ਛੁੱਟੀਆਂ ਦਾ ਚਾਅ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਦੁੱਧ ਮਲਾਈ ਦੇ ਨਾਲ਼ ਮੱਖਣ ਪੇੜੇ ਹੁੰਦੇ ਸੀ,
ਵਾਰ-ਵਾਰ ਖੰਡੂ ਦੀ ਹੱਟੀ ਤੇ ਗੇੜੇ ਹੁੰਦੇ ਸੀ,
ਨਾਨੇ ਖ਼ਾਤੇ ਪਾ ਦੋ, ਪੁੱਛਣਾ ਨਾ ਭਾਅ ਹੁੰਦਾ ਸੀ,
ਓਦੋਂ ਛੁੱਟੀਆਂ ‘ਚ ਨਾਨਕਿਆਂ ਦਾ ਚਾਅ ਹੁੰਦਾ ਸੀ,

ਡੇਰਾ ਜੋਗੇ ਸਾਧ ਦੀਆਂ, ਇਮਲੀ ਤੇ ਅੰਬੀਆਂ,
ਨਹਿਰ ਵਾਲ਼ਾ ਨਲਕਾ, ਤੇ ਅੱਕਾਂ ਦੀਆਂ ਫੰਭੀਆਂ
ਥੱਲੇ ਟੂਟੇ ਦੇ ਦੁਪਹਿਰ ਨੂੰ,ਨਹਾਅ ਹੁੰਦਾ ਸੀ,
ਓਦੋਂ ਛੁੱਟੀਆਂ ‘ਚ ਨਾਨਕਿਆਂ ਦਾ ਚਾਅ ਹੁੰਦਾ ਸੀ,

ਸੀ ਕੰਧਾਂ ਉੱਤੇ ਕਦੀ, ਪਰਛਾਵਿਆਂ ਨੂੰ ਮਿਣਦੇ,
ਖੁੱਲ੍ਹੀ ਛੱਤ ਉੱਤੇ ਪੈ ਸੀ, ਤਾਰਿਆਂ ਨੂੰ ਗਿਣਦੇ,
ਨਾਨੀ ਦੀਆਂ ਬਾਤਾਂ ਤੇ,ਹੁੰਗਾਰਾ ਹੂੰ ਹਾਂਅ ਹੁੰਦਾ ਸੀ,
ਓਦੋਂ ਛੁੱਟੀਆਂ ‘ਚ ਨਾਨਕਿਆਂ ਦਾ ਚਾਅ ਹੁੰਦਾ ਸੀ

ਚੜ੍ਹ ਮਾਮੇ ਦੇ ਕੰਧੇੜੇ ,ਸੀਗੇ ਮਾਰਦੇ ਕਦਾੜੀਆਂ
ਛੱਲੀ ਦਿਆਂ ਵਾਲਾਂ ਦੀਆਂ,ਲਾ ਕੇ ਮੁੱਛਾਂ ਦਾੜ੍ਹੀਆਂ,
ਭਿੰਡੀ ਦੀਆਂ ਡੋਡੀਆਂ ਦਾ,ਮੱਥੇ ਚਿਪਕਾਅ ਹੁੰਦਾ ਸੀ,
ਓਦੋਂ ਛੁੱਟੀਆਂ ‘ਚ ਨਾਨਕਿਆਂ ਦਾ ਚਾਅ ਹੁੰਦਾ ਸੀ,

ਪ੍ਰਿੰਸ ਨਿਮਾਣਿਆ ਉਹ ਵੀ,ਵੱਖਰਾ ਹੀ ਦੌਰ ਸੀ,
ਨਾਨੀ ਦੀਆਂ ਮੱਠੀਆਂ, ਸੌਗਾਤਾਂ ਨਾਲ਼ ਹੋਰ ਸੀ,
ਵਿਹੜੇ ਵਿੱਚ ਰੌਣਕਾਂ ਜਿਉਂ ਵਿਆਹ ਹੁੰਦਾ ਸੀ,
ਓਦੋਂ ਛੁੱਟੀਆਂ ‘ਚ ਨਾਨਕਿਆਂ ਦਾ ਚਾਅ ਹੁੰਦਾ ਸੀ,

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲਾਂ
Next articleਰਾਹਾਂ ਨੂੰ ਨਹੀ ਵੇਖੀਦਾ