ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ ,
ਤਨ ਮਨ ਲੱਗੇ ਦੁੱਖ ਖਿਨ ਵਿੱਚ ਦੂਰ ਕਰੇ ,
ਬਾਣੀ ਤਪਦੇ ਹਿਰਦੇ ਨੂੰ ਠੰਡਾ ਠਾਰ ਕਰੇ ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਗੁਰੂ ਨਾਨਕ ਦੀ ਬਾਣੀ ਮਨ ਸਹਿਜ ਧਰੇ ,
ਭਵਸਾਗਰ ਲੰਘ ਪਾਰ ਰੂਹਾਨੀ ਰਾਹ ਤੁਰੇ,
ਲੋਕ ਦੇ ਵਿੱਚ ਇੱਜਤ ਪ੍ਰਲੋਕ ਦੀ ਥਾਂ ਜੁੜੇ ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਅੰਧ ਵਿਸ਼ਵਾਸ ਹਨੇਰ ਮਨਾਂ ਤੋਂ ਦੂਰ ਕਰੇ,
ਨਾਟਕੀ ਢੰਗਾਂ ਨਾਲ ਮਨ ਗਿਆਨ ਧਰੇ,
ਅਹੰਕਾਰੀਆਂ ਦਾ ਹੰਕਾਰ ਧੂਅ ਦੂਰ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਬਾਬੇ ਪੱਥਰ ਲਾਇਆ ਪੰਜਾ ਹੈਰਾਨ ਕਰੇ,
ਵਲ਼ੀ ਕੰਧਾਰੀ ਦਾ ਹੰਕਾਰ ਚੂਰੋ ਚੂਰ ਕਰੇ,
ਸੱਜਣ ਠੱਗ ਕੌਡਾਰਾਖਸ਼ ਸਹੀ ਰਾਹ ਤੁਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਬਾਬੇ ਉਪਦੇਸ਼ ਨਾਲ ਸਿੱਧ ਸਹੀ ਰਾਹ ਤੁਰੇ,
ਭਾਈ ਲਾਲੋ ਕਿਰਤੀ ਦੀ ਬਾਬਾ ਬਾਂਹ ਫੜੇ,
ਮਲਕ ਭਾਗੋ ਦਾ ਅਹੰਕਾਰ ਧੂਅ ਦੂਰ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਭਾਈ ਬਾਲਾ ਮਰਦਾਨਾ ਬਾਬੇ ਨਾਲ ਤੁਰੇ,
ਚਾਰ ਉਦਾਸੀਆਂ ਤੇ ਬਾਬਾ ਉਪਦੇਸ਼ ਕਰੇ,
ਸਿਖ਼ਰ ਦੁਪਹਿਰ ਸੁੱਤੇ ਨੂੰ ਸੱਪ ਛਾਵਾਂ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਅੰਮ੍ਰਿਤ ਬਾਣੀ ਸ਼ਬਦ ਰੱਬ ਦਾ ਨੂਰ ਵਰ੍ਹੇ,
ਅੰਧਘੋਰ ਮਿਟਾਅ ਪ੍ਰਕਾਸ਼ ਬੇਸ਼ੁਮਾਰ ਕਰੇ,
ਸੱਚਾ ਸੁੱਖ ਮਨ ਆਵੇ ਸਭ ਦੁੱਖ ਦੂਰ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਧੁਰ ਕੀ ਬਾਣੀ ਮਨ ਅੰਦਰ ਪਿਆਰ ਭਰੇ,
ਊਚ ਨੀਚ ਜਾਤ ਪਾਤ ਦਾ ਭੇਦ ਦੂਰ ਕਰੇ,
ਗੁਣਾਂ ਦਾ ਹੋਵੇ ਪ੍ਰਗਾਸ ਔਗੁਣ ਦੂਰ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਅੰਮ੍ਰਿਤ ਵੇਲੇ ਜਾਗ ਕੇ ਨਾਮ ਬਿਜਾਈ ਕਰੇ,
ਕਰ ਪ੍ਰਭੂ ਸਿਮਰਨ ਔਗੁਣਾਂ ਗੁਡਾਈ ਕਰੇ,
ਘਾਲ ਕਮਾਈ ਕਰਦਿਆਂ ਹੱਥੋਂ ਦਾਨ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਸਰਬੱਤ ਦਾ ਭਲਾ ਮਨਾਵੇ ਨਾ ਦਵੈਤ ਕਰੇ,
ਈਰਖਾ ਨਿੰਦਾ ਚੁਗਲੀ ਦੇ ਨਾ ਰਾਹ ਪਵੇ,
ਸੁੱਖ ਅਨੰਦ ਬਖ਼ਸਦਾ ਪੰਚ ਚੋਰ ਦੂਰ ਕਰੇ,
ਗੁਰ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਸ਼ਬਦ ਗੁਰੂ ਦਇਆ ਰੂਹਾਨੀ ਰਾਹ ਮਿਲੇ,
ਦਸਵੇਂ ਦਵਾਰ ਦੀ ਕੁੰਜੀ ਗੁਰੂ ਬਖ਼ਸ਼ ਕਰੇ ,
ਸਬਦ ਸੁਰਤਿ ਸੰਗਮ ਅਨਹਦ ਨਾਦ ਸੁਣੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਸਭ ਧਰਮਾਂ ਨੂੰ ਬਾਣੀ ਇੱਕੋ ਉਪਦੇਸ਼ ਕਰੇ,
ਸਬਰ ਸੰਤੋਖ ਤੇ ਸਿਮਰਨ ਮਨ ਵਿੱਚ ਧਰੇ,
ਚੰਗੀ ਜੀਵਨ ਜਾਚ ਤੇ ਪ੍ਰਭੂ ਮਿਲਾਪ ਕਰੇ ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਪੜ੍ਹੇ ਸੁਣੇ ਕਮਾਵੇ ਬਾਣੀ ਗੁਰੂ ਸ਼ਰਣ ਪਵੇ,
ਬਖ਼ਸ਼ ਦਿਓ ਔਗੁਣ ਮੇਰੇ ਅਰਦਾਸ ਕਰੇ,
ਇਕਬਾਲ ਪਾਪ ਲਹਿੰਦੇ ਦਿਲੋਂ ਜਾਪ ਕਰੇ,
ਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ।

ਇਕਬਾਲ ਸਿੰਘ ਪੁੜੈਣ
8872897500

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਫਟ ਹਾਸ ਵਿਅੰਗ 7
Next articleਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ