(ਸਮਾਜ ਵੀਕਲੀ)
ਮਨੁੱਖੀ ਜ਼ਿੰਦਗੀ ਵਿੱਚ ਜਿੱਥੇ ਰਾਤ ਨੂੰ ਸੌਣਾ ਇੱਕ ਸੁਖ਼ਦ ਅਨੁਭਵ ਹੈ ਉੱਥੇ ਸਵੇਰੇ ਉੱਠਣਾ ਬਹੁਤਿਆਂ ਲਈ ਬਹੁਤ ਦੁਖਦ ਹੁੰਦਾ ਹੈ।ਜ਼ਿੰਦਗੀ ਦੀ ਨੱਠ-ਭੱਜ ਤੋਂ ਥੱਕ ਕੇ ਜਦੋਂ ਰਾਤ ਆਉਂਦੀ ਹੈ ਤਾਂ ਬਿਸਤਰ ਤੇ ਪੈਣਾ ਇੰਝ ਹੁੰਦਾ ਹੈ ਜਿਵੇਂ ਇਹੀ ਜ਼ਿੰਦਗੀ ਦੀ ਰਾਹਤ ਹੈ। ਅੱਜਕਲ੍ਹ ਮਹਿੰਗਾਈ ਅਤੇ ਬੇਫਜ਼ੂਲ ਖਰਚਿਆਂ ਕਰਕੇ ਛੋਟੇ-ਛੋਟੇ ਪਰਿਵਾਰਾਂ ਨੂੰ ਪਾਲਣਾ ਵੀ ਵੱਡੀ ਚਣੌਤੀ ਬਣ ਗਿਆ ਹੈ। ਸਾਰਾ ਦਿਨ ਟੱਕਰਾਂ ਮਾਰਨ ਤੋਂ ਬਾਅਦ ਵੀ ਖਰਚੇ ਪੂਰੇ ਨਹੀਂ ਹੁੰਦੇ। ਸਵੇਰੇ ਉੱਠਦਿਆਂ ਸਾਰ ਹੀ ਕਿੰਨੇ ਸਾਰੇ ਖਰਚੇ ਮੂੰਹ ਅੱਡੀ ਖੜ੍ਹੇ ਹੁੰਦੇ ਹਨ।
ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ…
“ਆਰਾਮ ਕਮਾਨੇ ਨਿਕਲਤਾ ਹੂੰ ਆਰਾਮ ਛੋੜ ਕਰ।”
ਉੱਠਦੇ ਸਾਰ ਹੀ ਭੱਜ-ਦੌੜ ਸ਼ੁਰੂ ਹੋ ਜਾਂਦੀ ਹੈ।ਬੰਦੇ ਨੇ ਕੰਮ ਤੇ ਜਾਣਾ ਹੁੰਦਾ। ਜ਼ਨਾਨੀ ਨੇ ਵੀ ਕੰਮ ਤੇ ਜਾਣਾ ਹੁੰਦਾ। ਬੱਚਿਆਂ ਨੇ ਸਕੂਲ ਜਾਣਾ ਹੁੰਦਾ। ਹਰ ਕੋਈ ਭੱਜਦਾ ਹੈ। ਮੇਰਾ ਤੌਲੀਆ, ਮੇਰੇ ਕੱਪੜੇ, ਮੇਰੀ ਵਰਦੀ, ਮੇਰਾ ਰੋਟੀ ਵਾਲ਼ਾ ਡੱਬਾ, ਮੇਰੀ ਪਾਣੀ ਦੀ ਬੋਤਲ, ਮੇਰਾ ਬੈਗ, ਮੇਰਾ___….? ਇੰਝ ਲੱਗਦਾ ਹੈ ਕਿ ਜਿਵੇਂ ਸਵੇਰੇ-ਸਵੇਰੇ ਭੂਚਾਲ਼ ਆ ਗਿਆ ਹੋਵੇ। ਸਾਰੇ ਦੁੱਖੀ- ਪਰੇਸ਼ਾਨ ਹੋ ਕੇ ਘਰੋਂ ਨਿਕਲਦੇ ਹਨ। ਅੱਗੋਂ ਕੰਮ ਤੇ ਜਾਂ ਸਕੂਲ ਵਿੱਚ ਦੋ ਚਾਰ ਮਿੰਟ ਵੀ ਦੇਰ ਨਾਲ ਪਹੁੰਚੇ ਤਾਂ ਦਸ ਗੱਲਾਂ ਹੋਰ ਸੁਣਨੀਆਂ ਪੈਂਦੀਆਂ। ਹੁਣ ਮੂਡ ਤਾਂ ਖ਼ਰਾਬ ਹੋਵੇਗਾ ਹੀ। ਪਹਿਲਾਂ ਘਰੋਂ ਜਿਵੇਂ-ਤਿਵੇਂ ਕਰਕੇ ਨਿਕਲ਼ਦੇ ਹਨ ਫਿਰ ਅੱਗੇ ਬਾਸ ਦੀਆਂ ਗੱਲਾਂ ਤੇ ਪਹਾੜ ਜਿੱਡੇ ਕੰਮ।
ਜੇਕਰ ਆਪਾਂ ਜ਼ਿੰਦਗੀ ਦੀ ਅਸਲੀਅਤ ਦੇਖੀਏ ਤਾਂ ਸਾਡੇ ਇਹ ਕੰਮ ਅਤੇ ਝਮੇਲੇ ਤਾਂ ਕਦੇ ਖ਼ਤਮ ਹੀ ਨਹੀਂ ਹੋਣੇ। ਅਸੀਂ ਪਰਮਾਤਮਾ ਦੀ ਦਿੱਤੀ ਸੁੰਦਰ ਕਾਇਆ ਨੂੰ ਇਹੋ ਜਿਹੇ ਰੁਝੇਵਿਆਂ ਵਿੱਚ ਫਸਾ ਕੇ ਕੋਝੀ ਕਰ ਦਿੱਤਾ ਹੈ। ਸਵੇਰੇ ਉੱਠਣ ਤੋਂ ਬਾਅਦ ਅਸੀਂ ਰੱਬ ਦਾ ਸ਼ੁਕਰ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਕਿ ਓਹਨੇ ਸਾਨੂੰ ਇੱਕ ਨਵਾਂ ਦਿਨ ਬਖਸ਼ਿਆ ਹੈ। ਬਲਕਿ ਅਸੀਂ ਬੇਵਕੂਫਾਂ ਦੀ ਤਰ੍ਹਾਂ ਇੱਕ ਦੂਜੇ ਨਾਲ਼ ਉਲਝਦੇ ਫ਼ਿਰਦੇ ਹਾਂ।
ਇੱਕ ਵਧੀਆ ਸੁਆਣੀ ਤੇ ਨਾਲ਼ ਓਹਦਾ ਹਾਣੀ ਮਿਲ਼ ਕੇ ਦੋਵੇਂ ਆਪਣੀ ਸਵੇਰ ਨੂੰ ਖ਼ੂਬਸੂਰਤ ਬਣਾ ਸਕਦੇ ਹਨ। ਉਹ ਰਾਤ ਨੂੰ ਹੀ ਸਲੀਕੇ ਨਾਲ਼ ਆਪਣੇ ਸਵੇਰ ਵਾਲ਼ੇ ਕੱਪੜੇ ਤੇ ਜ਼ਰੂਰਤ ਦਾ ਸਮਾਨ ਤਿਆਰ ਕਰਕੇ ਰੱਖਦੇ ਹਨ। ਇਸੇ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਹਨ। ਸਵੇਰੇ ਨਿਸ਼ਚਿਤ ਸਮੇਂ ਤੇ ਉੱਠਣਾ ਤੇ ਰਾਤ ਨੂੰ ਨਿਸ਼ਚਿਤ ਸਮੇਂ ਤੇ ਸੌਣਾ ਉਹਨਾਂ ਦੀ ਸਮਾਂ-ਸਾਰਣੀ ਵਿੱਚ ਹੁੰਦਾ ਹੈ। ਪਰ ਇਸ ਸਮਾਂ- ਸਾਰਣੀ ਵਿੱਚ ਉਹ ਜ਼ਿੰਦਗੀ ਵਿੱਚ ਤਰੋਤਾਜ਼ਾ ਹੋਣ ਲਈ ਫ਼ੁਰਸਤ ਦੇ ਪਲ ਵੀ ਰੱਖਦੇ ਹਨ ਤੇ ਘੁੰਮਣ ਫ਼ਿਰਨ ਦਾ ਵਕਤ ਵੀ ਕੱਢਦੇ ਹਨ।
ਜੇਕਰ ਅਸੀਂ ਸਾਰੇ ਇਸ ਤਰ੍ਹਾਂ ਜ਼ਿੰਦਗੀ ਤੇ ਕੰਮਾਂ ਨੂੰ ਸੰਤੁਲਿਤ ਕਰ ਲਈਏ ਤਾਂ ਸਵੇਰ ਦੀ ਸ਼ੁਰੂਆਤ ਹੱਸਦਿਆਂ ਖੇਡਦਿਆਂ ਹੋਵੇਗੀ,ਕੰਮ ਤੋਂ ਵਿਹਲ ਵੀ ਮਿਲੇਗੀ ਤੇ ਸਾਰਾ ਦਿਨ ਫੁੱਲਾਂ ਵਾਂਗ ਖਿੜੇ ਵੀ ਰਹਾਂਗੇ। ਸਾਰੇ ਕੰਮ ਵੀ ਚੰਗੇ ਤਰੀਕੇ ਨਾਲ਼ ਹੋਣਗੇ।
ਦੋਸਤੋ! ਸਵੇਰ ਸਾਨੂੰ ਕੁਦਰਤ ਦੁਆਰਾ ਬਖਸ਼ੀ ਹੋਈ ਨਵੀਂ ਜ਼ਿੰਦਗੀ ਹੁੰਦੀ ਹੈ। ਇਸਨੂੰ ਖ਼ਰਾਬ ਕਰਨ ਦੀ ਥਾਂ ਸ਼ਿੰਗਾਰਨ ਦੀ ਲੋੜ ਹੈ, ਸ਼ੁੱਕਰ ਦੀ ਲੋੜ ਹੈ। ਸਮਾਂ ਤਾਂ ਸੱਭ ਦੇ ਕੋਲ਼ ਇੱਕੋ ਜਿਹਾ ਹੁੰਦਾ ਹੈ ਬੱਸ ਉਸਨੂੰ ਵਰਤਣ ਦੇ ਢੰਗ ਵੱਖੋ-ਵੱਖਰੇ ਹੁੰਦੇ ਹਨ।ਸਾਨੂੰ ਜ਼ਰੂਰਤ ਹੈ ਕਿ ਜੀਣ ਦੇ ਨਵੇਂ ਤੇ ਸੋਹਣੇ ਤਰੀਕੇ ਲੱਭੀਏ। ਜ਼ਿੰਦਗੀ ਨਾਲ਼ ਖਹਿਬੜੀਏ ਨਾ, ਬਲਕਿ ਓਹਦੇ ਨਾਲ ਕਦਮ ਨਾਲ਼ ਕਦਮ ਮਿਲਾ ਕੇ ਚੱਲੀਏ। ਫ਼ੇਰ ਦੇਖਿਓ ਜ਼ਿੰਦਗੀ ਬੋਝ ਨਹੀਂ ਆਸ਼ੀਰਵਾਦ ਲੱਗੇਗੀ। ਲੋੜ ਹੈ ਸੱਭ ਤੋਂ ਪਹਿਲਾਂ ਆਪਣੀ ਸਵੇਰ ਨੂੰ ਸੋਹਣਾ ਬਣਾਉਣ ਦੀ, ਉੱਠਦਿਆਂ ਹੀ ਚਿਹਰੇ ਤੇ ਮੁਸਕਰਾਹਟ ਫੈਲਾਉਣ ਦੀ। ਬਾਕੀ ਦਿਨ ਅਤੇ ਜ਼ਿੰਦਗੀ ਆਪੇ ਹੀ ਖੂਬਸੂਰਤ ਬਣ ਜਾਵੇਗੀ। ਸੋ ਆਓ ਆਪਣੀ ਜ਼ਿੰਦਗੀ ਨੂੰ ਸੰਤੁਲਿਤ ਕਰੀਏ ਤੇ ਕੁਦਰਤ ਦੇ ਆਸ਼ੀਰਵਾਦ ਨੂੰ ਮਾਣੀਏ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly