(ਸਮਾਜ ਵੀਕਲੀ) ਮੇਰਾ ਪਰਿਵਾਰਕ ਪਿਛੋਕੜ ਅੰਧ-ਵਿਸਵਾਸ, ਵਹਿਮਾਂ, ਭਰਮਾਂ,ਰੂੜੀਵਾਦੀ ਵਿਚਾਰਾਂ ਨਾਲ ਗ੍ਰੱਸਿਆ ਹੋਇਆ ਸੀ। ਮੇਰਾ ਜਨਮ ਅਣਪੜ੍ਹ , ਅਤੀ ਪਛੜੇ ਇਲਾਕੇ ਦੇ ਅਤੀ ਗਰੀਬ ਪਰਿਵਾਰ ਵਿੱਚ ਹੋਇਆ । ਮੈਂ ਹੈਰਾਨ ਹਾਂ ਕਿ ਕਿਵੇਂ ਮੇਰੀ ਮਾਂ ਨੇ ਇਸ ਗਰੀਬੀ ਭਰੇ ਮਾਹੌਲ ਵਿੱਚ ਮੈਨੂੰ ਸਕੂਲੇ ਪੜ੍ਹਨੇ ਪਾ ਦਿੱਤਾ । ਮੈਂ ਸਦਕੇ ਜਾਂਦਾ ਹਾਂ ਉਸ ਮਾਂ ਦੇ , ਜਿਸ ਦੀ ਬਦੌਲਤ ਮੈਨੂੰ ਗਿਆਨ , ਵਿਗਿਆਨ ਰੂਪੀ ਚਾਨਣ ਮਿਲਿਆ ।
ਮੇਰੇ ਪਰਿਵਾਰ ਵਿੱਚ ਰੂੜੀਵਾਦੀ , ਵੇਲਾ ਵਿਹਾਅ ਚੁੱਕੀਆਂ ਰਸਮਾਂ ਹੁੰਦੀਆਂ ਸਨ । ਧਾਗੇ –ਤਵਿਤਾਂ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ । ਪਿੰਡ ਵਿੱਚ ਆਉਂਦੇ ਤਾਂਤਰਿਕਾਂ ਤੋਂ ਗਰੀਬੀ ਦੇ ਕਾਰਣ ਜਾਣਨਾ ਆਮ ਗੱਲ ਸੀ । ਪਰ ਮੇਰਾ ਦਿਮਾਗ ਇਸ ਦੇ ਕਾਰਨਾਂ ਬਾਰੇ ਸੋਚਦਾ ਜ਼ਰੂਰ ਸੀ ਕਿ ਇਨ੍ਹਾ ਤਾਤਰਿਕਾਂ ਜਾਂ ਧਾਗੇ – ਤਵਿਤਾਂ ਵਾਲਿਆ ਕੋਲ ਕਿਹੜਾ ਇਲਮ ਹੈ , ਜਿਸ ਨਾਲ ਉਹ ਕਿਸੇ ਦਾ ਭਵਿੱਖ ਦੱਸ ਸਕਦੇ ਹਨ ਜਾਂ ਸੰਵਾਰਨ ਦਾ ਢੰਗ ਦੱਸ ਸਕਦੇ ਹਨ ।
ਪਿੰਡ ਵਿੱਚ ਜਾਦੂ ਸ਼ੋਅ ਵਾਲੇ ਆ ਜਾਂਦੇ । ਜਮੂਰੇ ਦੀ ਮੱਦਦ ਨਾਲ ਹੈਰਾਨ ਕਰਨ ਵਾਲ਼ੇ ਟਰਿੱਕ ਕਰਦੇ ਤੇ ਅੰਤ ਵਿੱਚ ਪੈਸੇ ਮੰਗਦੇ । ਲੋਕਾਂ ਨੂੰ ਪੈਰ ਦੀ ਮਿੱਟੀ ਛੱਡਣ ਤੇ ਨੁਕਸਾਨ ਹੋਣ ਦਾ ਡਰਾਵਾ ਦਿੰਦੇ ਜਾਂ ਜਮੂਰੇ ਦੀ ਗਰਦਨ ਤੇ ਚਾਕੂ ਰੱਖ ਕੇ ਉਸਦਾ ਗਲ਼ ਕੱਟਣ ਦਾ ਡਰਾਮਾ ਕਰਕੇ ਲੋਕਾਂ ਨੂੰ ਤਰਸ ਕਰਨ ਲਈ ਉਕਸਾਉਂਦੇ । ਇਹ ਉਨ੍ਹਾਂ ਤੋਂ ਪੈਸੇ ਲੈਣ ਕਾ ਢੰਗ ਸੀ। ਦਿਮਾਗ ਵਿੱਚ ਆਉਂਦਾ ਕਿ ਜੇ ਇਨ੍ਹਾਂ ਕੋਲ ਚਮਤਕਾਰ ਹੈ ਤਾਂ ਇਹ ਪੈਸੇ ਕਿਉਂ ਨਹੀਂ ਪੈਦਾ ਕਰ ਲੈਦੇ ? ਇਨ੍ਹਾਂ ਲੋਕਾਂ ਤੋਂ ਪੈਸੇ ਮੰਗਣ ਦੀ ਕੀ ਲੋੜ ਹੈ ?
ਬਹੁਤ ਸਾਰੇ ਵਿਚਾਰ ਮਨ ਵਿੱਚ ਆਉਂਦੇ , ਪਰ ਕਿਤੋਂ ਵੀ ਜਵਾਬ ਨਾ ਮਿਲਦਾ । ਔਰਤਾਂ ਵਿੱਚ ਹੁੰਦੀ ਕਸਰ , ਓਪਰੀ ਸ਼ੈਅ ਦੇ ਕੇਸ ਦੇਖਣ ਨੂੰ ਮਿਲਦੇ । ਉਸ ਸਮੇਂ ਵੀ ਸੋਚਿਆ ਜ਼ਰੂਰ ਜਾਂਦਾ ਸੀ ਕਿ ਇਹ ਭੂਤ –ਪ੍ਰੇਤ ਕੀ ਨੇ ? ਤਾਂਤਰਿਕਾਂ ਰਾਹੀਂ ਸਰਕਾਰਾਂ ਇਨ੍ਹਾਂ ਨੂੰ ਕਾਬੂ ਕਿਉਂ ਨਹੀ ਕਰਦੀਆ । ਹੱਦਾਂ ਦੀ ਰਾਖੀ ਲਈ ਇਨ੍ਹਾਂ ਨੂੰ ਉੱਥੇ ਕਿਉਂ ਵਰਤਿਆ ਜਾਂਦਾ , ਆਦਿ –ਆਦਿ । ਘਰਾਂ ਵਿਚੋਂ ਚੀਜ਼ ਗੁੰਮ ਹੋਣ ਵੇਲੇ ਵੀ ਪੁੱਛ ਪੁਆਈ ਜਾਂਦੀ । ਉਸ ਦੇ ਕਾਰਨ ਲਈ ਵੀ ਮਨ ਸੋਚਦਾ ਕਿ ਇਨ੍ਹਾਂ ਕੋਲ ਕਿਹੜੀ ਸ਼ਕਤੀ ਹੈ ? ਠਾਣੇ ਵਿੱਚ ਇਨ੍ਹਾਂ ਦੀ ਨਿਯੁਕਤੀ ਕਿਉਂ ਨਹੀਂ ਹੁੰਦੀ , ਜਿਸ ਨਾਲ਼ ਚੋਰ ਦਾ ਪਤਾ ਲਾਇਆ ਜਾ ਸਕੇ । ਇੱਕ ਵਾਰੀ ਸਾਡੇ ਗੁਆਂਢ ਵਿੱਚ ਇੱਕ ਮਿਸਤਰੀ ਸੀ । ਰਾਤ ਸਮੇਂ ਨਹੁੰ ਰਾਹੀਂ ਚੀਜਾਂ ਦਿਖਾਉਣ ਬਾਰੇ ਕਹਿੰਦਾ । ਮੇਰੇ ਸਾਰੇ ਸਾਥੀ ਕਹਿੰਦੇ ਸਾਨੂੰ ਜਿਵੇਂ ਮਿਸਤਰੀ ਅੰਕਲ ਕਹਿੰਦਾ ਹੈ ਉਵੇਂ ਦਿਖਦਾ ਹੈ , ਪਰ ਮੈਂ ਕਹਿੰਦਾ , ਮੈਨੂੰ ਤਾਂ ਕੁੱਝ ਨਹੀਂ ਦਿਖਦਾ । ਮੈਂ ਹੈਰਾਨ ਹੁੰਦਾ ਕਿ ਮੈਨੂੰ ਕੁੱਝ ਕਿਉਂ ਨਹੀਂ ਦਿਖਦਾ , ਦੂਜਿਆਂ ਨੂੰ ਕਿਵੇਂ ਦਿਸਦਾ ਹੈ ?
ਸਮਾਂ ਲੰਘਦਾ ਰਿਹਾ । ਉਮਰ ਵਧਦੀ ਗਈ । ਦਿਮਾਗ ਵੀ ਵਧਦਾ ਗਿਆ ਪਰ ਵਿਗਿਆਨਕ ਚੇਤਨਤਾ ਦੇਣ ਵਾਲਾ ਕੋਈ ਨਹੀਂ ਮਿਲਿਆ । ਬਹੁਤ ਸਾਰੀਆਂ ਗੱਲਾਂ ਸੁਨਣ ਨੂੰ ਮਿਲਦੀਆਂ । ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਸਾਡੇ ਪਿੰਡ ਚਾਰ ਪੀਰਾਂ ਦਾ ਪਹਿਰਾ ਹੁੰਦਾ ਹੈ । ਰਾਤ ਨੂੰ ਘੋੜੇ ਤੇ ਚੜ ਕੇ ਪਿੰਡ ਦੀ ਰਾਖੀ ਕਰਦੇ ਹਨ।ਇੱਕ ਸਾਧ ਰਾਤ ਨੂੰ ਆਪਣੇ ਸਾਰੇ ਅੰਗ ਲੱਤਾਂ, ਬਾਹਾਂ, ਸਿਰ ਆਦਿ ਅਲੱਗ-ਅਲੱਗ ਕਰਕੇ ਸੌਦਾਂ ਹੈ ।
ਦਿਮਾਗ ਵਿੱਚ ਇਹ ਹੈਰਾਨੀ ਜਨਕ ਗੱਲਾਂ ਆਉਂਦੀਆਂ । ਦਿਮਾਗ ਸੋਚਦਾ ਜ਼ਰੂਰ ਸੀ ਕਿ ਇਹ ਕਿਵੇਂ ਹੁੰਦਾ ਹੈ ? ਮਨੱਖ ਕੀ ਹੈ ? ਉਸਦੇ ਵੱਸ ਵਿੱਚ ਕੀ ਕੁੱਝ ਹੈ ? ਇਨ੍ਹਾਂ ਦੀ ਵਿਗਿਆਨਕ ਵਿਆਖਿਆ ਕਿਧਰੋਂ ਨਾ ਮਿਲਦੀ । ਆਪਣੇ ਅੱਖੀਂ ਇੱਕ ਔਰਤ ਨੂੰ ਖੇਡਦੀ ਦੇਖਿਆ । ਪਹਿਲਾਂ ਸਿਰ ਮਾਰਦੀ ਰਹੀ , ਫਿਰ ਖੇਡਣ ਲੱਗ ਪਈ । ਮੈਂ ਆਪਣੀ ਮਾਂ ਨਾਲ ਗਿਆ ਹੋਇਆ ਸੀ। ਮੌਜੂਦ ਔਰਤਾਂ ਮੱਥਾ ਟੇਕਣ ਲੱਗ ਪਈਆਂ ਤੇ ਕਿਹਾ , ਤੂੰ ਕੌਣ ਹੈਂ, ਕਿਉਂ ਆਇਆ ਹੈ, ਮੰਗ ,ਮੰਗ ਕੀ ਮੰਗਦਾ ਹੈਂ। ਬਜ਼ੁਰਗਾਂ ਕੋਲੋਂ ਵੀ ਬਹੁਤ ਸਾਰੀਆਂ ਭੂਤਾਂ-ਪ੍ਰੇਤਾਂ ਨਾਲ ਜੁੜੀਆ ਕਹਾਣੀਆਂ ਬਚਪਨ ਵਿੱਚੋਂ ਸੁਣਨ ਨੂੰ ਮਿਲਦੀਆਂ ।
ਦਸਵੀਂ ਤੋਂ ਬਾਆਦ ਕਾਲਜ ਸ਼ੁਰੂ ਕੀਤਾ । ਕਾਲਜ ਵਿੱਚ ਵੀ ਵਿਗਿਆਨਿਕ ਵਿਚਾਰਾਂ ਵਾਲੀਆਂ ਗੱਲਾਂ ਦੀ ਘਾਟ ਸੀ । ਘਰ ਵਿਚ ਸ਼ਰਾਧਾਂ ਸਮੇ ਮਰੇ ਬਜ਼ੁਰਗਾਂ ਨੂੰ ਰੋਟੀ ਵਗੈਰਾ ਪਹੁੰਚਾਉਣ ਲਈ ਪੰਡਤਾਂ ਨੂੰ ਰੋਟੀ ਖਵਾਈ ਜਾਂਦੀ । ਦਾਨ-ਪੁੰਨ ਕੀਤਾ ਜਾਂਦਾ । ਦੰਦ ਘਸਾਈ ਦਿੱਤੀ ਜਾਂਦੀ । ਉਸ ਸਮੇਂ ਵੀ ਦਿਮਾਗ ਵਿੱਚ ਆਉਂਦਾ ਕਿ ਮਰੇ ਬਜ਼ੁਰਗਾਂ ਇਨ੍ਹਾਂ ਖ਼ਾਸ ਦਿਨਾਂ ਵਿੱਚ ਹੀ ਕਿਉਂ ਖਾਂਦੇ ਨੇ । ਬਾਕੀ ਦਿਨ ਕਿਵੇਂ ਗੁਜ਼ਾਰਾ ਕਰਦੇ ਨੇ ? ਕਿਤੇ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਮਿਲਦੇ ।
ਬਹੁਤ ਵਾਰੀ ਸੋਚਿਆ ਜਾਂਦਾ ਕਿ ਬੰਦਾ ਮਰ ਕੇ ਕਿੱਥੇ ਜਾਂਦਾ ਹੈ ? ਕਿਉਂ ਮਰਦਾ ਹੈ ? ਜਿਉਂਦਾ ਕਿਉਂ ਨਹੀਂ ਰਹਿ ਸਕਦਾ ? ਸਮਾਂ ਬੀਤਦਾ ਗਿਆ । ਪੜ੍ਹਾਈ ਤੋਂ ਬਾਆਦ ਨੌਕਰੀ ਵਿੱਚ ਆ ਗਿਆ । ਪਰ ਰੂੜ੍ਹੀਵਾਦੀ ਵਿਚਾਰਾਂ ਦੀ ਥਾਂ ਵਿਗਿਆਨਕ ਵਿਚਾਰਾਂ ਦੀ ਘਾਟ ਹੀ ਰਹੀ । ਦਿਮਾਗ ਵਿਚ ਬਹੁਤ ਸਾਰੇ ਪ੍ਰਸ਼ਨ ਉੱਠਦੇ ਪਰ ਜਵਾਬ ਕਿਤੋਂ ਨਾ ਮਿਲਦਾ । ਬਹੁਤ ਸਾਰੀਆਂ ਰਹੱਸਮਈ ਘਟਨਾਵਾਂ ਸੁਣਨ ਨੂੰ ਮਿਲਦੀਆਂ। ਡਰ ਵੀ ਲਗਦਾ । ਨੌਕਰੀ ਦੌਰਾਨ ਮਾਸਟਰ ਰਜਿੰਦਰ ਭਦੌੜ ਤੇ ਮੈਂ ਇੱਕ ਸਕੂਲ ਵਿੱਚ ਇਕੱਠੇ ਹੋ ਗਏ । ਉਹ ਬਹੁਤ ਸਾਰੀਆਂ ਵਿਗਿਆਨਕ ਚੇਤਨਾ/ਵਿਚਾਰਾਂ ਵਾਲੀਆਂ ਗੱਲਾਂ ਸੁਣਾਉਂਦੇ । ਉਸ ਕੋਲ ਵਿਗਿਆਨ ਆਧਾਰਿਤ ਪਰਖਿਆ ਗਿਆਨ ਸੀ , ਜਾਣਕਾਰੀ ਸੀ । ਅਸੀਂ ਸੱਚ ਨਾ ਮੰਨਦੇ । ਉਹ ਕਹਿੰਦੇ ਕੋਈ ਭੂਤ-ਪ੍ਰੇਤ ਨਹੀਂ ਹੁੰਦੇ । ਅਸੀਂ ਉਸ ਦੀ ਗੱਲ ਨੂੰ ਝੂਠ ਮੰਨ ਕੇ ਕੱਟਦੇ ।
ਇਸ ਸਮੇਂ ਮੇਰੇ ਨਜ਼ਦੀਕੀ ਦੋਸਤ ਦੇ ਘਰ ਭੂਤਾਂ -ਪ੍ਰੇਤਾਂ ਨੇ ਡੇਰਾ ਲਾ ਲਿਆ । ਕਹਿੰਦੇ ਸਾਡੇ ਘਰ ਭੂਤਾਂ –ਪ੍ਰੇਤਾਂ ਦਾ ਵਾਸਾ ਹੋ ਗਿਆ । ਚੀਜ਼ਾਂ ਗੁੰਮ ਹੋਣ ਲੱਗ ਪਈਆਂ । ਦੋਸਤ ਕਦੇ ਕਿਸੇ ਸਿਆਣੇ ਕੋਲ ਜਾਣ, ਕਦੇ ਕਿਸੇ ਕੋਲ । ਘਰੇ ਡਰ ਦਾ ਮਾਹੌਲ ਵਧਦਾ ਗਿਆ।ਘਰ ਦਾ ਹਰ ਮੈਂਬਰ ਹਰ ਸਮੇਂ ਡਰ ਦੇ ਸਾਏ ਹੇਠ ਰਹਿਣਾ ਲਗ ਪਿਆ।ਗੁਆਂਢੀਆਂ ਨੇ ਉਨ੍ਹਾਂ ਦੇ ਘਰ ਜਾਣਾ ਬੰਦ ਕਰ ਦਿੱਤਾ। ਘਰ ਦਾ ਮਾਹੌਲ ਭੈਅ ਭਰਿਆ ਬਣ ਗਿਆ।ਉਸ ਸਮੇਂ ਤਰਕਸ਼ੀਲ ਸੁਸਾਇਟੀ ਹੋਂਦ ਵਿੱਚ ਆਈ –ਆਈ ਹੀ ਸੀ । ਮੈਂ ਇਸ ਬਾਰੇ ਰਜਿੰਦਰ ਭਦੌੜ ਨਾਲ ਗਲ ਸਾਂਝੀ ਕੀਤੀ। ਉਸ ਕਿਹਾ ਕਿ ਆਪਣੇ ਦੋਸਤ ਨੂੰ ਕਹੋ ਕਿ ਕੇਸ ਤਰਕਸ਼ੀਲ ਸੁਸਾਇਟੀ ਨੂੰ ਦੇ ਦੇਣ । ਤਰਕਸ਼ੀਲ ਉਨ੍ਹਾਂ ਨੂੰ ਡਰ ਮੁਕਤ ਕਰ ਦੇਣਗੇ । ਪੈਸੇ ਲੁਟਾਉਣ ਤੇ ਡਰਨ ਦੀ ਲੋੜ ਨਹੀਂ ।
ਮੈਂ ਸਾਰੀ ਗੱਲ ਦੋਸਤ ਨਾਲ ਸਾਂਝੀ ਕੀਤੀ । ਉਸਨੇ ਕਿਹਾ ਕਿ ਚਲੋ ਦੇਖ ਲੈਂਦੇ ਹਾਂ । ਸਾਨੂੰ ਇੱਕ-ਇੱਕ ਦਿਨ ਕੱਟਣਾ ਔਖਾ ਲੱਗ ਰਿਹਾ ਹੈ । ਮੈਂ ਫਿਰ ਮਾਸਟਰ ਰਜਿੰਦਰ ਭਦੌੜ ਨਾਲ ਗੱਲ ਕੀਤੀ । ਉਸਨੇ ਕਿਹਾ ਹੁਣ ਤੁਸੀਂ ਸਾਰਾ ਕੰਮ ਮੇਰੇ ਤੇ ਛੱਡ ਦਿਓ । ਮੈਂ ਆਪੇ ਤਰਕਸ਼ੀਲਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਛੇਤੀ ਹੀ ਪੀੜਤ ਪਰਿਵਾਰ ਦੇ ਘਰ ਲੈ ਕੇ ਆ ਜਾਵਾਗਾਂ । ਰਜਿੰਦਰ ਭਦੌੜ ਆਪਣੇ ਦੋ ਦੋਸਤਾਂ ਸਮੇਤ ਮਿੱਥੇ ਸਮੇਂ ਤੇ ਪੀੜਤ ਪਰਿਵਾਰ ਕੋਲ ਪਹੁੰਚ ਕੇ ਸਾਰੀਆਂ ਘਟਨਾਵਾਂ ਨੂੰ ਮਨੋ ਵਿਗਿਅਨਕ ਤੇ ਵਿਗਿਅਨਕ ਪੱਖੋਂ ਪੜਤਾਲ ਕਰਕੇ ਪੀੜਤ ਪਰਿਵਾਰ ਨੂੰ ਭੈਅ ਮੁਕਤ ਕਰ ਦਿੱਤਾ । ਕੁੱਝ ਦਿਨਾਂ ਵਿੱਚ ਹੀ ਦੋਸਤ ਦੇ ਘਰ ਦਾ ਮਹੌਲ ਸੁਖਾਵਾਂ/ ਭੈਅ ਮੁਕਤ ਬਣ ਗਿਆ ।
ਮੇਰੇ ਤੇ ਇਸ ਗੱਲ ਨੇ ਬੜਾ ਪ੍ਰਭਾਵ ਪਾਇਆ । ਹੁਣ ਰਜਿੰਦਰ ਭਦੌੜ ਦੁਆਰਾ ਹੱਲ ਕੀਤੇ ਕੇਸਾਂ ਬਾਰੇ ਮੈਂ ਗੱਲਾਂ ਸੁਣਦਾ ਰਹਿਂਦਾ । ਸਾਰੀਆਂ ਗੱਲਾਂ ਬੜੀਆਂ ਦਿਲਚਸਪੀ ਨਾਲ ਸੁਣੀਆਂ ਜਾਦੀਆਂ । ਰਹੱਸਮਈ ਜਾਪਦੀਆਂ ਘਟਨਾਵਾਂ ਜਿਨ੍ਹਾਂ ਨੂੰ ਪ੍ਰੀਵਾਰ ਵਾਲੇ ਜਿੰਨ, ਭੂਤਾਂ-ਪ੍ਰੇਤਾਂ ਨਾਲ ਜੋੜਦੇ , ਉਨ੍ਹਾਂ ਨੂੰ ਰਜਿੰਦਰ ਭਦੌੜ ਦੀ ਟੀਮ ਬੜੀ ਆਸਾਨੀ ਨਾਲ ਹੱਲ ਕਰ ਦਿੰਦੀ । ਪੀੜਤ ਪਰਿਵਾਰਾਂ ਨਾਲ ਵੀ ਗੱਲਾਂ ਕੀਤੀਆਂ ਜਾਣ ਲੱਗੀਆਂ ।
ਹੁਣ ਮੇਰੇ ‘ਤੇ ਵੀ ਰਜਿੰਦਰ ਭਦੌੜ ਦੇ ਵਿਚਾਰਾਂ ਦਾ ਰੰਗ ਚੜ੍ਹ ਚੁੱਕਿਆ ਸੀ । ਮੈਂ ਵੀ ਉਸ ਨਾਲ ਜਾਣਾ ਸ਼ੁਰੂ ਕਰ ਦਿੱਤਾ । ਇਸ ਸਮੇਂ ਦੌਰਾਨ ਭੂਤਾਂ-ਪ੍ਰੇਤਾਂ ਦਾ ਡਰ ਖ਼ਤਮ ਹੋਣ ਲੱਗਾ । ਲੋਕਾਂ ਦੇ, ਕਲਪਿਤ ਭੂਤਾਂ -ਪ੍ਰੇਤਾਂ ਦੇ ਡਰ ਨਾਲ,’ਖੇਡਣ’ ਦੇ ਕੇਸ ਹੱਲ ਹੁੰਦੇ ਦੇਖੇ । ਹੁਣ ਮੈਂ ਤਰਕਸ਼ੀਲ ਵਿਚਾਰਾਂ ਵਿੱਚ ਰੰਗਿਆ ਗਿਆ । ਸਮਝ ਆਈ ਕਿ ਇਸ ਦੁਨੀਆ ਵਿੱਚ ਭੂਤ –ਪ੍ਰੇਤ ਨਾਂ ਦੀ ਕੋਈ ਚੀਜ਼ ਨਹੀ ,ਸਭ ਕਲਪਿਤ ਹਨ। ਸਿਰਫ਼ ਡਰ ਹੈ, ਜਿਹੜਾ ਬਜ਼ੁਰਗਾਂ ਤੋਂ ਗੱਲਾਂ ਸੁਣ ਕੇ ਸਾਡੇ ਅਚੇਤ ਮਨ ਵਿੱਚ ਬੈਠਾ ਹੋਇਅ ਹੈ ।ਇਸ ਡਰ ਨੂੰ ਹੁਣ ਅਖੌਤੀ ਸਿਆਣੇ ਲੋਕਾਂ ਨੂੰ ਭੂਤਾਂ -ਪ੍ਰੇਤਾਂ ਦੇ ਡਰ ਦੇ ਭਰਮ ਜਾਲ ਵਿੱਚ ਪਾ ਕੇ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ।ਤਰਕਸ਼ੀਲ ਸੈਮੀਨਾਰ , ਵਿਚਾਰ –ਗੋਸ਼ਟੀਆਂ, ਤਰਕਸ਼ੀਲ ਨਾਟਕ ਮੇਲੇ ਦੇਖੇ । ਮਨ ਵਿੱਚ ਤਸੱਲੀ ਹੋ ਗਈ ਕਿ ਅਸਲ ਵਿੱਚ ਸਾਨੂੰ ਸਾਰੇ ਪਾਸਿਆਂ ਤੋਂ ਵਹਿਮਾਂ –ਭਰਮਾਂ ਦੇ ਹਨ੍ਹੇਰੇ ਦੇ ਬੁੱਕ ਮਿਲੇ ਹਨ , ਕਿਤੋਂ ਵੀ ਵਿਗਿਆਨਕ ਵਿਚਾਰਾਂ ਦਾ ਛੱਟਾ ਨਹੀਂ ਮਿਲਿਆ। ਰਜਿੰਦਰ ਭਦੌੜ ਦੇ ਸਾਥ ਨਾਲ ਹੁਣ ਹਥੌਲਿਆਂ , ਜਾਦੂ –ਟੂਣਿਆਂ , ਧਾਗੇ – ਤਵੀਤਾਂ ਦੀ ਅਰਥਹੀਣਤਾ ਸਪੱਸਟ ਹੋ ਚੁੱਕੀ ਸੀ ।
ਹੁਣ ਮੈਂ ਵੀ ਪੂਰੀ ਤਰ੍ਹਾਂ ਵਿਗਿਆਨਿਕ ਵਿਚਾਰਾਂ ਵਿੱਚ ਵਿਸ਼ਵਾਸ ਕਰਨ ਲੱਗ ਪਿਆ ਸੀ । ਬਚਪਨ ਵਿੱਚ ਸੁਣੀਆਂ ਤੇ ਪਰਿਵਾਰ ਵਿੱਚ ਕੀਤੀਆਂ ਜਾਂਦੀਆਂ ਫਜ਼ੂਲ ਰਸਮਾਂ ਬਾਰੇ ਵੀ ਜਾਣਿਆ ਕਿ ਕਿਵੇਂ ਇਹ ਅੱਗੇ ਤੋਂ ਅੱਗੇ ਚਲਦੀਆਂ ਰਹਿੰਦੀਆਂ ਹਨ । ਪਰਿਵਾਰਕ ਮੈਂਬਰ ਰਸਮਾਂ ਨੂੰ ਬਿਨ੍ਹਾਂ ਸੋਚੇ –ਸਮਝੇ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਪਰੋਸਦੇ ਰਹਿੰਦੇ ਨੇ । ਜਾਦੂਗਰਾਂ ਦੀ ਚਲਾਕੀ ਬਾਰੇ ਵੀ ਸਪੱਸ਼ਟ ਹੋ ਚੁੱਕਿਆ ਸੀ । ਇਸ ਤਰ੍ਹਾਂ ਮੇਰੇ ਤੇ ਤਰਕਸ਼ੀਲਤਾ ਦਾ ਰੰਗ ਚੜ੍ਹਿਆ । ਤਰਕਸ਼ੀਲ ਬਣ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗਾ ਦਾ ਮੈਂਬਰ ਬਣਿਆ । ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਤੇ ਭਾਈਚਾਰਕ ਸਾਂਝ ਲਈ ਕਾਫੀ ਕੰਮ ਕੀਤਾ ।ਫਿਰ ਕਾਫੀ ਸਮਾਂ ਇਸ ਇਕਾਈ ਦੇ ਮੁਖੀ ਦੀ ਜ਼ਿਮੇਵਾਰੀ ਨਿਭਾਈ।ਫਿਰ ਸੰਗਰੂਰ ਰਿਹਾਇਸ਼ ਕਰ ਲਈ ਤੇ ਕੁੱਝ ਸਮੇਂ ਬਾਅਦ ਸੰਗਰੂਰ- ਬਰਨਾਲਾ ਜੋਨ ਦੇ ਕਨਵੀਨਰ ਦੀ ਜ਼ਿਮੇਵਾਰੀ ਨਿਭਾਉਣ ਉਪਰੰਤ ਇਕਾਈ ਸੰਗਰੂਰ ਦੇ ਜਥੇਬੰਦਕ ਮੁਖੀ ਦੀ ਜ਼ਿਮੇਵਾਰੀ ਮੈਨੂੰ ਸੌਂਪੀ ਗਈ ।ਹੁਣ ਮੈਂ ਅੱਠ ਇਕਾਈਆਂ ਦੇ ਆਧਾਰਤ ਸੰਗਰੂਰ- ਬਰਨਾਲਾ ਜੋਨ ਦੇ ਜਥੇਬੰਦਕ ਮੁਖੀ ਦੀ ਜ਼ਿਮੇਵਾਰੀ ਨਿਭਾ ਰਿਹਾ ਹਾਂ।ਵਿਗਿਆਨਿਕ ਚੇਤਨਾ ਦੇ ਵਿਕਾਸ ਲਈ ਯਤਨਸ਼ੀਲ ਹਾਂ
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਜ਼ੋਨ ਸੰਗਰੂਰ -ਬਰਨਾਲਾ
ਇਕਾਈ ਸੰਗਰੂਰ
ਅਫ਼ਸਰ ਕਲੋਨੀ ਸੰਗਰੂਰ
9417422349