(ਸਮਾਜ ਵੀਕਲੀ) ਹੁਸ਼ਿਆਰਪੁਰ ਦੇ ਟਾਂਡਾ ਰੋਡ ‘ਤੇ ਭੰਗੀ ਚੋਅ ਦੇ ਪੁਲ ਤੋਂ ਪਹਿਲਾਂ ਬੱਸੀ ਜਾਨਾ ਵਿਖ਼ੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਸਰਕਾਰ ਵਲੋਂ ਬਣਾਇਆ ਗਿਆ “ਵਣ ਚੇਤਨਾ ਪਾਰਕ” ਜਿੱਥੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ, ਪੰਛੀਆਂ ਦੀ ਹੋਦ ਨੂੰ ਬਚਾਉਣ, ਮਨੁੱਖ ਦੀ ਸਿਹਤ ਅਤੇ ਮਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਕੁਦਰਤੀ ਨਜਾਰਿਆਂ ਨੂੰ ਬਚਾਉਣ ਦੇ ਵੱਡੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ ਪਰ 32 ਸਾਲਾਂ ਬਾਅਦ ਵੀ ਇਸ ਪਾਰਕ ਦੀ ਨੁਹਾਰ ਵਿਕਸਿਤ ਪਾਰਕ ਵਜੋਂ ਨਹੀਂ ਹੋ ਸਕੀ ਪਰ ਇਸ ਦੀ ਬਜਾਏ ਇਹ ਵਣ ਚੇਤਨਾ ਪਾਰਕ “ਆਸ਼ਿਕਾਂ ਦੇ ਅੱਡੇ” ਵੱਜੋਂ ਜਰੂਰ ਪ੍ਰਫੁਲਤ ਹੋਇਆ ਹੈ, ਜਿਸ ਦੀ ਇਲਾਕੇ ਵਿੱਚ ਚਰਚਾ ਜ਼ੋਰਾਂ ਹੈ | ਇਲਾਕੇ ਦੇ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਉਪਰੰਤ ਪੱਤਰਕਾਰਾਂ ਦੇ ਵਫਦ ਵੱਲੋਂ ਕੀਤੇ ਗਏ ਦੌਰੇ ਦੌਰਾਨ ਇਹ ਵਾਕਿਆ ਸਾਖਸ਼ਾਤ ਦੇਖਣ ‘ਤੇ ਇਲਾਕੇ ਦੇ ਲੋਕਾਂ ਦੀ ਸੂਚਨਾ 100% ਸੱੱਚ ਸਾਬਿਤ ਹੋਈ । ਪੱਤਰਕਾਰਾਂ ਦੀ ਟੀਮ ਵੱਲੋਂ ਕੀਤੇ ਦੌਰੇ ਸਮੇਂ ਇਸ ਪਾਰਕ ਵਿੱਚ 14-15 ਸਾਲ ਤੋਂ 20-25 ਸਾਲ ਤੱਕ ਦੇ ਲੜਕੇ-ਲੜਕੀਆਂ ਜੋੜਿਆਂ ਦੇ ਰੂਪ ਵਿੱਚ ਇਕਾਂਤ ਜਗ੍ਹਾ ‘ਤੇ ਬੇਹੱਦ ਇਤਰਾਜ਼ਯੋਗ ਹਾਲਤ ਵਿੱਚ ਬੈਠੇ ਦੇਖੇ ਗਏ |ਇਲਾਕੇ ਦੇ ਲੋਕਾਂ ਦੀ ਸੂਚਨਾ ਅਨੁਸਾਰ ਇਹੋ ਜਿਹੜੇ ਪ੍ਰੇਮੀ ਜੋੜੇ ਅਕਸਰ ਇਸ ਪਾਰਕ ਵਿੱਚ ਆਉੰਦੇ ਹਨ ਅਤੇ ਉਹ ਪਾਰਕ ਵਿੱਚ ਅਸ਼ਲੀਲ ਹਰਕਤਾਂ ਕਰਦੇ ਆਮ ਵੇਖੇ ਜਾ ਸਕਦੇ ਹਨ। ਨਿਸਚਿੱਤ ਤੌਰ ‘ਤੇ ਇਹ ਪ੍ਰੇਮੀ ਜੋੜੇ ਮਾਤਾ-ਪਿਤਾ ਦੇ ਭਰੋਸੇ ਨੂੰ ਤੋੜ ਕੇ ਹੀ ਇਸ ਪਾਰਕ ਵਿੱਚ ਗੈਰ ਸਮਾਜਿਕ ਗਤੀਵਿਧੀਆਂ ‘ਚ ਗਲਤਾਨ ਹੁੰਦੇ ਹੋਣਗੇ।
ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ:-
ਬਹੁ ਚਰਚਿਤ ਵਣ ਚੇਤਨਾ ਪਾਰਕ ਦੇ ਆਸ਼ਿਕਾਂ ਦੇ ਅੱਡੇ ਵਿੱਚ ਤਬਦੀਲ ਹੋਣ ਸੰਬੰਧੀ ਪ੍ਰੇਸ਼ਾਨ ਹੋਏ ਇਲਾਕੇ ਦੇ ਵਸਨੀਕਾਂ ਨੇ ਪ੍ਰੇਮੀ ਜੋੜਿਆਂ ਦੀਆਂ ਗੈਰਸਮਾਜਿਕ, ਅਸ਼ਲੀਲ ਤੇ ਗੈਰ ਇਖਲਾਕੀ ਗਤੀਵਿਧੀਆਂ ਦੇ ਚਲਦਿਆਂ ਉਨ੍ਹਾਂ ਦੇ ਬੱਚਿਆਂ ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਬਚਾਉਣ ਦੇ ਸਬੰਧ ਵਿੱਚ ਵਣ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਖਤੀ ਤੌਰ ਤੇ ਲਿਆਂਦਾ ਪਰ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਇੰਨ੍ਹਾਂ ਅਸ਼ਲੀਲ ਤੇ ਗੈਰ ਇਖਲਾਕੀ ਗਤੀਵਿਧਆਂ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਗੋਂ ਸਵੇਰੇ 9 ਵਜੇ ਤੋ ਬਾਅਦ ਅਤੇ ਸ਼ਾਮ 4 ਵਜੇ ਤੋਂ ਪਹਿਲਾਂ ਪਾਰਕ ਵਿੱਚ ਆਉਣ ਲਈ 10/- ਰਪਏ ਪ੍ਰਤੀ ਵਿਅਕਤੀ ਅਤੇ 10/- ਰੁਪਏ ਪ੍ਰਤੀ ਵਹੀਕਲ ਦੀ 2 ਘੰਟੇ ਲਈ ਦਾਖਲਾ ਫੀਸ ਰੱਖ ਦਿੱਤੀ ਗਈ। ਅੱਜ ਕੱਲ ਜੋ ਵੀ ਵਿਅਕਤੀ ਇਸ ਪਾਰਕ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦਾਖਲ ਹੁੰਦਾ ਹੈ ਉਸ ਤੋਂ 20 ਰੁਪਏ ਦਾਖਲਾ ਫੀਸ ਲਈ ਜਾਂਦੀ ਹੈ। ਵਣ ਚੇਤਨਾ ਪਾਰਕ ਦੇ ਮੇਨ ਗੇਟ ਤੇ ਡਿਊਟੀ ਦੇ ਰਹੇ ਇੱਕ ਮੁਲਾਜ਼ਮ ਵਲੋਂ ਫੀਸ ਪ੍ਰਾਪਤ ਕਰਕੇ ਪਰਚੀਆਂ ਕਟੀਆਂ ਜਾਂਦੀਆਂ ਹਨ। ਮੁਲਾਜ਼ਮ ਦੇ ਦੱਸਣ ਮੁਤਾਬਿਕ ਇੰਨ੍ਹਾਂ ਪਰਚੀਆਂ ਦੇ ਕੱਟਣ ਨਾਲ ਵਣ ਵਿਭਾਗ ਨੂੰ ਪ੍ਰਤੀ ਦਿਨ 1000 ਤੋਂ ਲੈ ਕੇ 1500 ਰੁਪਏ ਤੱਕ ਆਮਦਨ ਹੋ ਜਾਂਦੀ ਹੈ ਅਤੇ ਨਵੇਂ ਵਿਆਹ ਸ਼ਾਦੀਆਂ ਵਾਲੇ ਪ੍ਰੀ ਵੈਡਿੰਗ ਸ਼ੂਟ ਲਈ ਆਉਣ ਵਾਲੇ ਜੋੜਿਆਂ ਪਾਸੋਂ 2500/- ਰੁਪਏ ਫੀਸ ਲਈ ਜਾਂਦੀ ਹੈ। ਪਾਰਕ ਵਿੱਚ ਦਾਖਲੇ ਲਈ ਜਾਇਜ ਫੀਸ ਦਾ ਰੱਖਣਾ ਕੋਈ ਮਾੜਾ ਨਹੀਂ ਜੇਕਰ ਉਸ ਫੀਸ ਨਾਲ ਪਾਰਕ ਦੀ ਮੁਰਮੰਤ ਜਾਂ ਨਵੀਨੀਕਰਨ ਲਈ ਉਪਰਾਲੇ ਕੀਤੇ ਜਾਂਦੇ ਹੋਣ। ਪਰ ਫੀਸ ਦੇ ਲਾਗੂ ਕਰਨ ਨਾਲ ਅਸ਼ਲੀਲ ਹਰਕਤਾਂ ਜਾਂ ਨਜਾਇਜ ਕੰਮ ਕਰਨ ਵਾਲੇ ਵੱਧ ਸੁਰੱਖਿਅਤ ਸਮਝਣ ਲੱਗ ਜਾਣ ਤਾਂ ਰੱਖੀ ਫੀਸ ਸਭਿਅਕ ਸਮਾਜ ਲਈ ਖਤਰਾ ਬਣ ਜਾਂਦੀ ਹੈ। ਪ੍ਰੇਮੀ ਜੋੜਿਆਂ ਲਈ ਇਸ ਪਾਰਕ ਵਿੱਚ ਕੇਵਲ 10-20 ਰੁਪਏ ਖਰਚ ਕੇ ਖੁੱਲ੍ਹੇਆਮ ਮੌਜ ਮਸਤੀ ਕਰਨਾ ਕੋਈ ਮਹਿੰਗਾ ਸੌਦਾ ਨਹੀਂ ਕਿਉਂਕਿ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਇਹੀ ਖਰਚਾ ਹਜ਼ਾਰਾਂ ਤੱਕ ਪੁੱਜ ਜਾਂਦਾ ਹੈ। ਵਣ ਵਿਭਾਗ ਦਾ ਕੋਈ ਵੀ ਮੁਲਾਜਮ/ਅਧਿਕਾਰੀ/ਸਥਾਨਕ ਪ੍ਰਸਾਸ਼ਨ ਅਜਿਹੇ ਗੈਰ ਸਭਿਅਕ ਜੋੜਿਆਂ ਨੂੰ ਅਸ਼ਲੀਲ ਹਰਕਤਾਂ ਤੋਂ ਨਹੀ ਰੋਕ ਰਿਹਾ ਜਾਪਦਾ। ਅਜਿਹੇ ਵਰਤਾਰੇ ਨਾਲ ਸਮਾਜ ਵਿੱਚ ਅਸੰਤੁਲਨ, ਬੇਚੈਨੀ ਅਤੇ ਲੜਾਈਆਂ ਝਗੜੇ ਵੱਧਣਗੇ। ਉਨ੍ਹਾਂ ਮਾਪਿਆਂ ਦੀ ਜਿੰਦਗੀ ਵੀ ਦੁਭੱਰ ਹੋਵੇਗੀ ਜੋ ਆਪਣੇ ਲੜਕੇ-ਲੜਕੀਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਔਖੇ ਹੋ ਕੇ ਵੀ ਪੜ੍ਹਾਉਂਦੇ ਹੋਣਗੇ। ਜਦੋਂ ਉਨ੍ਹਾਂ ਮਾਪਿਆਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਬੱਚੇ ਛੋਟੀ ਉਮਰੇ ਹੀ ਗਲਤ ਸੁਸਾਇਟੀ ਦਾ ਸ਼ਿਕਾਰ ਹੋ ਕੇ ਪੜ੍ਹਣ ਦੀ ਜਗ੍ਹਾ ਰੰਗ ਰਲੀਆਂ ਮਨਾ ਕੇ ਆਪਣੀ ਜਿੰਦਗੀ ਅਤੇ ਮਾਪਿਆਂ ਦੀ ਇਜੱਤ ਸ਼ਰੇਆਮ ਮਿੱਟੀ ਵਿੱਚ ਮਿਲਾ ਕੇ ਨਮੋਸ਼ੀ ਭਰੀ ਜਿੰਦਗੀ ਜਿਊਣ ਲਈ ਮਜਬੂਰ ਕਰ ਰਹੇ ਹਨ। ਅਜਿਹਾ ਸਮਾਂ ਉਨ੍ਹਾਂ ਮਾਪਿਆਂ ਲਈ ਬਹੁਤ ਦੁੱਖ ਦੀ ਘੜੀ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਬਾਗੀ ਹੋ ਕੇ ਜਵਾਨੀ ਦੇ ਅੰਨ੍ਹੇ ਜੋਸ਼ ਵਿੱਚ ਅਸਲ਼ੀਲ ਹਰਕਤਾਂ ਜਾਂ ਨਜਾਇਜ ਸਬੰਧ ਬਣਾਉੰਦੇ ਫੜ੍ਹੇ ਜਾਣ।
ਇਨ੍ਹਾਂ ਸਰਗਰਮੀਆਂ ਨੂੰ ਰੋਕਣ ਲਈ ਵਿਭਾਗ/ਪ੍ਰਸਾਸ਼ਨ ਕੀ ਕਰੇ :-
ਲੋਕਾਂ ਵੱਲੋਂ ਅਜਿਹੀ ਸਥਿਤੀ ਨੂੰ ਰੋਕਣ ਲਈ ਦਿੱਤੇ ਸੁਝਾਓ ਮੁਤਾਬਿਕ ਵਣ ਚੇਤਨਾ ਪਾਰਕ ਵਿੱਚ ਢੁਕਵੇਂ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ, ਦੋ ਵਾਰ ਤੋਂ ਵੱਧ ਸਮੇਂ ਤੋਂ ਪਾਰਕ ਵਿੱਚ ਆ ਰਹੇ ਵਹੀਕਲਾਂ ਸਬੰਧੀ ਵਣ ਵਿਭਾਗ, ਸਥਾਨਕ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵਹੀਕਲਾਂ ਦੀਆਂ ਨੰਬਰ ਪਲੇਟਾਂ ਤੋਂ ਉਨ੍ਹਾਂ ਦੇ ਮਾਪਿਆਂ ਨਾਲ ਗੁਪਤ ਤੌਰ ਤੇ ਰਾਬਤਾ ਬਣਾ ਕੇ ਬੱਚਿਆਂ ਦੀ ਕੋਂਸਲਿੰਗ ਕਰਕੇ ਸੁਧਰਨ ਦਾ ਮੌਕਾ ਦੇਣ ਲਈ ਯੋਗ ਉਪਰਾਲੇ ਕਰੇ |
ਕੀ ਕਹਿੰਦੇ ਨੇ ਰੇਂਜ ਅਫ਼ਸਰ :-
ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਇਸ ਵਣ ਚੇਤਨਾ ਪਾਰਕ ਦੇ ਪ੍ਰਬੰਧਕ ਵਣ ਰੇਂਜ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਅਜਿਹੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ | ਉਹਨਾਂ ਇਹ ਮੰਨਿਆ ਕਿ ਪਾਰਕਿੰਗ ਵਿੱਚ ਆਉਣ ਵਾਲਿਆਂ ਲਈ ਫੀਸ ਰੱਖੀ ਗਈ ਹੈ। ਪਰ ਇਹ ਫੀਸ ਮਾਮੂਲੀ ਜਿਹੀ ਹੋਣ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵੀ ਨਾ ਕਾਫੀ ਹੈ | ਉਹਨਾਂ ਕਿਹਾ ਕਿ ਜੇਕਰ ਅਜਿਹੇ ਵਾਪਰ ਰਿਹਾ ਹੈ ਤਾਂ ਉਹ ਆਪਣੇ ਪੱਧਰ ਤੇ ਬਣਦੀ ਕਾਰਵਾਈ ਜਰੂਰ ਕਰਨਗੇ ਜੇਕਰ ਸੰਭਵ ਹੋਇਆ ਤਾਂ ਪੁਲਿਸ ਦੀ ਸਹਾਇਤਾ ਵੀ ਲਈ ਜਾਵੇਗੀ।
ਕੀ ਕਹਿੰਦੇ ਨੇ ਜ਼ਿਲਾ ਪੁਲਿਸ ਮੁਖੀ :-
ਪੱਤਰਕਾਰਾਂ ਦੀ ਟੀਮ ਵੱਲੋਂ ਇਹ ਮਾਮਲਾ ਜਿਲਾ ਪੁਲਿਸ ਮੁਖੀ ਸੁਰਿੰਦਰ ਬਾਂਸਲ ਆਈਪੀਐਸ ਦੇ ਧਿਆਨ ਵਿੱਚ ਲਿਆਉਣ ਤੇ ਉਹਨਾਂ ਤੁਰੰਤ ਸਮਰੱਥ ਅਧਿਕਾਰੀ ਦੀ ਡਿਊਟੀ ਲਗਾਉਂਦਿਆਂ ਸ਼ਹਿਰ ਦੇ ਸਮੁੱਚੇ ਪਾਰਕਾਂ ਦੇ ਸੰਬੰਧ ਵਿੱਚ ਰਿਪੋਰਟ ਤਲਬ ਕਰ ਲਈ |