ਸੜਕ ਸੁਰੱਖਿਆ ਮਹੀਨਾ
ਜ਼ਿਲ੍ਹੇ ’ਚ ਬਲੈਕ ਸਪੋਟਸ ਦੀ ਗਿਣਤੀ ਘੱਟ ਕੇ 23 ਹੋਈ, ਸੜਕ ਦੁਰਘਨਾਵਾਂ ’ਚ ਵੀ 43 ਫੀਸਦੀ ਕਮੀ ਆਈ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 31 ਜਨਵਰੀ ਤੱਕ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮਕਸਦ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਹੈ ਜਿਸ ਦਾ ਵਿਸ਼ਾ (ਥੀਮ) ’ਪਰਵਾਹ’ ਜਾਂ ’ਦੇਖਭਾਲ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਵੱਡੀ ਯੋਜਨਾ ਬਣਾਈ ਹੈ। ਸੜਕ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਅਤੇ ਹਿੱਸੇਦਾਰਾਂ ਦੇ ਸਹਿਯੋਗ ਨਾਲ ਮਿਲ ਕੇ ਲੋਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵਿਸ਼ੇਸ਼ ਕਰਕੇ ਡਰਾਈਵਰਾਂ, ਪੈਦਲ ਯਾਤਰੀਆਂ ਅਤੇ ਹੋਰ ਆਵਾਜਾਈ ਵਿਚ ਸਕਰਾਤਮਕ ਬਦਲਾਅ ਲਿਆਉਣਾ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸੜਕ ’ਤੇ ਰੋਡ ਮਾਰਕਿੰਗ, ਸਾਈਨ ਬੋਰਡ ਲਗਾਉਣ ਅਤੇ ਦੁਰਘਟਨਾਗ੍ਰਸਤ ਥਾਵਾਂ (ਬਲੈਕ ਸਪੋਟਸ) ਨੂੰ ਠੀਕ ਕਰਵਾਉਣ ਲਈ ਪੀ.ਡਬਲਯੂ.ਡੀ. (ਪੁੱਲ ਤੇ ਸੜਕਾਂ) ਹੁਸ਼ਿਆਰਪੁਰ ਦੇ ਐਕਸੀਅਨ ਨੂੰ 8 ਲੱਖ 21 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਇਸ ਫ਼ੰਡ ਨਾਲ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਤੱਕ ਚੰਡੀਗੜ੍ਹ ਰੋਡ ਦਾ ਕੰਮ ਕਰਵਾ ਕੇ ਸੜਕ ਨੂੰ ਦੁਰਘਟਨਾਮੁਕਤ ਬਣਾਉਣ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲ ਪੰਜਾਬ ਨੂੰ ਸੜਕ ਸੁਰੱਖਿਆ ਦੇ ਖੇਤਰ ਵਿਚ ਮੋਹਰੀ ਬਣਾਉਣ ਦੀ ਦਿਸ਼ਾ ਵਿਚ ਇਕ ਕਦਮ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸੜਕਾਂ ਦੀ ਮੁਰੰਮਤ, ਬਲੈਕ ਸਪੋਟਸ ਦੀ ਪਹਿਚਾਣ, ਸੁਧਾਰ, ਸੜਕ ਨਿਸ਼ਾਨ ਅਤੇ ਰੋਡ ਮਾਰਕਿੰਗ ਦਾ ਕੰਮ ਪਹਿਲ ਦੇ ਆਧਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਬਲੈਕ ਸਪੋਟਸ ਦੀ ਗਿਣਤੀ 44 ਤੋਂ ਘੱਟ ਕੇ 23 ਰਹਿ ਗਈ ਹੈ ਅਤੇ ਸੜਕ ਦੁਰਘਟਨਾਵਾਂ ਵਿਚ 43 ਫੀਸਦੀ ਦੀ ਕਮੀ ਦਰਜ਼ ਕੀਤੀ ਗਈ ਹੈ। ਰੀਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ) ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੜਕ ਇੰਜਨੀਅਰਿੰਗ ਆਡਿਟ ਲਈ ਸਥਾਨਕ ਇੰਜੀਨੀਅਰਿੰਗ ਕਾਲਜਾਂ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਅਖ਼ਬਾਰਾਂ ਅਤੇ ਜਨ ਸਭਾਵਾਂ ਰਾਹੀਂ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਰਫਤਾਰ, ਸ਼ਰਾਬ ਪੀ ਕੇ ਵਾਹਨ ਚਲਾਉਣ ਅਤੇ ਹੈਲਮੇਟ ਤੇ ਸੀਟ ਬੈਲਟ ਨਾ ਪਹਿਨਣ ਵਰਗੇ ਖਤਰਿਆਂ ’ਤੇ ਚਾਨਣਾ ਪਾਇਆ ਜਾ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆ ਨੂੰ ਵਿਸ਼ੇਸ਼ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਆਰ.ਟੀ.ਓ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਵਲੋਂ ਤੇਜ਼ ਰਫ਼ਤਾਰ, ਗਲਤ ਸਾਈਡ ਡਰਾਈਵਿੰਗ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਮਹੀਨੇ ਦੌਰਾਨ ਸਹਾਇਕ ਰੀਜ਼ਨਲ ਟਰਾਂਸਪੋਰਟ ਅਫ਼ਸਰ ਸੰਦੀਪ ਭਾਰਤੀ ਨੇ ਬੁੱਧਵਾਰ ਰਾਤ ਹੋਲੀ ਗਤੀ ਵਾਲੇ ਵਾਹਨਾਂ ਜਿਵੇਂ ਕਿ ਟਰੈਕਟਰ-ਟਰਾਲੀਆਂ ਅਤੇ ਆਟੋ ਰਿਕਸ਼ਾ ਦੇ ਪਿੱਛੇ ਰਿਫਲੈਕਟਰ ਟੇਪ ਲਗਾਏ ਤਾਂ ਜੋ ਧੁੰਦ ਦੌਰਾਨ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਰਾਤ ਨੂੰ ਹੀ ਆਪਣੀ ਟੀਮ ਨਾਲ ਉਨ੍ਹਾਂ ਨੇ ਓਵਰਲੋਡ ਅਤੇ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨਾਂ ’ਤੇ ਕਾਰਵਾਈ ਕਰਦੇ ਹੋਏ 17 ਵਾਹਨਾਂ ਦਾ ਚਾਲਾਨ ਵੀ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਲਈ ਵਿਸ਼ੇਸ਼ ਰੋਡ ਸੇਫਟੀ ਫੋਰਸ ਅਤੇ ਆਧੁਨਿਕ ਤਕਨੀਕ ਨਾਲ ਲੈਸ ਰੋਡ ਸੇਫਟੀ ਲੈਬਸ ਸਥਾਪਿਤ ਕੀਤੇ ਹਨ। ਨਤੀਜੇ ਵਜੋਂ ਰਾਜ ਵਿਚ ਸੜਕ ਦੁਰਘਟਨਾਵਾਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਈ ਹੈ।
https://play.google.com/store/apps/details?id=in.yourhost.samaj