ਤੀਜਾ ਟੈਸਟ ਦੱਸ ਜਾਂਦੀ ਐ। ਡਾਕਟਰਾਂ ਵਿਚ ਵੀ ਇਤਫ਼ਾਕ ਘੱਟ ਨਜ਼ਰ ਆਉਂਦਾ ਏ, ਇਕ ਜਣਾ ਕੋਈ ਟੈਸਟ ਦੱਸ ਜਾਂਦਾ ਏ ਤੇ ਦੂਜਾ ਜਣਾ ਕੋਈ ਹੋਰ ਟੈਸਟ ਦੱਸ ਜਾਂਦਾ ਐ। ਜੇ ਓਹਨੂੰ ਟੈਸਟ ਰਿਪੋਰਟ ਦੇ ਕੇ ਸੰਵਾਦ ਕਰਨ ਵਾਂਗ ਗੱਲ ਕਰੀਏ ਤਾਂ ਅੱਗਿਓ ਡਾਕਟਰ ਲਾਣਾ ਆਖਦਾ ਏ, “ਸਾਡੇ ਅੱਗੇ ਪੱਤਰਕਾਰੀ ਨਾ ਝਾੜ…”!!!
ਅਜੋਕੇ ਦੌਰ ਦੇ ਏਹਨਾਂ ਅਨਪੜ੍ਹ ਸਮਾਨ ਪੜ੍ਹੇ ਲਿਖੇ ਹਕੀਮਾਂ ਨਾਲ ਨਿਮਰਤਾ ਨਾਲ ਗੱਲ ਕਰਨੀ ਵੀ ਹੁਣ #ਖਾਲਾਜੀ ਦਾ ਵਾੜਾ# ਨਹੀਂ ਰਹੀ। ਨੁਕਸ ਸ਼ੈਦ ਏਥੇ ਐ ਕਿ ਕਦੇ ਕਿਸੇ ਸੰਸਦ ਮੈਂਬਰ, ਕਿਸੇ ਸੰਸਦੀ ਸਕੱਤਰ ਯਾਂ ਵਿਧਾਇਕ ਨੇ ਏਹਨਾਂ ਕੰਮਚੋਰ ਇਲਾਜ ਕਰਮਚਾਰੀਆਂ ਦੀ ਭੁਗਤ ਨਹੀਂ ਸੁਆਰੀ! ਨਹੀਂ ਤਾਂ ਕੀ ਮਤਲਬ ਬਣਦਾ ਏ ਕਿ ਚੜ੍ਹੇ ਮਹੀਨੇ ਇਕ ਇਕ ਲੱਖ ਤੇ ਦੋ ਦੋ ਲੱਖ ਦੀਆਂ ਤਨਖਾਹਾਂ ਲੈਣ ਵਾਲੇ ਇਹ ਇਲਾਜ ਕਰਮਚਾਰੀ, ਲੋਕਾਂ ਨਾਲ ਗੰਦਾ ਸਲੂਕ਼ ਕਰ ਜਾਂਦੇ? ਤੁਹਾਨੂੰ ਯਾਦ ਹੋਵੇਗਾ ਕਿ 2010 ਵਿਚ ਜਲੰਧਰ ਸਿਵਲ ਹਸਪਤਾਲ ਦਾ ਪ੍ਰਬੰਧਕ ਬਾਵਾ ਬਾਵਾ ਨਾਂ ਦਾ ਸੱਜਣ ਸੀ। ਉਹ ਗਰੀਬਾਂ ਮਸਕੀਨਾਂ ਤੇ ਮਰੀਜ਼ਾਂ ਨਾਲ ਕੌੜਾ ਬੋਲਣ ਲਈ ਬਦਨਾਮ ਸਿਹਤ ਅਫ਼ਸਰਸੀ। ਪੰਜਾਬ ਦੀ ਲੋਕਾਈ ਨੇ ਓਸ ਵੇਲੇ ਦੇ ਸਿਹਤ ਸਕੱਤਰ ਨੂੰ ਪੱਤਰ ਲਿਖੇ, ਈਮੇਲਾਂ ਭੇਜੀਆਂ ਤੇ ਪੁਆਰ ਨਾਂ ਦੇ ਡਾਕਟਰ ਨੂੰ ਪ੍ਰਬੰਧਕ ਲੁਆ ਲਿਆ ਸੀ। ਲੋਕਤਾ ਦੀ ਵੱਡੀ ਜਿੱਤ ਸੀ ਉਹ ਵੇਲਾ।
ਜਦਕਿ ਹੁਣ ਫੇਰ, ਪੰਜਾਬ ਖ਼ਾਸ ਕਰ, ਜਲੰਧਰ ਦੀਆਂ ESI ਡਿਸਪੈਂਸਰੀਆਂ ਵਿਚ ਲੋਕ-ਦੋਖੀ ਪ੍ਰਬੰਧਕ ਆ ਵੜੇ ਹਨ। ਜੇ ਇਹ ਬੰਦੇ ਸਿਆਸੀ ਅਨਪੜ੍ਹ ਨਹੀਂ ਨੇ ਤਾਂ ਅਖਬਾਰਾਂ/ਰਸਾਲੇ/ਸਾਹਿਤ ਕਿਓਂ ਨਹੀਂ ਪੜ੍ਹਦੇ? ਹਰ ਪੱਤਰਕਾਰ ਜਿਹੜਾ, ਲੋਕਾਈ ਦੇ ਮਸਲੇ ਲੈ ਕੇ ਬੇਨਤੀ ਵਾਲੇ ਤਰੀਕੇ ਨਾਲ ਗੱਲ ਕਰਦਾ ਹੈ, ਓਹਨੂੰ ਇਹ ਇਲਾਜ ਮਾਫੀਆ ਟੁੱਟ ਕੇ ਕਿਓਂ ਪੈਂਦਾ ਏ? ਜਦੋਂ ਪੰਜਾਬ ਦੇ ਸਿਹਤ ਮੰਤਰੀ ਚੇਤੰਨ ਸਿੰਘ ਜੋੜਾਮਾਜਰਾ ਨੇ ਇਕ ਗੰਦੇ ਮੰਦੇ ਹਸਪਤਾਲ ਦੇ ਡਾਕਟਰ ਪ੍ਰਬੰਧਕ ਨੂੰ ਲੀਰਾਂ ਵਰਗੇ ਮੰਜੇ ਉੱਤੇ 2 ਕੁ ਮਿੰਟ ਬੈਠਣ ਯਾਂ ਲੰਮਿਆਂ ਪੈਣ ਲਈ ਕਿਹਾ ਸੀ ਤਾਂ ਉਹ ਡਾਕਟਰ ਵੀਰਾ ਤੇ ਹੋਰ ਜਜ਼ਬਾਤੀ ਬੰਦੇ ਰੋਣ ਡਹਿ ਪਏ ਸਨ। ਹੁਣ, ਅਸੀਂ ਪੰਜਾਬ ਦੇ ਉਨ੍ਹਾਂ ਭੁੱਲੜ ਦੋਸਤਾਂ ਨੂੰ ਪੁੱਛਦੇ ਹਾਂ ਕਿ ਪੰਜਾਬ ਦੇ ਨਰਕ-ਸਮਾਨ ਸਿਵਿਲ ਹਸਪਤਾਲਾਂ ਤੇ ਗੰਦਗੀ, ਬਦ ਤਮੀਜ਼ੀ ਦੇ ਗੜ੍ਹ “ਈ ਐੱਸ ਆਈ” ਡਿਸਪੈਂਸਰੀਜ਼ ਬਾਰੇ ਕੀ ਆਖੋਗੇ?
ਆਖ਼ਰੀ ਗੱਲ
ਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਐਸ ਨੈਕਸਸ ਨੂੰ ਤੋੜ ਕੇ ਡਾਕਟਰਾਂ ਤੇ ਨਰਸਾਂ ਦੀ ਤਾਨਾ-ਸ਼ਾਹੀ ਨੂੰ ਖ਼ਤਮ ਕਰੇਗੀ? ਐਹ ਤਮਾਮ ਸੁਆਲ ਜੁਆਬ ਮੰਗਦੇ ਨੇ।
ਸੰਪਰਕ : *ਯਾਦਵਿੰਦਰ +916284336773
ਸਰੂਪ ਨਗਰ। ਨਜ਼ਦੀਕ ਹੇਮਕੁੰਟ ਸਕੂਲ। ਪਿੰਡ ਰਾਓਵਾਲੀ। ਜਲੰਧਰ ਦਿਹਾਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly