(ਸਮਾਜ ਵੀਕਲੀ): ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਜਲਦੀ ਬਾਅਦ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ, ‘ਸਰਕਾਰ ਕ੍ਰਿਪਟੋ ਕਰੰਸੀ ਤੋਂ ਹੋਣ ਵਾਲੇ ਲਾਭ ਉਤੇ ਟੈਕਸ ਕਿਵੇਂ ਲਾ ਰਹੀ ਹੈ ਜਦ ਹਾਲੇ ਇਹ ਸਪੱਸ਼ਟ ਹੀ ਨਹੀਂ ਕਿ ਕ੍ਰਿਪਟੋ ਕਾਨੂੰਨੀ ਵੀ ਹੈ ਜਾਂ ਨਹੀਂ। ਵਿੱਤ ਮੰਤਰੀ ਦੇਸ਼ ਨੂੰ ਦੱਸਣ- ਕੀ ਕ੍ਰਿਪਟੋ ਕਰੰਸੀ ਬਿੱਲ ਲਿਆਂਦੇ ਬਿਨਾਂ ਹੀ ਕ੍ਰਿਪਟੋ ਕਰੰਸੀ ਹੁਣ ਕਾਨੂੰਨੀ ਹੈ, ਕਿਉਂਕਿ ਤੁਸੀਂ ਹੁਣ ਕ੍ਰਿਪਟੋ ਕਰੰਸੀ ਉਤੇ ਟੈਕਸ ਲਾ ਰਹੇ ਹੋ। ਉਨ੍ਹਾਂ ਸਵਾਲ ਕੀਤਾ ਕਿ ਇਸ ਨੂੰ ਰੈਗੂਲੇਟ ਕੌਣ ਕਰੇਗਾ? ਨਿਵੇਸ਼ਕ ਦੀ ਸੁਰੱਖਿਆ ਬਾਰੇ ਕੀ?’
‘ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੂੜੇਦਾਨ ’ਚ ਪਾਇਆ’
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੂੜੇਦਾਨ ਵਿਚ ਸੁੱਟ ਦਿੱਤਾ ਗਿਆ ਹੈ। ਖਾਦਾਂ ਉਤੇ ਦਿੱਤੀ ਜਾਂਦੀ ਸਬਸਿਡੀ ਵਿਚ 35,000 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਐਮਐੱਸਪੀ ਗਾਰੰਟੀ ਬਾਰੇ ਕੁਝ ਨਹੀਂ ਕਿਹਾ ਗਿਆ। ਮਹਿੰਗਾਈ ਸੱਤ ਪ੍ਰਤੀਸ਼ਤ ਹੈ ਤੇ ਖੇਤੀਬਾੜੀ ਬਜਟ ਵਿਚ ਸਿਰਫ਼ 2.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕਿਸਾਨ ਨਿਧੀ ਵੀ ਬਸ 0.74 ਪ੍ਰਤੀਸ਼ਤ ਵਧਾਈ ਗਈ ਹੈ।