(ਸਮਾਜ ਵੀਕਲੀ)- ਭਾਰਤ ਵਿੱਚ ਕੁੱਲ ਲਗਭਗ 26000 ਸਰਕਾਰੀ ਹਸਪਤਾਲ ਹਨ। 135 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿੱਚ ਜੇ ਔਸਤਨ ਕੱਢੀਏ ਤਾਂ ਹਰ ਇੱਕ ਹਸਪਤਾਲ ਦੇ ਹਿੱਸੇ 51000 ਲੋਕ ਆਉਂਦੇ ਹਨ। ਇਹਨਾਂ 51000 ਚੋ ਜੇ ਕਰ 20% ਲੋਕਾਂ ਨੂੰ ਇਲਾਜ ਦੀ ਜ਼ਰੂਰਤ ਪੈ ਜਾਵੇ ਤਾਂ ਕਿ ਸਾਡੇ ਕੋਲ ਇਹਨਾਂ 10000 ਵਿਅਕਤੀਆਂ ਨੂੰ ਇਕ ਹਸਪਤਾਲ ਵਿੱਚ ਸਾਂਭਣ ਲਈ ਪ੍ਰਤੱਖ ਪ੍ਰਬੰਧ ਹਨ? ਅੱਜ ਕਰੋਨਾ ਦੀ ਮਹਾਂਮਾਰੀ ਨੇ ਸਰਕਾਰੀ ਸਹਿਤ ਵਿਭਾਗ ਦੀ ਅਸਲ ਸੱਚਾਈ ਦਾ ਨਿਚੋੜ ਸਾਡੇ ਸਾਹਮਣੇ ਰੱਖ ਦਿੱਤਾ ਹੈ। ਹਰ ਕਦਮ ਤੇ ਸਰਕਾਰੀ ਸਹਿਤ ਵਿਭਾਗ ਫੇਲ੍ਹ ਹੁੰਦਾ ਨਜ਼ਰ ਆਇਆ ਹੈ। ਪੰਜਾਬ ਦੇ ਬਹੁਤੇ ਸਰਕਾਰੀ ਹਸਪਤਾਲਾਂ ਵਿੱਚ ਤਾਂ ਡਾਕਟਰਾਂ ਦੀਆਂ ਅਸਾਮੀਆਂ ਹੀ ਖਾਲੀ ਪਈਆਂ ਹਨ। ਜਿਵੇਂ ਕੀ ਕਰੋਨਾ ਮਹਾਂਮਾਰੀ ਵਿੱਚ ਮਰੀਜ਼ਾਂ ਦੇ ਇਲਾਜ ਲਈ ਜਾਂ ਉਹਨਾਂ ਨੂੰ ਕੁੱਝ ਹੱਦ ਤੱਕ ਅਰਾਮ ਦਿਵਾਉਣ ਲਈ ਵੈਟੀਲੇਟਰਾਂ ਦੀ ਜ਼ਰੂਰਤ ਪੈਂਦੀ, ਪਹਿਲਾਂ ਤਾ ਹਸਪਤਾਲਾਂ ਵਿੱਚ ਵੈਟੀਲੇਟਰ ਹੀ ਨਹੀਂ ਹੁੰਦੇ, ਜੇ ਕਰ ਕਿਸੇ ਹਸਪਤਾਲ ਵਿੱਚ ਵੈਟੀਲੇਟਰ ਮੁਹੱਈਆ ਵੀ ਕਰਵਾਏ ਜਾਣ ਤਾਂ ਉਹਨਾਂ ਵੈਟੀਲੇਟਰਾਂ ਨੂੰ ਚਲਾਉਣ ਲਈ ਸਟਾਫ਼ ਹੀ ਨਹੀਂ ਹੁੰਦਾ, ਜਿਸ ਦੌਰਾਨ ਉਹ ਵੈਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੇ ਜਾਂਦੇ ਹਨ, ਤੇ ਪ੍ਰਾਈਵੇਟ ਹਸਪਤਾਲ ਮਨ ਮਰਜ਼ੀ ਦੇ ਪੈਸੇ ਲੈ ਕੇ ਇਲਾਜ ਕਰਦੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਪੈਸੇ ਵਾਲਾ ਅਮੀਰ ਬੰਦਾ ਤਾਂ ਔਖਾ ਸੋਖਾ ਹੋ ਕੇ ਆਪਣਾ ਇਲਾਜ ਕਰਵਾ ਲੈਂਦਾ ਹੈ, ਪਰ ਮਾਰ ਪੈਂਦੀ ਹੈ ਹਰ ਗਰੀਬ ਇਨਸਾਨ ਨੂੰ, ਜਿਸ ਕੋਲ ਇਲਾਜ ਕਰਵਾਉਣ ਲਈ ਤਾਂ ਕੀ ਦੋ ਵਕਤ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ। ਆਖਰਕਾਰ ਸਰਕਾਰ ਇਹਨਾਂ ਲੋਕਾਂ ਬਾਰੇ ਕਦੋਂ ਸੋਚੇਗੀ?
ਭਾਰਤ ਨੂੰ ਅਜ਼ਾਦ ਹੋਇਆ 70 ਸਾਲਾਂ ਤੋ ਵੀ ਵੱਧ ਦਾ ਸਮਾਂ ਹੋ ਗਿਆ ਹੈ, ਪਰ ਸਾਡਾ ਦੇਸ਼ ਹਾਲੇ ਵੀ ਉਹਨਾਂ ਮੁਸ਼ਕਿਲਾਂ ਨਾਲ ਨਜਿੱਠ ਰਿਹਾ ਹੈ ਜੋ ਕਿ ਅਜ਼ਾਦੀ ਤੋਂ ਪਹਿਲਾਂ ਦੀਆਂ ਹਨ। ਇਸ ਵਾਰ ਭਾਰਤ ਸਰਕਾਰ ਨੇ ਬਜਟ ਵਿੱਚ ਸਿਹਤ ਵਿਭਾਗ ਨੂੰ 223846 ਕਰੋੜ ਰੁਪਏ ਦਿੱਤੇ ਹਨ। ਤੇ ਪਿਛਲੇ ਸਾਲ ਸਿਹਤ ਵਿਭਾਗ ਨੂੰ 94452 ਕਰੋੜ ਰੁਪਏ ਦਿੱਤੇ ਸਨ। ਇਹ ਵੱਡੀ ਰਕਮ ਜਿਸ ਬਾਰੇ ਆਮ ਇਨਸਾਨ ਅੰਦਾਜ਼ਾ ਵੀ ਨਹੀਂ ਲੱਗਾ ਸੱਕਦਾ ਆਖ਼ਰਕਾਰ ਇਹ ਰਕਮ ਜਾਂਦੀ ਕਿੱਥੇ ਹੈ? ਆਮ ਲੋਕਾਂ ਤੱਕ ਤਾਂ ਇਹਦੀ ਵਰਤੋਂ ਕਦੇ ਪਹੁੰਚੀ ਹੀ ਨਹੀਂ? ਜਿਵੇਂ ਕੀ ਅਸੀ ਵੇਖਦੇ ਹੀ ਹਾਂ ਕਿ ਸਰਕਾਰੀ ਕੰਮਾਂ ਵਿੱਚ ਕਿੰਨਾ ਘਪਲਾ ਹੁੰਦਾ ਹੈ, ਇਸ ਵਿਭਾਗ ਵਿੱਚ ਵੀ ਆਹੀ ਕੁੱਝ ਹੁੰਦਾ ਹੋਵੇਗਾ? ਪਿਛਲੇ ਕੁੱਝ ਕੁ ਦਿਨਾਂ ਦੀ ਗੱਲ ਹੈ ਕਰੋਨਾ ਮਹਾਂਮਾਰੀ ਦੇ ਦੌਰਾਨ ਪੰਜਾਬ ਵਿੱਚ ਪੀ.ਐਮ ਕੇਅਰ ਫੰਡ ਵਿੱਚੋਂ 320 ਵੈਟੀਲੈਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਦਿੱਤੇ ਗਏ, ਜ਼ਿਹਨਾਂ ਵਿੱਚੋਂ 280 ਚੱਲਣ ਤੋਂ ਪਹਿਲਾਂ ਹੀ ਖ਼ਰਾਬ ਨਿਕਲੇ। ਆਪਾਂ ਇਸ ਗੱਲ ਤੋ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਦੇਸ਼ ਦੀ ਸਰਕਾਰ ਸਾਡੀ ਸਿਹਤ ਨੂੰ ਲੈ ਕੇ ਕਿੰਨੀ ਕੂ ਫਿਕਰਮੰਦ ਹੈ। ਇਸ ਕਰੋਨਾ ਮਹਾਂਮਾਰੀ ਵਿੱਚ ਹਰ ਜ਼ਰੂਰਤਮੰਦ ਵਸਤੂ ਜਿਵੇਂ ਕਿ ਵੈਕਸੀਨ, ਆਕਸੀਜਨ, ਹਸਪਾਤਾਲਾਂ ਵਿੱਚ ਬੈਡ ਆਦਿ ਦੀ ਕਾਲਾ ਬਜ਼ਾਰੀ ਨੇ ਬੜੇ ਹੀ ਸਵਾਲ ਪੈਦਾ ਕੀਤੇ ਹਨ। ਆਖ਼ਰਕਾਰ ਕਦੋਂ ਤੱਕ ਦੇਸ਼ ਦਾ ਆਮ ਨਾਗਰਿਕ ਇਹਨਾਂ ਕਾਲੇ ਕੰਮਾਂ ਦਾ ਸ਼ਿਕਾਰ ਹੁੰਦਾ ਰਹੇਗਾ। ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ, ਚਾਹੇ ਉਹ ਅਮੀਰ ਹੈ ਯਾ ਗਰੀਬ।
– ਮਨਿੰਦਰ ਸਿੰਘ ਘੜਾਮਾਂ
9779390233