(ਸਮਾਜ ਵੀਕਲੀ)-ਇਸ ਸਰਮਾਏਦਾਰੀ ਦੌਰ ਵਿੱਚ ਲੋਕ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣੀ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਹਨ l
ਸਾਡਾ ਲਾਲਚ ਸਾਨੂੰ ਰੁਕਣ ਹੀ ਨਹੀਂ ਦਿੰਦਾ l ਅਸੀਂ ਦਿਨ ਰਾਤ ਦੌੜ ਭੱਜ ਵਿੱਚ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਰੇਦਾਰਾਂ ਨਾਲ ਵੀ ਸਮਾਂ ਨਹੀਂ ਬਿਤਾ ਪਾਉਂਦੇ ਜਿਸ ਨਾਲ ਸਾਡੇ ਪਰਿਵਾਰ ਅਤੇ ਸਮਾਜ ਵਿੱਚ ਬਹੁਤ ਉਥਲ ਪੁਥਲ ਹੁੰਦੀ ਹੈ l
ਇਸ ਤਰਾਂ ਦੀ ਹਾਲਤ ਵਿੱਚ ਵਿਅਕਤੀ ਰਾਤ ਨੂੰ ਸੌਂ ਨਹੀਂ ਪਾਉਂਦਾ l ਜਦੋਂ ਨੀਂਦ ਨਹੀਂ ਆਉਂਦੀ ਤਾਂ ਵਿਅਕਤੀ ਨਸ਼ੇ ਦਾ ਜਾਂ ਸੌਣ ਵਾਲੀਆਂ ਗੋਲੀਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਸਿਹਤ ਲਈ ਹਾਨੀਕਾਰਕ ਹਨ l
ਇਸ ਤਰਾਂ ਦਾ ਵਧਦਾ ਮਾਨਸਿਕ ਤਣਾਅ ਅਤੇ ਇਲਾਜ ਦੀ ਘਾਟ ਮਰੀਜ਼ ਨੂੰ ਡਿਪ੍ਰੈਸ਼ਨ ਦੀ ਹਾਲਤ ਵਿੱਚ ਲੈ ਜਾਂਦਾ ਹੈ l ਕਈ ਹਾਲਤਾਂ ਵਿੱਚ ਡਿਪ੍ਰੈਸ਼ਨ ਵਿੱਚ ਵਿਅਕਤੀ ਦੀ ਹਾਲਤ ਏਨੀ ਵਿਗੜ ਜਾਂਦੀ ਹੈ ਕਿ ਮਰੀਜ਼ ਆਪਣੀ ਬਿਮਾਰੀ ਜਾਂ ਹਾਲਤ ਬਾਰੇ ਡਾਕਟਰ ਨੂੰ ਬੋਲ ਕੇ ਵੀ ਨਹੀਂ ਦੱਸ ਸਕਦਾ l ਜਿਆਦਾ ਤੌਰ ਤੇ ਵਿਅਕਤੀ ਡਿਪ੍ਰੈਸ਼ਨ ਦੀ ਹਾਲਤ ਵਿੱਚ ਸਿਰਫ ਇੱਕ ਘਟਨਾ ਵਾਪਰਨ ਕਾਰਣ ਨਹੀਂ ਜਾਂਦਾ l ਉਸ ਨਾਲ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਰੀਜ਼ ਨੂੰ ਯੋਗ ਹੱਲ ਨਹੀਂ ਮਿਲਦਾ l ਕਈ ਘਟਨਾਵਾਂ ਜਾਂ ਸਮੱਸਿਆਵਾਂ ਦੇ ਇਕੱਠੇ ਹੋਣ ਨਾਲ ਵਿਅਕਤੀ ਡਿਪ੍ਰੈਸ਼ਨ ਵਿੱਚ ਚਲੇ ਜਾਂਦਾ ਹੈ l
ਮਾਨਸਿਕ ਦਬਾਅ ਕਾਰਣ ਵਿਅਕਤੀ ਚੁੱਪ ਚੁੱਪ ਰਹਿਣ ਲੱਗ ਪੈਂਦਾ ਹੈ, ਉਸ ਨੂੰ ਡਰ ਲੱਗਣ ਲੱਗ ਪੈਂਦਾ ਹੈ, ਉਹ ਉਨ੍ਹਾਂ ਮਾੜੀਆਂ ਘਟਨਾਵਾਂ ਵਾਪਰਨ ਦੀ ਆਸ ਰੱਖਣ ਲੱਗ ਪੈਂਦਾ ਹੈ ਜੋ ਵਾਪਰਨੀਆਂ ਵੀ ਨਹੀਂ ਹੁੰਦੀਆਂ ਭਾਵ ਜਿਆਦਾ ਪੱਖਾਂ ਤੋਂ ਨਾਂਹ ਪੱਖੀ ਹੋ ਜਾਂਦਾ ਹੈ l ਉਸ ਵਿੱਚ ਕੁੱਝ ਕਰ ਦੇਣ ਦੀ ਹਿੰਮਤ (Will Power) ਘਟ ਜਾਂਦੀ ਹੈ l ਕਈ ਵਾਰ ਇਸ ਤਰਾਂ ਦਾ ਵਿਅਕਤੀ ਆਪਣਾ ਸਿਰ ਦੋਨੋਂ ਹੱਥਾਂ ਨਾਲ ਫੜ ਕੇ ਬੈਠ ਜਾਂਦਾ ਹੈ ਅਤੇ ਕਈ ਵਾਰੀ ਖੁਦ ਨਾਲ ਹੀ ਗੱਲਾਂ ਕਰਨ ਲਗਦਾ ਹੈ l ਇਹ ਸਭ ਮਾਨਸਿਕ ਦਬਾਅ ਦੀਆਂ ਨਿਸ਼ਾਨੀਆਂ ਹਨ l
ਜੇਕਰ ਤੁਹਾਨੂੰ ਆਪਣੇ ਪਰਿਵਾਰ ਵਿੱਚ ਜਾਂ ਸਮਾਜ ਵਿੱਚ ਇਸ ਤਰਾਂ ਦੇ ਲੱਛਣਾਂ ਵਾਲਾ ਵਿਅਕਤੀ ਮਿਲਦਾ ਹੈ ਤਾਂ ਉਸ ਦੀ ਤੁਰੰਤ ਮੱਦਦ ਕਰਨੀ ਚਾਹੀਦੀ ਹੈ l
ਮਾਨਸਿਕ ਰੋਗਾਂ ਦੇ ਇਲਾਜ ਸਾਧਾਂ ਸੰਤਾਂ ਕੋਲ ਨਹੀਂ ਹਨ, ਧਾਰਮਿਕ ਅਸਥਾਨਾਂ ਵਿੱਚ ਸੁੱਖਾਂ ਸੁੱਖਣ ਨਾਲ ਵੀ ਇਹ ਇਲਾਜ ਨਹੀਂ ਹੁੰਦੇ l ਇਨ੍ਹਾਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਕੋਲੋਂ ਹੀ ਕਰਵਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਾਈਕੌਲੋਜਿਸਟ ਜਾਂ ਸਾਇਕਾਈਟ੍ਰਿਸਟ ਕਹਿੰਦੇ ਹਨ l
ਮਾਨਸਿਕ ਰੋਗਾਂ ਦੀ ਜਾਣਕਾਰੀ ਲਈ, ਮਾਨਸਿਕ ਰੋਗਾਂ ਤੋਂ ਬਚਾ ਲਈ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਤਰਕਸ਼ੀਲ ਲਿਟਰੇਚਰ ਕਾਫੀ ਫਾਇਦੇਮੰਦ ਰਹਿੰਦਾ ਹੈ ਜੋ ਪੂਰੇ ਨਿਊਜ਼ੀਲੈਂਡ ਵਿੱਚ ਪੜ੍ਹਨ ਲਈ ਮੇਰੇ ਕੋਲੋਂ ਮੁਫ਼ਤ ਮਿਲਦਾ ਹੈ l ਪੜ੍ਹਨ ਦੇ ਚਾਹਵਾਨ ਥੱਲੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹਨ l ਇਹ ਸੇਵਾ ਮੇਰੇ ਵਲੋਂ ਬਿਨਾਂ ਕਿਸੇ ਲਾਲਚ ਦੇ ਕਮਿਉਨਿਟੀ ਲਈ ਪਿਛਲੇ 25 ਸਾਲ ਤੋਂ ਵੱਧ ਸਮੇਂ ਤੋਂ ਜਾਰੀ ਹੈ l ਇਸ ਵਾਸਤੇ ਕਿਸੇ ਕਿਸਮ ਦੀ ਤਨਖਾਹ, ਗਰਾਂਟ ਜਾਂ ਸਰਕਾਰੀ ਮੱਦਦ ਨਹੀਂ ਲਈ ਜਾਂਦੀ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
00642139147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly