(ਸਮਾਜ ਵੀਕਲੀ)
ਮਾਹੌਲ ਖਰਾਬ ਚੱਲ ਰਿਹਾ ਸੀ । ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਗ੍ਰੰਥ ਦੇ ਪੰਨੇ ਪਾੜ ਕੇ ਗਲੀਆਂ ਵਿੱਚ ਸੁੱਟੇ ਜਾ ਰਹੇ ਸਨ । ਜਿਸ ਨਾਲ ਸ਼ਰਧਾਲੂਆਂ ਦੇ ਦਿਲਾਂ ਨੂੰ ਗਹਿਰੀ ਚੋਟ ਲੱਗ ਰਹੀ ਸੀ । ਸਾਰੇ ਪਾਸੇ ਚੌਕਸੀ ਵਧਾ ਦਿੱਤੀ ਗਈ ਸੀ ।
ਅੱਜ ਸਿਖਰ ਦੁਪਹਿਰੇ ਦੀਪ ਉੱਠਿਆ ਅਤੇ ਘਰੋਂ ਬਾਹਰ ਵੱਲ ਤੁਰ ਪਿਆ । ਸੜਕਾਂ ਉੱਤੇ ਸੁੰਨਸਾਨ ਸੀ । ਉਹ ਸ਼ਹਿਰ ਦੇ ਮੁੱਖ ਧਾਰਮਿਕ ਸਥਾਨ ਜਾ ਵੜਿਆ । ਉਸਨੇ ਦੇਖਿਆ ਅੰਤਾਂ ਦੀ ਗਰਮੀ ਕਾਰਨ ਅੱਜ ਧਾਰਮਿਕ ਸਥਾਨ ‘ਤੇ ਵੀ ਸੁੰਨਸਾਨ ਸੀ ਤੇ ਕੁਦਰਤੀ ਕੈਮਰੇ ਵੀ ਬੰਦ ਪਏ ਸਨ । ਉਹ ਖੁਸ਼ੀ ਨਾਲ ਛੋਪਲੇ ਜਿਹੇ ਅੰਦਰ ਜਾ ਵੜਿਆ । ‘ਸ਼ਹਿਰ ਦਾ ਮਾਹੌਲ ਤਾਂ ਪਹਿਲਾਂ ਹੀ ਖਰਾਬ ਐ ਹੁਣ ਮੈਂ ਪਵਿੱਤਰ ਗ੍ਰੰਥ ਦਾ ਪਹਿਲਾਂ ਵਾਂਝ ਹੋਰ ਨੁਕਸਾਨ ਕਰਾਂਗਾ ਤਾਂ ਹੀ ਸ਼ਹਿਰ ਵਿੱਚ ਖੂਨ-ਖਰਾਬਾ ਹੋਏਗਾ’ ਸੋਚਦੇ ਹੋਏ ਉਹ ਪਵਿੱਤਰ ਗ੍ਰੰਥ ਲਾਗੇ ਜਾ ਬੈਠਾ ।
ਪਹਿਲਾਂ ਮੇਰਾ ਕਿਸੇ ਨੇ ਕੀ ਵਿਗਾੜ ਲਿਆ ; ਹੁਣ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ … ਹੀ…ਹੀ… ਤੇ ਇੱਕ ਕਮੀਨੀ ਮੁਸਕਾਨ ਉਸਦੇ ਬੁੱਲ੍ਹਾਂ ਉੱਤੇ ਫੈਲ ਗਈ ।
ਆਕੜ ਅਤੇ ਹੰਕਾਰ ਨਾਲ ਭਰੇ ਦੀਪ ਨੇ ਜਿਉਂ ਹੀ ਰੁਮਾਲਾ ਸਾਹਿਬ ਨੂੰ ਹਟਾ ਕੇ ਪਵਿੱਤਰ ਗ੍ਰੰਥ ਨੂੰ ਹੱਥ ਲਾਇਆ । ਇੱਕ ਤਿੱਖੇ ਕਰੰਟ ਦੀ ਲਹਿਰ ਉਸਦੇ ਪੂਰੇ ਸਰੀਰ ਵਿੱਚ ਦੌੜੀ । ਉਸਦੇ ਹੱਥ ਥਾਂਏ ਰੁੱਕ ਗਏ । ਇੱਕ ਦਮ ਉਸਨੂੰ ਜ਼ਬਰਦਸਤ ਲਕਵੇ ਦਾ ਅਟੈਕ ਆ ਗਿਆ । ਉਸਦਾ ਮੂੰਹ ਵਿੰਗਾ ਹੋ ਗਿਆ ਤੇ ਸੰਤੁਲਨ ਵਿਗੜਣ ਕਾਰਨ ਉਹ ਥੜੇ ਤੋਂ ਪਟਾਕ ਕਰਦਾ ਜ਼ਮੀਨ ‘ਤੇ ਮੁੱਧੇ ਮੂੰਹ ਜਾ ਡਿੱਗਾ।
ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ.ਐਡ ।
ਫਿਰੋਜ਼ਪੁਰ ਸ਼ਹਿਰ।