* ਘਰਾਂ ਦੀ ਕੀਮਤ ਡਿਗਣੀ ਕੁੱਝ ਲੋਕਾਂ ਦੇ ਮਲਟੀ – ਮਿਲੀਅਨੇਅਰ ਬਣਨ ਦੀ ਨਿਸ਼ਾਨੀ ਹੁੰਦੀ ਹੈ * -ਆਪਣੇ ਤਜਰਬੇ ਦੇ ਅਧਾਰ ਤੇ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)
ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਬਹੁਤ ਜਿਆਦਾ ਪੈਸਾ ਲੋਕਾਂ ਨੇ ਘਰ ਖਰੀਦਣ ਵਿੱਚ ਲਗਾਇਆ ਹੋਇਆ ਹੈ l ਇਸ ਖੇਤਰ ਵਿੱਚ ਅਨੇਕਾਂ ਲੋਕ ਨੌਕਰੀਆਂ ਜਾਂ ਕਾਰੋਬਾਰ ਕਰਦੇ ਹਨ ਜਿਨ੍ਹਾਂ ਨਾਲ ਅਨੇਕਾਂ ਪਰਿਵਾਰਾਂ ਦਾ ਰੋਟੀ ਪਾਣੀ ਚੱਲਦਾ ਹੈ l
ਜਦੋਂ ਘਰਾਂ ਦੀ ਮਾਰਕੀਟ ਉੱਪਰ ਜਾਂਦੀ ਹੈ ਤਾਂ ਉਹ ਲੋਕ ਖੁਸ਼ ਹੁੰਦੇ ਹਨ ਜਿਨ੍ਹਾਂ ਨੇ ਇਸ ਖੇਤਰ ਵਿੱਚ ਪੈਸਾ ਲਗਾਇਆ ਹੁੰਦਾ ਹੈ ਪਰ ਪਹਿਲਾ ਘਰ ਖਰੀਦਣ ਵਾਲੇ ਫਿਕਰ ਵਿੱਚ ਪੈ ਜਾਂਦੇ ਹਨ ਕਿ ਹੁਣ ਏਨੇ ਮਹਿੰਗੇ ਘਰ ਕਿਵੇਂ ਖਰੀਦਾਂਗੇ?
ਘਰਾਂ ਦੀ ਮਾਰਕੀਟ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ l ਇਸ ਕਰਕੇ ਇਸ ਦੇ ਉੱਤੇ ਥੱਲੇ ਜਾਣ ਲਈ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ l ਕਿਹਾ ਜਾ ਸਕਦਾ ਹੈ ਕਿ ਕਦੇ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ l ਕਦੇ ਖਰੀਦਣ ਤੇ ਕਦੇ ਵੇਚਣ ਵਾਲਿਆਂ ਨੂੰ ਫਾਇਦਾ ਹੁੰਦਾ ਹੈ l
ਇਤਿਹਾਸਿਕ ਤੌਰ ਤੇ ਦੇਖਿਆ ਜਾਵੇ ਤਾਂ ਨਿਊਜ਼ੀਲੈਂਡ ਵਿੱਚ ਘਰ ਤਕਰੀਬਨ ਦਸ ਕੁ ਸਾਲਾਂ ਵਿੱਚ ਦੁੱਗਣੀ ਕੀਮਤ ਦੇ ਹੋ ਜਾਂਦੇ ਹਨ l ਭਾਵੇਂ ਇਨ੍ਹਾਂ ਦਸ ਸਾਲਾਂ ਦੌਰਾਨ ਆਰਥਿਕ ਮੰਦੀ ਵੀ ਆਈ ਹੋਵੇ l ਜੇ ਕਿਤੇ ਦਸ ਸਾਲ ਤੋਂ ਪਹਿਲਾਂ ਦੁੱਗਣੇ ਹੋ ਜਾਣ ਤਾਂ ਅਗਲੇ ਦਸ ਸਾਲਾਂ ਦੀ ਬਜਾਏ ਦੁੱਗਣੇ ਹੋਣ ਨੂੰ ਸਮਾਂ ਵੱਧ ਲੱਗ ਸਕਦਾ ਹੈ l ਭਾਵ ਕੀਮਤ ਦੁੱਗਣੇ ਹੋਣ ਦਾ ਔਸਤਨ ਸਮਾਂ ਦਸ ਸਾਲ ਦੇ ਕਰੀਬ ਹੀ ਰਹਿੰਦਾ ਹੈ l ਕੀਮਤਾਂ ਦੇ ਨਾਲ ਨਾਲ ਘਰਾਂ ਦੇ ਕਿਰਾਏ ਵੀ ਵਧਦੇ ਰਹਿੰਦੇ ਹਨ l
ਘਰਾਂ ਦੇ ਕਰਜ਼ੇ ਦੇ ਵਿਆਜ਼, ਸਰਕਾਰ ਦੀਆਂ ਨੀਤੀਆਂ, ਟੈਕਸ ਲਾਅ ਅਤੇ ਰਿਜ਼ਰਵ ਬੈੰਕ ਦੀਆਂ ਪਾਲਸੀਆਂ ਘਰਾਂ ਦੀਆਂ ਕੀਮਤਾਂ ਤੇ ਅਸਰ ਪਾਉਂਦੀਆਂ ਹਨ l
ਬੈਂਕਾਂ ਕਦੇ ਵੱਧ ਕਰਜ਼ਾ ਦੇਣ ਲਗਦੀਆਂ ਹਨ ਅਤੇ ਕਦੇ ਘੱਟ l ਇੱਕ ਗੱਲ ਸਾਫ਼ ਹੈ ਕਿ ਬਿਨਾਂ ਬੈਂਕ ਦੇ ਦਿੱਤੇ ਕਰਜ਼ੇ ਤੋਂ ਘਰਾਂ ਦੇ ਖੇਤਰ ਵਿੱਚ ਉਛਾਲ ਨਹੀਂ ਆ ਸਕਦਾ l ਦੂਜੀ ਇਹ ਗੱਲ ਵੀ ਸਾਫ਼ ਹੈ ਕਿ ਬਿਨਾਂ ਕਰਜ਼ਾ ਦਿੱਤਿਆਂ ਬੈਂਕਾਂ ਵੀ ਜ਼ਿੰਦਾ ਨਹੀਂ ਰਹਿ ਸਕਦੀਆਂ ਕਿਉਂਕਿ ਉਨ੍ਹਾਂ ਦਾ ਮੁੱਖ ਆਮਦਨ ਦਾ ਸਾਧਨ ਕਰਜ਼ਾ ਦੇਣਾ ਹੀ ਹੁੰਦਾ ਹੈ l
ਕਰਜ਼ੇ ਬਾਰੇ ਸਹੀ ਜਾਣਕਾਰੀ ਵਿਅਕਤੀ ਨੂੰ ਅਮੀਰ ਬਣਾ ਦਿੰਦੀ ਹੈ ਅਤੇ ਦੂਜਿਆਂ ਨੂੰ ਡੋਬ ਦਿੰਦੀ ਹੈ l
ਬੜੀ ਦਿਲਚਸਪ ਗੱਲ ਹੈ ਕਿ ਜੇ ਕਿਸੇ ਨੇ ਇੱਕ ਮਿਲੀਅਨ ਡਾਲਰ ਬੈਂਕ ਵਿੱਚ ਜਮ੍ਹਾਂ ਕਰਵਾਇਆ ਹੋਵੇ ਤਾਂ ਬੈਂਕ ਕਦੇ ਉਸ ਨੂੰ ਕੌਫੀ ਜਾਂ ਚਾਹ ਨਹੀਂ ਪੁੱਛਦੀ ਅਤੇ ਨਾ ਹੀ ਅਕਸਰ ਫੋਨ ਕਰਦੀ ਹੈ ਪਰ ਜੇ ਕਿਸੇ ਵਿਅਕਤੀ ਨੇ ਬੈਂਕ ਤੋਂ ਇੱਕ ਮਿਲੀਅਨ ਕਰਜ਼ਾ ਲਿਆ ਹੋਇਆ ਹੈ ਤਾਂ ਬੈਂਕ ਚਾਹ /ਕੌਫੀ ਵੀ ਪੁੱਛਦੀ ਹੈ, ਕਈ ਵਾਰ ਕੈਸ਼ ਬੈਕ ਵੀ ਦਿੰਦੀ ਹੈ l ਜਿੰਨਾ ਵਿਅਕਤੀ ਸਿਰ ਕਰਜ਼ਾ ਵੱਧ ਹੋਵੇਗਾ ਓਨਾ ਹੀ ਬੈਂਕ ਉਸ ਦੀ ਕਦਰ ਜਿਆਦਾ ਕਰੇਗੀ l ਕਿਹਾ ਜਾ ਸਕਦਾ ਹੈ ਕਿ ਬੈਂਕ ਨੂੰ ਕਰਜ਼ਾਈ ਲੋਕ ਵੱਧ ਪਸੰਦ ਹਨ l
ਜਦੋਂ ਵੀ ਘਰਾਂ ਦੀ ਮਾਰਕੀਟ ਡਿਗਦੀ ਹੈ ਤਾਂ ਉਸ ਸਮੇਂ ਵੱਧ ਮਲਟੀ-ਮਿਲੀਅਨੇਅਰ ਪੈਦਾ ਹੁੰਦੇ ਹਨ l ਮਲਟੀ-ਮਿਲਿਅਨੇਅਰ ਸਿਰਫ ਉਹੀ ਬਣਦੇ ਹਨ ਜੋ ਆਪਣੇ ਆਪ ਨੂੰ ਬੁਰੇ ਸਮੇਂ ਲਈ ਤਿਆਰ ਕਰ ਲੈਂਦੇ ਹਨ l
ਇਹ ਵੀ ਕਿਹਾ ਜਾ ਸਕਦਾ ਹੈ ਕਿ ਵਿਅਕਤੀ ਦਾ ਬੁਰਾ ਸਮਾਂ ਉਸ ਲਈ ਚੰਗੇ ਮੌਕੇ ਵੀ ਨਾਲ ਲੈ ਕੇ ਆਉਂਦਾ ਹੈ ਪਰ ਜਲਦੀ ਘਬਰਾ ਜਾਣ ਵਾਲੇ ਲੋਕ ਉਹ ਮਿਲਿਆ ਚੰਗਾ ਮੌਕਾ ਗੁਆ ਦਿੰਦੇ ਹਨ ਅਤੇ ਆਪਣੀ ਨਾਕਾਮਯਾਬੀ ਦਾ ਇਲਜ਼ਾਮ ਦੂਜਿਆਂ ਸਿਰ ਮੜ੍ਹਦੇ ਹਨ l
ਨਿਊਜ਼ੀਲੈਂਡ ਵਿੱਚ ਜਦੋਂ 2008 ਵਿੱਚ ਆਰਥਿਕ ਮੰਦੀ ਆਈ ਜਿਸ ਨੂੰ ਗਲੋਬਲ ਫਾਈਨੈਂਸ਼ਲ ਕਰਾਇਸਿਸ (Global Financial Crisis) ਵੀ ਕਿਹਾ ਜਾਂਦਾ ਹੈ l ਉਸ ਸਮੇਂ ਬਹੁਤ ਲੋਕ ਘਰ ਖਰੀਦਣ ਤੋਂ ਡਰਦੇ ਸਨ l ਇਹ ਆਰਥਿਕ ਮੰਦੀ ਔਕਲੈਂਡ ਵਿੱਚ ਚਾਰ ਕੁ ਸਾਲ ਜਿਆਦਾ ਰਹੀ ਪਰ ਰੋਟੋਰੂਆ, ਟੀ ਕੁਟੀ, ਟਮਰਾਨੂਈ ਅਤੇ ਗਿਸਬੋਰਨ ਇਲਾਕਿਆਂ ਵਿੱਚ ਇਹ ਆਰਥਿਕ ਮੰਦੀ ਘਰਾਂ ਦੇ ਖੇਤਰ ਵਿੱਚ 2016 ਤੱਕ ਜਾਰੀ ਰਹੀ l ਜਿਨ੍ਹਾਂ ਲੋਕਾਂ ਨੇ ਵੀ ਇਸ ਗਲੋਬਲ ਫਾਈਨੈਂਸ਼ਲ ਕਰਾਇਸਿਸ 2008 ਦੌਰਾਨ ਘਰ ਖਰੀਦੇ ਉਹ ਤਕਰੀਬਨ ਸਾਰੇ ਹੀ ਮਲਟੀ-ਮਿਲੀਅਨੇਅਰ ਬਣੇ ਹੋਏ ਹਨ l
ਲੋੜ ਹੈ ਇਸ ਸਾਰੇ ਵਰਤਾਰੇ ਨੂੰ ਸਮਝਣ ਅਤੇ ਚੰਗੀ ਤਰਾਂ ਲਾਗੂ ਕਰਨ ਦੀ l ਕਨੂੰਨ ਸਭ ਲਈ ਇੱਕ ਹੈ, ਪਾਲਸੀਆਂ ਵੀ ਇੱਕੋ ਹਨ ਪਰ ਸਭ ਵਿਅਕਤੀ ਇਨ੍ਹਾਂ ਪਾਲਸੀਆਂ ਵਿੱਚ ਵੱਖ ਵੱਖ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਨਤੀਜੇ ਹੀ ਮਿਲਦੇ ਹਨ l
ਜਦੋਂ ਜਿਆਦਾ ਲੋਕ ਘਰਾਂ ਦੇ ਖੇਤਰ ਵਿੱਚ ਘਰ ਖਰੀਦਣ ਤੋਂ ਡਰਦੇ ਹਨ ਉਸੇ ਸਮੇਂ ਮਲਟੀ-ਮਿਲੀਅਨੇਅਰ ਜਿਆਦਾ ਘਰ ਖਰੀਦਦੇ ਹਨ l
ਨੋਟ :-ਇਹ ਆਰਟੀਕਲ ਆਪਣੇ ਤਜ਼ਰਬੇ ਦੇ ਅਧਾਰ ਤੇ ਹੈ l ਘਰਾਂ ਦੇ ਖੇਤਰ ਵਿੱਚ ਇਨਵੈਸਟ ਕਰਨ ਲਈ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article~~ Smriti~~
Next articleਹੀਰੋ ਏਜੰਸੀ ਦੇ ਮਾਲਕ ਨੂੰ ਹੀਰੋ ਮੇਸਟ੍ਰੋ ਦੇ ਸਪੇਅਰ ਪਾਰਟ ‘ਤੇ 25 ਰੁਪਏ ਵਾਧੂ ਵਸੂਲਣ ‘ਤੇ 5000 ਰੁਪਏ ਦਾ ਜ਼ੁਰਮਾਨਾ