(ਸਮਾਜ ਵੀਕਲੀ)
ਆਓ ਮਿੱਠੇ ਬੋਲਾਂ ਦੇ ਰੰਗ ਇੱਕ ਦੂਜੇ ਨੂੰ ਲਾਈਏ।
ਆਓ ਰਲ਼ ਮਿਲ਼ ਹੱਸੀਏ ਖੇਡੀਏ ਖ਼ੁਸ਼ੀ ਮਨਾਈਏ।
ਕਸੁੰਭੇ ਦਾ ਰੰਗ ਛੱਡ ਮਜੀਠਾ ਰੰਗ ਅਪਣਾਈਏ।
ਔਗੁਣਾਂ ਦੇ ਰੰਗ ਛੱਡ ਗੁਣਾਂ ਦੇ ਰੰਗ ਅਪਣਾਈਏ।
ਜਿੰਦਗੀ ਰੰਗਾਵਾਲੀ ਸ਼ੁੱਭ ਗੁਣਾਂ ਦਾ ਸੰਗ ਬਣਾਈਏ।
ਕਾਮ ਕ੍ਰੋਧ ਲੋਭ ਮੋਹ ਹਉਮੈ ਦੇ ਰੋਗ ਦੂਰ ਭਜਾਈਏ।
ਮਿੱਟੀ ਪਉਣ ਪਾਣੀ ਨੂੰ ਪ੍ਰਦੂਸ਼ਿਤ ਹੋਣੋਂ ਬਚਾਈਏ।
ਫੁੱਲ ਬੂਟੇ ਉਗਾ ਕੇ ਧਰਤੀ ਮਾਤਾ ਨੂੰ ਮਹਿਕਾਈਏ।
ਕੱਚੇ ਰੰਗਾਂ ਦਾ ਕੂੜ ਮਖੌਟਾ ਚਿਹਰੇ ਤੋਂ ਹਟਾਈਏ।
ਹਿਰਦੇ ਵਿੱਚ ਪਿਆਰ ਦੀ ਸੱਚੀ ਜੋਤ ਜਗਾਈਏ।
ਨਫ਼ਰਤਾਂ ਤੋਂ ਉੱਪਰ ਉੱਠ ਸਾਂਝ ਪਿਆਰ ਦੀ ਪਾਈਏ।
ਸਵਾਰਥ ਤੋਂ ਉੱਪਰ ਉੱਠ ਮੋਹ ਦੀਆਂ ਤੰਦਾਂ ਪਾਈਏ।
ਮੇਰ ਤੇਰ ਤੋਂ ਉੱਪਰ ਉੱਠ ਸਭ ਦਾ ਭਲਾ ਮਨਾਈਏ।
ਖ਼ੁਸ਼ੀਆਂ ਬੀਜੀਏ ਖ਼ੁਸ਼ੀਆਂ ਵੰਡੀਏ ਖ਼ੁਸ਼ੀ ਮਨਾਈਏ।
ਝੂਠ ਦਾ ਸੰਗ ਛੱਡ ਕੇ ਸੱਚ ਨਾਲ ਸਾਂਝ ਬਣਾਈਏ।
ਮਾਇਆ ਰੰਗ ਛੱਡ ਮਨ ਨੂੰ ਨਾਮ ਰੰਗ ਲਗਾਈਏ।
ਰਸਨਾ ਨੂੰ ਰੰਗ ਸੱਚੇ ਰੱਬੀ ਨਾਮ ਦਾ ਲਗਾਈਏ।
ਸਾਸ ਗਿਰਾਸ ਸਦਾ ਅਕਾਲ ਪੁਰਖ ਨੂੰ ਧਿਆਈਏ।
ਅਕਾਲ ਪੁਰਖ ਸੰਗ ਹੋਲੀ ਸਿਮਰਨ ਨਾਲ ਮਨਾਈਏ।
ਰੱਬੀ ਨੂਰ ਦੀ ਰਿਸ਼ਮਾਂ ਨਾਲ ਤਨ ਮਨ ਰੁਸ਼ਨਾਈਏ।
ਸਿਫਤਿ ਸਾਲਾਹ ਦਾ ਖਜ਼ਾਨਾ ਹਿਰਦੇ ‘ ਚ ਵਸਾਈਏ।
ਰੱਬੀ ਗੁਣਾਂ ਦੀ ਸੱਚੀ ਹੋਲੀ ਅੱਠੇ ਪਹਿਰ ਮਨਾਈਏ।
( ਇਕਬਾਲ ਸਿੰਘ ਪੁੜੈਣ 8872897500 )
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly