(ਸਮਾਜ ਵੀਕਲੀ)
ਰਾਵੀ ਮੇਰੇ ਹਾਣ ਦੀਏ ਨੀਂ
ਦੁੱਖਾਂ ਸੁੱਖਾਂ ‘ਚ ਜਿੰਦ ਛਾਣ ਦੀਏ ਨੀਂ
ਤੂਫਾਨ ਜਿਹੇ ਨੂੰ ਕਾਬੂ ਕਰਕੇ
ਤਪਦੇ ਪੱਤਣ ਦੇ ਨੈਣੀਂ ਸੁਰਮਾਂ ਭਰ ਕੇ
ਜਦ ਵੀ ਘਰ ਨੂੰ ਪਰਤ ਆਉਂਦਾ ਹਾਂ
ਨੱਕੋ ਨੱਕ ਭਰੀਆਂ ਲਹਿਰਾਂ ਅੰਦਰ
ਖ਼ੁਦ ਨੂੰ ਅਕਸਰ ਖਾਲੀ ਪਾਉਂਦਾ ਹਾਂ।
ਤੂੰ ਤਾਂ ਮੇਰੇ ਸੰਗ ਰਹਿੰਨੀ ਏਂ
ਕੰਢਿਆਂ ‘ਤੋਂ ਦੀ ਅਕਸਰ ਵਹਿਨੀ ਏਂ
ਪਲਕਾਂ ‘ਚ ਤੈਨੂੰ ਲਕੋਂਦਾ ਰਹਿੰਦਾ ਹਾਂ
ਮਹਿਕ ਤੇਰੀ ਨੂੰ ਛੋਂਹਦਾ ਰਹਿੰਦਾ ਹਾਂ
ਫਾਸਲੇ ਭਾਂਵੇ ਲੱਖਾਂ ਕੋਹਾਂ
ਮੇਰੇ ਸੰਗ ਨੇ ਤੇਰੀਆਂ ਛੋਹਾਂ
ਆ ਕੇ ਜਰਾ ਤੂੰ ਵੇਖ ਤਾਂ ਸਹੀ
ਕਿੰਨਾ ਵੱਡਾ ਮੇਰਾ ਪਸਾਰਾ
ਜਿਉ ਹੁੰਦਾ ਐ ਦੂਰ ਤੱਕ ਪਸਰਿਆ
ਕਿਸੇ ਥਲ ਦਾ ਪਿਆ ਖਿਲਾਰਾ
ਧੁਰ ਅੰਦਰ ਤਾਂਈ ਜੋ ਤਪਦਾ
ਆਪਣੇ ਜਖਮਾਂ ਨੂੰ ਰਹਿੰਦਾ ਢਕਦਾ
ਪਰ ਆ ਵੇਖ ਤਾਂ ਸਈ
ਤੇਰੀਆਂ ਲਹਿਰਾਂ ਦੀਆਂ ਪੈੜਾਂ
ਮੇਰੇ ਸੀਨੇ ਉੱਤੇ ਨੇ ਛਪੀਆਂ
ਬੜੇ ਤੁਫਾਨ ਗੁਜਰੇ ਇਸ ਉਤੋਂ
ਪਰ
ਫੇਰ ਵੀ ਇਹ ਗਈਆਂ ਨਾਂ ਢਕੀਆਂ
ਰੇਤਾ ਭਾਂਵੇ ਉੜਦਾ ਰਹਿੰਦਾ ਐ
ਖਿੰਡ ਪੁੰਡ ਕੇ ਇਹ ਜੁੜਦਾ ਰਹਿੰਦਾ ਐ
ਹਿੱਕ ਮੇਰੀ ਦੇ ਨਾਲ
ਜਿਸ ਅੰਦਰ ਬੜਾ ਕੁੱਝ ਸਮੋਇਆ ਐ
ਸਿਖਰਾਂ ਦੇ ਪਰਬਤ ਸਿਰਜਕੇ
ਆਪਣੇਂ ਹੱਥੀਂ ਬੜਾ ਕੁੱਝ ਖੋਇਆ ਐ
ਹਾਂ
ਇਹ ਵਕਤ ਦਾ ਵਕਫਾ ਬੜਾ ਸਤਾਉਂਦਾ ਹੈ
ਬਿਨ ਹੰਝੂ ਤੋਂ ਅੱਖ ਰਵਾਉਂਦਾ ਹੈ
ਫਿਰ ਵੀ
ਕੁਵੇਲੇ ਜਿਹੇ ਪਲਾਂ ਦੇ ਅੰਦਰ
ਲਟ ਲਟ ਮੱਚਦੇ ਹਾਉਂਕਿਆਂ ਦਾ ਦੀਵਾ
ਤੇਰੇ ਪਤਣ ‘ਤੇ ਧਰ ਆਉੰਦਾ ਹਾਂ
ਤੇ
ਤੇਰੀ ਸਲਾਂਮਤੀ ਲਈ ਕਰ ਦੁਆਵਾਂ
ਅਕਸਰ ਮੈ ਪਰਤ ਘਰ ਆਉਂਦਾ ਹਾਂ
ਤੇ
ਭਰੇ ਭਰਾਏ ਬੋਝੇ ਵਿੱਚ ਵੀ
ਖ਼ੁਦ ਨੂੰ ਖਾਲੀ ਹੱਥ ਪਾਉਂਦਾ ਹਾਂ।
ਡਾ: ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly