ਰੁੜਕੇਲਾ (ਸਮਾਜ ਵੀਕਲੀ) : ਭਾਰਤ ਨੇ ਹਾਕੀ ਵਿਸ਼ਵ ਕੱਪ ਦੇ ਵਰਗੀਕਰਨ ਮੁਕਾਬਲੇ ’ਚ ਦੱਖਣੀ ਅਫ਼ਰੀਕਾ ਨੂੰ 5-2 ਗੋਲਾਂ ਦੇ ਫਰਕ ਨਾਲ ਹਰਾ ਕੇ ਸਾਂਝੇ ਤੌਰ ’ਤੇ 9ਵਾਂ ਸਥਾਨ ਹਾਸਲ ਕੀਤਾ ਹੈ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਲਕੇ ਜਰਮਨੀ ਅਤੇ ਬੈਲਜੀਅਮ ਵਿਚਕਾਰ ਹੋਵੇਗਾ। ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਅਤੇ ਉਸ ਨੇ ਇਕ ਨੂੰ ਗੋਲ ’ਚ ਤਬਦੀਲ ਕੀਤਾ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਭਿਸ਼ੇਕ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੁਖਜੀਤ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਵੇਲਜ਼ ਨੂੰ 6-0 ਗੋਲਾਂ ਨਾਲ ਹਰਾ ਕੇ ਭਾਰਤ ਨਾਲ ਸਾਂਝੇ ਤੌਰ ’ਤੇ ਨੌਵਾਂ ਸਥਾਨ ਹਾਸਲ ਕੀਤਾ। ਮਲੇਸ਼ੀਆ ਨੇ ਜਾਪਾਨ ਨੂੰ 3-2 ਨਾਲ ਹਰਾਇਆ ਅਤੇ ਉਹ ਫਰਾਂਸ ਨਾਲ 13ਵੇਂ ਸਥਾਨ ’ਤੇ ਰਿਹਾ। ਵੇਲਜ਼ ਅਤੇ ਦੱਖਣੀ ਅਫ਼ਰੀਕਾ ਸਾਂਝੇ ਤੌਰ ’ਤੇ 11ਵੇਂ ਜਦਕਿ ਜਾਪਾਨ ਅਤੇ ਚਿੱਲੀ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਰਹੇ।