“ਲੋਹੜੀ” ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ
ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ)  “ਲੋਹੜੀ” ਸ਼ਬਦ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਸ਼ਬਦ “ਤਿਲ਼+ਰੋੜੀ” ਦੋ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੋਇਆ ਹੈ ਕਿਉਂਕਿ ਇਸ ਦਿਨ ਜਿਸ ਘਰ ਵਿੱਚ ਨਵ-ਜਨਮੇ ਬਾਲ ਦੇ ਰੂਪ ਵਿੱਚ ਮੁੰਡੇ ਨੇ ਜਨਮ ਲਿਆ ਹੋਵੇ, ਉਸ ਘਰ ਵਿੱਚ ਵਿਸ਼ੇਸ਼ ਤੌਰ ‘ਤੇ ਇਹਨਾਂ ਚੀਜ਼ਾਂ ਨੂੰ ਖਾਧੇ ਅਤੇ ਵੰਡੇ ਜਾਣ ਦੀ ਪਰੰਪਰਾ ਹੈ। ਇਸ ਖ਼ੁਸ਼ੀ ਵਿੱਚ ਮੁੰਡੇ ਦੇ ਘਰਦਿਆਂ ਵੱਲੋਂ ਲੋਹੜੀ ਮੰਗਣ ਵਾਲ਼ਿਆਂ ਨੂੰ ਗੁੜ, ਰਿਓੜੀਆਂ ਅਤੇ ਮੂੰਗਫਲ਼ੀ ਆਦਿ ਚੀਜ਼ਾਂ ਵੰਡੀਆਂ ਜਾਂਦੀਆਂ ਹਨ। ਘਰਾਂ ਜਾਂ ਸਾਂਝੀਆਂ ਥਾਂਵਾਂ ਉੱਤੇ ਲੋਕ ਰਲ਼ ਕੇ  ਧੂਣੀਆਂ ਬਾਲ਼ਦੇ ਹਨ। ਘਰਾਂ ਵਿੱਚ ਬਾਲ਼ੀਆਂ ਜਾਣ ਵਾਲ਼ੀਆਂ ਧੂਣੀਆਂ ਵਿੱਚ ਤਿਲ਼ ਸੁੱਟੇ ਜਾਂਦੇ ਹਨ ਜਿਸ ਨਾਲ਼ ਘਰ ਦਾ ਸਾਰਾ ਦਲਿੱਦਰ ਦੂਰ ਹੋਇਆ ਸਮਝਿਆ ਜਾਂਦਾ ਹੈ।
         ਜੇ ਕਰ ਇਸ ਤਿਉਹਾਰ ਨੂੰ ਉਪਰੋਕਤ ਵਰਤਾਰੇ ਅਨੁਸਾਰ ਮਨਾਉਣ ਦੀ ਪਰੰਪਰਾ ਵਜੋਂ ਦੇਖਿਆ ਜਾਵੇ ਤਾਂ ਇਹਨਾਂ ਸਾਰੇ ਰੀਤੀ-ਰਿਵਾਜਾਂ ਵਿੱਚ ਘਰ ਵਿੱਚ ਜਨਮ ਲੈਣ ਵਾਲ਼ੇ ਬੱਚੇ ਦਾ ਤਾਂ ਕਿਧਰੇ ਜ਼ਿਕਰ ਹੀ ਨਹੀਂ ਆਉਂਦਾ ਜਦਕਿ ਇਹ ਤਿਉਹਾਰ ਨਵ-ਜਨਮੇ ਬਾਲ ਦੀ ਖ਼ੁਸ਼ੀ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਮੇਰੇ ਵਿਚਾਰ ਅਨੁਸਾਰ ਕਿਉਂਕਿ ਇਹ ਤਿਉਹਾਰ ਘਰ ਵਿੱਚ ਨਵੇਂ ਆਏ ਜੀਅ ਦੀ ਖ਼ੁਸ਼ੀ ਵਜੋਂ ਮਨਾਇਆ ਜਾਂਦਾ ਹੈ ਇਸ ਲਈ ਲੋਹੜੀ ਸ਼ਬਦ “ਤਿਲ਼+ਰੋੜੀ” ਜਾਂ ਅਜਿਹੇ ਹੀ ਕਿਸੇ ਹੋਰ ਸ਼ਬਦ ਤੋਂ ਨਹੀਂ ਬਣਿਆ ਹੋਇਆ ਸਗੋਂ ਪੰਜਾਬੀ ਭਾਸ਼ਾ ਦੇ ਇੱਕ ਬਹੁਤ ਹੀ ਪੁਰਾਤਨ ਸ਼ਬਦ “ਲਹੁੜੀ” ਤੋਂ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ: ਸਾਰਿਆਂ ਤੋਂ ਛੋਟੀ ਜਾਂ ਛੋਟਾ। ਇਸ ਦਾ ਸਬੂਤ ਇਹ ਹੈ ਕਿ ਜਿਨ੍ਹਾਂ ਘਰਾਂ ਵਿੱਚ ਮੁੰਡੇ ਦਾ ਜਨਮ ਹੋਇਆ ਹੁੰਦਾ ਹੈ,  ਉਹਨਾਂ ਘਰਾਂ ਵਿੱਚ ਨਵ-ਜਨਮੇ ਬਾਲ ਦੀ ਖ਼ੁਸ਼ੀ ਵਿੱਚ ਮਨਾਏ ਜਾਣ ਵਾਲ਼ੇ ਇਸ ਤਿਉਹਾਰ ਨੂੰ ਘਰ ਵਿੱਚ ਸਭ ਤੋਂ ਛੋਟੇ ਜੀਅ ਦੇ ਆਗਮਨ ਕਾਰਨ “ਲਹੁੜੀ” ਆਖਿਆ ਜਾਣ ਲੱਗਾ ਪਿਆ ਜੋ ਬਾਅਦ ਵਿੱਚ ਰਤਾ ਕੁ ਵਿਗੜ ਕੇ ਲੋਕ-ਉਚਾਰਨ ਵਿੱਚ ਸੁਖੈਨਤਾ ਲਿਆਉਣ ਦੀ ਖ਼ਾਤਰ “ਲੋਹੜੀ” ਦਾ ਰੂਪ ਧਾਰ ਗਿਆ। ਇਸ ਪ੍ਰਕਾਰ ਹੌਲ਼ੀ-ਹੌਲ਼ੀ ਇਹ ਤਿਉਹਾਰ “ਲੋਹੜੀ” ਦੇ ਨਾਂ ਨਾਲ੍ ਪ੍ਰਸਿੱਧ ਹੋ ਗਿਆ। ਕਈ ਘਰਾਂ ਵਿੱਚ ਤਾਂ ਅੱਜ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ ਜੋਕਿ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਹੀ ਸ਼ੁੱਭ ਸਗਨ ਹੈ।
         ਇਸ ਗੱਲ ਦੇ ਸਬੂਤ ਵਜੋਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਵਿੱਚ ਇਸ ਸ਼ਬਦ ਦਾ ਜ਼ਿਕਰ “ਛੋਟਾ” ਜਾਂ “ਛੋਟੀ” ਦੇ ਅਰਥਾਂ ਵਿੱਚ ਵਾਰ-ਵਾਰ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ;
ਜਿਉ ਲਹੁੜੀ ਚੀਚੂੰਗਲੀ ਪੈਧੀ ਛਾਪ ਮਿਲੀ ਵਡਿਆਈ ॥
ਲਹੁੜੀਂ ਘਨਹਰ ਬੂੰਦ ਹੋਇ ਪਰਗਟ ਮੋਤੀ ਸਿਪ ਸਮਾਈ॥
ਲਹੁੜੀ ਬੂਟੀ ਕੇਸਰੈ ਮਥੈ ਟਿਕਾ ਸੋਭਾ ਪਾਈ॥
ਲਹੁੜੀਂ ਪਾਰਸ ਪਥਰੀ ਅਸਟ ਧਾਤੂ ਕੰਚਨ ਕਰਵਾਈ॥
ਜਿਉਂ ਮਣਿ ਲਹੁੜੇ ਸਪ ਸਿਰ ਦੇਖੈ ਲੁਕ ਲੁਕ ਲੋਕ ਲੁਕਾਈ॥
ਜਾਨ ਰਸਾਇਣ ਪਾਰਿਅਹੁ ਰਤੀ ਮੁਲ ਨਾ ਜਾਇ ਮੁਲਾਈ॥
ਆਪ ਗਣਾਇ ਨਾ ਆਪ ਗਣਾਈ॥
      (*ਚੀਚੂੰਗਲੀ= ਚੀਚੀ ਉਂਗਲ਼ੀ; ਮਣਿ=ਮਣੀ)
          ਇਸ ਲਈ ਉਪਰੋਕਤ ਅਨੁਸਾਰ ਬਹੁਤੀ ਸੰਭਾਵਨਾ ਇਹੋ ਹੀ ਹੈ ਕਿ “ਲੋਹੜੀ” ਸ਼ਬਦ ਦਾ ਜਨਮ ਇਸੇ “ਲਹੁੜੀ” ਸ਼ਬਦ ਤੋਂ ਹੀ ਹੋਇਆ ਹੈ ਜਿਸ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਵੀ ਕੀਤੀ ਹੈ। ਇਸ ਪ੍ਰਕਾਰ ਦੇਖਿਆਂ ਪਤਾ ਲੱਗਦਾ ਹੈ ਕਿ “ਲਹੁੜੀ” ਸ਼ਬਦ ਤਾਂ ਹੌਲ਼ੀ-ਹੌਲ਼ੀ ਪੰਜਾਬੀ ਭਾਸ਼ਾ ਵਿੱਚੋਂ ਲਗ-ਪਗ ਪੂਰੀ ਤਰ੍ਹਾਂ ਨਾਲ਼ ਹੀ ਅਲੋਪ ਹੋ ਗਿਆ ਹੈ ਪਰ ਜਾਂਦਾ-ਜਾਂਦਾ ਆਪਣੇ ਪਿੱਛੇ “ਲੋਹੜੀ” ਦਾ ਤਿਉਹਾਰ ਮਨਾਉਣ ਦੀ ਪਰੰਪਰਾ ਜ਼ਰੂਰ ਛੱਡ ਗਿਆ ਹੈ।
                            ……………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਰਾ ਘੁਮਿਆਰਾ (ਭਾਗ 9)
Next articleक्या बाबासाहेब की विचारधारा हिंदू राष्ट्रवादी राजनीति से मेल खाती है?