ਚੰਡੀਗੜ੍ਹ- ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਾ ਧਾਰਕਾਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਵੱਡੇ ਕਰਜ਼ਿਆਂ ‘ਤੇ ਇਕ ਮਹੀਨੇ ਲਈ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਉਹ ਸਮਾਂ ਹੁੰਦਾ ਹੈ ਜਦੋਂ ਲੋਕ ਖਰੀਦਦਾਰੀ ਕਰਦੇ ਹਨ ਅਤੇ ਇਹ ਪੇਸ਼ਕਸ਼ ਬੈਂਕ ਦੇ ਗਾਹਕਾਂ ਨੂੰ ਆਉਣ ਵਾਲੇ ਤਿਉਹਾਰਾਂ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਸਹੂਲਤ ਪ੍ਰਦਾਨ ਕਰਨ ਲਈ ਹੈ। ਇਸ ਕਦਮ ਦਾ ਉਦੇਸ਼ ਸਹਿਕਾਰੀ ਬੈਂਕਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ੀਰੋ ਪ੍ਰੋਸੈਸਿੰਗ ਫੀਸ ਸੀਮਤ ਸਮੇਂ ਲਈ ਹੈ ਅਤੇ ਇਹ 15 ਅਕਤੂਬਰ ਤੋਂ 15 ਨਵੰਬਰ, 2024 ਤੱਕ ਲਾਗੂ ਰਹੇਗੀ।ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬੈਂਕ ਵੱਲੋਂ ਇਹ ਪੇਸ਼ਕਸ਼ ਚੰਡੀਗੜ੍ਹ ਵਿੱਚ ਆਪਣੀਆਂ 18 ਬ੍ਰਾਂਚਾਂ ਰਾਹੀਂ ਆਪਣੇ ਗਾਹਕਾਂ ਨੂੰ ਨਿੱਜੀ, ਦੀ ਸਹੂਲਤ ਪ੍ਰਦਾਨ ਕਰਨ ਲਈ ਖਪਤਕਾਰ ਅਤੇ ਵਾਹਨ ਕਰਜ਼ੇ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੇਸ਼ਕਸ਼ ਤਹਿਤ ਪੰਜਾਬ ਰਾਜ ਸਹਿਕਾਰੀ ਬੈਂਕ ਤਿਉਹਾਰਾਂ ਦੌਰਾਨ ਗਾਹਕਾਂ ਨੂੰ ਇਨ੍ਹਾਂ ਕਰਜ਼ਿਆਂ ‘ਤੇ ਪ੍ਰੋਸੈਸਿੰਗ ਫੀਸ/ਚਾਰਜਿਜ਼ ਵਿੱਚ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਸਰਕਾਰੀ ਅਦਾਰਿਆਂ ਦੇ ਤਨਖ਼ਾਹਦਾਰ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਲੋੜਾਂ ਪੂਰੀਆਂ ਕਰਨ ਅਤੇ ਘਰਾਂ ਲਈ ਕੰਜ਼ਿਊਮਰ ਡਿਊਰੇਬਲ ਖਰੀਦਣ ਲਈ ਨਿੱਜੀ ਅਤੇ ਖਪਤਕਾਰ ਕਰਜ਼ੇ ਪ੍ਰਦਾਨ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਕੋਈ ਵੀ ਪਰਿਵਾਰ ਇਸ ਬੈਂਕ ਤੋਂ ਸਸਤੇ ਦਰਾਂ ‘ਤੇ ਵਾਹਨ ਕਰਜ਼ਾ ਲੈ ਕੇ ਆਪਣੀ ਸੁਪਨਮਈ ਕਾਰ ਦੀ ਸਵਾਰੀ ਦਾ ਆਨੰਦ ਲੈ ਸਕਦਾ ਹੈ ਇਸ ਮਿਆਦ ਦੇ ਦੌਰਾਨ ਨਿੱਜੀ ਕਰਜ਼ਿਆਂ, ਖਪਤਕਾਰਾਂ ਦੇ ਕਰਜ਼ਿਆਂ ਅਤੇ ਵਾਹਨ ਕਰਜ਼ਿਆਂ ਲਈ ਕੋਈ ਪ੍ਰੋਸੈਸਿੰਗ ਫੀਸ/ਚਾਰਜ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗਾਹਕ ਇਸ ਪੇਸ਼ਕਸ਼ ਦਾ ਲਾਭ ਲੈਣ ਲਈ ਚੰਡੀਗੜ੍ਹ ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀਆਂ 18 ਸ਼ਾਖਾਵਾਂ ਵਿੱਚੋਂ ਕਿਸੇ ਵੀ ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly