(ਸਮਾਜ ਵੀਕਲੀ)
ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਸੂਰਮਿਆਂ ਲਈ ਆਪਣੀ ਜਾਤ, ਖ਼ਿੱਤਾ ਅਤੇ ਧਰਮ ਆਦਿ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਸੀ। ਉਨ੍ਹਾਂ ਦੀ ਆਪਸੀ ਸਾਂਝ ਦਾ ਸੂਤਰ ਸਿਰਫ਼ ਵਤਨ ਪ੍ਰੇਮ ਸੀ। ਇਸ ਕਰਕੇ ਹੀ ‘ਬੱਬਰ ਅਕਾਲੀ’ ਵਰਗੀ ਨਿਰੋਲ ਸਿੱਖ ਲਹਿਰ ਵਿਚ ਮੁਸਲਮਾਨ ਵੀ ਸ਼ਾਮਿਲ ਸਨ। ਗ਼ਦਰ ਲਹਿਰ ਵਿਚ ਭਾਵੇਂ ਸਿੱਖ/ਪੰਜਾਬੀ ਵੱਡੀ ਗਿਣਤੀ ਵਿਚ ਸਨ, ਪਰ ਇਹ ਹਿੰਦੂ-ਸਿੱਖ-ਮੁਸਲਮਾਨ ਸਾਂਝ ਤੇ ਹੀ ਉਸਾਰੀ ਗਈ ਧਾਰਮਿਕ ਪਹਿਚਾਣ ਰਹਿਤ ਪਾਰਟੀ ਸੀ। ਆਜ਼ਾਦੀ ਤੋਂ ਬਾਅਦ ਸੰਘੀਆਂ ਨੇ ਸਾਵਰਕਾਰ ਨੂੰ ਹਿੰਦੂ ਵੀਰ ਵਜੋਂ ਉਚਿਆਉਣ ਦੀ ਪੂਰੀ ਕੋਸ਼ਿਸ਼ ਕਰੀ, ਕਾਂਗਰਸ ਨੇ ਅਜ਼ਾਦੀ ਲਈ ਹੋਈ ਜਦੋ-ਜਹਿਦ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਇਤਿਹਾਸ ਨੂੰ ਆਪੇ ਤਰੀਕੇ ਨਾਲ ਲਿਖਵਾਇਆ ਅਤੇ ਪੜਾਇਆ।
ਪੰਜਾਬ ਕੇਸਰੀ/ਲੋਹ ਪੁਰਸ਼ ਆਦਿ ਲਕਬ ਸਕੂਲੀ ਪਾਠਕ੍ਰਮ ਰਾਹੀਂ ਪੱਕੇ ਕੀਤੇ ਗਏ। ਇਸੇ ਹੀ ਰੁਝਾਣ ਤਹਿਤ ਊਧਮ ਸਿੰਘ ਦੁਆਰਾ ਵਰਤੇ ਗਏ ਨਾਮ ਮੁਹੰਮਦ ਸਿੰਘ ਆਜ਼ਾਦ ਦੇ ਅੱਗੇ ਰਾਮ ਲਾਇਆ ਗਿਆ। ਭਗਤ ਸਿੰਘ ਦੀ ਪੱਗ ਵਾਲੀ ਪਹਿਚਾਣ ਖਤਮ ਕਰਨ ਲਈ ਉਸ ਨੂੰ ਆਰੀਆ ਸਮਾਜੀ ਅਤੇ ਟੋਪਧਾਰੀ ਬਣਾਉਣ ਲਈ ਇਕ ਮੁਹਿੰਮ ਚਲਾਈ ਗਈ। ਹਿੰਦੂਤਵੀ ਅਤੇ ਸਰਕਾਰੀ ਕੋਸ਼ਿਸ਼ਾਂ ਦੇ ਪੈਰਲਲ ਸਿੱਖਾਂ ਵਿਚ ਵੀ ਅਜਿਹੀ ਇਕ ਲਾਬੀ ਪੈਦਾ ਹੋ ਗਈ ਜੋ ਸ਼ਹੀਦਾਂ ਨੂੰ ਸਿੱਖ ਪਹਿਚਾਣ ਦੇਣ ਲਈ ਵਿਚਾਰਾਂ ਦੀ ਬਜਾਏ ਬਾਹਰੀ ਦਿੱਖ ਅਤੇ ਚਿੰਨ੍ਹਾਂ ਨੂੰ ਆਧਾਰ ਬਣਾ ਕੇ ਇਤਿਹਾਸ ਨੂੰ ਧਾਰਮਿਕ ਰੰਗਤ ਦੇਣ ਲੱਗ ਪਈ।
ਵਰਤਮਾਨ ਵਿਚ ਮੋਨੇ/ਸਿੱਖ ਵਾਲੀ ਖੇਡ ਸਰਾਭੇ ਬਾਰੇ ਵੀ ਚੱਲ ਰਹੀ ਹੈ। ਦੁੱਖ ਦੀ ਗੱਲ ਹੈ ਕਿ ਇਹ ਕੋਸ਼ਿਸ਼ ਕੁੱਝ ਪੜ੍ਹੇ ਲਿਖੇ ਕੱਟੜ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਾਧਾਰਨ ਸਿੱਖ ਇਸ ਧਾਰਨਾ ਨੂੰ ਅੱਗੇ ਫੈਲਾਉਣ ਵਿਚ ਲੱਗੇ ਹੋਏ ਹਨ। ਮੂਲਵਾਦੀ ਆਪਣੇ ਅੰਦਰਲੇ ਉਲਾਰ ਮੁਤਾਬਕ ਸਰਾਭੇ ਦੀ ਦਿੱਖ ਦੀ ਕਲਪਨਾ ਤੇ ਵਕਾਲਤ ਕਰ ਰਹੇ ਹਨ, ਜਦ ਕਿ ਇਸਦਾ ਉਸਦੇ ਵਿਚਾਰਾਂ ਅਤੇ ਅਮਲ ਨਾਲ ਕੋਈ ਵਾਸਤਾ ਹੀ ਨਹੀਂ ਹੈ। ਇਸ ਨਾਲ ਸ਼ਹੀਦਾਂ ਦੀ ਵੰਡ ਹੀ ਨਹੀਂ ਪੈ ਰਹੀ, ਸਗੋਂ ਉਨ੍ਹਾਂ ਦੀ ਕਿਰਦਾਰਕੁਸ਼ੀ ਵੀ ਹੋ ਰਹੀ ਹੈ। ਗ਼ਦਰੀਆਂ ਵੱਲੋਂ ਜੋ ਇਤਿਹਾਸ ਆਪ ਲਿਖਿਆ ਹੈ, ਉਹਦੇ ਵਿਚੋਂ ਇਹੋ ਵਿਚਾਰ ਉਜਾਗਰ ਹੁੰਦੇ ਨੇ ਕਿ ਉਨ੍ਹਾਂ ਦੀ ਪਹਿਚਾਣ ਹਿੰਦੁਸਤਾਨੀ ਹੈ।
ਉਹਨਾਂ ਦੇ ਅਜਿਹੇ ਸਰੋਤਾਂ ਦੀ ਹੋਂਦ ਵਿਚ ਅਸੀਂ ਕੌਣ ਹਾਂ, ਉਹਨਾਂ ਨੂੰ ਸਿੱਖ, ਹਿੰਦੂ, ਮੁਸਲਮਾਨ ਜਾਂ ਆਸਤਿਕ-ਨਾਸਤਿਕ ਬਨਾਉਣ ਵਾਲੇ? ਜਿਹੜੇ ਸੱਜਣ ਗ਼ਦਰੀਆਂ ਨੂੰ ਸਿੱਖ ਸਾਬਤ ਕਰ ਕੇ ਜਾਂ ਸਰਾਭੇ ਦੇ ਸਿਰ ‘ਤੇ ਪੱਗ ਸਜਾ ਕੇ, ਇਹੋ ਜਹੇ ਸਬੂਤਾਂ ਦੇ ਆਧਾਰ ‘ਤੇ ਗ਼ਦਰੀਆਂ ਦੀ ਲੜਾਈ ਨੂੰ ‘ਸਿੱਖ ਲੜਾਈ’ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ ਉਹ ਕਦੀ ਇਹ ਬਿੰਬ ਸਥਾਪਿਤ ਨਹੀਂ ਕਰ ਸਕਣਗੇ। ਨੋਟ ਕੀਤਾ ਜਾਵੇ ਕਿ ‘ਸਰਾਭੇ’ ਦੀ ਇੱਕੋ ਹੀ ਫੋਟੋ ਮਿਲਦੀ ਏ ਤੇ ਉਹ ਮੋਨੇ ਸਿਰ ਵਾਲੀ ਹੈ। ਜੇ ਸੋਭਾ ਸਿੰਘ ਸਰਾਭੇ ਦੀ ਫੋਟੋ ਬਣਾਉਂਦਿਆਂ ਉਸ ਦੇ ਸਿਰ ਤੇ ਆਪਣੇ ਕੋਲੋਂ ਪੱਗ ਰੱਖ ਵੀ ਦਿੱਤੀ ਤਾਂ ਵੀ ਇਹ ਇਤਿਹਾਸ ਨਹੀਂ ਬਣ ਸਕਦਾ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਰਾਭੇ ਨੇ ਕਦੀ ਪੱਗ ਨਹੀਂ ਬੰਨ੍ਹੀ ਹੋਵੇਗੀ। ਪਰ ਪੱਗ ਵਾਲੀ ਅਸਲੀ ਫੋਟੋ ਕੋਈ ਹੈ ਨਹੀਂ, ਸਭ ਫੋਟੋ ਬਣਾਈਆਂ ਹੋਈਆਂ ਹਨ।
ਪੱਗ ਸਾਡੇ ਸਭਿਆਚਾਰ ਸਾਡੀ ਵਿਰਾਸਤ ਦਾ ਪ੍ਰਤੀਕ ਹੈ। ਗ਼ਦਰੀਆਂ ਨੇ ਜੇਲ੍ਹਾਂ ਵਿਚ ਪੱਗ ਬੰਨ੍ਹਣ ਦੇ ਹੱਕ ਲਈ ਸੰਘਰਸ਼ ਵੀ ਕੀਤੇ, ਭੁੱਖ ਹੜਤਾਲਾਂ ਕੀਤੀਆਂ ਤੇ ਇਸ ਸਭਿਆਚਾਰਕ ਚਿੰਨ੍ਹ ਦੀ ਬਹਾਲੀ ਲਈ ਇਹਨਾਂ ਭੁੱਖ-ਹੜਤਾਲਾਂ ਵਿਚ ਹਿੰਦੂ ਆਖੇ ਜਾਂਦੇ ਗ਼ਦਰੀਆਂ ਨੇ ਵੀ ਹਿੱਸਾ ਲਿਆ ਸੀ। ਜੇ ਬਾਕੀ ਸਾਰੇ ਗ਼ਦਰੀ ਪੱਗ ਬੰਨ੍ਹਦੇ ਸਨ ਤਾਂ ਸਰਾਭੇ ਦੀ ਪੱਗ ਤੋਂ ਸਾਨੂੰ-ਤੁਹਾਨੂੰ ਕੀ ਤਕਲੀਫ਼ ਹੋਣੀ ਸੀ। ਤਕਲੀਫ਼ ਤਾਂ ਇਸ ਗੱਲ ਦੀ ਹੈ ਕਿ ਅੱਜ ਸਰਾਭੇ ਨੂੰ ਪੱਗ ਵਾਲਾ ਸਾਬਤ ਕਰ ਕੇ ਉਹਨੂੰ ਖ਼ਾਸ ਕਿਸਮ ਦਾ ਸਿੱਖ ਬਨਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਂਜ ਕੇਸ ਤਾਂ ਬਾਬੇ ਸੋਹਣ ਸਿੰਘ ਭਕਨੇ ਨੇ ਵੀ ਅਮਰੀਕਾ ਜਾ ਕੇ ਮੁਨਾ ਲਏ ਸਨ। ਇਹ ਸਭ ਉਨ੍ਹਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਤੋਂ ਬਾਹਰੀਆਂ ਗੱਲਾਂ ਹਨ।
ਸਰਕਾਰੀ ਦਸਤਾਵੇਜ਼ਾਂ ਵਿਚ ਵੀ ਕਰਤਾਰ ਸਿੰਘ ਸਰਾਭੇ ਦਾ ਐੱਸ ਐੱਸ ਸਾਈਬੇਰੀਆ ਸ਼ਿਪ ਵਿਚ ਸਵਾਰ ਹੋ ਕੇ ਅਮਰੀਕਾ ਜਾਣ ਲਈ ਖ਼ੁਦ ਭਰਿਆ ਗਿਆ ਹਲਫ਼ੀਆ ਬਿਆਨ ਵੀ ਇਨ੍ਹਾਂ ਅਖੌਤੀ ਦਾਵਿਆਂ ਨੂੰ ਖ਼ਾਰਜ ਕਰਦਾ ਹੈ। ਉਸ ਵਿਚ ਸਰਾਭੇ ਨੇ ਖ਼ੁਦ ਆਪਣੇ ਆਪ ਨੂੰ ਸਿੱਖ ਦੀ ਬਜਾਏ ਹਿੰਦੂ ਲਿਖਵਾਇਆ ਹੈ। ਅੱਜ ਸਾਨੂੰ ਸਰਾਭੇ ਦੀ ਦਿੱਖ, ਧਰਮ ਅਤੇ ਪਹਿਚਾਣ ਆਦਿ ਦੀ ਨਿਸ਼ਾਨਦੇਹੀ ਕਰਨ ਦੀ ਬਜਾਏ ਉਸ ਦੀ ਸੋਚ ਅਤੇ ਅਮਲ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਸਰਾਭੇ ਦੇ ਸਿਰ ਤੇ ਪੱਗ ਰੱਖਣ ਦੀ ਬਜਾਏ ਉਸ ਪੱਗ ਥੱਲੇ ਮੌਜੂਦ ਨਾਬਰ ਸਿਰ ਤੇ ਉਸ ਸਿਰ ਵਿੱਚ ਮੌਜੂਦ ਰੌਸ਼ਨ ਦਿਮਾਗ ਵਿੱਚੋਂ ਨਿਕਲੇ ਸ਼ਬਦਾਂ ਨੂੰ ਸਨਮੁੱਖ ਰੱਖਣਾ ਪਵੇਗਾ। ਕੱਟੇ ਹੋਏ ਵਾਲਾਂ ਵਾਲਾ ਕਰਤਾਰ ਸਿੰਘ ਸਰਾਭਾ ਤੁਫ਼ਾਨਾਂ ਦਾ ਸ਼ਾਹ ਅਸਵਾਰ ਸੀ,
ਆਓ ਉਸ ਨੂੰ ਉਸ ਦੇ ਉਸੇ ਹੀ ਰੂਪ ਵਿਚ ਚਿਤਵਦੇ ਹੋਏ ਅੱਜ ਉਸ ਦੇ ਜਨਮ ਦਿਨ ਤੇ ਉਸ ਨੂੰ ਨਮਨ ਕਰੀਏ !
ਸਰਬਜੀਤ ਸੋਹੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly