(ਸਮਾਜ ਵੀਕਲੀ)
ਹਰੇਕ ਇਨਸਾਨ ਨੂੰ ਹੀ ਜ਼ਿੰਦਗੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਜਿੰਦਗੀ ਇਕੱਲੀ ਫੁੱਲਾਂ ਦੀ ਸੇਜ ਨਹੀਂ ਹੈ, ਜਿਵੇਂ ਗੁਲਾਬ ਦੇ ਨਾਲ ਕੰਡੇ ਵੀ ਤਾਂ ਹੁੰਦੇ ਹਨ ਬਿਲਕੁਲ ਉਸੇ ਹੀ ਤਰ੍ਹਾਂ ਸੁੱਖਾਂ ਦੇ ਨਾਲ ਦੁੱਖ ਵੀ ਹੁੰਦੇ ਹਨ। ਜ਼ਿੰਦਗੀ ਦੇ ਵਿੱਚ ਵੀ ਔਕੜਾਂ ਅਤੇ ਕਠਿਨਾਈਆਂ ਦਾ ਆਉਣਾ ਜ਼ਿੰਦਗੀ ਦਾ ਹੀ ਇਕ ਭਾਗ ਹਨ । ਜੇ ਜ਼ਿੰਦਗੀ ਹੈ ਤਾਂ ਉਸ ਵਿੱਚ ਔਕੜਾਂ ਦਾ ਆਉਣਾ ਵੀ ਜ਼ਰੂਰੀ ਹੈ।
ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਅਸੀਂ ਕਿਵੇਂ ਕਰਦੇ ਹਾਂ। ਸਾਡੀ ਸਿੱਖਿਆ ਕਿਹੋ ਜਿਹੀ ਹੈ।
ਕੀ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਕਿਸੇ ਕਠਿਨਾਈ ਦੇ ਨਾਲ ਕਿਵੇਂ ਨਜਿੱਠਣਾ ਹੈ? ਕਿਸੇ ਔਕੜ ਨੂੰ ਲੈ ਕੇ ਸਾਡਾ ਨਜ਼ਰੀਆ ਕਿਹੋ ਜਿਹਾ ਹੈ ਅਤੇ ਉਸ ਔਕੜ ਨੂੰ ਹੱਲ ਕਿਵੇਂ ਕਰਨਾ ਹੈ ਇਸ ਸਭ ਦੀ ਸਿੱਖਿਆ ਬਚਪਨ ਵਿਚ ਹੀ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਸਾਡੇ ਸਭ ਤੋਂ ਮੁੱਢਲੇ ਗੁਰੂ ਸਾਡੇ ਮਾਪੇ ਅਤੇ ਮੁੱਢਲਾ ਸਕੂਲ ਸਾਡਾ ਘਰ ਹੁੰਦਾ ਹੈ। ਕਿਸੇ ਵੀ ਸਮੱਸਿਆ ਬਾਰੇ ਸਾਡਾ ਨਜ਼ਰੀਆ ਕਿਹੋ ਜਿਹਾ ਹੈ ਇਹ ਸਾਡੇ ਵਾਤਾਵਰਣ ਅਨੁਸਾਰ ਹੁੰਦਾ ਹੈ ਕਿ ਅਸੀਂ ਕਿਹੋ ਜਿਹੇ ਵਾਤਾਵਰਨ ਵਿਚ ਰਹਿ ਰਹੇ ਹਾਂ।
ਮਾਪਿਆਂ ਲਈ ਸਾਰੇ ਬੱਚੇ ਬਹੁਤ ਪਿਆਰੇ ਹੁੰਦੇ ਹਨ। ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਮੱਸਿਆਂਵਾਂ ਨਾਲ ਨਜਿੱਠਣਾ ਦੱਸਣ। ਉਨ੍ਹਾਂ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਲੜਨਾ ਸਿਖਾਉਣ ਅਤੇ ਸੰਘਰਸ਼ ਕਰਨਾ ਸਿਖਾਉਣ।
ਕੁਦਰਤ ਨੇ ਸਾਰੇ ਪੰਛੀਆਂ ਦੇ ਬਣਾਵਟ ਨੂੰ ਲੱਗਭੱਗ ਇੱਕੋ ਜਿਹਾ ਬਣਾਇਆ ਹੈ। ਜਿਵੇਂ ਸਭ ਕੋਲ ਦੋ ਪੰਜੇ, ਦੋ ਖੰਭ, ਦੋ ਅੱਖਾਂ, ਗਰਦਨ ਆਦਿ। ਅਜਿਹਾ ਕੋਈ ਪੰਛੀ ਨਹੀਂ ਜਿਸ ਕੋਲ ਚਾਰ ਖੰਭ ਹੋਣ। ਪਰ ਹਾਂ ਇਨ੍ਹਾਂ ਖੰਭਾਂ ਵਿਚ ਸਮਰੱਥਾ ਸਭ ਦੀ ਆਪੋ ਆਪਣੀ ਹੈ। ਇਨ੍ਹਾਂ ਸਭ ਵਿਚ ਇਕ ਵਿਲੱਖਣ ਪੰਛੀ ਹੈ ਬਾਜ਼। ਜਿਸ ਉਮਰੇ ਬਾਕੀ ਪੰਛੀਆਂ ਦੇ ਚੂਜੇ ਚਹਿਚਹਾਉਂਣਾ ਸਿੱਖਦੇ ਹਨ ਉਸ ਉਮਰ ਵਿੱਚ ਇੱਕ ਮਾਦਾ ਬਾਜ਼ ਆਪਣੇ ਚੂਹੇ ਨੂੰ ਆਪਣੇ ਪੰਜਿਆਂ ਵਿਚ ਬਹੁਤ ਉੱਚਾ ਲੈ ਜਾਂਦੀ ਹੈ। ਉਸ ਉਚਾਈ ਤੇ ਜਿੱਥੇ ਹਵਾਈ ਜਹਾਜ਼ ਉੱਡਦੇ ਹਨ। ਉੱਥੇ ਚੂਜੇ ਨੂੰ ਇਹ ਸਿਖਾਇਆ ਜਾਵੇਗਾ ਕਿ ਤੂੰ ਦੁਨੀਆਂ ਤੇ ਕਿਉਂ ਆਇਆ ਹੈ, ਤੇਰੀ ਦੁਨੀਆਂ ਕੀ ਹੈ, ਤੇਰੀ ਉਚਾਈ ਕੀ ਹੈ, ਤੇਰਾ ਧਰਮ ਕੀ ਹੈ? ਉਸ ਉਚਾਈ ਤੇ ਪੁੱਜ ਕੇ ਮਾਦਾ ਬਾਜ਼ ਆਪਣੇ ਮਾਸੂਮ ਚੂਜੇ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਸ ਉਚਾਈ ਤੇ ਚੂਜੇ ਧਰਤੀ ਵੱਲ ਆਉਣਾ ਸ਼ੁਰੂ ਕਰ ਦਿੰਦੇ ਹਨ।
ਉਸ ਸਮੇਂ ਚੂਜੇ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਕੁਝ ਵਕਫੇ ਤੇ ਆਉਣ ਤੋਂ ਬਾਅਦ ਉਸ ਚੂਜੇ ਦੇ ਜਕੜੇ ਖੰਭ ਪਹਿਲੀ ਵਾਰ ਆਪਣੇ ਆਪ ਖੁੱਲ੍ਹਣ ਲੱਗਦੇ ਹਨ ਅਤੇ ਹੌਲੀ-ਹੌਲੀ ਖੰਭ ਪੂਰੀ ਤਰ੍ਹਾਂ ਖੁੱਲ੍ਹ ਜਾਂਦੇ ਹਨ। ਇਹ ਉਸਦਾ ਪਹਿਲਾ ਸਬਕ ਹੁੰਦਾ ਹੈ। ਉਦੋਂ ਉਸਨੂੰ ਸਮਝ ਆਉਂਦੀ ਹੈ ਆਪਣੀ ਕਾਬਲੀਅਤ ਦੀ ਅਤੇ ਉਦੋਂ ਪਤਾ ਲੱਗਦਾ ਹੈ ਕਿ ਉਹ ਚਿੜੀ ਨਹੀਂ ਬਾਜ਼ ਹੈ। ਧਰਤੀ ਵੱਲ ਆਉਂਦਿਆਂ ਜਦੋਂ ਦੂਰੀ ਥੋੜੀ ਰਹਿ ਜਾਂਦੀ ਹੈ ਤਾਂ ਉਹ ਮਾਦਾ ਬਾਜ ਆਪਣੇ ਚੂਜੇ ਨੂੰ ਆਪਣੇ ਖੰਭਾਂ ਵਿਚ ਭਰ ਲੈਂਦੀ ਹੈ। ਇਹ ਟ੍ਰੇਨਿੰਗ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤਕ ਉਹ ਪੂਰੀ ਤਰ੍ਹਾਂ ਉੱਡਣਾ ਸਿੱਖ ਨਹੀਂ ਜਾਂਦਾ।
ਇਸ ਖਤਰਨਾਕ ਟ੍ਰੇਨਿੰਗ ਤੋਂ ਬਾਅਦ ਦੁਨੀਆਂ ਨੂੰ ਮਿਲਦਾ ਹੈ ਬਾਜ਼, ਜੋ ਵਾਯੂ ਦੁਨੀਆਂ ਦਾ ਅਣ- ਐਲਾਨਿਆਂ ਬਾਦਸ਼ਾਹ ਹੈ। ਇਕ ਸਮਾਂ ਆਉਂਦਾ ਹੈ ਜਦੋਂ ਉਹ ਆਪਣੇ ਤੋਂ ਦਸ ਗੁਣਾ ਜ਼ਿਆਦਾ ਵਜ਼ਨ ਵਾਲੇ ਜਾਨਵਰਾਂ ਦਾ ਵੀ ਸ਼ਿਕਾਰ ਕਰ ਦਿੰਦਾ ਹੈ। ਇਹ ਮਾਦਾ ਬਾਜ਼ ਵੱਲੋਂ ਆਪਣੇ ਬੱਚਿਆਂ ਨੂੰ ਦਿੱਤਾ ਗਿਆ ਮੌਕਾ ਹੈ। ਜੋ ਉਨ੍ਹਾਂ ਨੂੰ ਪਰਵਾਜ਼ ਭਰਨ ਅਤੇ ਸਿਖਲਾਈ ਦਾ ਮੌਕਾ ਦਿੰਦਾ ਹੈ ਅਤੇ ਮਾਦਾ ਬਾਜ਼ ਦੀ ਨਿਗਰਾਨੀ ਹੈ ਜੋ ਸੰਘਰਸ਼ ਕਰਨਾ ਅਤੇ ਹਾਲਾਤਾਂ ਨਾਲ ਲੜਨਾ ਸਿਖਾਉਂਦੀ ਹੈ।
ਇਸਨੂੰ ਅਸੀਂ ਇਕ ਹੋਰ ਪ੍ਰਯੋਗ ਦੇ ਨਾਲ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਇਕ ਅਧਿਆਪਕ ਨੇ ਆਪਣੇ ਹੱਥ ਵਿੱਚ ਪਾਣੀ ਨਾਲ ਭਰਿਆ ਇੱਕ ਗਿਲਾਸ ਫੜ ਕੇ ਕਲਾਸ ਸ਼ੁਰੂ ਕੀਤੀ। ਅਧਿਆਪਕ ਨੇ ਪਾਣੀ ਦੇ ਗਿਲਾਸ ਨੂੰ ਹੱਥ ਨਾਲ ਉੱਪਰ ਉਠਾ ਕੇ ਸਾਰੇ ਵਿਦਿਆਰਥੀਆਂ ਨੂੰ ਦਿਖਾਇਆ ਅਤੇ ਪੁੱਛਿਆ ਕਿ ਤੁਹਾਡੇ ਅਨੁਸਾਰ ਇਸ ਗਿਲਾਸ ਦਾ ਵਜ਼ਨ ਕਿੰਨਾਂ ਕੁ ਹੋਵੇਗਾ? ਇਸ ਸਵਾਲ ਦਾ ਉੱਤਰ ਸਾਰੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹਿਸਾਬ ਨਾਲ ਦਿੱਤਾ। ਕਿਸੇ ਨੇ ਕਿਹਾ ਕਿ 50 ਗ੍ਰਾਮ, 100 ਗ੍ਰਾਮ…..।
ਅਧਿਆਪਕ ਨੇ ਮੁੜ ਸਵਾਲ ਕੀਤਾ ਕਿ ਜੇਕਰ ਮੈਂ ਇਸ ਗਿਲਾਸ ਨੂੰ ਥੋੜ੍ਹਾ ਸਮਾਂ ਇੰਝ ਹੀ ਰੱਖਾਂ ਤਾਂ ਕੀ ਹੋਵੇਗਾ?
ਇਕ ਵਿਦਿਆਰਥੀ ਬੋਲਿਆ ਸਰ ਕੁਝ ਵੀ ਨਹੀਂ।
ਅਧਿਆਪਕ ਨੇ ਫੇਰ ਕਿਹਾ ਕਿ ਠੀਕ ਹੈ ਜੇ ਮੈਂ ਕੁਝ ਘੰਟੇ ਇੰਝ ਹੀ ਰੱਖਾਂ ਤਾਂ ਕੀ ਹੋਵੇਗਾ? ਇਕ ਵਿਦਿਆਰਥੀ ਬੋਲਿਆ ਕਿ ਸਰ ਤੁਹਾਡਾ ਹੱਥ ਦਰਦ ਕਰਨ ਲੱਗ ਜਾਵੇਗਾ।
ਅਧਿਆਪਕ ਨੇ ਫਿਰ ਤੋਂ ਪ੍ਰਸ਼ਨ ਕੀਤਾ ਕਿ ਜੇਕਰ ਮੈਂ ਇਸਨੂੰ ਪੂਰਾ ਹੀ ਦਿਨ ਉਠਾ ਕੇ ਰੱਖਾਂ ਤਾਂ ਫੇਰ ਕੀ ਹੋਵੇਗਾ? ਇਕ ਵਿਦਿਆਰਥੀ ਬੋਲਿਆ ਸਰ ਤੁਹਾਡਾ ਹੱਥ ਸੁੰਨ ਹੋ ਜਾਵੇਗਾ, ਹੱਥ ਦੀਆਂ ਮਾਸਪੇਸ਼ੀਆਂ ਵਿਚ ਭਾਰੀ ਤਣਾਅ ਹੋ ਸਕਦਾ, ਲਕਵਾ ਵੀ ਹੋ ਸਕਦਾ ਅਤੇ ਹੋ ਸਕਦਾ ਕਿ ਤੁਹਾਨੂੰ ਹਸਪਤਾਲ ਵੀ ਜਾਣਾ ਬਾਜ਼ ਵੱਲੋਂ ਦਿੱਤੀ ਆਪਣੇ ਬੱਚਿਆਂ ਨੂੰ ਇਹਪੈ ਸਕਦਾ। ਇਹ ਸੁਣ ਬਾਕੀ ਵਿਦਿਆਰਥੀ ਹੱਸ ਪਏ।
ਅਧਿਆਪਕ ਨੇ ਮੁਸਕੁਰਾ ਕੇ ਕਿਹਾ ਤੁਸੀਂ ਬਿਲਕੁਲ ਸਹੀ ਕਿਹਾ ਅਤੇ ਨਾਲ ਹੀ ਇਕ ਹੋਰ ਸਵਾਲ ਕੀਤਾ ਕਿ ਕੀ ਇਸ ਸਭ ਦੌਰਾਨ ਗਿਲਾਸ ਦਾ ਵਜ਼ਨ ਬਦਲਿਆ? ਸਾਰੇ ਵਿਦਿਆਰਥੀਆਂ ਨੇ ਜਵਾਬ ਦਿੱਤਾ ਕਿ ਬਿਲਕੁਲ ਨਹੀਂ ਜੀ।
ਅਧਿਆਪਕ ਨੇ ਫਿਰ ਸਵਾਲਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਕਿਹਾ, ਫਿਰ ਭਲਾ ਹੱਥ ਅਤੇ ਮਾਸਪੇਸ਼ੀਆਂ ਵਿਚ ਖਿਚਾਅ ਅਤੇ ਤਣਾਅ ਕਿਉਂ ਆਇਆ? ਇਹ ਸਵਾਲ ਸੁਣ ਕੇ ਸਾਰੇ ਵਿਦਿਆਰਥੀ ਚੁੱਪ ਅਤੇ ਹੈਰਾਨੀ ਨਾਲ ਇੱਕ-ਦੂਜੇ ਵੱਲ ਦੇਖਣ ਲੱਗ ਪਏ। ਕੁਝ ਪਲ ਦੀ ਚੁੱਪ ਤੋਂ ਬਾਅਦ ਅਧਿਆਪਕ ਨੇ ਫੇਰ ਸਵਾਲ ਕੀਤਾ ਕਿ ਮੈਨੂੰ ਦਰਦ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਸਾਰੇ ਵਿਦਿਆਰਥੀਆਂ ਨੇ ਜਵਾਬ ਦਿੱਤਾ ਕਿ ਗਿਲਾਸ ਨੂੰ ਵਾਪਸ ਰੱਖ ਦਿਉ ਸਰ ਜੀ।
ਅਧਿਆਪਕ ਨੇ ਜਵਾਬ ਦਿੱਤਾ ਕਿ ਬਿਲਕੁਲ ਸਹੀ ਕਿਹਾ ਤੁਸੀਂ। ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਸਾਰੀ ਗੱਲ ਦਾ ਸਾਰ ਸਮਝਣ ਦੀ ਕੋਸ਼ਿਸ਼ ਕਰੋ। ਜੀਵਨ ਦੀਆਂ ਸਮੱਸਿਆਂਵਾਂ ਵੀ ਕੁਝ ਇਸੇ ਤਰ੍ਹਾਂ ਹੀ ਹੁੰਦੀਆਂ ਹਨ। ਜੇ ਜੀਵਨ ਦੀਆਂ ਸਮੱਸਿਆਂਵਾਂ ਨੂੰ ਥੋੜ੍ਹਾ ਸਮਾਂ ਆਪਣੇ ਦਿਮਾਗ ਵਿਚ ਰੱਖੋਗੇ ਤਾਂ ਲੱਗੇਗਾ ਕਿ ਸਭ ਕੁਝ ਠੀਕ ਹੈ। ਜੇਕਰ ਜ਼ਿਆਦਾ ਸੋਚੋਗੇ ਤਾਂ ਤੁਹਾਨੂੰ ਸਿਰ ਦਰਦ ਹੋਣ ਲੱਗੇਗਾ। ਜੇਕਰ ਬਹੁਤ ਸਮਾਂ ਇਸੇ ਤਰ੍ਹਾਂ ਸੋਚਦੇ ਰਹੋਗੇ ਜਾਂ ਇਸੇ ਹੀ ਤਰ੍ਹਾਂ ਆਪਣੇ ਦਿਮਾਗ ਵਿਚ ਰੱਖੋਗੇ ਤਾਂ ਇਹ ਤੁਹਾਡੇ ਮਾਨਸਿਕ ਲਕਵੇ ਦਾ ਕਾਰਨ ਬਣਨ ਲੱਗ ਪੈਣਗੀਆਂ ਅਤੇ ਤੁਸੀਂ ਕੁਝ ਨਹੀਂ ਕਰ ਪਾਵੋਗੇ। ਕਲਾਸ ਵਿੱਚ ਬੈਠੇ ਸਭ ਵਿਦਿਆਰਥੀ ਧਿਆਨ ਨਾਲ ਸੁਣ ਰਹੇ ਸਨ।
ਅਧਿਆਪਕ ਨੇ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਇਸ ਵਿੱਚ ਕੋਈ ਸ਼ੱਕ ਨਹੀ ਕਿ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਬਾਰੇ ਸੋਚਣਾ ਜ਼ਰੂਰੀ ਹੈ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਨੂੰ ਛੱਡ ਦੇਣਾ। ਇਸ ਤਰ੍ਹਾਂ ਆਪ ਤਣਾਅ ਵਿਚ ਨਹੀਂ ਰਹੋਗੇ। ਤੁਸੀਂ ਹਰ ਰੋਜ਼ ਮਜ਼ਬੂਤੀ ਅਤੇ ਤਾਜ਼ਗੀ ਨਾਲ ਉੱਠੋਗੇ ਅਤੇ ਸਾਹਮਣੇ ਵਾਲੀ ਕਿਸੇ ਵੀ ਔਕੜ ਦਾ ਸਾਹਮਣਾ ਕਰ ਸਕੋਗੇ।
ਇਸਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਬੱਚਿਆਂ ਨੂੰ ਪਿਆਰ ਵੀ ਕਰੋ, ਸੀਨੇ ਨਾਲ ਲਗਾ ਕੇ ਰੱਖੋ ਪਰ ਉਨ੍ਹਾਂ ਨੂੰ ਹਾਲਾਤਾਂ ਨਾਲ ਨਜਿੱਠਣਾਂ ਵੀ ਅਤੇ ਸੰਘਰਸ਼ ਕਰਨਾ ਵੀ ਸਿਖਾਓ। ਕਿਉਂਕਿ ਜ਼ਿੰਦਗੀ ਵਿਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਹਨ ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਔਕੜਾਂ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਉਨ੍ਹਾਂ ਵਿਚੋਂ ਬਾਹਰ ਨਿਕਲਦੇ ਹਾਂ।
ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਈਸਟ
ਮੋਗਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly