(ਸਮਾਜ ਵੀਕਲੀ)- ਹੋਲੀ ਭਾਰਤ ਦਾ ਇੱਕ ਵਿਸ਼ੇਸ਼ ਤਿਉਹਾਰ ਹੈ।ਇਸ ਨੂੰ ਰੰਗਾਂ ਦਾ ਤਿਉਹਾਰ ਕਹਿ ਕੇ ਵੀ ਜਾਣਿਆ ਜਾਂਦਾ ਹੈ।ਹੋਲੀ ਦਾ ਤਿਉਹਾਰ ਅਲੱਗ ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।ਕਿਤੇ ਲੱਠਮਾਰ ਹੋਲੀ ਹੁੰਦੀ ਹੈ,ਕਿਤੇ ਗੁਲਾਲ ਨਾਲ ਹੋਲੀ ਖੇਡੀ ਜਾਂਦੀ ਹੈ।ਹੋਲੀ ਦਾ ਤਿਉਹਾਰ ਅਸਲ ਵਿੱਚ ਸਾਰੇ ਗੁੱਸੇ ਗਿਲੇ ਭੁਲਾ ਕੇ ਇੱਕ ਹੋ ਜਾਣ ਦਾ ਤਿਉਹਾਰ ਹੈ।ਕੁਦਰਤ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਰੰਗੀ ਹੋਈ ਹੈ।ਫਰਵਰੀ ਮਾਰਚ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਹਨ।ਕੁਦਰਤ ਆਪਣੇ ਬਿਹਤਰੀਨ ਰੰਗਾਂ ਦੀ ਨੁਮਾਇਸ਼ ਕਰਦੀ ਹੈ।ਪਹਿਲਾਂ ਫੁੱਲਾਂ ਨਾਲ ਹੀ ਹੋਲੀ ਖੇਡੀ ਜਾਂਦੀ ਸੀ।ਰੰਗ ਬਣਾ ਕੇ ਹੋਲੀ ਖੇਡਣ ਦਾ ਤਰੀਕਾ ਬਾਅਦ ਵਿੱਚ ਅਪਣਾਇਆ ਗਿਆ।ਲਾਲ,ਗੁਲਾਬੀ, ਪੀਲੇ, ਹਰੇ,ਨੀਲੇ,ਕੇਸਰੀ ਅਲੱਗ ਅਲੱਗ ਰੰਗ ਸਾਡੇ ਚਾਰੋਂ ਪਾਸੀਂ ਫੈਲੀ ਹੋਈ ਦਿਖਾਈ ਦਿੰਦੇ ਹਨ।ਖੁੱਲ੍ਹੀ ਇੱਕ ਤਰ੍ਹਾਂ ਨਾਲ ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਹੈ।ਜਦੋਂ ਵੱਖ ਵੱਖ ਰੰਗ ਇੱਕ ਦੂਜੇ ਨਾਲ ਜੁੜਦੇ ਹਨ ਤਾਂ ਬੜਾ ਸੁੰਦਰ ਦ੍ਰਿਸ਼ ਸਿਰਜ ਦਿੰਦੇ ਹਨ।ਹੋਲੀ ਵਾਲੇ ਦਿਨ ਦੁਸ਼ਮਣ ਤੇ ਵੀ ਰੰਗ ਪਾ ਦਿੱਤਾ ਜਾਵੇ ਤਾਂ ਉਹ ਗੁੱਸਾ ਨਹੀਂ ਕਰਦਾ।ਇਸੇ ਲਈ ਕਿਹਾ ਜਾਂਦਾ ਹੈ “ਬੁਰਾ ਨਾ ਮੰਨੋ ਹੋਲੀ ਹੈ”।ਦੀਵਾਲੀ ਦੇ ਤਿਉਹਾਰ ਦਾ ਸਭ ਤੋਂ ਵੱਧ ਅਨੰਦ ਬੱਚਿਆਂ ਨੂੰ ਆਉਂਦਾ ਹੈ।ਕਈ ਦਿਨ ਪਹਿਲਾਂ ਤੋਂ ਹੋਲੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।ਬੱਚੇ ਪਿਚਕਾਰੀਆਂ ਖਰੀਦਦੇ ਹਨ।ਤਰ੍ਹਾਂ ਤਰ੍ਹਾਂ ਦੇ ਰੰਗ ਲੈ ਕੇ ਰੱਖਦੇ ਹਨ।ਹੋਲੀ ਵਾਲੇ ਦਿਨ ਪਾਣੀ ਵਿੱਚ ਰੰਗ ਘੋਲ ਕੇ ਪਿਚਕਾਰੀਆਂ ਭਰਦੇ ਹਨ।ਇਨ੍ਹਾਂ ਪਿਚਕਾਰੀਆਂ ਦੇ ਰੰਗੀਨ ਪਾਣੀ ਨਾਲੋਂ ਇੱਕ ਦੂਜੇ ਨੂੰ ਸਰੋਬਾਰ ਕਰ ਦਿੰਦੇ ਹਨ।ਕੀ ਨਿਆਣੇ ਕੀ ਸਿਆਣੇ ਚ ਹੋਲੀ ਦੇ ਰੰਗਾਂ ਵਿੱਚ ਰੰਗੇ ਜਾਂਦੇ ਹਨ।ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ।
ਹੋਲੀ ਖੇਡਣ ਤੋਂ ਬਾਅਦ ਮਿਲ ਜੁਲ ਕੇ ਇਨ੍ਹਾਂ ਪਕਵਾਨਾਂ ਦਾ ਸੇਵਨ ਕੀਤਾ ਜਾਂਦਾ ਹੈ।ਹੋਲੀ ਖੁਸ਼ੀਆਂ ਤੇ ਪਿਆਰ ਭਰਿਆ ਤਿਉਹਾਰ ਹੈ।ਜਿਵੇਂ ਹਰ ਤਿਉਹਾਰ ਵਿਚ ਕੁਛ ਨਾ ਕੁਛ ਗ਼ਲਤ ਪ੍ਰਚਲਨ ਜੁੜ ਜਾਂਦੇ ਹਨ ਇਸੇ ਤਰ੍ਹਾਂ ਹੋਲੀ ਵਾਲੇ ਦਿਨ ਵੀ ਕੁਝ ਲੋਕ ਮਿੱਟੀ ਜਾਂ ਚਿੱਕੜ ਨਾਲ ਹੋਲੀ ਖੇਡਦੇ ਹਨ।ਇਸ ਤਰ੍ਹਾਂ ਉਹ ਹੋਲੀ ਦੇ ਰੰਗ ਵਿਚ ਭੰਗ ਪਾਉਂਦੇ ਹਨ।ਉਹ ਹੋਲੀ ਦੇ ਰੰਗਾਂ ਨੂੰ ਕਿਰਕਿਰਾ ਕਰਦੇ ਹਨ।ਕੁਝ ਲੋਕ ਜ਼ਬਰਦਸਤੀ ਵੀ ਰੰਗ ਪਾਉਂਦੇ ਹਨ ਜੋ ਕਿ ਚੰਗੀ ਗੱਲ ਨਹੀਂ। ਕਈ ਵਾਰ ਕੁਝ ਵਿਅਕਤੀਗਤ ਤੇ ਕੁਝ ਸਮਾਜਿਕ ਕਾਰਨਾਂ ਕਰਕੇ ਪਰਿਵਾਰ ਹੋਲੀ ਨਹੀਂ ਮਨਾ ਰਿਹਾ ਹੁੰਦਾ ਅਜਿਹੇ ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਰੰਗ ਦੇਣਾ ਉਚਿਤ ਨਹੀਂ।ਤਿਉਹਾਰ ਅਸਲ ਵਿੱਚ ਆਪਸੀ ਮੇਲ ਜੋਲ ਨੂੰ ਵਧਾਉਣ ਦਾ ਇੱਕ ਤਰੀਕਾ ਹੁੰਦੇ ਹਨ।ਤਿਉਹਾਰਾਂ ਵਿੱਚ ਅਸੀਂ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਾਂ।ਅਜਿਹੇ ਮੌਕੇ ਤੇ ਸਾਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜੋ ਦੂਸਰਿਆਂ ਨੂੰ ਤਕਲੀਫ ਦਏ।ਹੋਲੀ ਦੇ ਤਿਉਹਾਰ ਦਾ ਮਕਸਦ ਹੀ ਖ਼ੁਸ਼ੀਆਂ ਤੇ ਖੇੜੇ ਲਿਆਉਣਾ ਹੈ।ਸਰਦੀ ਖ਼ਤਮ ਹੋਣ ਤੋਂ ਬਾਅਦ ਬਸੰਤ ਰੁੱਤ ਦੀ ਆਮਦ ਤੇ ਰੰਗਾਂ ਦਾ ਇਹ ਤਿਉਹਾਰ ਮੌਲਦੀ ਬਨਸਪਤੀ ਦੇ ਨਾਲ ਮਨੁੱਖ ਦੇ ਮਨ ਨੂੰ ਵੀ ਮੌਲਣ ਦਾ ਮੌਕਾ ਦਿੰਦਾ ਹੈ।ਤਿਉਹਾਰ ਦੇ ਸਮੇਂ ਵੀ ਤੁਹਾਨੂੰ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ।ਸਾਡੇ ਸੰਜਮ ਨਾਲ ਕੀਤੇ ਵਿਹਾਰ ਨਾਲ ਹੀ ਤਿਉਹਾਰ ਖੁਸ਼ੀਆਂ ਤੇ ਖੇੜਿਆਂ ਦਾ ਸਬੱਬ ਬਣਦੇ ਹਨ।ਹੋਲੀ ਆ ਰਹੀ ਹੈ।ਆਓ ਤਿਆਰੀਆਂ ਵਿਚ ਜੁੱਟ ਜਾਈਏ।ਰੰਗਾਂ ਦੇ ਇਸ ਤਿਉਹਾਰ ਨੂੰ ਖੁਸ਼ੀਆਂ ਵੰਡ ਕੇ ਰੰਗੀਨ ਬਣਾਈਏ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly