ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਕੁੜੀਆਂ ਦੀ ਲੋਹੜੀ ਮਨਾਉਣ ਨਾਲ ਇਹ ਤਾਂ ਜਰੂਰ ਜਾਹਿਰ ਹੁੰਦਾ ਹੈ ਕਿ ਅਸੀਂ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਸ ਦਾ ਕੁੜੀਆਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਣਾ। ਜੇਕਰ ਅਸੀਂ ਕੁੜੀਆਂ ਨੂੰ ਉਹਨਾਂ ਦੇ ਅਧਿਕਾਰ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਬਰਾਬਰ ਦੀਆਂ ਮਨੁੱਖ ਸਮਝਦੇ ਹਾਂ ਤਾਂ ਹੋਰ ਬਹੁਤ ਕੁਝ ਕਰਨਾ ਜਰੂਰੀ ਹੈ।
ਬਹੁਤ ਜਰੂਰੀ ਹੈ ਕਿ ਕੁੜੀਆਂ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ ਜਾਵੇ। ਉਨਾਂ ਦੇ ਪੜ੍ਹਨ ਤੇ ਕਿਸੇ ਕਿਸਮ ਦੀ ਰੋਕ ਟੋਕ ਨਾ ਹੋਵੇ। ਉਨਾਂ ਨੂੰ ਕਿੱਤਾ ਮੁਖੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਉਨਾਂ ਨੂੰ ਵਿੱਤੀ ਆਜ਼ਾਦੀ ਦਾ ਮਤਲਬ ਸਮਝਾਇਆ ਜਾਵੇ। ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਜਾਵੇ ਕਿ ਆਪਣੇ ਪੈਰਾਂ ਤੇ ਆਪ ਖੜੇ ਹੋਣ ਨਾਲ ਹੀ ਆਜ਼ਾਦੀ ਸੰਭਵ ਹੈ।
ਕੁੜੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਇਆ ਜਾਵੇ। ਸਮਾਜ ਨੇ ਜਿਸ ਸਾਂਚੇ ਵਿੱਚ ਔਰਤ ਨੂੰ ਫਿੱਟ ਕੀਤਾ ਹੈ ਉਹ ਸਾਂਝੇ ਨੂੰ ਤੋੜ ਦਿੱਤਾ ਜਾਵੇ। ਕੁੜੀਆਂ ਨੂੰ ਇਹ ਦੱਸਿਆ ਜਾਵੇ ਕਿ ਕਿਸੇ ਵੀ ਰਿਸ਼ਤੇ ਜਿਸ ਵਿੱਚ ਉਹ ਅਣਸੁਖਾਵੀਆਂ ਹਨ ਉਸ ਰਿਸ਼ਤੇ ਨੂੰ ਛੱਡ ਦੇਣ ਵਿੱਚ ਕੋਈ ਬੁਰਾਈ ਨਹੀਂ ਹੈ। ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਕੋਈ ਵੀ ਰਿਸ਼ਤਾ ਜ਼ਿੰਦਗੀ ਤੋਂ ਵੱਡਾ ਨਹੀਂ ਹੁੰਦਾ। ਜਿਹੜੀ ਇੱਕ ਗੱਲ ਹੈ ਕਿ ਇਥੋਂ ਤੇਰੀ ਡੋਲੀ ਗਈ ਤੇ ਉਥੋਂ ਤੇਰੀ ਅਰਥੀ ਜਾਵੇ ਇਹ ਖਤਮ ਕਰ ਦਿੱਤੀ ਜਾਵੇ। ਜੇਕਰ ਕੁੜੀ ਆਪਣੇ ਘਰ ਵਿੱਚ ਤੰਗ ਹੈ ਤਾਂ ਉਸ ਨੂੰ ਮਾਂ ਪਿਓ ਦਾ ਘਰ ਹਮੇਸ਼ਾ ਖੁੱਲਾ ਮਿਲੇ ਜਿੱਥੇ ਉਹ ਮੁੜ ਸਕੇ।
ਇਸ ਸਭ ਲਈ ਬਹੁਤ ਜਰੂਰੀ ਹੈ ਕਿ ਕੁੜੀਆਂ ਨੂੰ ਮਾਤਾ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਵੇ। ਸਿਰਫ ਕਾਨੂੰਨ ਬਣਨ ਨਾਲ ਕੁਝ ਨਹੀਂ ਹੁੰਦਾ। ਇਹਨਾਂ ਕਾਨੂੰਨਾਂ ਨੂੰ ਲਾਗੂ ਵੀ ਕਰਨਾ ਪਵੇਗਾ। ਚਾਣਕਿਆ ਕਹਿੰਦਾ ਹੈ ਕਿ ਪੁੱਤਰ ਤੇ ਪੁੱਤਰੀ ਪਿਤਾ ਦੀ ਆਤਮਾ ਦੇ ਦੋ ਹਿੱਸੇ ਹਨ ਤੇ ਉਹ ਪਿਤਾ ਦੀ ਜਾਇਦਾਦ ਦੇ ਬਰਾਬਰ ਦੇ ਹੱਕਦਾਰ ਹਨ। ਇੱਕ ਵਾਕ ਜੋ ਅਕਸਰ ਵਰਤਿਆ ਜਾਂਦਾ ਹੈ ਕਿ ਜੋ ਧੀਆਂ ਹੱਕ ਲੈ ਲੈਂਦੀਆਂ ਹਨ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਇਸ ਨੂੰ ਸਮਾਜਿਕ ਤੌਰ ਤੇ ਖਤਮ ਕਰ ਦਿੱਤਾ ਜਾਵੇ। ਜੇ ਕਿਸੇ ਕੁੜੀ ਕੋਲ ਪਿਤਾ ਦੀ ਜਾਇਦਾਦ ਵਿੱਚ ਹੱਕ ਹੋਵੇਗਾ ਉਸ ਨੂੰ ਪਤਾ ਹੋਵੇਗਾ ਕਿ ਹੈ ਪਿੱਛੇ ਜਿਸ ਘਰ ਵਿੱਚ ਉਹ ਮੁੜ ਸਕਦੀ ਹੈ। ਉਸਨੂੰ ਇਹ ਪਤਾ ਹੋਵੇ ਕਿ ਉਹ ਆਰਥਿਕ ਤੌਰ ਤੇ ਮਜਬੂਤ ਹੈ ਤਾਂ ਉਹ ਇੱਕ ਅਣਸੁਖਾਵੀਂ ਜ਼ਿੰਦਗੀ ਤੋਂ ਬਚ ਸਕਦੀ ਹੈ।
ਬਹੁਤ ਜਰੂਰੀ ਹੈ ਕਿ ਕੁੜੀਆਂ ਨੂੰ ਸਮਾਜ ਵਿੱਚ ਆਪਣੀ ਇੱਜ਼ਤ ਰੱਖਣ ਲਈ ਕੁਰਬਾਨ ਨਾ ਕੀਤਾ ਜਾਵੇ। ਲੋਕ ਕੀ ਕਹਿਣਗੇ ਇਹ ਵਾਕ ਸਿਰਫ ਕੁੜੀਆਂ ਲਈ ਨਹੀਂ ਹੈ ਤੇ ਨਾ ਹੀ ਹੋਣਾ ਚਾਹੀਦਾ ਹੈ। ਸਾਨੂੰ ਧੀਆਂ ਨੂੰ ਪੁੱਤਾਂ ਦੇ ਬਰਾਬਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਦੋਹਾਂ ਨੂੰ ਔਲਾਦ ਸਮਝਣ ਦੀ ਜਰੂਰਤ ਹੈ। ਔਲਾਦ ਜੋ ਮਾਂ ਪਿਓ ਲਈ ਇੱਕੋ ਜਿਹੀ ਹੁੰਦੀ ਹੈ।
ਸਭ ਤੋਂ ਵੱਡੀ ਜਰੂਰਤ ਹੈ ਕੁੜੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੀ। ਇੱਕ ਅਜਿਹਾ ਮਾਹੌਲ ਜਿਸ ਵਿੱਚ ਉਹ ਸੁਰੱਖਿਤ ਮਹਿਸੂਸ ਕਰਨ। ਘਰੋਂ ਬਾਹਰ ਨਿਕਲਣ ਵੇਲੇ ਉਹਨਾਂ ਨੂੰ ਇਹ ਨਾ ਕਹਿਣਾ ਪਵੇ ਕਿ ਛੋਟੇ ਭਰਾ ਨੂੰ ਨਾਲ ਲੈ ਜਾਵੀ। ਆਪਣੇ ਮੁੰਡਿਆਂ ਨੂੰ ਅਜਿਹੀ ਸਿੱਖਿਆ ਦਈਏ ਘਰ ਤੋਂ ਬਾਹਰ ਹਰ ਕੁੜੀ ਦੀ ਇੱਜ਼ਤ ਕਰਨਾ ਤੁਹਾਡਾ ਫਰਜ਼ ਹੈ। ਮੁੰਡਿਆਂ ਨੂੰ ਇਹ ਸਮਝਾਇਆ ਜਾਵੇ ਕਿ ਨਾਂਹ ਦਾ ਮਤਲਬ ਨਾਂਹ ਹੀ ਹੈ।
ਬਲਾਤਕਾਰ ਦੀ ਘਟਨਾ ਤੋਂ ਬਾਅਦ ਕੁੜੀ ਲਈ ਇਹ ਸ਼ਬਦ ਇਸਤੇਮਾਲ ਨਾ ਕੀਤਾ ਜਾਵੇ ਕਿ ਉਸਦੀ ਇੱਜ਼ਤ ਲੁੱਟੀ ਗਈ। ਇੱਜ਼ਤ ਉਸ ਦੀ ਲੁੱਟੀ ਜਾਣੀ ਚਾਹੀਦੀ ਹੈ ਜਿਸਨੇ ਇਹ ਕਾਰਨਾਮਾ ਕੀਤਾ। ਅਕਸਰ ਵੇਖਿਆ ਜਾਂਦਾ ਹੈ ਕਿ ਕੁੜੀਆਂ ਅਜਿਹੇ ਹਾਦਸੇ ਤੋਂ ਬਾਅਦ ਘੁੱਟ ਘੁੱਟ ਕੇ ਜਿਉਂਦੀਆਂ ਹਨ ਤੇ ਮੁੰਡੇ ਕੁਝ ਕੁ ਸਾਲਾਂ ਦੇ ਸਜ਼ਾ ਕੱਟ ਕੇ ਫਿਰ ਵਿਆਹ ਕਰਵਾ ਕੇ ਵਧੀਆ ਜ਼ਿੰਦਗੀ ਬਿਤਾਉਂਦੇ ਹਨ। ਸਾਨੂੰ ਆਪਣੇ ਕਾਨੂੰਨ ਸਖਤ ਕਰਨੇ ਪੈਣਗੇ ਤੇ ਉਨਾਂ ਦਾ ਸਖਤੀ ਨਾਲ ਪਾਲਣ ਵੀ ਕਰਨਾ ਪਵੇਗਾ।
ਸਾਨੂੰ ਲੋੜ ਹੈ ਆਪਣੀ ਮਾਨਸਿਕਤਾ ਨੂੰ ਬਦਲਣ ਦੀ। ਸਿਰਫ ਲੋਹੜੀਆਂ ਮਨਾਉਣ ਨਾਲ ਕੁਝ ਨਹੀਂ ਹੋਣਾ। ਇਹਨਾਂ ਸਭ ਰਸਮਾਂ ਤੇ ਦਿਖਾਵਿਆਂ ਤੋਂ ਬਾਹਰ ਨਿਕਲ ਕੇ ਆਪਣੀਆਂ ਕੁੜੀਆਂ ਨੂੰ ਮਾਨਸਿਕ ਤੌਰ ਤੇ ਮਜਬੂਤ ਬਣਾ ਕੇ ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣਾ ਜਰੂਰੀ ਹੈ। ਅਸੀਂ ਕੀ ਕਰ ਰਹੇ ਹਾਂ ਕਿ ਸਿਰਫ ਕੁਝ ਕੁ ਰਸਮਾਂ ਕਰਕੇ ਆਪਣੇ ਆਪ ਨੂੰ ਇਹ ਸਾਬਤ ਕਰਦੇ ਹਾਂ ਕਿ ਸਾਡੇ ਲਈ ਲੜਕਾ ਤੇ ਲੜਕੀ ਬਰਾਬਰ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁੜੀਆਂ ਦੀ ਲੋਹੜੀ ਮਨਾ ਕੇ ਤੁਸੀਂ ਚੰਗਾ ਕਰ ਰਹੇ ਹੋ ਤਾਂ ਜਰੂਰ ਕਰੋ ਪਰ ਉਸ ਦੇ ਨਾਲ ਹੀ ਆਪਣੀ ਮਾਨਸਿਕਤਾ ਨੂੰ ਬਦਲੋ ਤੇ ਆਪਣੀਆਂ ਕੁੜੀਆਂ ਨੂੰ ਮਾਨਸਿਕ ਮਜਬੂਤੀ ਦਿਓ।
ਅਸੀਂ ਉਸ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਇੱਕ ਡਾਕਟਰ ਲੜਕੀ ਵੀ ਸੁਰੱਖਿਤ ਨਹੀਂ ਹੈ। ਪਿਛਲੇ ਕੁਝ ਸਮੇਂ ਦੌਰਾਨ ਹੋਏ ਬਲਾਤਕਾਰ ਦੇ ਕੇਸ ਯਾਦ ਕਰੋ ਤਾਂ ਤੁਹਾਨੂੰ ਸਮਝ ਆ ਜਾਵੇਗਾ ਕਿ ਸਾਡੇ ਸਮਾਜ ਵਿੱਚ ਕੁੜੀਆਂ ਦੀ ਕੀ ਹਾਲਤ ਹੈ। ਬਹੁਤ ਜਰੂਰੀ ਹੈ ਕਿ ਅਸੀਂ ਸਿਰ ਜੋੜ ਬੈਠੀਏ ਤੇ ਇਸ ਸਮੱਸਿਆ ਦਾ ਹੱਲ ਕੱਢੀਏ। ਇਹ ਹੱਲ ਅਸੀਂ ਹੀ ਕਰਨਾ ਹੈ ਤੇ ਸਾਨੂੰ ਕਰਨਾ ਚਾਹੀਦਾ ਹੈ। ਇਸ ਸਮੇਂ ਦੀ ਜ਼ਰੂਰਤ ਵੀ ਹੈ ਤੇ ਲੋੜੀਂਦਾ ਵੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj