ਬੇ-ਆਬ ਕਰ ਦਿੱਤਾ ਜਾਵੇਗਾ …ਪੰਜਾਬ!

ਯਾਦਵਿੰਦਰ

(ਸਮਾਜ ਵੀਕਲੀ)

ਸੰਦਰਭ : ਕੁਲ ਦੁਨੀਆਂ ‘ਚ ਮੁੱਢਲੇ ਸੱਭਿਆਚਾਰ, ਸੱਭਿਅਤਾਵਾਂ ਓਥੇ ਹੀ ਵਿਗਸੀਆਂ ਹਨ, ਜਿੱਧਰ ਨੂੰ ਵੱਗਦੇ ਦਰਿਆਵਾਂ ਦੇ ਵਹਾਅ ਮੁੜ ਜਾਂਦੇ ਸਨ। ਪੰਜਆਬ (ਉਦੋਂ ਪੰਚ ਨਦ) ‘ਚ ਰਚੇ ਗਏ ਵੇਦਾਂ ਦੀਆਂ ਰਿਚਾਵਾਂ ਵੀ ਵੱਗਦੇ ਪਾਣੀ ਦੇ ਨਾਦ ਤੋਂ ਬਲਿਹਾਰੇ ਜਾਂਦੇ ਰਿਖੀਆਂ ਦੀਆਂ ਕਾਵਿ ਉਮੰਗਾਂ ਹਨ। ਹੁਣ, ਪੰਜਾਬ ਨੂੰ ਪਾਣੀਆਂ ਤੋਂ ਵਿਰਵਾ ਕਰਨ ਦੇ ਖ਼ਦਸ਼ੇ ਬਾਰੇ ਰਚੀ ਗਈ ਦਸਤਾਵੇਜ਼ੀ ਫਿਲਮ ਬਾਰੇ ਤਕਾਜ਼ਾ ਪੇਸ਼ ਕਰ ਰਹੇ ਹਾਂ।

ਤਕਰੀਬਨ 5 ਕੁ ਸਾਲ ਪਹਿਲਾਂ ਅਸੀਂ (ਇਕ) ਡਾਕਿਊਮੈਂਟਰੀ ਫਾਈਨਲ ਅਸਾਲਟ ਵੇਖੀ ਸੀ। ਏਸ ਦਸਤਾਵੇਜ਼ੀ ਫਿਲਮ ਵਿਚ ਪੰਜਾਬ ਵਿਚ ਪਾਣੀ ਦੀ ਸਤ੍ਹਾ ਲਗਾਤਾਰ ਹੇਠਾਂ ਜਾਣ ਬਾਰੇ ਮਸਲੇ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਏਸੇ ਲੜੀ ਤਹਿਤ ਸਮੇਂ ਸਮੇਂ ਦੇ ਹਾਕਮਾਂ ਨੂੰ ਬੇਪੜਦ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਦੂਜਾ ਪੱਖ ਇਹ ਕਿ ਏਸ ਥੋੜ੍ਹ ਚਿਰੀ ਫਿਲਮ ਵਿਚ ਕੁਝ ਕਾਲਮਨਿਗਾਰਾਂ ਤੇ ਕਿਤਾਬੀ ਲਿਖਾਰੀਆਂ ਦੀ ਬਾਈਟ (ਵੀ) ਵਖਾਈ ਗਈ ਸੀ। ਫਿਲਮ ਕਈ ਕੋਣਾਂ ਤੋਂ ਖਰੀ ਲੱਗੀ ਤੇ ਕਈ ਕੋਣਾਂ ਤੋਂ ਚੰਗੀ ਨਹੀਂ ਲੱਗੀ। ਦਰਅਸਲ ਏਸ ਫਿਲਮ ਨੂੰ ਬਣਾਉਣ ਵਾਲਿਆਂ ਨੂੰ ਚਾਹੀਦਾ ਸੀ ਕਿ ਜ਼ਿਲ੍ਹਾਵਾਰ ਸੰਪਰਕ ਕਰਦੇ ਤੇ ਗ਼ੈਰਾਂ ਨਾਲ ਸੰਵਾਦ ਰਚਾਉਂਦੇ ਪਰ ਫਿਲਮਸਾਜ਼ਾਂ ਨੇ ਇੰਝ ਨਹੀਂ ਕੀਤਾ।
https://youtu.be/-2_Viws3Ang

ਫਿਲਮ ਬਾਰੇ ਆਪਣੀ ਰਾਇ ਪੁਖਤਾ ਕਰਨ ਲਈ ਅਸੀਂ ਏਸ ਫਿਲਮ ਦਾ ਯੂ ਟਿਊਬ ਲਿੰਕ, ਕਈ ਵਾਕਫ਼ਕਾਰਾਂ ਨੂੰ ਭੇਜਿਆ ਸੀ। ਕਈਆਂ ਨੇ ਫਿਲਮ ਦੇਖ (ਵੀ) ਲਈ ਸੀ। ਓਸ ਅਰਸੇ ਦੌਰਾਨ ਅਸੀਂ ਜਦ ਵੀ ਅਖ਼ਬਾਰਾਂ ਪੜ੍ਹਨ ਜਾਂ ਲੋਕਾਈ ਦੇ ਤਾਜ਼ਾਤਰੀਨ ਖਿਆਲ ਜਾਨਣ ਲਈ ਪੀ.ਆਈ ਬੀ ਦੀ ਲਾਇਬ੍ਰੇਰੀ ਵਿਚ ਗਏ ਜਾਂ ਦੇਸ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਵਿਚ ਗਏ, ਓਥੇ ਵਾਕਫ਼ ਤੇ ਮਿੱਤਰ ਮਿਲਦੇ ਹਨ। ਸਭ ਦੀ ਸਾਂਝੀ ਰਾਇ ਇਹ ਸੀ ਕਿ ਏਸ ਦਸਤਾਵੇਜ਼ੀ ਦੇ ਤਿਆਰਕਰਤਾ ਜਲੰਧਰ ਆਉਣ, ਬਹਿਸ ਕਰਨ, ਸੰਵਾਦ ਛੇੜਨ ਜਾਂ ਕਿਤੇ ਸਾਨੂੰ ਸੱਦ ਲੈਣ। ਪਾਣੀ ਦੀ ਥੁੜ੍ਹ ਦਾ ਮਸਲਾ ਕਿਓਂਕਿ ਲੋਕਾਈ ਦੇ ਜਿਊਂਦੇ ਰਹਿਣ ਨਾਲ ਵਾਬਸਤਾ ਹੈ, ਏਸ ਲਈ ਗੁਫ਼ਤਗੂ ਕੀਤੀ ਜਾਣੀ ਲਾਜ਼ਮੀ ਜ਼ਰੂਰਤ ਹੈ।

*ਫਿਲਮ ਦਾ ਸੁਨੇਹਾ*
ਫਿਲਮ ਵਿਚ ਇਹ ਦਰਸਾਉਣ ਤੇ ਵਿਖਾਉਣ ਦੇ ਜਤਨ ਕੀਤੇ ਗਏ ਹਨ ਕਿ ਪੰਜਾਬ ਖ਼ਾਸਕਰ ਕਿਸਾਨ ਵਰਗਾਂ ਨੂੰ ਬੇ-ਜ਼ਮੀਨ ਕਰਨ ਲਈ ਸਰਕਾਰਾਂ ਨੇ ਵਕ਼ਤਨ ਬ-ਵਕ਼ਤਨ ਸਾਜ਼ਿਸ਼ਾਂ ਕਰ ਕੇ ਪੰਜਾਬ ਨੂੰ ਅਜੋਕੀ ਦੁਰ ਦਸ਼ਾ ਤੀਕ ਪੁਚਾ ਦਿੱਤਾ ਹੈ।

ਫਿਲਮ ਵਿਚ ਕਥਾ ਬਿਰਤਾਂਤ ਸੁਣਾਉਣ ਦੇ ਤਰੀਕੇ ਨਾਲ ਕੁਝ ਬੁਲਾਰੇ, ਵਿਸ਼ਾ ਮਾਹਰ ਵਾਂਗ ਵਿਖਾਏ ਗਏ ਹਨ। ਉਨ੍ਹਾਂ ਦੀ ਗੱਲਬਾਤ ਦਾ ਸਮੁੱਚਾ ਮਤਲਬ ਇਹ ਨਿੱਕਲਦੈ ਕਿ ਦੇਸ ਦੀ ਰਾਜਧਾਨੀ ਵਿਚ ਸਰਕਾਰਾਂ ਬਣਾਉਣ ਵਾਲੇ ਹਾਕਮ ਪੇਸ਼ੇਵਰ ਸਿਆਸਤਦਾਨ …ਢਿੱਡੋਂ … ਪੰਜਾਬ ਦੇ ਦੋਖੀ ਹਨ। ਏਸੇ ਵਿਸ਼ੇ ਦੇ ਨਾਲ ਨਾਲ ਹੋਂਦ ਚਿਲਰ ਤੇ ਸਿੱਖ ਕਤਲੇਆਮ ਦੇ ਹੋਰ ਪੱਖ ਜੋੜੇ ਗਏ ਹਨ। ਫਿਲਮ ਵਿਚ ਵਖਾਏ ਤੇ ਸੁਣਾਏ ਗਏ ਬੁਲਾਰੇ ਵਾਰ ਵਾਰ ਸਕ੍ਰੀਨ ਉੱਤੇ ਨਜ਼ਰ ਆਉਂਦੇ ਹਨ। ਏਸ ਫਿਲਮ ਬਾਰੇ ਆਮ ਲੋਕਾਂ ਤੇ ਸੋਚਣ ਵਿਚ ਦਿਲਚਸਪੀ ਰੱਖਣ ਵਾਲੇ ਗ਼ੈਰ ਸਿੱਖ ਪੰਜਾਬੀ ਲੋਕਾਈ ਨੂੰ ਕੁਝ ਇਤਰਾਜ਼ (ਵੀ) ਹਨ।

ਸੁਚੇਤ ਜਨਤਾ ਨਾਲ ਸਾਡਾ ਮੇਲ ਜੋਲ, ਬਹੁਤਾ ਕਰ ਕੇ, ਲਾਇਬ੍ਰੇਰੀਆਂ ਵਿਚ ਹੀ ਹੁੰਦਾ ਰਿਹਾ ਹੈ। ਸੋ, ਫਿਲਮ ਬਾਰੇ ਇਹ ਜਾਇਜ਼ਾਕਾਰੀ ਜਾਂ ਆਲੋਚਨਾ, ਅਖ਼ਬਾਰੀ/ਕਿਤਾਬੀ ਪੜ੍ਹਾਕੂਆਂ ਦੇ ਵਲਵਲਿਆਂ ਮੁਤਾਬਕ ਬੇਸ਼ਕ਼, ਇਹ ਪੱਖ ਫਿਲਮ ਵਿਚ ਨਜ਼ਰ ਨਹੀਂ ਆਉਣਗੇ ਪਰ ਆਮ ਲੋਕਾਂ ਨੇ ਆਪਣਾ ਜਜ਼ਬਾਤੀ ਪੱਖ, ਇਨ੍ਹਾਂ ਲਫਜ਼ਾਂ ਵਿਚ ਬਿਆਨ ਕੀਤਾ ਹੈ ;

(ਨੋਟ : ਪੜ੍ਹੇ ਲਿਖੇ ਹਿੰਦੂ ਤੇ ਹੋਰਨਾਂ ਵਰਗਾਂ ਦੇ ਜਜ਼ਬਾਤੀ ਸਵਾਲ ਤੇ ਫ਼ੌਰੀ ਮਾਨਸਿਕਤਾ ਨੂੰ ਅਸੀਂ ਏਸ ਨੈਰੇਟਿਵ ਦੇ ਜ਼ਰੀਏ ਨਾਲ ਸਮਝ ਸਕਦੇ ਹਾਂ।):

1 . ਫ਼ਿਲਮਸਾਜ਼ਾਂ ਤੇ ਸਹਾਇਕ ਟੀਮ ਦਾ ਇਹ ਖ਼ਦਸ਼ਾ, ਜਾਇਜ਼ ਹੋ ਸਕਦਾ ਹੈ ਕਿ ਈਰਖਾਵੱਸ ਜਾਂ ਕਿਸੇ ਗੁੱਝੇ ਏਜੰਡੇ ਤਹਿਤ ਦੇਸ ਦੇ ਹਾਕਮ, ਪੰਜਾਬ ਦੇ ਕਿਸਾਨਾਂ ਨੂੰ ਘਸਿਆਰੇ ਬਣਾਉਣਾ ਚਾਹੁੰਦੇ ਹੋ ਸਕਦੇ ਹਨ। … ਪਰ ਕੀ ਆਮ ਤੇ ਮਿਹਨਤਕਸ਼ ਜਨਤਾ ਨੂੰ ਸਾਂਝੇ ਯੁੱਧ ਤੋਂ ਬਾਹਰ ਸਮਝਣਾ ਵਾਜਬ ਹੋਵੇਗਾ ?

2 . ਆਪਣਾ ਵਸੇਬ, ਆਪਣੇ ਬਚਪਨ ਵੇਲੇ ਦੀਆਂ ਯਾਦਾਂ ਤੇ ਘਟਨਾਵਾਂ ਨੂੰ ਅਤਿ ਉੱਤਮ ਸਮਝ ਕੇ, ਦੂਜੇ ਸੱਭਿਆਚਾਰ ਵਿਚ ਪਲੇ ਪੰਜਾਬੀ ਬੋਲਦੇ ਲੋਕਾਂ ਨੂੰ ਦੋਇਮ ਦਰਜੇ ਦੇ ਮੰਨਣਾ ਸਹੀ ਰਹੇਗਾ? ਆਮ ਸ਼ਹਿਰੀ ਪੰਜਾਬੀਆਂ ਮੁਤਾਬਕ ਓਹ, ਜੇ, ਖੇਤੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਾਂਝੇ-ਯੁੱਧ ਵਿੱਚੋਂ ਛਾਂਗਦੇ ਰਹਿਣਾ ਸਹੀ ਵਿਚਾਰਧਾਰਕ ਪਹੁੰਚ ਹੋਵੇਗੀ?

3. ਕਿਸਾਨ ਖ਼ਾਸਕਰ ਓਹ ਜਿਹੜੇ ਸਿੱਖ ਸੱਭਿਆਚਾਰ ਵਿਚ ਜੰਮੇ, ਪਲੇ ਤੇ ਪ੍ਰਵਾਨ ਚੜ੍ਹੇ ਹਨ, ਓਹ ਲਹਿੰਦੇ ਪੰਜਾਬ ਵਿਚ ਵੱਸਦੇ ਆਪਣੇ ਵਰਗੇ ਲੋਕਾਂ ਦੇ ਰਹਿਣ ਸਹਿਣ ਬਾਰੇ ਕੀ ਜਾਣਦੇ ਹਨ? ਜਦਕਿ ਵਾਹੀ ਬੀਜੀ ਦਾ ਕਿੱਤਾ ਤਾਂ ਇੱਕੋ ਹੀ ਹੈ। ਫੇਰ ਏਨੀ ਬੇਗਾਨਗੀ ਕਿਓੰ? ਏਸੇ ਲਈ ਨਾ ਕਿ ਕਿੱਤਾ ਭਾਵੇਂ ਇੱਕੋ ਹੈ ਪਰ ਧਾਰਮਕ ਖਿਆਲ ਜੁਦਾ ਜੁਦਾ ਹਨ, ਫੇਰ ਪੰਜਾਬੀ ਲੋਕਾਈ ਵਿਚ ਸਭਿਆਚਾਰਕ ਫ਼ਰਕ ਕਿਓਂ ਨਹੀਂ ਹੋ ਸਕਦੇ?

4 ਗ਼ੈਰ ਕਿਸਾਨ ਪੰਜਾਬੀਆਂ ਬਾਰੇ ਇਹ ਖਿਆਲ ਕਿਓੰ ਬਣਾਏ ਜਾਂਦੇ ਹਨ ਕਿ ਓਹ ਸਿੱਖ ਸੱਭਿਆਚਾਰ ਬਾਰੇ ਬਹੁਤਾ ਨਹੀਂ ਜਾਣਦੇ, ਏਸ ਲਈ ਉਹ ਕਿਸੇ ਹੋਰ ਕਿਸਮ ਦੇ ਪੰਜਾਬੀ ਹਨ? ਕੀ ਪੰਜਾਬੀਅਤ ਦਾ ਫਲਸਫਾ ਕਿਸੇ ਪੂਜਾ ਪਾਠ ਅਧਾਰਤ ਧਰਮ ਉੱਤੇ ਨਿਰਭਰ ਹੈ? ਸਾਰੇ ਧਰਮ, ਮਸਾਂ 3000 ਸਾਲਾਂ ਦੀ ਘੜ੍ਹਤ ਹਨ, ਕੀ ਪੰਜਾਬੀ ਵਸੇਬ ਹਜ਼ਾਰਾਂ ਵਰ੍ਹੇ ਪੁਰਾਣਾ ਨਹੀਂ?

5. ‘ਮਜ਼ਦੂਰ-ਕਿਸਾਨ ਏਕਾ’ ਇਹ ਸਟੇਜੀ ਨਾਅਰਾ ਖੋਖਲਾ ਨਹੀਂ ਹੈ? ਜਦਕਿ ਕਰਜ਼ੇ ਦਾ ਮਾਰਿਆ ਕਿਸਾਨ, ਖ਼ੁਦਕੁਸ਼ੀ ਕਰੇ ਤਾਂ ਕਈ ਜਥੇਬੰਦੀਆਂ ਦੇ ਕਾਰਕੁਨ, ਮੁਆਵਜ਼ੇ ਦੀ ਮੰਗ ਕਰਦੇ ਹਨ। ਜਦੋਂ ਖੇਤ ਕਾਮਾ ਮਰਦਾ ਹੈ ਤਾਂ ਜਥੇਬੰਦੀਆਂ ਓਨਾਂ ਤਾਣ ਨਹੀਂ ਲਾਉਂਦੀਆਂ, ਜਿੰਨਾਂ ਖੇਤ ਮਾਲਕ ਦੀ ਮੌਤ ਪਿੱਛੋਂ ਲਾਇਆ ਜਾਂਦਾ ਹੈ। ਅਸੀਂ ਆਪਣੇ ਖੇਤਾਂ ਦੇ ਕਾਮੇ ਨੂੰ ਓਪਰਾ ਸਮਝਦੇ ਹਾਂ, ਕੀ ਰਾਜਧਾਨੀ ਬੈਠੇ ਹਾਕਮ ਸਾਨੂੰ ਦੂਜੇ ਦਰਜੇ ਦਾ ਮਨੁੱਖ ਸਮਝਣ ਤਾਂ ਇਹ ਸਹੀ ਨਹੀਂ? ਅਸੀਂ ਆਪਣੇ ਨੌਕਰਾਂ ਚਾਕਰਾਂ ਦੀ ਬਿਹਤਰੀ ਲਈ ਕੀ ਕੀਤਾ ਹੈ?

6. ਕਈ ਖੇਤੀ ਮਾਹਰ, ਕੇਂਦਰੀ ਹਾਕਮਾਂ ਦੀ ਨਿੰਦਿਆ ਕਰਦਿਆਂ ਪੁਜਾਰੀਵਾਦ ਨੂੰ ਬੁਰਾ ਭਲਾ ਕਹਿੰਦੇ ਹਨ, ਕਈ ਸਿੱਧੇ ਤੌਰ ਉੱਤੇ ਬ੍ਰਾਹਮਣਵਾਦ ਨੂੰ ਬੁਰਾ ਕਹਿੰਦੇ ਹਨ। … ਪਰ, ਕੀ ਸਿੱਖ ਧਾਰਮਕ ਸੰਸਥਾਵਾਂ ਦੀ ਵੱਖੋ ਵੱਖਰੀ ਤੇ ਸਖ਼ਤ ਮਰਿਆਦਾ ਨਵਾਂ-ਪੁਜਾਰੀਵਾਦ ਨਹੀਂ? ਓਸ ਮਰਿਆਦਾ ਦਾ ਕਿਹੜਾ ਪੱਖ ਹੈ, ਜਿਹੜਾ ਗੁਰੂ ਬਾਬਾ ਨਾਨਕ ਸਾਹਿਬ ਦੇ ਫਲਸਫੇ ਨਾਲ ਮੇਲ ਖਾਂਦਾ ਹੈ? ਜੇ ਆਪਾਂ ਓਹ ਪਖੰਡ ਨਹੀਂ ਰੁਕਾਅ ਸਕਦੇ ਤਾਂ ਸਨਾਤਨ ਦੇ ਰੂੜੀਵਾਦ ਦੀ ਨਿਖੇਧੀ ਕਿਉਂ ਕਰਦੇ ਹਾਂ?

7. ਹਿੰਦੂ ਹਾਕਮ ਦੀ ਨੁਕਤਾਚੀਨੀ ਕਰਦਿਆਂ ਕਰਦਿਆਂ ਸਧਾਰਨ ਤੇ ਈਸ਼ਵਰ ਤੋਂ ਡਰਨ ਵਾਲੇ ਹਿੰਦੂ ਵਿਅਕਤੀ ਨੂੰ ਓਸੇ ਵਰਗ ਵਿਚ ਪਾ ਕੇ ਖਿਆਲ ਬਣਾਉਣੇ ਕਿੱਥੋਂ ਤੱਕ ਤਰਕ ਅਧਾਰਤ ਸੋਚ ਹੈ? ਕੀ ਇਹ ਅਜਮੇਰ ਸਿੰਘ ਵਾਲੀ ਸੋਚ ਨਹੀਂ?

ਨਿਚੋੜ
ਲੋਕਾਂ ਦਾ ਕਹਿਣਾ ਇਹ ਹੈ ਕਿ ਜੇ ਕੇਂਦਰੀ ਹਾਕਮ “ਹਿੰਦੂਤਵੀ ਮੁਖੌਟਾ’ ਲਾ ਕੇ ਫਿਰਕੂ ਸਿਆਸਤ ਕਰਦੇ ਚੁੱਭਦੇ ਹਨ ਤਾਂ ਓਹ ਪੰਜਾਬੀ ਜਿਹੜੇ ਕਿਸਾਨ ਨਹੀਂ ਹਨ, ਉਨ੍ਹਾਂ ਪੰਜਾਬੀਆਂ ਨੂੰ ਕਿਸਾਨ ਆਗੂਆਂ ਦੇ ਵੱਡੇ ਵਰਗ ਵੱਲੋਂ ਪੰਜਾਬੀ-ਲੋਕ-ਜੁੱਧ ਵਿਚੋਂ ਬਾਹਰ ਰੱਖਣ ਦਾ ਪੈਂਤੜਾ, ਵਿਤਕਰਾ ਨਹੀਂ ਹੈ?
ਲੋਕ ਦੱਬੀ ਜ਼ੁਬਾਨ ਵਿਚ ਇਥੋਂ ਤੱਕ ਕਹਿੰਦੇ ਹਨ ਕਿ ਪੰਜਾਬੀ ਕਿਸਾਨ ਹਾਲੇ ਤੱਕ ਪਿੰਡਾਂ ਵਿਚ ਜਾਤ ਪਾਤ ਮੁਕਾਉਣ ਲਈ ਬੋਲਣਾ ਨਹੀਂ ਸ਼ੁਰੂ ਕਰ ਰਹੇ। ਮਰਨ ਤੋਂ ਬਾਅਦ ਹਰ ਵਰਗ ਦੇ ਸਿਵੇ (ਸ਼ਮਸ਼ਾਨ ਘਾਟ) ਵੱਖੋ ਵੱਖਰੇ ਹਨ। ਬਾਬਾ ਨਾਨਕ ਦਾ ਫਲਸਫਾ ਲਾਗੂ ਕਰਨ ਲਈ ਕਿਤੇ ਵੀ ਕੋਈ ਵੀ ਧਾਰਮਕ ਆਗੂ ਤਿਆਰ ਨਹੀਂ ਹੈ, ਇੰਝ ਕਿਓੰ?

ਇਹੋ ਜਿਹੇ ਹਾਲਾਤ ਵਿਚ ਹਿੰਦੂਤਵੀ ਹਾਕਮਾਂ ਦੇ ਧਾਰਮਕ ਪਖੰਡ ਨੂੰ ਨਿੰਦਣ ਦਾ ਤਾਂ ਹੀ ਮਤਲਬ ਬਣਦਾ ਹੈ, ਜੇ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਦੇਖੇ ਸੁਪਨੇ ਨੂੰ ਇਕ ਫੀਸਦ (1%) ਵੀ ਕਿਤੇ ਲਾਗੂ ਕੀਤਾ ਹੋਵੇ। ਫਲਸਫੇ ਲਾਗੂ ਕਰਨ ਲਈ ਹੁੰਦੇ ਹਨ, ਗੁਣਗਾਣ ਕਰਨ ਤੱਕ (ਸੀਮਤ ਹੋਣ) ਲਈ ਨਹੀਂ ਹੁੰਦੇ।

ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਨਾਂ ਦੇ ਖਿੱਤੇ ਦੇ ਸਾਰੇ ਦੁੱਖ ਤੇ ਤਕਲੀਫ਼ਾਂ/ਮਸਲੇ ਸਮੂਹ ਪੰਜਾਬੀਆਂ ਦੇ ਹਨ, ਕਿਸੇ ਖ਼ਾਸ ਵਰਗ ਨੇ ਹੀ ਨੁਮਾਇੰਦਗੀ ਕਰਨੀ ਹੈ, ਇਹ ਮਿੱਥ ਕੇ ਚੱਲਣਾ, ਪੰਜਾਬੀਅਤ ਨਾਲ ਧਰੋਹ ਕਮਾਉਣ ਦੇ ਤੁੱਲ ਹੈ।

ਲੋਕਾਂ ਖ਼ਾਸਕਰ ਲਾਇਬ੍ਰੇਰੀ ਵਿਚ ਨਿਯਮਤ ਤੌਰ ਉੱਤੇ ਆਉਂਦੇ ਪੜ੍ਹਾਕੂਆਂ ਨੂੰ ਰੰਜ ਸੀ ਕਿ ਫਾਈਨਲ ਅਸਾਲਟ ਨਾਂਅ ਦੀ ਏਸ ਫਿਲਮ ਵਿਚ ਵਖਾਏ ਗਏ ਕੁਝ ਵਿਸ਼ਾ ਮਾਹਰ ਫਿਰਕੂ ਕੋਣ ਤੋਂ ਬੋਲ ਰਹੇ ਪ੍ਰਤੀਤ ਹੋ ਰਹੇ ਹਨ।

ਖ਼ੈਰ … ਸੰਵਾਦ ਦੀ ਅਣਹੋਂਦ ਕਾਰਣ ਹੀ ਸਾਰੇ ਸਵਾਲ ਉਪਜੇ ਪ੍ਰਤੀਤ ਹੁੰਦੇ ਹਨ। ਸੰਵਾਦ ਕੀਤਿਆਂ ਹੀ ਭੁਲੇਖੇ ਕਾਫ਼ੂਰ ਹੋ ਸਕਣਗੇ!

ਯਾਦਵਿੰਦਰ

ਸੰਪਰਕ : ਸਰੂਪ ਨਗਰ ਰਾਓਵਾਲੀ।
“+6284336773 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੭.
Next articleਮੋਦੀ ਵੱਲੋਂ ਯੋਰਪੀਅਨ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ