ਘਰ ਦਾ ਜੋਗੀ ਜੋਗੜਾ

ਰਮੇਸ ਸੇਠੀ ਬਾਦਲ
 (ਸਮਾਜ ਵੀਕਲੀ) ਸਾਡੀਆਂ ਸਾਰੀਆਂ ਕਹਾਵਤਾਂ ਬਿਲਕੁਲ ਹੀ ਸਹੀ ਹਨ। ਸਦੀਆਂ ਤੌ ਇਹ ਕਹਾਵਤਾਂ ਸਾਡੇ ਤੇ ਲਾਗੂ ਹੁੰਦੀਆਂ ਹਨ। ਕਈ ਵਾਰੀ ਯੁੱਗ ਪਰਵਰਤਨ ਅਤੇ ਪੀੜ੍ਹੀ ਦਰ ਪੀੜ੍ਹੀ ਦੇ ਬਦਲਾਅ ਕਾਰਨ ਕੁਝ ਕੁ ਆਪਣਾ ਮਹੱਤਵ ਗੰਵਾਂ ਦਿੰਦੀਆਂ ਹਨ। ਪਰ ਉਹਨਾ ਦੀ ਮੂਲ ਮਕਸਦ ਸਥਿਰ ਹੀ ਰਹਿੰਦਾ ਹੈ।  ਘਰ ਦਾ ਜੋਗੀ ਜੋਗੜਾ  ਅਤੇ ਬਾਹਰ ਦਾ ਜੋਗੀ ਸਿੱਧ  ਅਖਾਣ ਅਕਸਰ ਮੇਰੀ ਮਾਂ ਵਰਤਦੀ ਹੁੰਦੀ ਸੀ । ਜਿੰਨੀ ਕੁ ਸਮਝ ਹੀ ਉਹਨਾ ਕੁ ਅਸੀ ਸਮਝ ਲੈਂਦੇ। ਹੁਣ ਸਮਾਜ ਵਿੱਚ ਵਿਚਰਦਿਆਂ ਅਤੇ ਉਮਰ ਦੇ ਤਜੁਰਬੇ ਨਾਲ ਇਹ ਬਿਲਕੁਲ ਸਹੀ ਲੱਗਿਆ। ਅਕਸਰ ਇਸ ਤਰਾਂ ਦੀਆਂ ਉਦਾਰਣਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਬਾਹਰ ਦੇ ਲੋਕਾਂ ਨੂੰ ਸਿਆਣੇ ਸਮਝਿਆ ਜਾਂਦਾ ਹੈ ਪਰ ਆਪਣੇ ਘਰ ਦੇ ਆਦਮੀ ਜਾ ਸਹਿਰ ਦੇ ਆਦਮੀ ਨੂੰ ਉਹ ਅਹਿਮੀਅਤ ਨਹੀ ਦਿੱਤੀ ਜਾਂਦੀ।
ਅੱਜ ਕੱਲ ਗੋਡੇ ਦੁਖਣ , ਪਿੱਤੇ ਗੁਰਦੇ ਚ ਪੱਥਰੀ ਅਤੇ ਸੂਗਰ  ਦਾ  ਵਾਹਵਾ ਰਿਵਾਜ ਜਿਹਾ ਹੈ। ਘਰ ਘਰ ਇਸੇ ਦੇ ਹੀ ਮਰੀਜ ਹਨ। ਜਿਸ ਨੂੰ ਮਰਜੀ ਪੁੱਛ ਲਵੋ ਅਗਲਾ ਤਕਰੀਬਨ ਆਹੀ ਤਕਲੀਫ ਦੱਸੂ। ਇਹਨਾ ਦਾ ਕੋਈ ਪੱਕਾ ਹੱਲ ਨਹੀ ਹੈ ਸਿਰਫ ਪ੍ਰਹੇਂਜ ਹੈ। ਪਰ ਲੋਕ ਅੰਗਰੇਜੀ ਦਵਾਈਆਂ ਖਾ ਖਾ ਕੇ ਅੱਕੇ ਪਏ ਹਨ। ਲੋਕਾਂ ਦਾ ਝੁਕਾਅ ਹੁਣ  ਦੇਸੀ ਵੈਦਾਂ ਹਕੀਮਾਂ ਤੇ ਸਿਆਣੇ ਜੋ ਘਰ ਘਰ ਬੈਠੇ ਹਨ  ਵੱਲ ਹੋ ਗਿਆ ਹੈ। ਜਿਸਨੂੰ ਮਰਜੀ ਪੁੱਛ ਲਵੋ ਉਹ ਪੰਜ ਸੱਤ ਸਿਆਣਿਆਂ ਦੀ ਦੱਸ ਤਾਂ ਪਾ ਦੇਵੇਗਾ। ਹਰ ਸਹਿਰ ਗਲੀ ਮੁਹੱਲੇ ਵਿੱਚ ਇਹਨਾ ਤੀ ਭਰਮਾਰ ਹੈ। ਇਹਨਾ ਸਿਆਣਿਆਂ ਨੂੰ ਆਪਣੇ ਸਹਿਰ ਦੇ ਲੋਕੀ ਇੰਨਾ ਨਹੀ ਪੁਛਦੇ। ਪਰ ਦੂਰੋ ਦੂਰੋ ਲੋਕ ਇਹਨਾਂ ਕੋਲ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਕੋਈ ਠੀਕ ਹੋਵੇ ਨਾ ਹੋਵੇ ਪਰ ਦੂਰ ਦੂਰ ਤੋ ਆਉਂਦੇ ਮਰੀਜਾਂ ਨਾਲ ਇਹਨਾਂ ਸਿਆਣਿਆਂ ਦੀ  ਵਾਹਵਾ ਮਸਹੂਰੀ ਹੋ  ਹੋ ਜਾਂਦੀ ਹੈ। ਜਦੋ ਕਿ ਆਪਣੇ ਸਹਿਰ ਵਾਲੇ ਸਿਆਣਿਆਂ ਨੂੰ ਕੋਈ ਗੋਲਦਾ ਨਹੀ ।
ਘਰ ਦਾ ਕੋਈ ਜੀਅ ਜਿੰਨਾ ਮਰਜੀ ਸਿਆਣਾ ਡਾਕਟਰ, ਵਕੀਲ, ਇੰਜੀਨੀਅਰ ਹੋਵੇ ਜਾ ਕਿਸੇ ਹੋਰ ਕੰਮ ਦਾ ਸਪੈਸਲਿਸਟ ਕਿਉਂ ਨਾ ਹੋਵੇ। ਕੋਈ ਕਦਰ ਨਹੀ ਕਰਦਾ। ਪਰ ਬਾਹਰਲੇ ਨੀਮ ਹਕੀਮ ਤੇ ਰੱਬ ਜਿੰਨਾ ਵਿਸਵਾਸ ਕਰਦੇ ਹਨ। ਬੇਗਾਨੇ ਦੀ ਰਾਇ ਨੂੰ ਜਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।ਘਰ ਦੇ ਜੋਗੀ ਦੀ ਕੋਈ ਪੁੱਛ ਪ੍ਰਤੀਤ ਨਹੀ ਹੁੰਦੀ।
ਮੈ ਖੁਦ ਵੀ ਘਰਦੇ ਜੋਗੀ ਆਲੀ ਬੀਮਾਰੀ ਦਾ ਸਿਕਾਰ ਹਾਂ। ਚਾਹੇ ਮੇਰੀਆਂ ਕਹਾਣੀਆਂ, ਲੇਖ ਅਖਬਾਰਾਂ ਵਿੱਚ ਛਪਦੇ ਹਨ। ਅਤੇ ਬਹੁਤੀ ਗਿਣਤੀ ਵਿੱਚ ਲੋਕ ਉਹਨਾ ਲੇਖਾਂ ਕਹਾਣੀਆਂ ਨੂੰ ਪੜ੍ਹਦੇ ਹਨ। ਸੈਕੜੇ ਰੇਗੂਲਰ ਪਾਠਕ ਵੀ ਹਨ। ਅਕਸਰ ਹੀ ਪਾਠਕਾਂ ਦੇ ਫੋਨ ਆਉਂਦੇ ਹਨ ਅਤੇ ਲਿਖਤਾਂ ਤੇ ਆਮ ਚਰਚਾ ਹੁੰਦੀ ਹੈ। ਕਈ ਸੂਝਵਾਨ ਤੇ ਪਾਰਖੂ ਪਾਠਕ ਰਚਨਾਵਾਂ ਦੀ ਦਿਲ ਖੋਲਕੇ ਚਰਚਾ ਕਰਦੇ ਹਨ। ਮੇਰੀਆਂ ਚਾਰ ਕਿਤਾਬਾਂ ਵੀ ਛਪ ਚੁਕੀਆਂ ਹਨ। ਪਰ ਮੇਰੇ ਪਰਿਵਾਰ ਦੇ ਲੋਕ ਖਾਸਕਰ ਮੇਰੇ ਬੇਟੇ ਮੇਰੀਆਂ ਰਚਨਾਵਾਂ ਨੂੰ ਨਹੀ ਪੜ੍ਹਦੇ । ਡੈਡੀ ਜੀ ਇੰਨੀਆਂ ਵੱਡੀਆਂ ਸਾਥੋਂ ਨਹੀ ਪੜ੍ਹੀਆਂ ਜਾਂਦੀਆਂ। ਕਈ ਵਾਰੀ ਸੋਚਦਾ ਹਾਂ ਲੋਕਾਂ ਲਈ ਮੈ ਇੱਕ ਵਧੀਆ ਕਹਾਣੀਕਾਰ, ਲੇਖਕ ਅਤੇ ਕਾਲਮਨਵੀਸ ਹੋ ਸਕਦਾ ਹਾਂ ਪਰ ਘਰੇ ਤਾਂ ਘਰ ਦੀ ਮੁਰਗੀ ਵਰਗਾ ਹੀ ਹਾਲ ਹੈ।ਹੁਣ ਮੇਰੇ ਬੱਚਿਆਂ ਲਈ ਤਾਂ ਮੈ ਜੋਗੜਾ ਹੀ ਹੋਇਆ । ਬਾਹਰਲਿਆਂ ਲਈ ਭਾਂਵੇ ਜਿੱਡਾ ਮਰਜੀ ਸਿੱਧ ਹੋਵਾ।
ਇੱਕ ਗੱਲ ਹੋਰ ਮੇਰੀਆਂ ਬਹੁਤੀਆਂ ਕਹਾਣੀਆਂ ਲਿਖਤਾਂ ਰਿਸਤਿਆਂ ਦੀ ਅਹਿਮੀਅਤ ਬਾਰੇ ਹੁੰਦੀਆਂ ਹਨ। ਮੋਹ ਦੀਆਂ ਤੰਦਾ ਨੂੰ ਬਰਕਰਾਰ ਰੱਖਣ ਵਾਲੀਆਂ ਹੁੰਦੀਆਂ ਹਨ। ਜਿੰਨਾ ਵਿੱਚ ਇੱਕ ਵਿਧਵਾ ਮਾਂ , ਧੀ , ਭੈਣ ਅਤੇ ਭੂਆ ਦਾ ਦਰਦ ਬਿਆਨ ਕੀਤਾ ਹੁੰਦਾ ਹੈ। ਰਿਸਤਿਆਂ ਦੀ ਬੇਕਦਰੀ ਖਿਲਾਫ ਮੇਰੀ ਕਲਮ ਖੂਬ ਚਲਦੀ ਹੈ। ਜਿਸ ਕਰਕੇ ਹਰ ਦੁਖਿਆਰੀ ਧੀ ਭੈਣ ਭੂਆ ਨੂੰ ਇਹ ਦੁੱਖ ਦਰਦ ਆਪਣਾ ਲੱਗਦਾ ਹੈ। ਤੇ ਉਹ ਮੇਰੀ ਕਲਮ ਨੂੰ ਆਪਣੇ ਦਿਲ ਦੀ ਆਵਾਜ ਸਮਝਦੇ ਹਨ। ਕਿਸੇ ਬੁਧੀਜੀਵੀ  ਨੇ ਮੇਰੀਆਂ ਕਿਤਾਬਾਂ ਦੀ ਸਮਿਖਿਆਂ ਦੋਰਾਨ ਮੈਨੂੰ ਰਿਸਤਿਆਂ ਦੇ ਮੋਹ ਦਾ ਮਾਣ ਮੱਤਾ ਲੇਖਕ ਦੇ ਅੰਲਕਾਰ ਨਾਲ ਨਿਵਾਜਿਆ। ਪਰ ਜੇ ਮੈ ਆਪਣੇ  ਰਿਸਤਿਆਂ ਦੀ ਹਕੀਕੀ ਨੂੰ ਬਿਆਨ ਕਰਾਂ   ਤਾਂ ਇਸ ਮਾਮਲੇ ਵਿੱਚ  ਮੈ ਬਿਲਕੁਲ ਖੋਖਲਾ ਹਾਂ। ਲੋਕ ਕਹਿੰਦੇ ਹਨ ਸਾਰੀ ਖੁਦਾਈ ਏਕ ਤਰਫ ਪਰ ਜ਼ੋਰੂ ਕਾ ਭਾਈ ਏਕ ਤਰਫ। ਪਰ ਮੇਰੀ ਤਾਂ ਮੇਰੇ ਸਾਲਿਆਂ ਨਾਲ ਕਦੇ ਇੱਕ ਪਲ ਵੀ ਨਹੀ ਬਣੀ। ਹੁਣ ਤੇ ਦਾਲ ਕੋਲੀ ਦੀ ਸਾਂਝ ਤਾਂ ਕੀ ਜੁਬਾਨ ਦੀ ਸਾਂਝ ਵੀ ਖਤਮ ਹੈ।  ਉਹਨਾ ਦੀਆਂ ਨਜਰਾਂ ਵਿੱਚ ਮੈ ਇੱਕ ਗਲਤ, ਗੈਰ ਜਿੰਮੇਦਾਰ, ਬੜਬੋਲਾ, ਲਾਲਚੀ ਨਾ ਜਾਣੇ ਕੀ ਕੀ ਹਾਂ। ਜਿਸਨੇ ਆਪਣੇ ਸਹੁਰਿਆਂ ਦੀ ਕਦਰ ਨਹੀ ਕੀਤੀ। ਹੁਣ ਰਿਸਤਿਆਂ ਦੇ ਮੋਹ ਦੇ ਮਨਮੱਤੇ ਲੇਖਕ ਦਾ  ਆਪਣੇ ਘਰ ਵਿੱਚ ਜਾ ਰਿਸਤੇਦਾਰੀ ਵਿੱਚ ਆਹ ਹਾਲ ਹੈ।ਲੋਕ ਮੈਨੂੰ ਰਿਸਤਿਆਂ ਦਾ ਕਦਰਦਾਨ ਤੇ ਰਖਵਾਲਾ ਸਮਝਦੇ ਹਨ। ਪਰ ਮੈ ਰਿਸਤੇਦਾਰਾਂ ਅਨੁਸਾਰ ਥੋਥਾ ਚਨਾ ਹਾਂ। ਯਾਨਿ ਪੂਰੀ ਤਰਾਂ ਜੋਗੜਾ ਹਾਂ। ਪਰ ਬਾਹਰਲਿਆਂ ਦੀ ਨਜਰ ਵਿੱਚ ਸਿੱਧ ਹਾਂ ।ਉਹ ਸਿੱਧ ਜਿਸਨੇ ਕਦੇ ਆਪਣੀ ਮਾਂ ਸਮਾਨ ਸੱਸ ਨੂੰ ਪੈਰੀ ਪੈਣਾ ਨਹੀ ਕੀਤਾ। ਜੇ ਉਸਦੇ ਪੁੱਤਾਂ ਨੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਉਥੇ ਘੱਟ ਤਾਂ ਮੈਥੋ ਵੀ ਨਹੀ ਹੋਈ। ਬਰਾਬਰ ਦਾ ਦੋਸ਼ੀ ਹਾਂ ਮੈ ਵੀ ਜੋ ਸਾਲਿਆਂ ਦੀਆਂ ਖੁਸ਼ੀਆਂ ਵਿੱਚ ਕਦੇ ਸਰੀਕ ਨਹੀ ਹੋਇਆ। ਜਿਸਨੇ ਘਰੇ ਆਏ ਰਿਸਤਿਆਂ ਦਾ ਬਣਦਾ ਮਾਣ ਸਨਮਾਨ ਨਹੀ ਕੀਤਾ , ਉਹ ਰਿਸਤਿਆਂ ਦੇ ਮੋਹ ਦਾ ਝੰਡਾ ਚੁੱਕੀ ਫਿਰਦਾ ਹੈ। ਸੋਸਲ ਮੀਡੀਆ ਤੇ ਚਾਹੇ ਸੈਕੜੇ ਲੋਕੀ ਚਾਹੇ ਮੈਨੂੰ ਚਾਚਾ, ਤਾਇਆ, ਬਾਪੂ ਜਾ ਫੁਫੜ ਹੀ ਕਿਉ ਨਾ ਆਖੀ ਜਾਣ। ਪਰ ਆਪਣਿਆਂ ਤੋ ਮਿਲੀ ਬੇਕਦਰੀ ਤਾਂ ਮੈਨੂੰ ਘਰ ਦਾ ਜੋਗੀ ਜੋਗੜਾ ਹੀ ਗਰਨਾਦਦੀ ਹੈ। ਗੱਲ ਰਿਸਤਿਆਂ ਦੇ ਪਲੇਟਫਾਰਮ ਦੇ ਖਾਲੀਪਣ ਦੀ ਹੈ। ਦੋਸ਼ ਚਾਹੇ ਕਿਸੇ ਦਾ ਵੀ ਹੋਵੇ  ਮੇਰਾ ਜਾ ਅਗਲਿਆਂ ਦਾ। ਪਰ ਰਿਸਤੇ ਨਿਭਾਉਣ ਵਿੱਚ ਜਿੱਥੇ ਉਹ ਅਸਫਲ ਹੋਏ ਹਨ ਉਥੇ ਮੈ ਵੀ  ਤਾਂ  ਬੁਰੀ ਤਰਾਂ ਨਾਲ ਫੇਲ ਹੋਇਆ ਹਾਂ।ਫਿਰ ਮੈ ਘਰ ਦਾ ਜੋਗੀ ਨਹੀ ਜੋਗੜਾ ਹੀ ਹੋਇਆ ਨਾ । ਜਦੋ ਅਸੀ ਆਪਣੇ ਧਰਮ ਪੇਸ਼ੇ ਦੀਆਂ ਚੰਗਿਆਈਆਂ ਨੂੰ ਨਜਰਅੰਦਾਜ  ਕਰਕੇ ਦੂਸਰੇ ਦੇ ਧਰਮ ਪੇਸ਼ੇ ਦੀਆਂ ਚੰਗਿਆਈਆਂ ਦੇ ਗੁਣ ਗਾਉਂਦੇ ਹਾਂ। ਤਾਂ ਅਸੀ ਘਰ ਦੇ ਜੋਗੀ ਨੂੰ  ਜੋਗੜਾ ਬਣਾਕੇ ਬਾਹਰ ਦੇ ਜੋਗੀ ਨੂੰ ਸਿੱਧ(ਪਹੰਚਿਆ ਹੋਇਆ)  ਮੰਨਦੇ ਹਾਂ। ਇਹੀ ਸਾਡੀ ਵੱਡੀ ਭੁੱਲ ਹੁੰਦੀ ਹੈ। ਪਤਾ ਨਹੀ ਸਾਨੂੰ ਘਰ ਦੇ ਜੋਗੀ ਨੂੰ ਹੀ ਸਿੱਧ ਸਮਝਣ ਦੀ ਸੋਝੀ ਕਦੋ ਆਊਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌੜੇ ਬੋਲ ਨਾਂ ਬੋਲੀਏ
Next articleਬੁੱਧ ਚਿੰਤਨ