ਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੪.

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਤਿੱਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲੇ ਸ਼ਬਦਾਂ ਵਿੱਚ ਪਹਿਲੇ ਦੋ ਅੱਖਰਾਂ ਨਾਲ ਲੱਗਣ ਵਾਲ਼ੀਆਂ ਦੀਰਘ ਮਾਤਰਾਵਾਂ ਦੀ ਸਥਿਤੀ:
“”””””””””””””””””””””””””””””””””””””””””””””””””””””””””””””
ਪੰਜਾਬੀ ਵਿਆਕਰਨ ਦਾ ਇੱਕ ਨਿਯਮ ਹੈ ਕਿ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿਚ ਜੇਕਰ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ ਲੱਗਦੀਆਂ ਹੋਣ ਤਾਂ ਆਮ ਤੌਰ ‘ਤੇ ਅਜਿਹੇ ਸ਼ਬਦਾਂ ਦੇ ਪਹਿਲੇ ਅੱਖਰ ਨਾਲ਼ ਲੱਗੀ ਦੀਰਘ ਮਾਤਰਾ ਜਾਂ ਤਾਂ ਅਲੋਪ ਹੋ ਜਾਵੇਗੀ ਜਾਂ ਫਿਰ ਉਹ ਲਘੂ ਮਾਤਰਾ ਵਿੱਚ ਬਦਲ ਜਾਵੇਗੀ, ਜਿਵੇਂ: ਬੀਮਾਰ/ਬਿਮਾਰ, ਈਮਾਨਦਾਰ/ ਇਮਾਨਦਾਰ, ਬਾਜ਼ਾਰ/ਬਜ਼ਾਰ ਆਦਿ।
ਉਪਰੋਕਤ ਤਿੰਨੇ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲੇ ਸ਼ਬਦ ‘ਬੀਮਾਰ’ ਵਿੱਚ ਪਹਿਲੇ ਦੋ ਅੱਖਰਾਂ ਨੂੰ ‘ਬਿਹਾਰੀ’ ਅਤੇ ‘ਕੰਨੇ’ ਦੀਆਂ ਦੀਰਘ ਮਾਤਰਾਵਾਂ ਲੱਗੀਆਂ ਹੋਈਆਂ ਹਨ ਪਰ ਉਪਰੋਕਤ ਨਿਯਮ ਅਨੁਸਾਰ ਪਹਿਲੇ ਅੱਖਰ ‘ਬ’ ਨਾਲ਼ ਲੱਗੀ ‘ਬਿਹਾਰੀ’ ਦੀ ਦੀਰਘ ਮਾਤਰਾ ‘ਸਿਹਾਰੀ’ ਵਿੱਚ ਬਦਲ ਜਾਵੇਗੀ ਅਤੇ ਇਸ ਉਪਰੰਤ ਜਿਸ ਨਵੇਂ ਸ਼ਬਦ ਦੀ ਸਿਰਜਣਾ ਹੋਵੇਗੀ, ਉਹ ਹੈ- ਬਿਮਾਰ।

ਇਸੇ ਪ੍ਰਕਿਰਿਆ ਰਾਹੀਂ ‘ਈਮਾਨਦਾਰ’ ਸ਼ਬਦ ‘ਇਮਾਨਦਾਰ’ ਵਿੱਚ ਬਦਲ ਚੁੱਕਿਆ ਹੈ ਅਤੇ ‘ਬਾਜ਼ਾਰ’ ਸ਼ਬਦ ‘ਬਜ਼ਾਰ’ ਵਿੱਚ ਬਦਲ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਪਹਿਲੇ ਦੋ ਸ਼ਬਦਾਂ ਵਿੱਚ ‘ਬਿਹਾਰੀ’ ਦੀ ਦੀਰਘ ਮਾਤਰਾ ਲਘੂ ਮਾਤਰਾ ‘ਸਿਹਾਰੀ’ ਵਿੱਚ ਬਦਲ ਗਈ ਹੈ ਅਤੇ ਤੀਜੇ ਸ਼ਬਦ ‘ਬਾਜ਼ਾਰ’ ਵਿੱਚ ਪਹਿਲੇ ਅੱਖਰ ‘ਬ’ ਨਾਲ਼ ਲੱਗੇ ‘ਕੰਨੇ’ ਦੀ ਦੀਰਘ ਮਾਤਰਾ ਉਪਰੋਕਤ ਨਿਯਮਾਂ ਅਨੁਸਾਰ ਅਲੋਪ ਹੋ ਗਈ ਹੈ। ਸੋ, ਇਸ ਨਿਯਮ ਅਧੀਨ ਜੇਕਰ ਪਹਿਲੇ ਅੱਖਰ ਨਾਲ਼ ਬਿਹਾਰੀ ਦੀ ਮਾਤਰਾ ਹੈ ਤਾਂ ਉਹ ਸਿਹਾਰੀ ਵਿੱਚ ਬਦਲ ਜਾਵੇਗੀ ਜੇਕਰ ਦੁਲੈਂਕੜ ਦੀ ਮਾਤਰਾ ਹੈ ਤਾਂ ਉਹ ਔਂਕੜ ਦੀ ਮਾਤਰਾ ਵਿੱਚ ਬਦਲ ਜਾਵੇਗੀ ਅਤੇ ਜੇਕਰ ਪਹਿਲੇ ਦੋਂਹਾਂ ਅੱਖਰਾਂ ਨਾਲ਼ ਕੰਨੇ ਦੀਆਂ ਮਾਤਰਾਵਾਂ ਹਨ ਤਾਂ ਪਹਿਲੇ ਅੱਖਰ ਨਾਲ਼ੋਂ ਕੰਨਾ ਅਲੋਪ ਹੋ ਜਾਵੇਗਾ।

ਇਸ ਸੰਬੰਧ ਵਿੱਚ ਕੁਝ ਉਦਾਹਰਨਾਂ ਦੇਖੋ:
“”””””””””””””””””””””””””””””””””””””””””””””
ਬਾਦਾਮ=ਬਦਾਮ, ਪਾਜਾਮਾ=ਪਜਾਮਾ, ਬਾਜ਼ਾਰ=ਬਜ਼ਾਰ, ਸਾਲਾਨਾ= ਸਲਾਨਾ, ਦੀਵਾਲੀ=ਦਿਵਾਲ਼ੀ, ਭੂਚਾਲ= ਭੁਚਾਲ਼, ਆਬਾਦੀ=ਅਬਾਦੀ, ਅਾਜ਼ਾਦੀ=ਅਜ਼ਾਦੀ, ਆਕਾਸ਼=ਆਕਾਸ਼, ਆਸਮਾਨ=ਅਸਮਾਨ, ਆਚਾਰ= ਅਚਾਰ (ਖਾਣ ਵਾਲ਼ਾ), ਵੈਰਾਗ=ਵਿਰਾਗ, ਆਸਾਨ=ਅਸਾਨ, ਆਹਾਰ= ਅਹਾਰ, ਸਾਧਾਰਨ= ਸਧਾਰਨ, ਸਾਮਾਜਿਕ=ਸਮਾਜਿਕ, ਸਾਮਾਨ=ਸਮਾਨ, ਚਾਲਾਕ=ਚਲਾਕ, ਜਾਸੂਸ=ਜਸੂਸ, ਆਰੰਭ=ਅਰੰਭ, ਡੂੰਘਾਈ=ਡੁੰਘਾਈ, ਤੂਫ਼ਾਨ=ਤੁਫ਼ਾਨ, ਨਾਰਾਜ਼=ਨਰਾਜ਼, ਬਾਰੀਕ= ਬਰੀਕ, ਬਾਰੀਕਬੀਨੀ ਬਰੀਕਬੀਨੀ, ਪਾਤਾਲ਼= ਪਤਾਲ਼, ਮਾਸੂਮ=ਮਸੂਮ,ਆਵਾਰਾ=ਅਵਾਰਾ ਆਦਿ।

ਉਪਰੋਕਤ ਉਦਾਹਰਨਾਂ ਵਿਚਲੇ ਜਿਨ੍ਹਾਂ ਸ਼ਬਦਾਂ ਦੇ ਸ਼ਬਦ-ਰੂਪਾਂ ਉੱਤੇ ਵਧੇਰੇ ਵਾ-ਵੇਲਾ ਮੱਚਦਾ ਹੈ, ਉਹ ਹਨ: “ਸਲਾਨਾ” ਅਤੇ “ਦਿਵਾਲ਼ੀ”। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸਾਨੂੰ ਮੁੱਢ ਤੋਂ ਹੀ ਇਹਨਾਂ ਸ਼ਬਦਾਂ ਦੇ ਸ਼ਬਦ-ਜੋੜ ‘ ਸਾਲਾਨਾ’ ਅਤੇ ‘ਦੀਵਾਲੀ’ ਦੇ ਤੌਰ ‘ਤੇ ਹੀ ਸਿਖਾਏ ਜਾਂਦੇ ਰਹੇ ਹਨ ਜਿਸ ਕਾਰਨ ਉਪਰੋਕਤ ਸ਼ਬਦਾਂ ਦੇ ਬਦਲੇ ਹੋਏ ਸ਼ਬਦ-ਜੋੜ (ਸਲਾਨਾ ਅਤੇ ਦਿਵਾਲ਼ੀ) ਸਾਡੀ ਮਾਨਸਿਕਤਾ ਦਾ ਅੰਗ ਹੀ ਨਹੀਂ ਬਣ ਸਕੇ। ਇਸੇ ਕਾਰਨ ਇਹਨਾਂ ਅਤੇ ਅਜਿਹੇ ਕਈ ਹੋਰ ਸ਼ਬਦਾਂ ਬਾਰੇ ਸਾਡੀ ਧਾਰਨਾ ਅਜੇ ਵੀ ਬਦਲ ਨਹੀਂ ਸਕੀ। ਇਸ ਦਾ ਦੂਜਾ ਕਾਰਨ ਇਹ ਹੈ ਕਿ ਸਾਡੀ ਇਹਨਾਂ ਸ਼ਬਦਾਂ ਸੰਬੰਧੀ ਇਹ ਰਾਏ ਇਸ ਕਾਰਨ ਵੀ ਪੱਕੀ ਹੋ ਚੁੱਕੀ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਇਹ ਗੱਲ ਦੱਸੀ ਜਾਂਦੀ ਰਹੀ ਹੈ ਕਿ ਕਿਉਂਕਿ ਇਹ ਸ਼ਬਦ ‘ਸਾਲ’ ਅਤੇ ‘ਦੀਵਾ’ ਸ਼ਬਦਾਂ ਤੋਂ ਬਣੇ ਹਨ ਇਸ ਲਈ ਇਹਨਾਂ ਸ਼ਬਦਾਂ ਵਿਚਲੇ ਪਹਿਲੇ ਦੋਂਹਾਂ ਅੱਖਰਾਂ ਨਾਲ਼ ਲੱਗੀਆਂ ਦੀਰਘ ਮਾਤਰਾਵਾਂ ਨਹੀਂ ਬਦਲੀਆਂ ਜਾ ਸਕਦੀਆਂ। ਪੰਜਾਬੀ ਸ਼ਬਦ-ਜੋੜਾਂ ਦੇ ਸੰਬੰਧ ਵਿੱਚ ਸਾਨੂੰ ਅਜਿਹੀ ਸੋਚ ਤੋਂ ਖਹਿੜਾ ਛੁਡਾਉਣ ਦੀ ਸਖ਼ਤ ਲੋੜ ਹੈ। ਨਿਯਮ ਹਰ ਸ਼ਬਦ ਲਈ ਇੱਕੋ-ਜਿਹੇ ਹੀ ਹੁੰਦੇ ਹਨ।

ਉਪਰੋਕਤ ਨਿਯਮ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਜਿਹੜੀ ਯਾਦ ਰੱਖਣ ਵਾਲ਼ੀ ਹੈ, ਉਹ ਇਹ ਹੈ ਕਿ ਇਸ ਨਿਯਮ ਅਧੀਨ ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਉਹਨਾਂ ਦੇ ਪਹਿਲੇ ਅਰਥਾਤ ਮੂਲ ਰੂਪ ਅਨੁਸਾਰ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਅਜਿਹੇ ਸ਼ਬਦਾਂ ਵਿੱਚ ਪਹਿਲੇ ਅੱਖਰ ਨਾਲ਼ ਲੱਗੀ ਲਗ ਨੂੰ ਲਘੂ ਮਾਤਰਾ ਵਿੱਚ ਨਹੀਂ ਬਦਲਿਆ ਜਾ ਸਕਦਾ ਜਾਂ ਅਲੋਪ ਕੀਤਾ ਜਾ ਸਕਦਾ, ਜਿਵੇਂ:
ਆਲੋਚਨਾ, ਆਲੋਚਕ, ਆਧਾਰ, ਆਕਾਰ, ਆਚਾਰ (ਚਾਲ-ਚਲਣ ਵਾਲ਼ਾ), ਆਵੇਗ, ਆਵੇਸ਼, ਆਦੇਸ਼, ਆਵੇਦਨ, ਭੂਗੋਲ, ਨਾਜਾਇਜ਼, ਨਾਚੀਜ਼, ਤਾਦਾਦ, ਮਾਮੂਲੀ, ਬਾਕਾਇਦਾ, ਆਚਾਰੀਆ, ਆਜੀਵਨ, ਸਾਕਾਰ, ਸਾਕਾਰਾਤਮਿਕ, ਤਾਮੀਲ, ਤਾਮੀਰ, ਤਾਸੀਰ, ਤਾਰੀਫ਼, ਤਾਰੀਖ਼ (ਤਰੀਕ), ਮਾਲੂਮ, ਨਾਮਾਲੂਮ, ਨਾਦਾਨ, ਨਾਲਾਇਕ ਲਾਵਾਰਸ, ਲਾਚਾਰ ਆਦਿ। ਇਹਨਾਂ ਅਤੇ ਇਹਨਾਂ ਤੋਂ ਬਿਨਾਂ ਕੁਝ ਹੋਰ ਸ਼ਬਦਾਂ ਦੇ ਅਜਿਹੇ ਸ਼ਬਦ-ਰੂਪ ਹੀ ਸ਼ੁੱਧ ਮੰਨੇ ਗਏ ਹਨ।

ਕੁਝ ਸ਼ਬਦਾਂ ਦੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਜਾਂ ਔਂਕੜ ਦੀ ਲਗ ਖ਼ਤਮ ਕਰ ਦਿੱਤੀ ਗਈ ਹੈ:
“””””””””””””””””””””””””””””””””””””””””
ਉਪਰੋਕਤ ਤੋਂ ਬਿਨਾਂ ਪੰਜਾਬੀ ਸ਼ਬਦਾਵਲੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ਼ ਲੱਗਣ ਵਾਲ਼ੀ ਸਿਹਾਰੀ ਜਾਂ ਔਂਕੜ ਦੀ ਮਾਤਰਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਵੇਂ: ਮੰਦਿਰ=ਮੰਦਰ, ਪੰਡਿਤ=ਪੰਡਤ, ਜ਼ਾਲਿਮ=ਜ਼ਾਲਮ, ਕਠਿਨ= ਕਠਨ, ਮਾਹਿਰ=ਮਾਹਰ, ਸ਼ਾਮਿਲ=ਸ਼ਾਮਲ, ਕੋਸ਼ਿਸ਼=ਕੋਸ਼ਸ਼, ਵਾਰਿਸ=ਵਾਰਸ, ਜ਼ਾਲਿਮ=ਜ਼ਾਲਮ, ਖ਼ਾਲਿਸ=ਖ਼ਾਲਸ, ਜ਼ਾਹਿਰ=ਜ਼ਾਹਰ, ਕਾਤਿਲ= ਕਾਤਲ, ਹਾਸਿਲ=ਹਾਸਲ, ਚਤੁਰ=ਚਤਰ, ਚਤੁਰਾਈ=ਚਤਰਾਈ, ਚਿੰਤਾਤੁਰ= ਚਿੰਤਾਤਰ, ਠਾਕੁਰ=ਠਾਕਰ, ਭਾਵੁਕ=ਭਾਵਕ ਆਦਿ ਉਪਰੋਕਤ ਸ਼ਬਦਾਂ ਤੋਂ ਬਿਨਾਂ “ਦਸਹਿਰਾ” (ਦਸ+ਅਹਿਰ) ਸ਼ਬਦ ਨੂੰ ਵੀ ਬਿਨਾਂ ਔਂਕੜ ਤੋਂ ਹੀ ਲਿਖਣਾ ਹੈ ਕਿਉਂਕਿ ਇਹ ਸ਼ਬਦ ਦਸ ਦੀ ਗਿਣਤੀ (ਦਸ ਦਿਨਾਂ ਦੀਆਂ ਧਾਰਮਿਕ ਰਵਾਇਤਾਂ ਨਿਭਾਉਣ ਉਪਰੰਤ ਆਉਣ ਵਾਲ਼ਾ ਤਿਉਹਾਰ) ਨਾਲ਼ ਸੰਬੰਧਿਤ ਹੈ। ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ: ਦਿਨ।

ਸੋ, ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਭਾਸ਼ਾ ਅਤੇ ਉਸ ਦੀ ਵਿਆਕਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਜੋੜਾਂ ਜਾਂ ਸ਼ਬਦ-ਰੂਪਾਂ ਵਿੱਚ ਤਬਦੀਲੀ ਆਉਣੀ ਵੀ ਅਜਿਹੇ ਵਰਤਾਰਿਆਂ ਵਿੱਚੋਂ ਇੱਕ ਹੈ। ਮਾਂ-ਬੋਲੀ ਪੰਜਾਬੀ ਨਾਲ਼ ਪਿਆਰ ਕਰਨ ਵਾਲ਼ਿਆਂ ਨੂੰ ਵੀ ਅਜਿਹੀਆਂ ਤਬਦੀਲੀਆਂ ਨੂੰ ਧਿਆਨ ਨਾਲ਼ ਵਾਚਦੇ ਰਹਿਣਾ ਚਾਹੀਦਾ ਹੈ ਅਤੇ ਬਦਲ ਚੁੱਕੇ ਅਜਿਹੇ ਨਿਯਮਾਂ ਉੱਤੇ ਅਮਲ ਕਰਨ ਦੀ ਵੱਧ ਤੋਂ ਵੱਧ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਜੋ ਅਸੀਂ ਆਪਣੀ ਮਾਤ-ਭਾਸ਼ਾ ਨੂੰ ਹੋਰ ਵੀ ਵਧੇਰੇ ਅਮੀਰ, ਖ਼ੂਬਸੂਰਤ ਅਤੇ ਸੁਹਜ-ਭਰਪੂਰ ਬਣਾ ਸਕੀਏ ਅਤੇ ਹਿੰਦੀ/ਅੰਗਰੇਜ਼ੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵੀ ਇਕਸਾਰਤਾ ਪੈਦਾ ਕਰ ਸਕੀਏ।

ਜਸਵੀਰ ਸਿੰਘ ਪਾਬਲਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂ ਪੀ ਵਿੱਚ ਕਿਸਾਨਾਂ ਨੂੰ ਕੁਚਲ ਕੇ ਮਾਰਨ ਤੇ ਦੋਸ਼ੀਆਂ ਵਿਰੁੱਧ ਕਤਲ ਕੇਸ ਦਰਜ ਕਰਨ ਦੀ ਮੰਗ
Next articleਐੱਸ.ਡੀ. ਕਾਲਜ ਚ ਧੂਮਧਾਮ ਨਾਲ ਮਨਾਇਆ ਹਿੰਦੀ ਦਿਵਸ