ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਦਾ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)  ਹੋਲਾ ਮਹੱਲਾ ਸ਼ਬਦ ਦੋ ਸ਼ਬਦਾਂ ਹੋਲਾ ਅਤੇ ਮਹੱਲਾ ਤੋਂ ਮਿਲ ਕੇ ਬਣਿਆ ਹੈ ‘ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦਾ ਅਰਥ ਭਲੇ ਕੰਮਾਂ ਲਈ ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ । ‘ਮਹੱਲਾ’ ਸ਼ਬਦ ਦਾ ਅਰਥ ਹੈ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਦੱਬੇ-ਕੁਚਲੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਦੀ ਹੋਂਦ ਮਹਿਸੂਸ ਕਰਵਾਉਣ, ਉਨ੍ਹਾਂ ਵਿੱਚ ਨਿਡਰਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਕਮਜ਼ੋਰ ਹੋ ਚੁੱਕੇ ਸਿੱਖਾਂ ਨੂੰ ਉਸ ਵੇਲੇ ਦੇ ਜਾਲਮ ਹਾਕਮਾਂ ਖਿਲਾਫ ਸੰਘਰਸ਼ ਕਰਨ ਤੇ ਸਿੱਖ ਕੌਮ ਵਿੱਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ‘ਚ ਹੋਲੇ ਮਹੱਲੇ ਦੀ ਪਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ‘ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਖ਼ਾਲਸੇ ਵਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਜਾਂਦਾ ਹੈ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿੱਚ ਨਵ-ਸੰਕਲਪ ਵਜੋਂ ਸੀ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ।
ਇਸ ਤਰ੍ਹਾਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੁੰਦਾ ਹੈ।ਇਸ ਵਿੱਚ ਲੋਕ ਦੂਰੋਂ ਦੂਰੋਂ ਆਉਂਦੇ ਹਨ। ਹੋਲਾ ਮਹੱਲਾ ਮਨੁੱਖ ਦੀ ਆਜਾਦੀ ਬਹਾਦਰੀ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾ ਨੂੰ ਸਿੰਘ ਖ਼ਾਲਸਾ ਬਣਾ ਦਿੱਤਾ। ਉਨ੍ਹਾਂ ਨੇ ਵਹਿਮਾ ਭਰਮਾਂ ਨੂੰ ਖਤਮ ਕਰਕੇ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮਾਜ ਵਿੱਚੋਂ ਊਚ-ਨੀਚ, ਭੇਦ-ਭਾਦ ਮੁਕਾ ਕੇ ਹੀ ਖੁਸ਼ੀ ਵਜੋਂ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ। ਜਦੋ ਹੋਲੇ ਮਹੱਲੇ ਦਾ ਜਲੂਸ ਕਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ ‘ਤੇ ਬਲਵਾਨ ਕਰਨ ਦੇ ਨਵੇਂ ਸਾਧਨ ਅਪਣਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਯੁੱਧ-ਵਿੱਦਿਆ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਇਸ ਤਿਉਹਾਰ ਦਾ ਸੰਬੰਧ ਬਹਾਦਰ ਕੌਮ ਨਾਲ ਜੋੜਿਆ। ਮਹੱਲਾ ਇੱਕ ਪ੍ਰਕਾਰ ਦੀ ਕਰਤੱਬ ਵਾਲੀ ਲੜਾਈ ਹੈ, ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘਾਂ ਦੇ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ ‘ਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪ ਸਿੱਖਾਂ ਨੂੰ ਗੱਤਕਾ ਖੇਡਦੇ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਭੇਟ ਕਰਦੇ ਸਨ। ਘੋੜਸਵਾਰੀ ਤੇ ਗਤਕੇਬਾਜ਼ੀ ਦੇ ਕਰਤੱਬ ਦੇਖਣਯੋਗ ਹੁੰਦੇ ਹਨ।
ਅੱਜ ਵੀ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਹੋਲੇ ਮੁਹੱਲਾ ਭੇਟ ਕਰਕੇ ਕਿਲ੍ਹੇ ਅਨੰਦਗੜ੍ਹ ਸਾਹਿਬ ਵਿਖੇ ਉਥੇ ਨਿਹੰਗ ਸਿੰਘ, ਹਥਿਆਰਾਂ ਨਾਲ ਲੈਸ, ਹਾਥੀ ਅਤੇ ਘੋੜਿਆਂ ‘ਤੇ ਸਵਾਰ ਹੋ ਕੇ, ਇਕ-ਦੂਜੇ’ ਤੇ ਗੁਲਾਬ ਸੁੱਟਦੇ ਹਨ , ਫਿਰ ਸਾਰੇ ਚਰਨ ਗੰਗਾ ਮੈਦਾਨ ਵਿੱਚ ਪਹੁੰਚਦੇ ਹਨ। ਇੱਥੇ ਕਈ ਕਿਸਮਾਂ ਦੀਆਂ ਖੇਡਾਂ ਦੀ ਘੋੜ ਦੌੜ, ਗੱਤਕਾ, ਨੇਜਾਬਾਜੀ ਹੁੰਦੇ ਹਨ | ਆਖਰਕਾਰ, ਗੁਰੂਦੁਆਰਾ ਸਾਹਿਬਾਨ ਦੇ ਬਾਕੀ ਸਥਾਨਾਂ ਦੀ ਯਾਤਰਾ ਕਰਦਿਆਂ, ਇਹ ਨਗਰ ਕੀਰਤਨ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਕੇ ਸਮਾਪਤ ਹੁੰਦਾ ਹੈ। ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ । ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਲੋਕ ਵਹੀਰਾ ਘੱਤ ਕੇ ਆਉਂਦੇ ਹਨ ਅਤੇ ਖ਼ਾਲਸੇ ਦੇ ਹੋਲਾ ਮਹੱਲੇ ਦਾ ਅਨੰਦ ਮਾਣਦੇ ਹਨ।
ਜਸਪਾਲ ਸਿੰਘ ਮਹਿਰੋਕ,
ਸਨੌਰ (ਪਟਿਆਲਾ)
ਮੋਬਾਈਲ 6284347188
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁਫ਼ਤ ਕਣਕ ਦਾ ਲਾਭ ਲੈ ਰਹੇ ਸਮੂਹ ਲਾਭਪਾਤਰਰੀ 31 ਮਾਰਚ ਤੱਕ ਕਰਵਾਉਣ ਈ.ਕੇ.ਵਾਈ.ਸੀ – ਡਿਪਟੀ ਕਮਿਸ਼ਨਰ
Next articleManyawar Kanshi Ram – Time to Resurrect Him