(ਸਮਾਜ ਵੀਕਲੀ) ਵਸਾਖੀ ਸ਼ਬਦ ਨੂੰ ਅਕਸਰ ਲੋਕ ‘ਵਿਸਾਖੀ’ ਅਰਥਾਤ ‘ਵ’ ਅੱਖਰ ਨੂੰ ਸਿਹਾਰੀ ਪਾ ਕੇ ਹੀ ਲਿਖਦੇ ਹਨ ਪਰ ਕਿਉਂਕਿ ਬੋਲ-ਚਾਲ ਦੀ ਭਾਸ਼ਾ ਵਿੱਚ ਅਸੀਂ ਇਸ ਦਾ ਉਚਾਰਨ ‘ਵਸਾਖੀ’ ਅਰਥਾਤ ਸਿਹਾਰੀ ਤੋਂ ਬਿਨਾਂ ਹੀ ਕਰਦੇ ਹਾਂ ਇਸ ਲਈ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਨੇ ਇਸ ਨੂੰ ‘ਵਸਾਖੀ’ ਦੇ ਤੌਰ ‘ਤੇ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਹੈ।
ਵਸਾਖੀ ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਸੰਸਕ੍ਰਿਤ ਦੇ ਵੈਸ਼ਾਖ (वैशाख) ਸ਼ਬਦ ਤੋਂ ਉਤਪੰਨ ਹੋਇਆ ਹੈ। ਮੱਧ -ਕਾਲ ਦੌਰਾਨ ਕਿਉਂਕਿ ਗੁਰਮੁਖੀ ਲਿਪੀ ਵਿੱਚ ‘ਸ਼’ ਧੁਨੀ ਲਈ ਕੋਈ ਅੱਖਰ ਹੀ ਮੌਜੂਦ ਨਹੀਂ ਸੀ ਇਸ ਲਈ ਉਸ ਸਮੇਂ ‘ਸ਼’ ਧੁਨੀ ਵਾਲ਼ੇ ਸਾਰੇ ਸ਼ਬਦ ਅਕਸਰ ਸ ਅੱਖਰ ਨਾਲ਼ ਹੀ ਲਿਖੇ ਜਾਂਦੇ ਸਨ, ਜਿਵੇਂ : ਸ਼੍ਰੀ ਨੂੰ ਸ੍ਰੀ, ਸ਼ਰੀਰ ਨੂੰ ਸਰੀਰ ਅਤੇ ਪਰਮੇਸ਼ਰ ਨੂੰ ਪਰਮੇਸਰ ਆਦਿ:
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥
ਜਾਂ
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹਿ॥
ਉਪਰੋਕਤ ਕਾਰਨਾਂ ਕਰਕੇ ਹੀ ਭਾਈ ਗੁਰਦਾਸ ਜੀ ਨੇ ਵੀ ਵਸਾਖੀ ਨੂੰ “ਵੈਸਾਖੀ” ਹੀ ਲਿਖਿਆ ਹੈ। ਇਸ ਸ਼ਬਦ ਨੂੰ ‘ਵਸੋਆ’ ਦੇ ਤੌਰ ‘ਤੇ ਲਿਖਣ ਦੀ ਵੀ ਪਰੰਪਰਾ ਹੈ, ਜਿਵੇ਼:
ਘਰਿ ਘਰਿ ਅੰਦਰਿ ਧਰਮਸਾਲ ਹੋਵੇੈ ਕੀਰਤਨੁ ਸਦਾ ਵਿਸੋਆ।
(ਭਾਈ ਗੁਰਦਾਸ ਜੀ)
ਵ ਅੱਖਰ ‘ਤੇ ਦੁਲਾਵਾਂ ਦੀ ਲਗ ਨੂੰ ਵੀ ਗੁਰਬਾਣੀ ਵਿੱਚ ਇਸੇ ਕਾਰਨ ਹੀ ਕਾਇਮ ਰੱਖਿਆ ਗਿਆ ਹੈ ਕਿਉਂਕਿ ਸੰਸਕ੍ਰਿਤ ਭਾਸ਼ਾ ਦੇ ਇਸ ਦੇ ਮੂਲ ਰੂਪ ਵਿੱਚ ਇਸ ਨੂੰ ਇਵੇਂ ਹੀ ਲਿਖਿਆ ਗਿਆ ਹੈ।
ਹੁਣ ਦੇਖਦੇ ਹਾਂ ਕਿ ਇਸ ਸ਼ਬਦ ਦੀ ਵਿਉਤਪਤੀ ਕਿਵੇਂ ਹੋਈ ਹੈ ਅਤੇ ਉਸ ਅਨੁਸਾਰ ਇਸ ਦੇ ਮੂਲ ਅਰਥ ਕੀ ਹਨ? ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਧੁਨੀਆਂ ਦੇ ਅਰਥਾਂ ਦੀ ਅਣਹੋੰਦ ਕਾਰਨ ਸ਼ਬਦਕਾਰੀ ਅਧੀਨ ਆਉਂਦੇ ਸ਼ਬਦਾਂ ਨੂੰ ਸਾਡੇ ਵਿਦਵਾਨਾਂ ਵੱਲੋਂ ਇੱਕ ਅਜਿਹਾ ਵਰਤਾਰਾ ਬਣਾ ਕੇ ਪੇਸ਼ ਕੀਤਾ ਗਿਆ ਹੈ, ਜਿਵੇਂ ਇਹ ਕੋਈ ਗ਼ੈਬੀ ਜਾਂ ਰੱਬੀ ਵਰਤਾਰਾ ਹੋਵੇ। ਸ਼ਬਦ ਕੋਈ ਉੱਪਰੋਂ ਡਿਗੀ ਹੋਈ ਚੀਜ਼ ਨਹੀਂ ਹਨ। ਇਹਨਾਂ ਨੂੰ ਵੀ ਉਸ ਸਮੇਂ ਦੇ ਆਮ, ਪੜ੍ਹੇ-ਲਿਖੇ ਅਤੇ ਸੂਝਵਾਨ ਲੋਕਾਂ ਦੁਆਰਾ ਹੀ ਬਣਾਇਆ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਮੁਢਲੀ ਸ਼ਬਦਕਾਰੀ ਸਮੇਂ ਲੋਕ ਧੁਨੀਆਂ ਨੂੰ ਉਹਨਾਂ ਦੇ ਅਰਥਾਂ ਅਨੁਸਾਰ ਸ਼ਬਦਾਂ ਵਿੱਚ ਬੀੜਨ ਦੀ ਕਲਾ ਤੋਂ ਵਾਕਫ਼ ਸਨ ਪਰ ਸਮੇਂ ਦੇ ਬੀਤਣ ਨਾਲ਼ ਅੱਜ ਇਹਨਾਂ ਕਲਾਵਾਂ ਤੋਂ ਅਜੋਕਾ ਮਨੁੱਖ ਵੰਚਿਤ ਹੋ ਚੁੱਕਿਆ ਹੈ। ਇਸ ਪ੍ਰਕਾਰ ਬੇਸ਼ੱਕ ਅੱਜ ਸ਼ਬਦਕਾਰੀ ਦੀ ਇਹ ਮੁਢਲੀ ਕਲਾ ਅਲੋਪ ਹੋ ਚੁੱਕੀ ਹੈ ਪਰ ਕੀ ਅਸੀਂ ਅੱਜ ਸ਼ਬਦਾਂ, ਧੁਨੀਆਂ ਅਤੇ ਉਹਨਾਂ ਦੇ ਅਰਥਾਂ ਨੂੰ “ਡੀਕੋਡ” (ਪੁਨਰ-ਅਵਲੋਕਨ/ਵਿਸ਼ਲੇਸ਼ਣ) ਕਰ ਕੇ ਦੇਖਣ ਦੇ ਯੋਗ ਵੀ ਨਹੀਂ ਹਾਂ? ਦੇਖਿਆ ਜਾਵੇ ਤਾਂ ਇਹ ਕੰਮ ਏਨਾ ਔਖਾ ਵੀ ਨਹੀਂ ਹੈ, ਕੇਵਲ ਵੱਖ-ਵੱਖ ਧੁਨੀਆਂ ਦੇ ਅਰਥਾਂ ਅਤੇ ਵਰਤਾਰੇ ਵੱਲ ਜ਼ਰਾ ਜਿੰਨਾ ਧਿਆਨ ਦੇਣ ਦੀ ਹੀ ਲੋੜ ਹੈ। ਪਰ ਇਸ ਦੇ ਉਲਟ ਸਗੋਂ ਅੱਜ ਦੇ ਵਿਦਵਾਨਾਂ ਦਾ ਇਸ ਗੱਲ ਦੇ ਹੱਕ ਵਿੱਚ ਪ੍ਰਚਾਰ ਉੱਤੇ ਵਧੇਰੇ ਜ਼ੋਰ ਲੱਗਿਆ ਹੋਇਆ ਹੈ ਕਿ ਧੂਨੀਆਂ ਦੇ ਤਾਂ ਕੋਈ ਅਰਥ ਹੀ ਨਹੀਂ ਹੁੰਦੇ ਅਤੇ ਇਹ ਕਿ ਜਦੋਂ ਵੱਖ-ਵੱਖ ਧੁਨੀਆਂ ਦੇ ਮੇਲ਼ ਨਾਲ਼ ਕੋਈ ਸ਼ਬਦ ਬਣਦਾ ਹੈ, ਉਦੋਂ ਹੀ ਉਸ ਦੇ ਕੋਈ ਹੁੰਦੇ ਹਨ ਜਦਕਿ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਹਕੀਕਤ ਇਹ ਹੈ ਕਿ ਸਾਡੇ ਮੋਢੀ ਸ਼ਬਦਕਾਰਾਂ ਵੱਲੋਂ (ਸੰਸਕ੍ਰਿਤ-ਮੂਲ ਦੇ) ਹਰ ਸ਼ਬਦ ਵਿੱਚ ਕੇਵਲ ਉਹਨਾਂ ਹੀ ਧੁਨੀਆਂ (ਅੱਖਰਾਂ/ਲਗਾਂ/ਲਗਾਖਰਾਂ) ਨੂੰ ਬੀੜਿਆ ਗਿਆ ਹੈ ਜਿਨ੍ਹਾਂ ਦੇ ਮੇਲ਼ ਨਾਲ਼ ਉਸ ਦੇ ਅਰਥਾਂ ਨੂੰ ਸੰਪੂਰਨਤਾ ਦਾ ਦਰਜਾ ਪ੍ਰਾਪਤ ਹੁੰਦਾ ਹੈ।
ਅੱਜ ਦੇ ਹਿੰਦੀ/ਪੰਜਾਬੀ ਵਿਦਵਾਨਾਂ/ਨਿਰੁਕਤਕਾਰਾਂ ਦੀ ਸਮੱਸਿਆ ਇਹ ਹੈ ਕਿ ਉਹ ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਨੂੰ ਦਰਸਾਉਣ ਲਈ ਸੰਬੰਧਿਤ ਸ਼ਬਦ ਨਾਲ਼ ਮਿਲ਼ਦੇ-ਮਿਲ਼ਦੇ ਸ਼ਬਦਾਂ ਅਤੇ ਸੰਕਲਪਾਂ ਨੂੰ ਬੜੀ ਦੂਰੋਂ-ਦੂਰੋਂ ਘੇਰ ਕੇ ਲਿਆਉਂਦੇ ਪ੍ਰਤੀਤ ਹੁੰਦੇ ਹਨ ਜਦਕਿ ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਤਾਂ ਕੇਵਲ ਧੁਨੀਆਂ ਦੇ ਅਰਥਾਂ ਦੇ ਆਲ਼ੇ-ਦੁਆਲ਼ੇ ਹੀ ਘੁੰਮਦੀ ਹੈ। ਵਸਾਖ ਮਹੀਨੇ ਦੇ ਨਾਮਕਰਨ ਦਾ ਸਮਾਂ ਵੀ ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਦਾ ਹੈ। ਅਜਿਹੀਆਂ ਮਨ-ਘੜਤ ਕਹਾਣੀਆਂ ਵੀ ਵਸਾਖ ਮਹੀਨੇ ਦੀ ਨਿਰੁਕਤਕਾਰੀ ਜਾਂ ਸ਼ਬਦਕਾਰੀ ਸੰਬੰਧੀ ਵਿਗਿਆਨਿਕ/ਭਾਸ਼ਾ-ਵਿਗਿਆਨਿਕ ਆਧਾਰ ‘ਤੇ ਕੋਈ ਹੱਲ ਪੇਸ਼ ਨਹੀਂ ਕਰਦੀਆਂ ਸਗੋਂ ਇਸ ਮਸਲੇ ਨੂੰ ਹੋਰ ਵੀ ਗੁੰਝਲ਼ਦਾਰ ਬਣਾਉਂਦੀਆਂ ਹਨ। ਸਾਨੂੰ ਅਜਿਹੀਆਂ ਗੱਲਾਂ ਤੋਂ ਬਚਣ ਦੀ ਲੋੜ ਹੈ ਅਤੇ ਨਾਲ਼ ਹੀ ਇਹੋ-ਜਿਹੀਆਂ ‘ਸੇਧਾਂ’ ਦੇਣ ਵਾਲ਼ੇ ਵਿਦਵਾਨਾਂ ਅਤੇ ਉਹਨਾਂ ਦੀਆਂ ਆਪਹੁਦਰੀਆਂ ਤੋਂ ਵੀ ਬਚਣ ਦੀ ਲੋੜ ਹੈ।
‘ਵਸਾਖ’ ਸ਼ਬਦ ਦਰਅਸਲ ਦੋ ਸ਼ਬਦਾਂ: “ਵੈ+ਸ਼ਾਖ” ਤੋਂ ਉਤਪੰਨ ਹੋਇਆ ਹੈ। ਇਸ ਸ਼ਬਦ ਵਿਚਲੇ ਦੂਜੇ ਸ਼ਬਦ ਸ਼ਾਖ ਦੇ ਅਰਥਾਂ ਤੋਂ ਤਾਂ ਅਸੀਂ ਲਗ-ਪਗ ਸਾਰੇ ਹੀ ਜਾਣੂ ਹਾਂ ਕਿ ਇਸ ਦੇ ਅਰਥ ਹੁੰਦੇ ਹਨ- ਕਿਸੇ ਰੁੱਖ ਦੀ ਟਾਹਣੀ, ਸ਼ਾਖਾ ਜਾਂ ਡਾਲ਼ ਆਦਿ। ਇਸ ਤੋਂ ਬਿਨਾਂ ਅੰਗਰੇਜ਼ੀ ਮਹੀਨਿਆਂ ਵਾਂਗ ਇੱਕ ਦੇਸੀ ਸਾਲ ਦੇ ਵੀ ਬਾਰਾਂ ਮਹੀਨੇ ਹੀ ਹੁੰਦੇ ਹਨ। ਇਹ ਬਾਰਾਂ ਮਹੀਨੇ ਜਾਣੋ ਇੱਕ ਸਾਲ ਦੀਆਂ ਬਾਰਾਂ ਸ਼ਾਖਾਵਾਂ ਦੇ ਹੀ ਸਮਾਨ ਹਨ। ਇਹਨਾਂ ਵਿੱਚੋਂ ਦੇਸੀ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ- ਚੇਤ ਜਾਂ ਚੇਤਰ ਅਤੇ ਉਸ ਉਪਰੰਤ ਦੂਜਾ ਮਹੀਨਾ ‘ਵਸਾਖ’ ਦਾ ਹੁੰਦਾ ਹੈ। ਬੱਸ, ਵਸਾਖ ਮਹੀਨੇ ਦੇ ਨਾਮਕਰਨ ਦੀ ਕਹਾਣੀ ਸਿਰਫ਼ ਏਨੀ ਹੀ ਹੈ ਕਿ ਸਾਲ ਦਾ ਦੂਜਾ ਮਹੀਨਾ ਹੋਣ ਕਾਰਨ ਇਸ ਦਾ ਨਾਂ ਵਸਾਖ/ਵੈਸਾਖ (ਵੈ+ਸਾਖ) ਰੱਖਿਆ ਗਿਆ ਹੈ। ਇੱਥੇ ‘ਵੈ’ ਸ਼ਬਦ/ਧੁਨੀਆਂ ਦੇ ਅਰਥ ਹਨ- ਦੋ, ਦੂਜਾ ਜਾਂ ਦੂਜੇ (ਬਹੁਵਚਨ) ਆਦਿ। ਵਸਾਖ ਤੋਂ ਹੀ ਵਸਾਖੀ ਸ਼ਬਦ ਨੇ ਜਨਮ ਲਿਆ ਹੈ- ਉਹ ਤਿਉਹਾਰ ਜੋ ਹਰ ਸਾਲ ਵਸਾਖ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ।
ਜਿੱਥੋਂ ਤੱਕ ਵ/ਵਿ ਜਾਂ ਵੈ ਧੁਨੀਆਂ ਦੇ ਅਰਥਾਂ ਦਾ ਸੰਬੰਧ ਹੈ, ਇਸ ਗੱਲ ਦਾ ਸੰਕੇਤ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੇ ਮਹਾਨ ਕੋਸ਼ ਵਿੱਚ ਦਿੱਤਾ ਹੈ। ਸੰਸਕ੍ਰਿਤ ਮੂਲ ਦੇ ਵ ਧੁਨੀ ਦੀ ਸ਼ਮੂਲੀਅਤ ਵਾਲ਼ੇ ਅਨੇਕਾਂ ਹੋਰ ਸ਼ਬਦ ਵੀ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ, ਜਿਵੇਂ: ਵਿਦੇਸ਼ (ਵਿ+ਦੇਸ਼=ਦੂਜਾ ਦੇਸ), ਵਿਸ਼ੇਸ਼ (ਵਿ+ਸ਼ੇਸ਼= ਦੂਜਿਆਂ/ਬਾਕੀਆਂ ਨਾਲ਼ੋਂ ਦੂਜਾ (ਵੱਖਰਾ/ਅਲੱਗ) ਆਦਿ। ਵਿਭਾਗ (ਵਿ+ਭਾਗ) ਸ਼ਬਦ ਦੇ ਅਰਥ ਵੀ ਦੂਜਾ ਭਾਗ ਜਾਂ ਉਪਭਾਗ ਆਦਿ ਹੀ ਹਨ ਅਰਥਾਤ ਇੱਕ ਹੀ ਮਹਿਕਮੇ ਦੀ ਕੋਈ ਦੂਜੀ ਜਾਂ ਦੂਜੀਆਂ (ਦੋ ਤੋਂ ਵੱਧ) ਸ਼ਾਖਾਵਾਂ। ਵਿਦੇਸ਼ (ਵਿ+ਦੇਸ਼) ਦਾ ਅਰਥ ਹੈ- ਕੋਈ ਦੂਜਾ ਜਾਂ ਹੋਰ (ਆਪਣੇ ਦੇਸ ਤੋਂ ਬਿਨਾਂ) ਦੇਸ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਸ਼ਬਦ ਅਜਿਹੇ ਹਨ ਜਿਨ੍ਹਾਂ ਵਿੱਚ ਵ/ਵਿ ਜਾਂ ਵੈ ਧੁਨੀਆਂ ਦੇ ਅਰਥ ਦੋ, ਦੂਜਾ ਜਾਂ ਦੂਜੇ ਆਦਿ ਹੀ ਹਨ। ਇਸ ਤੋਂ ਬਿਨਾਂ ਇਸ ਦੇ ਇੱਕਾ-ਦੁੱਕਾ ਅਰਥ ਭਾਵੇਂ ਹੋਰ ਵੀ ਹਨ ਪਰ ਮੁੱਖ ਰੂਪ ਵਿੱਚ ਇਹਨਾਂ ਧੁਨੀਆਂ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ।
ਹੁਣ ਦੇਖਦੇ ਹਾਂ ਕਿ ਇੱਕ ਹੀ ਸ਼ਬਦ-ਜੋੜਾਂ ਵਾਲ਼ਾ ਇਹ ਸ਼ਬਦ ਦੋ-ਅਰਥੀ ਸ਼ਬਦ ਕਿਵੇਂ ਬਣ ਗਿਆ ਹੈ? ਇਸ ਸੰਬੰਧ ਵਿੱਚ ਪੰਜਾਬੀ ਦੇ ਸਾਡੇ ਇੱਕ ਸਮਕਾਲੀ ਵਿਦਵਾਨ ਦਾ ਮੱਤ ਇੱਕ ਵਾਰ ਪੰਜਾਬੀ ਦੀ ਇੱਕ ਪ੍ਰਮੁੱਖ ਅਖ਼ਬਾਰ ਵਿੱਚ ਛਪ ਚੁੱਕਿਆ ਹੈ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਜਦੋਂ ਮੁਢਲੇ ਸ਼ਬਦ-ਘਾੜੇ ਸਾਰੇ ਸ਼ਬਦ ਬਣਾ ਚੁੱਕੇ ਸਨ ਤਾ਼ਂ ਉਹਨਾਂ ਨੇ ਫ਼ੈਸਲਾ ਕੀਤਾ ਕਿ ਨਵੇ ਸ਼ਬਦਾਂ ਲਈ ਹੁਣ ਪਹਿਲਾਂ ਹੀ ਘੜੇ ਜਾ ਚੁੱਕੇ ਸ਼ਬਦਾਂ ਵਿੱਚੋਂ ਦੁਬਾਰਾ ਵਰਤਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਉਸ ਅਨੁਸਾਰ ਇਸ ਉਪਰੰਤ ਕੁਝ ਅਜਿਹੇ ਸ਼ਬਦਾਂ ਨੂੰ ਦੋ-ਅਰਥੀ ਜਾਂ ਤਿੰਨ-ਅਰਥੀ ਸ਼ਬਦਾਂ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਇਹ ਸਭ ਨਿਰੀਆਂ ਕਿਆਸ-ਅਰਾਈਆਂ ਅਤੇ ਮਨੋ-ਕਲਪਿਤ ਗੱਲਾਂ ਹਨ। ਧੁਨੀਆਂ ਅਤੇ ਉਹਨਾਂ ਦੇ ਅਰਥਾਂ ਵਿੱਚ ਏਨੀ ਸਮਰੱਥਾ ਹੈ ਕਿ ਭਾਵੇਂ ਇਹਨਾਂ ਨਾਲ਼ ਲੱਖਾ-ਕਰੋੜਾਂ ਸ਼ਬਦ ਹੋਰ ਵੀ ਬਣਾ ਲਏ ਜਾਣ ਤਾਂ ਵੀ ਇਹਨਾਂ ਦੀ ਸਮਰੱਥਾ ਕਦੇ ਘਟ ਨਹੀਂ ਸਕਦੀ। ਦੋ ਅਰਥਾਂ ਵਾਲ਼ੇ ਸ਼ਬਦਾਂ ਵਿੱਚ ਕਈ ਧੁਨੀਆਂ ਦੇ ਦੋ-ਅਰਥੀ ਹੋਣ ਅਤੇ ਉਹਨਾਂ ਦੀਆਂ ਦਿਸ਼ਾ ਅਤੇ ਦਸ਼ਾ ਸੰਬੰਧੀ ਵੱਖ-ਬੱਖ ਕਲਾਵਾਂ ਹੋਣ ਕਾਰਨ ਹੀ ਇਹਨਾਂ ਸ਼ਬਦਾਂ ਦਾ ਜਨਮ ਹੋਇਆ ਹੈ। ਜੇਕਰ ਇਹ ਸਾਰੇ ਤੱਥ ਰਲ਼ ਕੇ ਦੋ-ਅਰਥੀ ਸ਼ਬਦਾਂ ਨੂੰ ਜਨਮ ਦੇ ਰਹੇ ਹਨ ਤਾਂ ਇਸ ਵਿੱਚ ਸਾਡੇ ਪੁਰਾਤਨ ਸ਼ਬਦਕਾਰਾਂ ਦਾ ਕੀ ਕਸੂਰ ਹੈ? ਕਸੂਰ ਕੇਵਲ ਸਾਡੀ ਸਮਝ, ਅਲਪੱਗਤਾ ਅਤੇ ਉਸ ਅਸਮਰਥਾ ਦਾ ਹੈ ਜਿਹੜੀ ਅੱਜ ਤੱਕ ਧੁਨੀਆਂ ਦੇ ਅਰਥਾਂ ਅਤੇ ਇਹਨਾਂ ਦੀਆਂ ਕਲਾਵਾਂ ਨੂੰ ਸਮਝਣ ਤੋਂ ਹੀ ਇਨਕਾਰੀ ਰਹੀ ਹੈ।
ਇਸ ਸੰਬੰਧ ਵਿੱਚ ਜੇਕਰ ਦੇਖਿਆ ਜਾਵੇ ਤਾਂ ਵਸਾਖੀ (ਤਿਉਹਾਰ) ਅਤੇ ਵਸਾਖੀਆਂ (ਲੱਤਾਂ ਤੋਂ ਆਰੀ ਅਪਾਹਜਾਂ ਦੇ ਤੁਰਨ ਲਈ ਬਣਾਇਆ ਗਿਆ ਇੱਕ ਉਪਕਰਨ ਜਿਸ ਦੀਆਂ ਉੱਪਰੋਂ ਦੋ ਸ਼ਾਖਾਵਾਂ ਹੁੰਦੀਆਂ ਹਨ ਅਤੇ ਵਿਚਕਾਰ ਤੋਂ ਜੁੜ ਕੇ ਹੇਠਾਂ ਕੇਵਲ ਇੱਕ ਹੀ ਸ਼ਾਖਾ ਰਹਿ ਜਾਂਦੀ ਹੈ)। ਇਸ ਪ੍ਰਕਾਰ ਮਸਲਾ ਇੱਥੇ ਵੀ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦਾ ਹੀ ਹੈ। ਸ਼ਾਖ ਦੇ ਅਰਥ ਵਸਾਖ ਮਹੀਨੇ ਦੇ ਨਾਂ ਵਿੱਚ ਵੀ ਉਹੋ ਹੀ ਹਨ (ਸਾਲ ਦੀ ਦੂਜੀ ਸ਼ਾਖਾ ਅਰਥਾਤ ਦੂਜਾ ਮਹੀਨਾ) ਅਤੇ ਵਸਾਖੀ ਦੇ ਉਪਕਰਨ ਵਿੱਚ ਵੀ ਉਹੋ (ਉਪਕਰਨ ਦੀਆਂ ਦੋ ਸ਼ਾਖਾਵਾਂ) ਹੀ ਹਨ। ਇੱਕ ਸ਼ਬਦ ਵਿੱਚ ਵ ਧੁਨੀ ਦੇ ਅਰਥ ਦੋ/ਦੂਜਾ (ਮਹੀਨਾ) ਅਤੇ ਦੂਜੇ ਵਿੱਚ ਕੇਵਲ ਦੋ (ਸ਼ਾਖਾਵਾਂ) ਹੀ ਹਨ।
ਅੱਜ ਭਾਵੇਂ ਵਸਾਖੀ ਦਾ ਸੰਬੰਧ ਜੱਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਅਤੇ ਖ਼ਾਲਸਾ ਪੰਥ ਦੀ ਸਾਜਨਾ ਕਾਰਨ ਪੰਜਾਬ ਦੇ ਇਤਿਹਾਸਿਕ, ਰਾਜਨੀਤਿਕ ਅਤੇ ਧਾਰਮਿਕ ਕਾਰਨਾਂ ਕਾਰਨ ਪੰਜਾਬ ਅਤੇ ਲਗ-ਪਗ ਸਮੁੱਚੇ ਭਾਰਤ ਦੀ ਲੋਕ-ਮਾਨਸਿਕਤਾ ਨਾਲ਼ ਬੜੀ ਸ਼ਿੱਦਤ ਨਾਲ਼ ਨੇੜਿਓਂ ਜੁੜ ਚੁੱਕਿਆ ਹੈ ਪਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਇਹਨਾਂ ਮਹੀਨਿਆਂ ਦੇ ਨਾਂ ਰੱਖੇ ਗਏ ਹੋਣਗੇ ਤਾਂ ਇਸ ਦੇ ਨਾਮਕਰਨ ਦੀ ਗਾਥਾ ਜ਼ਰੂਰ ਕੇਵਲ ਅਤੇ ਕੇਵਲ ਸਾਲ ਦੇ ਦੂਜੇ ਮਹੀਨੇ ਤੱਕ ਹੀ ਸੀਮਿਤ ਰਹੀ ਹੋਵੇਗੀ।
ਸੋ, ਉਪਰੋਕਤ ਤੱਥਾਂ ਕਾਰਨ ਸਪਸ਼ਟ ਹੈ ਕਿ ਸਾਡੇ ਵੱਡੇ-ਵਡੇਰਿਆਂ ਨੇ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਆਧਾਰ ‘ਤੇ ਹੀ ਸ਼ਬਦ ਘੜੇ ਹਨ। ਜਦੋਂ ਇਸ ਆਧਾਰ ‘ਤੇ ਸ਼ਬਦ ਤਕਨੀਕੀ ਪੱਖੋਂ ਬਿਲਕੁਲ ਸਹੀ ਸਨ ਤਾਂ ਫਿਰ ਉਹਨਾਂ ਨੇ ਸ਼ਬਦਾਂ ਦੇ ਦੋ-ਅਰਥੀ ਜਾਂ ਤਿੰਨ-ਅਰਥੀ ਹੋਣ ਵੱਲ ਧਿਆਨ ਵੀ ਕਿਉਂ ਦੇਣਾ ਸੀ? ਇਹ ਗੱਲ ਵੀ ਸਪਸ਼ਟ ਹੈ ਕਿ ‘ਵਸਾਖੀ’ ਸ਼ਬਦ ਵਾਂਗ ਹਰ ਸ਼ਬਦ ਵਿੱਚ ਕੇਵਲ ਉਹਨਾਂ ਹੀ ਧੁਨੀਆਂ ਨੂੰ ਲਿਆ ਗਿਆ ਹੈ ਜਿਹੜੀਆਂ ਕਿ ਸੰਬੰਧਿਤ ਸ਼ਬਦ ਦੇ ਅਰਥਾਂ ਨੂੰ ਹਰ ਪੱਖੋਂ ਮੁਕੰਮਲ ਰੂਪ ਪ੍ਰਦਾਨ ਕਰਦੀਆਂ ਹਨ। ਕਿਸੇ ਵੀ ਸ਼ਬਦ ਵਿੱਚ ਕੋਈ ਵੀ ਧੁਨੀ ਵੱਧ ਜਾਂ ਘੱਟ ਨਹੀਂ ਹੈ। ਸੋ, ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸ਼ਬਦ ਸਿਰਜਣ ਦੀ ਇਹ ਪ੍ਰਕਿਰਿਆ ਤਾਂ ਧੁਨੀਆਂ ਅਤੇ ਉਹਨਾ ਦੇ ਅਰਥਾਂ ਦਾ ਕੇਵਲ ਇੱਕ ਸਹਿਜ ਵਰਤਾਰਾ ਮਾਤਰ ਹੀ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਗੱਲ ਕੇਵਲ ਇਸ ਵਿਧਾ ਨੂੰ ਨੀਝ ਨਾਲ਼ ਸਮਝਣ, ਸੋਚਣ ਅਤੇ ਆਤਮਸਾਤ ਕਰਨ ਦੀ ਹੈ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ ।
ਫ਼ੋਨ ਨੰ. 9888403052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj