ਮਾਨਯੋਗ ਚੀਫ਼ ਜਸਟਿਸ ਸ਼ੀਲ ਨਾਗੂ ਵੱਲੋਂ ਵਰਚੁਉਲ ਮੋਡ ਰਾਹੀਂ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਦਾ ਉਦਘਾਟਨ

ਕਰੀਬ 15 ਕਰੋੜ 26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ  ਅਤਿ-ਆਧੁਨਿਕ ਦੋ ਮੰਜ਼ਿਲਾ ਆਲੀਸ਼ਾਨ ਕੰਪਲੈਕਸ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਚੀਫ਼ ਜਸਟਿਸ ਸ਼ੀਲ ਨਾਗੂ ਵੱਲੋਂ ਅੱਜ ਵਰਚੁਉਲ ਮੋਡ ਰਾਹੀਂ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਅਤੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਹੋਰ ਜੱਜ ਸਾਹਿਬਾਨ ਉਨ੍ਹਾਂ ਦੇ ਨਾਲ ਮੌਜੂਦ ਸਨ ਜਦਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਬੰਧਕੀ ਜੱਜ ਜਸਟਿਸ ਮੰਜਰੀ ਨਹਿਰੂ ਕੌਲ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਹੋਏ। ਸ਼ਾਨਦਾਰ ਉਦਘਾਟਨੀ ਸਮਾਗਮ ਵਿਚ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਐਸ. ਐਸ. ਪੀ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਅਤੇ ਹੋਰਨਾਂ ਜ਼ੁਡੀਸ਼ੀਅਲ ਅਧਿਕਾਰੀਆਂ ਸਮੇਤ ਨਵੇਂ ਕੰਪਲੈਕਸ ਦੇ ਵੱਖ-ਵੱਖ ਸੈਕਸ਼ਨਾਂ ਦਾ ਦੌਰਾ ਵੀ ਕੀਤਾ। 6 ਏਕੜ ਰਕਬੇ ਵਿਚ ਕਰੀਬ 15 ਕਰੋੜ 26 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਦੋ ਮੰਜ਼ਿਲਾ ਆਲੀਸ਼ਾਨ ਕੰਪਲੈਕਸ ਦਾ ਉਦਘਾਟਨ ਕਰਦਿਆਂ ਮਾਨਯੋਗ ਚੀਫ਼ ਜਸਟਿਸ ਸ਼ੀਲ ਨਾਗੂ ਨੇ ਕਿਹਾ ਕਿ ਇਹ ਨਵਾਂ ਨਿਆਇਕ ਕੰਪਲੈਕਸ ਸਿਰਫ਼ ਇਕ ਇਮਾਰਤ ਨਹੀਂ, ਬਲਕਿ ਇਹ ਮੁਕੇਰੀਆ ਦੇ ਨਿਵਾਸੀਆਂ ਲਈ ਨਿਆਂ ਪ੍ਰਾਪਤੀ ਦੀ ਇੱਕ ਨਵੀਂ ਕਿਰਨ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਨਾਲ ਨਿਆਂ ਪ੍ਰਕ੍ਰਿਆ ਨੂੰ ਬਿਹਤਰੀ ਮਿਲੇਗੀ ਅਤੇ ਸਾਰੇ ਮੁਕੱਦਮੇ ਸਮੇਂ ਸਿਰ ਸੁਣਨ ਲਈ ਢੁਕਵੇਂ ਸਾਧਨ ਮਿਲਣਗੇ। ਉਨ੍ਹਾਂ ਕਿਹਾ। ਇਹ ਕੰਪਲੈਕਸ ਇਲਾਕੇ ਦੇ ਨਿਆਇਕ ਢਾਂਚੇ ਵਿਚ ਨਵੀਂ ਤੇਜ਼ੀ ਅਤੇ ਕਾਰਗੁਜ਼ਾਰੀ ਲਿਆਵੇਗਾ।  ਉਨ੍ਹਾਂ ਇਸ ਕੰਪਲੈਕਸ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਲਈ ਲੋਕ ਨਿਰਮਾਣ ਵਿਭਾਗ ਅਤੇ ਆਰਕੀਟੈਕਚਰ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਅਤੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਮੁਕੇਰੀਆਂ ਵਾਸੀਆਂ ਨੂੰ ਇਸ ਕੰਪਲੈਕਸ ਲਈ ਵਧਾਈ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ ਨਵੇਂ ਜ਼ਿਲ੍ਹਾ ਸੈਸ਼ਨ ਕੋਰਟ ਕੰਪਲੈਕਸ ਤੋਂ ਬਾਅਦ ਇਹ ਕੰਪਲੈਕਸ ਉਨ੍ਹਾਂ ਲਈ ਇਕ ਤੋਹਫ਼ਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਬੰਧਕੀ ਜੱਜ ਜਸਟਿਸ ਮੰਜਰੀ ਨਹਿਰੂ ਕੌਲ ਨੇ ਇਸ ਮੌਕੇ ਕਿਹਾ ਕਿ ਨਵੀਂ ਇਮਾਰਤ ਦੇ ਬਣਨ ਨਾਲ ਮੁਕੇਰੀਆ ਵਿਖੇ ਨਿਆਂ ਪ੍ਰਕਿਰਿਆ ਵਿਚ ਤੇਜ਼ੀ ਆਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਥੇ ਜੱਜ, ਵਕੀਲ, ਅਤੇ ਨਿਆਇਕ ਅਧਿਕਾਰੀ ਆਸਾਨੀ ਨਾਲ ਆਪਣਾ ਕੰਮ ਕਰ ਸਕਣਗੇ। ਇਸ ਤੋਂ ਪਹਿਲਾਂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਨੇ ਮਾਨਯੋਗ ਚੀਫ਼ ਜਸਟਿਸ ਅਤੇ ਹੋਰਨਾਂ ਜ਼ੁਡੀਸ਼ੀਅਲ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਆਲੀਸ਼ਾਨ ਕੰਪਲੈਕਸ ਵਿਚ 4 ਕੋਰਟ ਰੂਮ, 3 ਜ਼ੁਡੀਸ਼ੀਅਲ ਰੈਜ਼ੀਡੈਂਸ, ਮੀਡੀਏਸ਼ਨ ਸੈਂਟਰ, ਫਰੰਟ ਆਫਿਸ, ਲਾਇਬ੍ਰੇਰੀ, ਕੰਟੀਨ, ਬਾਰ ਰੂਮਸ, ਵੀਡੀਓ ਕਾਨਫਰੰਸਿੰਗ ਸਿਸਟਮ ਅਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਕੀਲਾਂ ਵੱਲੋਂ ਆਪਣੀ ਪੱਧਰ ‘ਤੇ 90 ਚੈਂਬਰਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਜ਼ੁਡੀਸ਼ੀਅਲ ਤੇ ਸਿਵਲ ਅਧਿਕਾਰੀਆਂ ਤੋਂ ਇਲਾਵਾ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰ, ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੂਬੇ ਵਿੱਚ ਮਹਿਲਾਵਾਂ ਵਾਸਤੇ ਲਗਾਏ ਜਾਣਗੇ ਹੁਨਰ ਵਿਕਾਸ ਕੈਂਪ – ਕੈਬਨਿਟ ਮੰਤਰੀ ਬਲਜੀਤ ਕੌਰ
Next articleਪੰਜਾਬ ਦੇ ਟਿਕਾਊ ਵਿਕਾਸ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ – ਕੋਮਲ ਮਿੱਤਲ