ਸ਼ੁੱਧ ਪੰਜਾਬੀ ਕਿਵੇਂ ਲਿਖੀਏ?

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ: ਭਾਗ-੩

ਪੰਜਾਬੀ ਵਿੱਚ ਆਮ ਤੌਰ ‘ਤੇ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿੱਚ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਅਨੁਸਾਰ ਕੁਝ ਲਗਾਂ-ਮਾਤਰਾਂ ਜਾਂ ਤਾਂ ਅਲੋਪ ਕਰ ਦਿੱਤੀਆਂ ਗਈਆਂ ਹਨ ਜਾਂ ਪਹਿਲੇ ਅੱਖਰ ਨਾਲ਼ ਲੱਗੀ ਦੀਰਘ ਮਾਤਰਾ (ਕੰਨਾ, ਦੁਲਾਵਾਂ, ਬਿਹਾਰੀ, ਦੁਲੈਂਕੜ ਆਦਿ) ਲਘੂ ਮਾਤਰਾ (ਸਿਹਾਰੀ, ਔਂਕੜ ਆਦਿ) ਵਿੱਚ ਬਦਲ ਜਾਂਦੀ ਹੈ, ਜਿਵੇਂ: ਆਵਾਜ਼= ਅਵਾਜ਼, ਆਬਾਦ/ਆਬਾਦੀ=ਅਬਾਦ/ਅਬਾਦੀ, ਆਜ਼ਾਦ/ਆਜ਼ਾਦੀ= ਅਜ਼ਾਦ/ਅਜ਼ਾਦੀ, ਪਾਜਾਮਾ= ਪਜਾਮਾ, ਬਾਦਾਮ= ਬਦਾਮ, ਪਾਤਾਲ= ਪਤਾਲ਼, ਪੌਰਾਣਿਕ= ਪੁਰਾਣਿਕ, ਭੂਚਾਲ= ਭੁਚਾਲ਼, ਬਾਰੀਕ= ਬਰੀਕ, ਨਾਰਾਜ਼= ਨਰਾਜ਼, ਦੀਵਾਲ਼ੀ= ਦਿਵਾਲ਼ੀ, ਤੂਫ਼ਾਨ= ਤੁਫ਼ਾਨ, ਬਾਜ਼ਾਰ= ਬਜ਼ਾਰ, ਬੀਮਾਰ/ਬੀਮਾਰੀ= ਬਿਮਾਰ/ਬਿਮਾਰੀ, ਈਮਾਨ/ਈਮਾਨਦਾਰੀ= ਇਮਾਨ/ਇਮਾਨਦਾਰੀ, ਮਾਸੂਮ=ਮਸੂਮ, ਡੂੰਘਾਈ= ਡੁੰਘਾਈ, ਚੌੜਾਈ= ਚੁੜਾਈ, ਆਸਾਨ= ਅਸਾਨ, ਆਕਾਸ਼= ਅਕਾਸ਼, ਆਰੰਭ= ਅਰੰਭ, ਆਰਾਮ= ਅਰਾਮ, ਸਾਧਾਰਨ= ਸਧਾਰਨ, ਸਾਲਾਨਾ= ਸਲਾਨਾ, ਪੁਟਾਸ਼/ਪੁਟਾਸ਼ੀਅਮ, ਜਾਸੂਸ= ਜਸੂਸ, ਆਹਾਰ= ਅਹਾਰ ਆਦਿ।

ਪਰ ਦੇਖਣ ਵਿੱਚ ਆਇਆ ਹੈ ਕਿ ਅਸੀਂ ਅੱਜ ਵੀ ਇਹਨਾਂ ਸ਼ਬਦਾਂ ਵਿਚਲੇ ‘ਦਿਵਾਲ਼ੀ’ ਅਤੇ ‘ਸਲਾਨਾ’ ਆਦਿ ਕੁਝ ਸ਼ਬਦਾਂ ਦੇ ਸ਼ਬਦ-ਜੋੜਾਂ ਨੂੰ ਤਬਦੀਲੀ ਸਮੇਤ ਲਿਖਣ ਤੋਂ ਹਿਚਕਚਾ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਸਾਡੇ ਮਨਾਂ ਵਿੱਚ ਇਹ ਗੱਲ ਘਰ ਕਰ ਬੈਠੀ ਹੈ ਕਿ ਇਹ ਦੋਵੇਂ ਸ਼ਬਦ ਤਾਂ ‘ਦੀਵਾ’ ਅਤੇ ‘ਸਾਲ’ ਸ਼ਬਦਾਂ ਤੋਂ ਬਣੇ ਹਨ ਫਿਰ ਇਹਨਾਂ ਵਿੱਚ ਤਬਦੀਲੀ ਕਿਵੇਂ ਹੋ ਸਕਦੀ ਹੈ? ਇਸ ਦਾ ਉੱਤਰ ਇਹ ਹੈ ਕਿ ਜੇਕਰ ਸ਼ਬਦ-ਜੋੜਾਂ ਦੇ ਇਹ ਨਵੇਂ ਨਿਯਮ ਲਾਗੂ ਕਰਨ ਨਾਲ਼ ਕਿਸੇ ਸ਼ਬਦ ਦੇ ਅਰਥਾਂ ਵਿੱਚ ਤਬਦੀਲੀ ਨਹੀਂ ਆਉਂਦੀ ਤਾਂ ਉਹਨਾਂ ‘ਤੇ ਇਹ ਨਿਯਮ ਲਾਗੂ ਹੋ ਸਕਦੇ ਹਨ। ਸ਼ਬਦ-ਜੋੜਾਂ ਦੇ ਨਿਯਮ ਸਾਰੇ ਸ਼ਬਦਾਂ ਲਈ ਇਕਸਮਾਨ ਹੀ ਹੁੰਦੇ ਹਨ। ਜੇਕਰ ਫ਼ਾਰਸੀ ਭਾਸ਼ਾ ਦੇ ‘ਬੀਮਾਰ’ ਅਤੇ ਅਰਬੀ-ਫ਼ਾਰਸੀ ਭਾਸ਼ਾਵਾਂ ਦੇ ‘ਈਮਾਨਦਾਰੀ’ ਸ਼ਬਦ ‘ਬਿਮਾਰ’ ਅਤੇ ‘ਇਮਾਨਦਾਰੀ’ ਵਿੱਚ ਬਦਲ ਸਕਦੇ ਹਨ ਤਾਂ ਦੀਵਾਲ਼ੀ/ਸਾਲਾਨਾ ਸ਼ਬਦ ਦਿਵਾਲ਼ੀ/ਸਲਾਨਾ ਸ਼ਬਦਾਂ ਵਿੱਚ ਕਿਉਂ ਨਹੀਂ ਬਦਲ ਸਕਦੇ ਜਦਕਿ ਇਸ ਤਰ੍ਹਾਂ ਕਰਨ ਨਾਲ਼ ਇਹਨਾਂ ਦੇ ਅਰਥਾਂ ਵਿੱਚ ਵੀ ਕੋਈ ਫ਼ਰਕ ਨਹੀਂ ਪੈਂਦਾ। ਲੋੜ ਕੇਵਲ ਆਪਣੀ ਪੁਰਾਤਨ ਸੋਚ, ਨਿਯਮਾਂ ਅਤੇ ਮਾਨਸਿਕਤਾ ਨੂੰ ਬਦਲਣ ਅਤੇ ਆਪਣੇ-ਆਪ ਨੂੰ ਨਵੇਂ ਨਿਯਮਾਂ ਅਨੁਸਾਰ ਢਾਲ਼ ਲੈਣ ਦੀ ਹੈ।

ਇਸ ਸੰਬੰਧ ਵਿੱਚ ਕੁਝ ਸ਼ਬਦਾਂ ਨੂੰ ਉਹਨਾਂ ਦੇ ਅਰਥ ਬਦਲ ਜਾਣ ਦੇ ਡਰੋਂ ਉਪਰੋਕਤ ਨਿਯਮ ਤੋਂ ਛੋਟ ਵੀ ਮਿਲ਼ੀ ਹੋਈ ਹੈ ਅਰਥਾਤ ਇਹਨਾਂ ਸ਼ਬਦਾਂ ਨੂੰ ਪਹਿਲੇ ਦੋ ਅੱਖਰਾਂ ਨਾਲ਼ ਲੱਗੀਆਂ ਦੀਰਘ ਮਾਤਰਾਵਾਂ ਸਮੇਤ ਹੀ ਲਿਖਣਾ ਹੈ, ਜਿਵੇਂ: ਆਧਾਰ, ਆਸਾਰ, ਆਕਾਰ, ਆਚਾਰ (ਚਾਲ-ਚਲਣ), ਆਚਾਰੀਆ, ਆਵੇਸ਼, ਮਾਮੂਲੀ, ਬਾਕਾਇਦਾ, ਭੂਗੋਲ, ਆਲੋਚਨਾ, ਆਗਾਹ (ਜਾਣੂ), ਆਗ਼ਾਜ਼ (ਸ਼ੁਰੂਆਤ) ਆਦਿ।
ਬਹੁਤ ਸਾਰੇ ਸਮਾਸੀ ਸ਼ਬਦਾਂ ਨੂੰ ਵੀ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ, ਜਿਵੇਂ: ਨਾਮਾਨਿਗਾਰ, ਪਾਣੀਹਾਰ, ਮਾਹੀਗੀਰ, ਪੈਰੋਕਾਰ, ਕਾਰੀਗਰ, ਪੈਦਾਇਸ਼, ਬਾਰਾਂਦਰੀ, ਬਾਰਾਂਮਾਹ, ਕਾਰਗੁਜ਼ਾਰੀ, ਬੇਗਾਨਾ, ਬੇਗ਼ੈਰਤ, ਦੌਰਾਨ, ਨਾਜਾਇਜ਼, ਨਾਲਾਇਕ, ਨਾਵਾਜਬ, ਨਾਵਾਕਫ਼, ਨਾਬਾਲਗ਼, ਮਾਲੂਮ, ਨਾਮਾਲੂਮ, ਆਦਿ।

ਕੁਝ ਥਾਂਵਾਂ, ਦੇਸਾਂ, ਵਿਅਕਤੀਆਂ ਆਦਿ ਦੇ ਨਾਂਵਾਂ ਨੂੰ ਵੀ ਇਸ ਨਿਯਮ ਤੋਂ ਛੋਟ ਹੈ ਜਿਵੇਂ: ਪਾਂਡੀਚਰੀ, ਕੇਦਾਰਨਾਥ, ਨੇਪਾਲ, ਆਲੋਕ, ਪਾਟੇਖਾਂ, ਕੈਲੀਫੋਰਨੀਆ ਆਦਿ। ਆਮ ਤੌਰ ‘ਤੇ ਬਹੁਤੇ ਸ਼ਹਿਰਾਂ ਅਤੇ ਪਿੰਡਾਂ ਦੇ ਨਾਂਵਾਂ ਨੂੰ ਜੋੜ ਕੇ ਲਿਖਣਾ ਹੈ, ਜਿਵੇਂ: ਰੂਪਨਗਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀਨਗਰ, ਫ਼ਰੀਦਾਬਾਦ, ਅਹਿਮਦਾਬਾਦ, ਸ਼ਹਾਬਪੁਰ, ਰਾਮਰਾਏਪੁਰ ਆਦਿ।

ਇਸੇ ਤਰ੍ਹਾਂ ਸੰਸਕ੍ਰਿਤ ਮੂਲ ਦੇ ਕੁਝ ਸ਼ਬਦਾਂ ਵਿਚਲਾ ਯ ਅੱਖਰ ਜ ਵਿੱਚ ਬਦਲ ਚੁੱਕਿਆ ਹੈ, ਜਿਵੇਂ: ਯੁੱਗ= ਜੁਗ, ਯਤਨ= ਜਤਨ, ਕਾਰਯ= ਕਾਰਜ, ਯੋਗੀ= ਜੋਗੀ, ਸੰਯੋਗ= ਸੰਜੋਗ, ਯਮ= ਜਮ ਅਤੇ ਯੋਧਾ = ਜੋਧਾ ਆਦਿ। ਸਾਨੂੰ ਇਹਨਾਂ ਸ਼ਬਦਾਂ ਦੇ ਵੀ ਇਹ ਬਦਲੇ ਹੋਏ ਰੂਪ ਹੀ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ ਤਾਂਜੋ ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਂਦੀ ਜਾ ਸਕੇ। ਇਹਨਾਂ ਵਿੱਚੋਂ ਯੁੱਗ ਅਤੇ ਜੁਗ ਦੇ ਦੋਵੇਂ ਰੂਪ ਹੀ ਸਹੀ ਮੰਨ ਲਏ ਗਏ ਹਨ। ਯੁੱਗ ਸ਼ਬਦ ਨੂੰ ਅਧਕ ਨਾਲ਼ ਅਤੇ ਜੁਗ ਨੂੰ ਬਿਨਾਂ ਅਧਕ ਤੋਂ ਹੀ ਲਿਖਣਾ ਹੈ।

ਅਰਬੀ ਭਾਸ਼ਾ ਦੇ ‘ਬ’ ਅਤੇ ਫ਼ਾਰਸੀ ਦੇ ‘ਬਾ’ ਅਗੇਤਰਾਂ ਨਾਲ਼ ਬਣਨ ਵਾਲ਼ੇ ਕੁਝ ਸ਼ਬਦ:
ਅਰਬੀ ਦੇ ‘ਬ’ ਅਤੇ ਫ਼ਾਰਸੀ ਭਾਸ਼ਾ ਦੇ ‘ਬਾ’ ਅਗੇਤਰਾਂ ਦੇ ਅਰਥ ਭਾਵੇਂ ਇੱਕ-ਦੂਜੇ ਨਾਲ਼ ਰਲ਼ਦੇ-ਮਿਲ਼ਦੇ ਹੀ ਹਨ, ਜਿਵੇਂ: ਨਾਲ਼, ਵਿੱਚ, ਉੱਤੇ, ਵਾਸਤੇ, ਮੁਤਾਬਕ ਆਦਿ ਪਰ ਦੋਂਹਾਂ ਦੀ ਵਰਤੋਂ ਅਲੱਗ-ਅਲੱਗ ਸ਼ਬਦਾਂ ਨਾਲ਼ ਕੀਤੀ ਜਾਂਦੀ ਹੈ। ਇਸ ਲਈ ਇਹਨਾਂ ਦੀ ਵਰਤੋਂ ਕਰਨ ਸਮੇਂ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਇਸ ਕਾਰਨ ਹੈ ਤਾਂਕਿ ਭੁਲੇਖੇ ਨਾਲ਼ ਕਿਧਰੇ ‘ਬ’ ਦੀ ਥਾਂ ‘ਬਾ’ ਅਤੇ ‘ਬਾ’ ਦੀ ਥਾਂ ‘ਬ’ ਅਗੇਤਰ ਨਾ ਵਰਤਿਆ ਜਾਵੇ।

‘ਬ’ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਇਸ ਪ੍ਰਕਾਰ ਹਨ: ਬਦਸਤੂਰ= (ਬ+ਦਸਤੂਰ= ਦਸਤੂਰ ਅਨੁਸਾਰ), ਖ਼ੁਦ-ਬਖ਼ੁਦ, ਗਾਹੇ-ਬਗਾਹੇ, ਰੰਗ-ਬਰੰਗੇ, ਬਨਾਮ (ਬ+ਨਾਮ), ਬਕੌਲ, ਦਿਨ-ਬਦਿਨ, ਰਾਤ-ਬਰਾਤੇ, ਹੂ-ਬਹੂ, ਸੀਨਾ-ਬਸੀਨਾ (ਪੁਸ਼ਤ ਦਰ ਪੁਸ਼ਤ ਚੱਲੀ ਆਉਂਦੀ ਗੱਲ), ਬਜ਼ਰੀਆ (ਬਰਾਸਤਾ), ਬਸ਼ਰਤ/ਬਸ਼ਰਤੇ (ਕਿ), ਬਹਰ ਹਾਲ (ਹਰ ਹਾਲਤ ਵਿੱਚ), ਬਤੌਰ (ਦੇ ਤੌਰ ‘ਤੇ), ਬਦੌਲਤ (ਦੀ ਵਜ੍ਹਾ ਨਾਲ਼), ਬਨਿਸਬਤ (ਦੇ ਮੁਕਾਬਲੇ/ਅਨੁਪਾਤ ਵਿੱਚ) ਆਦਿ।

ਉਪਰੋਕਤ ਸ਼ਬਦਾਂ ਵਿੱਚੋਂ ਆਮ ਤੌਰ ‘ਤੇ ਬਹੁਤੇ ਲੋਕ ‘ਬਦਸਤੂਰ’ ਸ਼ਬਦ ਨੂੰ ਬਾਦਸਤੂਰ ਦੇ ਤੌਰ ‘ਤੇ ਹੀ ਲਿਖਦੇ ਦੇਖੇ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਜਦੋਂ ਪਹਿਲੇ ਦੋ ਅੱਖਰਾਂ ਨੂੰ ਜੋੜ ਕੇ ਦੇਖਦੇ ਹਨ ਤਾਂ ਉਹਨਾਂ ਨੂੰ ਇਹ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਸ਼ਬਦ ਤਾਂ ਇੱਥੇ ‘ਬਦ’ ਬਣ ਗਿਆ ਹੈ ਤੇ ਜਿਸ ਕਾਰਨ ਇਸ ਦੇ ਅਰਥ ਵੀ ਗ਼ਲਤ ਹੀ ਨਿਕਲ਼ ਰਹੇ ਹਨ ਇਸ ਲਈ ਉਹ ‘ਬ’ ਨਾਲ਼ ਕੰਨਾ ਜੋੜ ਕੇ ਇਸ ਨੂੰ ‘ਬਾ’ ਅਗੇਤਰ ਦਾ ਰੂਪ ਦੇ ਕੇ ਬਾਦਸਤੂਰ ਹੀ ਲਿਖ ਦਿੰਦੇ ਹਨ ਜਦਕਿ ਅਜਿਹਾ ਸੋਚਣਾ ਪੂਰੀ ਤਰ੍ਹਾਂ ਗ਼ਲਤ ਹੈ। ਇਹ ਸ਼ਬਦ “ਬ+ਦਸਤੂਰ” ਹੈ ਤੇ ਇਸ ਨੂੰ ‘ਬ’ ਅਗੇਤਰ ਨਾਲ਼ ਲਿਖਣਾ ਹੀ ਇਸ ਦਾ ਸ਼ੁੱਧ ਰੂਪ ਹੈ। ਖ਼ੁਦ- ਬਖ਼ੁਦ ਅਤੇ ਦਿਨ-ਬਦਿਨ ਆਦਿ ਸ਼ਬਦ ‘ਬ’ ਅਗੇਤਰ ਦੀ ਮਦਦ ਨਾਲ਼ ਹੀ ਇੱਕ ਸ਼ਬਦ ਦੀ ਦੋ ਵਾਰ ਵਰਤੋਂ ਕਰ ਕੇ ਸਮਾਸੀ ਸ਼ਬਦ ਬਣਾਏ ਗਏ ਹਨ। ਅਜਿਹੇ ਸ਼ਬਦਾਂ ਵਿੱਚ ਬ ਅਗੇਤਰ ਨੂੰ ਦੂਜੀ ਵਾਰ ਲਿਖੇ ਗਏ ਸ਼ਬਦ ਨਾਲ਼ ਜੋੜ ਕੇ ਲਿਖਣਾ ਹੈ, ਵੱਖਰਾ ਜਾਂ ਇੱਕ ਹੋਰ ਜੋੜਨੀ ਪਾ ਕੇ ਨਹੀਂ, ਜਿਵੇਂਕਿ ਬਹੁਤੇ ਲੋਕ ‘ਹੂ- ਬਹੂ’ ਸ਼ਬਦ ਨੂੰ ਆਮ ਤੌਰ ‘ਤੇ ਗ਼ਲਤ ਢੰਗ ਨਾਲ਼ ‘ਹੂ-ਬ-ਹੂ’ ਹੀ ਲਿਖਦੇ ਦੇਖੇ ਗਏ ਹਨ। ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਵੀ ਬਚਣ ਦੀ ਲੋੜ ਹੈ।

‘ਬ’ ਦਾ ਦੂਜਾ ਸਜਾਤੀ ਅਗੇਤਰ ਹੈ- ਬਾ। ਇਸ ਦੇ ਅਰਥ ਵੀ ਬੇਸ਼ੱਕ ਲਗ-ਪਗ ‘ਬ’ ਅਗੇਤਰ ਦੇ ਅਰਥਾਂ ਨਾਲ਼ ਹੀ ਰਲ਼ਦੇ-ਮਿਲ਼ਦੇ ਹਨ ਪਰ ਇਹਨਾਂ ਦੋਂਹਾਂ ਅਗੇਤਰਾਂ ਦੀ ਵਰਤੋਂ, ਜਿਵੇਂਕਿ ਉੱਪਰ ਦੱਸਿਆ ਗਿਆ ਹੈ, ਵੱਖ-ਵੱਖ ਸ਼ਬਦਾਂ ਨਾਲ਼ ਹੀ ਕੀਤੀ ਜਾਂਦੀ ਹੈ। ਇਸ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਆਮ ਵਰਤੋਂ ਵਿੱਚ ਆਉਣ ਵਾਲ਼ੇ ਸ਼ਬਦ ਹਨ:

ਬਾਇੱਜ਼ਤ (ਇੱਜ਼ਤ ਨਾਲ਼), ਬਾਕਾਇਦਾ (ਕਾਇਦੇ ਅਨੁਸਾਰ), ਬਾਵਜੂਦ (ਵਜੂਦ ਸਮੇਤ), ਬਾਵਕਾਰ (ਮਹੱਤਵ/ਹੈਸੀਅਤ ਵਾਲ਼ਾ), ਬਾਤਮੀਜ਼, ਬਾਖ਼ਬਰ (ਖ਼ਬਰ ਰੱਖਣ ਵਾਲ਼ਾ), ਬਾਦਲੀਲ (ਦਲੀਲ ਸਮੇਤ), ਬਾਰਸੂਖ਼ (ਅਸਰ-ਰਸੂਖ਼ ਵਾਲ਼ਾ), ਬਾਵਰਦੀ, ਬਾਰੁਜ਼ਗਾਰ (ਕਾਰੋਬਾਰ ‘ਤੇ ਲੱਗਿਆ ਹੋਇਆ), ਬਾਮੁਸ਼ੱਕਤ (ਸਖ਼ਤ ਮਿਹਨਤ/ਮੁਸ਼ੱਕਤ ਸਮੇਤ) ਆਦਿ।

ਉਪਰੋਕਤ ਸ਼ਬਦਾਂ ਵਿੱਚੋਂ ਅਸੀਂ ‘ਬਾਵਜੂਦ’ (ਹਸਤੀ, ਹੋਂਦ, ਮੌਜੂਦਗੀ ਦੇ ਹੁੰਦਿਆਂ, ਤਾਂ ਵੀ, ਫਿਰ ਵੀ) ਸ਼ਬਦ ਦੀ ਵਰਤੋਂ ਉਸ ਸਮੇਂ ਗ਼ਲਤ ਢੰਗ ਨਾਲ਼ ਕਰ ਰਹੇ ਹੁੰਦੇ ਹਾਂ ਜਦੋਂ ਇਸ ਨਾਲ਼ ਅਸੀਂ ‘ਵੀ’ ਸ਼ਬਦ ਨੂੰ ਵੀ ਜੋੜ ਦਿੰਦੇ ਹਾਂ ਜਦਕਿ “ਵੀ’ ਸ਼ਬਦ ਤਾਂ ‘ਬਾਵਜੂਦ’ ਸ਼ਬਦ ਦੇ ਅੰਦਰ ਹੀ ਸਮੋਇਆ ਹੋਇਆ ਹੈ ਫਿਰ ਇੱਕ ਤਰ੍ਹਾਂ ਨਾਲ਼ ਦੋ ਵਾਰ ‘ਵੀ’ ਸ਼ਬਦ ਲਾਉਣ ਦੀ ਕੀ ਤੁਕ ਹੈ? ਅਜਿਹੀਆਂ ਗ਼ਲਤੀਆਂ ਤੋਂ ਬਚ ਕੇ ਹੀ ਅਸੀਂ ਪੰਜਾਬੀ ਭਾਸ਼ਾ ਦੀ ਇਕਸਾਰਤਾ ਅਤੇ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਵਿੱਚ ਸਫਲ ਹੋ ਸਕਦੇ ਹਾਂ।
—(ਚੱਲਦਾ)

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮਮਾਰ ਬਣਾ ਕੇ ਦੇਖਾਂਗੇ ..
Next articleਜਿੰਮੀਦਾਰ