ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪਿਛਲੇ ਦਿਨੀਂ ਮੁਹਾਲੀ ਵਿਖੇ ਹੋਏ “ਸਾਡੇ ਬਜ਼ੁਰਗ ਸਾਡਾ ਮਾਣ” ਰਾਜ ਪੱਧਰੀ ਸਮਾਗਮ ਵਿੱਚ ਲਾਵਾਰਸ-ਬੇਘਰ ਬਜ਼ੁਰਗਾਂ ਤੇ ਮਰੀਜ਼ਾਂ ਦੀ ਸੇਵਾ-ਸੰਭਾਲ ਕਰਨ ਵਾਲੇ ਡਾ: ਨੌਰੰਗ ਸਿੰਘ ਮਾਂਗਟ ਨੂੰ ਪੰਜਾਬ ਦੇ ਸਮਾਜਿਕ ਸੁਰੱਖਿਆ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵੱਲੋਂ ਪ੍ਰਸੰਸਾ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਲੁਧਿਆਣਾ ਤੋਂ ਕੋਈ 25 ਕਿਲੋਮੀਟਰ ਦੂਰ ਪਿੰਡ ਸਰਾਭਾ, ਸਹੌਲੀ ਅਤੇ ਅੱਬੂਵਾਲ ਦੇ ਸੰਨ੍ਹ ਵਿੱਚ ਸਥਾਪਿਤ ਕੀਤੇ ਗਏ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਫ਼ਾਊਂਡਰ ਅਤੇ ਪ੍ਰਧਾਨ ਡਾ: ਨੌਰੰਗ ਸਿੰਘ ਮਾਂਗਟ ਨੂੰ ਇਹ ਪੁਰਸਕਾਰ ਉਹਨਾਂ ਵੱਲੋਂ ਪਿਛਲੇ 21 ਸਾਲਾਂ ਤੋਂ ਲਾਵਾਰਸ-ਬੇਘਰ ਬਜ਼ੁਰਗਾਂ ਤੇ ਮਰੀਜ਼ਾਂ ਦੀ ਲਗਾਤਾਰ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਸ ਮੌਕੇ ਪੁਰਸਕਾਰ ਦੇਣ ਸਮੇਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਤੋਂ ਇਲਾਵਾ ਉਹਨਾਂ ਨਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਸਿੰਘ, ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ, ਸੰਯੁਕਤ ਸਕੱਤਰ ਸਮਾਜਿਕ ਸੁਰੱਖਿਆ ਅਨੰਦ ਸਾਗਰ, ਸੰਯੁਕਤ ਨਿਰਦੇਸ਼ਕ ਚਰਨਜੀਤ ਸਿੰਘ ਮਾਨ, ਲੁਧਿਆਣਾ ਜ਼ਿਲ੍ਹਾ ਦੇ ਸਮਾਜਿਕ ਤੇ ਭਲਾਈ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਪੰਜਾਬ ਸਰਕਾਰ ਦੇ ਹੋਰ ਬਹੁਤ ਸਾਰੇ ਸੀਨੀਅਰ ਅਧਿਕਾਰੀ ਅਤੇ ਨਾਮਵਰ ਸਖਸ਼ੀਅਤਾਂ ਮੌਜੂਦ ਸਨ । ਇਸ ਮੌਕੇ ਪੰਜਾਬ ਦੇ ਕੁੱਝ ਹੋਰ ਜ਼ਿਲ੍ਹਿਆਂ ਦੇ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਦ ਕਿ ਲੁਧਿਆਣਾ ਜਿਲ੍ਹੇ ‘ਚੋਂ ਇਸ ਸਨਮਾਨ ਲਈ ਡਾ: ਨੌਰੰਗ ਸਿੰਘ ਮਾਂਗਟ ਨੂੰ ਹੀ ਚੁਣਿਆ ਗਿਆ, ਜੋ ਲੁਧਿਆਣਾ ਨਿਵਾਸੀਆਂ ਲਈ ਫ਼ਖਰ ਵਾਲੀ ਗੱਲ ਹੈ। ਇਥੇ ਦੱਸਣਯੋਗ ਹੈ ਕਿ ਪੀ.ਏ.ਯੂ.ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ: ਨੌਰੰਗ ਸਿੰਘ ਮਾਂਗਟ ਨੇ ਕਈ ਸਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ‘ਤੇ ਫਿਰ ਕੇ ਸੜਕਾਂ ਕੰਢੇ ਪਏ ਲਾਵਾਰਸ, ਬੇਘਰ, ਅਪਾਹਜ ਅਤੇ ਬਿਮਾਰ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ । ਅਜਿਹੇ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ। ਡਾ: ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਹੁਣ 235 ਦੇ ਕਰੀਬ ਅੰਗਹੀਣ, ਬੇਸਹਾਰਾ, ਨੇਤਰਹੀਣ, ਅਧਰੰਗ ਦੀ ਬਿਮਾਰੀ ਵਾਲੇ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ, ਦਿਮਾਗੀ ਸੰਤੁਲਨ ਗੁਆ ਚੁੱਕੇ, ਲਾਇਲਾਜ ਰੋਗਾਂ ਨਾਲ ਪੀੜਤ ਲਾਵਾਰਸ, ਬੇਘਰ ਬਜ਼ੁਰਗ ਅਤੇ ਗਰੀਬ ਲੋਕ ਪੱਕੇ ਤੌਰ ‘ਤੇ ਰਹਿ ਰਹੇ ਹਨ। ਇਹਨਾਂ ‘ਚ ਜ਼ਿਆਦਾਤਰ ਉਹ ਹਨ ਜਿਨ੍ਹਾਂ ਨੂੰ ਸੜਕਾਂ ‘ਤੋਂ ਬਹੁਤ ਤਰਸਯੋਗ ਹਾਲਤ ‘ਚ ਚੁੱਕ ਕੇ ਲਿਆਂਦਾ ਗਿਆ ਸੀ। ਇਹਨਾਂ ਮਰੀਜ਼ਾਂ ‘ਚ 125 ਦੇ ਕਰੀਬ ਉਹ ਮਰੀਜ਼ /ਲਵਾਰਸ ਵਿਅਕਤੀ ਹਨ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਜਦ ਕਿ 80 ਦੇ ਕਰੀਬ ਅਜਿਹੇ ਮਰੀਜ਼ ਹਨ, ਜਿਹਨਾਂ ਨੂੰ ਆਪਣੀ ਸੁੱਧ-ਬੁੱਧ ਨਹੀਂ ਹੈ, ਉਹ ਆਪਣੇ ਬਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ, 60 ਦੇ ਕਰੀਬ ਮਰੀਜ਼ ਅਜਿਹੇ ਹਨ ਜੋ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ। ਅਜਿਹੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਭੋਜਨ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਆਸ਼ਰਮ ਨੂੰ ਬੇਹਤਰ ਢੰਗ ਨਾਲ ਚਲਾਉਣ ਲਈ 40 ਦੇ ਕਰੀਬ ਸਟਾਫ਼ ਤੇ ਸੇਵਾਦਾਰ ਆਸ਼ਰਮ ‘ਚ ਕੰਮ ਕਰਦੇ ਹਨ । ਸੇਵਾਦਾਰ ਇਹਨਾਂ ਮਰੀਜ਼ਾਂ ਨੂੰ ਇਸ਼ਨਾਨ ਕਰਾਉਂਦੇ ਹਨ, ਕੱਪੜੇ ਬਦਲੀ ਕਰਦੇ ਹਨ। ਲਾਚਾਰ ਮਰੀਜ਼ਾਂ ਨੂੰ ਖਾਣਾ ਵੀ ਆਪ ਖੁਆਉਂਦੇ ਹਨ। ਡਾਕਟਰ ਤੇ ਨਰਸਾਂ ਮਰੀਜ਼ਾਂ ਨੂੰ ਦੁਆਈਆਂ ਦਿੰਦੇ ਹਨ । ਆਸ਼ਰਮ ਵਿੱਚ ਤਕਰੀਬਨ 300 ਮਰੀਜ਼ਾਂ ਤੇ ਸੇਵਾਦਾਰਾਂ ਲਈ ਲੰਗਰ ਤਿਆਰ ਹੁੰਦਾ ਹੈ। ਇਹਨਾਂ ਮਰੀਜ਼ਾਂ ‘ਤੇ ਆਉਣ ਵਾਲਾ 4 ਕਰੋੜ ਰੁਪਏ ਦੇ ਕਰੀਬ ਸਾਲਾਨਾ ਖਰਚਾ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਜਾਂਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


