ਟੋਕੀਓ, (ਸਮਾਜ ਵੀਕਲੀ): ਆਖਰੀ ਮਿੰਟਾਂ ਵਿੱਚ ਉਪਰੋਥੱਲੀ ਦੋ ਗੋਲ ਕਰਨ ਵਾਲੀ ਭਾਰਤੀ ਟੀਮ ਨੇ ਰੀਓ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਪਿਛਲੇ ਮੈਚ ਵਿੱਚ ਸਪੇਨ ਨੂੰ 3-0 ਦੀ ਸ਼ਿਕਸਤ ਦੇਣ ਮਗਰੋਂ ਭਾਰਤੀ ਟੀਮ ਨੇ ਅੱਜ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਇਸ ਅਹਿਮ ਮੁਕਾਬਲੇ ’ਚ ਜਿੱਤ ਦਰਜ ਕੀਤੀ ਹੈ।
ਆਪਣਾ ਪਹਿਲਾ ਓਲੰਪਿਕ ਖੇਡ ਰਹੀ ਭਾਰਤ ਦੀ ‘ਨੌਜਵਾਨ ਬ੍ਰਿਗੇਡ’ ਨੇ ਇਸ ਜਿੱਤ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਈ ਤੇ ਭਾਰਤ ਨੂੰ ਹਾਕੀ ਵਿੱਚ ਚਾਰ ਦਹਾਕਿਆਂ ਮਗਰੋਂ ਓਲੰਪਿਕ ਤਗ਼ਮਾ ਜਿੱਤਣ ਦੇ ਕਰੀਬ ਲੈ ਗਈ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ 48ਵੇਂ ਮਿੰਟ ਵਿੱਚ ਮਾਇਕੋ ਕੇਸੇਲਾ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ ਤੇ 58ਵੇਂ ਮਿੰਟ ਤੱਕ ਸਕੋਰ 1-1 ਨਾਲ ਬਰਾਬਰ ਰੱਖਿਆ। ਇਸ ਮਗਰੋਂ ਭਾਰਤ ਨੇ ਦੋ ਮਿੰਟਾਂ ਅੰਦਰ ਦੋ ਗੋਲ ਜੜ ਕੇ ਸਾਬਤ ਕਰ ਦਿੱਤਾ ਕਿ ਇਹ ਟੀਮ ਫੈਸਲਾਕੁਨ ਮੌਕਿਆਂ ’ਤੇ ਦਬਾਅ ਅੱਗੇ ਗੋਡੇ ਟੇਕਣ ਵਾਲੀ ਨਹੀਂ ਹੈ। ਭਾਰਤ ਹੁਣ ਪੂਲ ਏ ਵਿੱਚ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਹੈ। ਭਾਰਤ ਹੁਣ ਭਲਕੇ 30 ਜੁਲਾਈ ਨੂੰ ਆਖਰੀ ਪੂਲ ਮੈਚ ਵਿੱਚ ਮੇਜ਼ਬਾਨ ਜਾਪਾਨ ਨਾਲ ਮੱਥਾ ਲਾੲੇਗਾ। ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਕੋਈ ਮੌਕੇ ਗੁਆਏ, ਪਰ ਉਹ ਖ਼ੁਸ਼ ਹਨ ਕਿ ਉਨ੍ਹਾਂ ਨੇ ਸਬਰ ਨਾਲ ਕੰਮ ਲਿਆ ਤੇ ਗੇਮ ਪਲਾਨ ’ਤੇ ਡਟੇ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly