ਬੰਗਲਾਦੇਸ਼ ਵਿੱਚ 29 ਹਿੰਦੂਆਂ ਦੇ ਘਰ ਫੂਕੇ

 

  • ਘੱਟਗਿਣਤੀ ਸਮੂਹਾਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਵੱਖਰਾ ਮੰਤਰਾਲਾ ਬਣਾਏ ਜਾਣ ਦੀ ਮੰਗ

ਢਾਕਾ (ਸਮਾਜ ਵੀਕਲੀ): ਦੁਰਗਾ ਪੂਜਾ ਮੌਕੇ ਮੰਦਰਾਂ ਦੀ ਪਿਛਲੇ ਹਫ਼ਤੇ ਕੀਤੀ ਭੰਨਤੋੜ ਮਗਰੋਂ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 29 ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅੱਗਜ਼ਨੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਰੰਗਪੁਰ ਜ਼ਿਲ੍ਹੇ ਦੇ ਪੀਰਗੌਂਜ ਉਪ ਜ਼ਿਲ੍ਹੇ ਦੇ ਪਿੰਡ ਵਿੱਚ ਵਾਪਰੀ। ਇਹ ਥਾਂ ਢਾਕਾ ਤੋਂ ਲਗਪਗ 255 ਕਿਲੋਮੀਟਰ ਦੇ ਫਾਸਲੇ ’ਤੇ ਹੈ। ਇਸ ਦੌਰਾਨ ਢਾਕਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੂਹ ਨੇ ਪ੍ਰਦਰਸ਼ਨਕਾਰੀ ਧਾਰਮਿਕ ਸਮੂਹਾਂ ਨਾਲ ਹੱਥ ਮਿਲਾਉਂਦਿਆਂ ਮੰਦਰਾਂ, ਪੂਜਾ ਸਥਲਾਂ ਤੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕੀਤਾ ਹੈ।

ਪ੍ਰਦਰਸ਼ਨਕਾਰੀਆਂ ਨੇ ਘੱਟਗਿਣਤੀ ਸਮੂਹਾਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਵੱਖਰਾ ਮੰਤਰਾਲਾ ਬਣਾਏ ਜਾਣ ਦੀ ਮੰਗ ਕੀਤੀ ਹੈ। ਬੀਡੀਨਿਊਜ਼24 ਡਾਟ ਕਾਮ ਦੀ ਰਿਪੋਰਟ ਵਿੱਚ ਜ਼ਿਲ੍ਹੇ ਦੇ ਐੱਸਪੀ ਮੁਹੰਮਦ ਕਮਰੂਜ਼ਮਾਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲੀਸ ਨੂੰ ਜਿਵੇਂ ਹੀ ਉਪ ਜ਼ਿਲ੍ਹੇ ਦੇ ਪਿੰਡ ਮਾਝੀਪਾੜਾ ਵਿੱਚ ਰਹਿੰਦੇ ਹਿੰਦੂ ਨੌਜਵਾਨ ਵੱਲੋਂ ਫੇਸਬੁੱਕ ’ਤੇ ‘ਧਰਮ ਦਾ ਨਿਰਾਦਰ’ ਕਰਦੀ ਪੋਸਟ ਪਾਉਣ ਦੀਆਂ ਅਫ਼ਵਾਹਾਂ ਬਾਰੇ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਦੇ ਇਕ ਸਮੂਹ ਨੇ ਪੁਲੀਸ ਦੇ ਸਾਹਮਣੇ ਹੀ ਇਸ ਨੌਜਵਾਨ ਸਮੇਤ ਹੋਰਨਾਂ ਘਰਾਂ ਨੂੰ ਅੱੱਗ ਲਾ ਦਿੱਤੀ। ਫਾਇਰ ਸੇਵਾ ਕੰਟਰੋਲ ਰੂਮ ਨੇ ਆਪਣੀ ਰਿਪੋਰਟ ਵਿੱਚ 29 ਰਿਹਾਇਸ਼ੀ ਘਰਾਂ ਨੂੰ ਅੱਗ ਲੱਗਣ ਦਾ ਦਾਅਵਾ ਕੀਤਾ ਹੈ।

ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾੲੇ ਜਾਣ ਦੀ ਇਹ ਘਟਨਾ ਅਜਿਹੇ ਮੌਕੇ ਵਾਪਰੀ ਹੈ ਜਦੋਂ ਦੁਰਗਾ ਪੂਜਾ ਵਾਲੀ ਥਾਂ ਕਥਿਤ ਕੁਫ਼ਰ ਤੋਲਣ ਨਾਲ ਜੁੜੀ ਘਟਨਾ ਕਰਕੇ ਬੰਗਲਾਦੇਸ਼ ਵਿੱਚ ਵੱਖ ਵੱਖ ਥਾਈਂ ਹਿੰਦੂਆਂ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ ਦਰਜਨਾਂ ਲੋਕਾਂ ਨੂੰ ਹਮਲਿਆਂ ਤੇ ਸੋਸ਼ਲ ਮੀਡੀਆ ’ਤੇ ਫਿਰਕੂ ਹਿੰਸਾ ਫੈਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਧਰ ਰੈਪਿਡ ਐਕਸ਼ਨ ਬਟਾਲੀਅਨ ਨੇ ਮੰਦਰਾਂ ਦੀ ਭੰਨਤੋੜ ਤੇ ਇਨ੍ਹਾਂ ਨੂੰ ਲੁੱਟਣ ਦੇ ਦੋਸ਼ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਦਰਾਂ ਤੇ ਹਿੰਦੂਆਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਵਧੀਕ ਪੁਲੀਸ ਬਲਾਂ ਤੋਂ ਇਲਾਵਾ ਨੀਮ ਫੌਜੀ ਬਲਾਂ- ਬਾਰਡਰ ਗਾਰਡ ਬੰਗਲਾਦੇਸ਼ ਦੀ ਵਾਧੂ ਤਾਇਨਾਤੀ ਕੀਤੀ ਗਹੀ ਹੈ। ਹੁਣ ਤੱਕ ਹਿੰਸਾ ਵਿੱਚ 40 ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦਰਜ ਕੇਸ ਵਿੱਚ ਦੋ ਵੱਖ ਵੱਖ ਕੇਸਾਂ ਵਿੱਚ 400 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਿਲ ਸਕਦੀ ਹੈ ਮਨਜ਼ੂਰੀ
Next articleBabul Supriyo resigns as BJP MP after meeting LS Speaker