ਸ਼ੌਕ ਅਣਮੁੱਲਾ ਹੁੰਦੈ….

(ਸਮਾਜ ਵੀਕਲੀ)

ਨਿੰਮਾ ਸਰਦੂਲਗੜ੍ਹੀਆ, ਮੇਰਾ ਕਾਲਜ ਵੇਲ਼ੇ ਦਾ ਬੇਲੀ ਹੈ, ਹਾਸਟਲ–ਮੇਟ, ਰੂਮ–ਮੇਟ। ਉਦੋਂ ਇਹ ਚੁੱਪ–ਕੀਤਾ ਜਿਹਾ, ਸੁਬਕ ਜਿਹਾ ਮੁੰਡਾ ਹੁੰਦਾ ਸੀ। ਕੱਲ੍ਹ ਇਹਦਾ ਫ਼ੋਨ ਆਇਆ ਕਿ ”ਪਹਾੜਾਂ ‘ਚੋਂ ਘੁੰਮ ਕੇ ਆ ਰਹੇ ਆਂ, ਰਾਤ ਤੇਰੇ ਕੋਲ਼ ਰਹਿਣੈ।”
ਜਦ ਰਾਤੀਂ ਨਿੰਮਾ ਤੇ ਭਾਬੀ ਜੀ ਘਰ ਪਹੁੰਚੇ ਤਾਂ ਮੋਟਰ–ਸਾਈਕਲ ‘ਤੇ ਆਏ ਸਨ। ਮੋਟਰ–ਸਾਈਕਲ ਆਮ ਜਿਹਾ ਪਰ ਸਮਾਨ ਬਹੁਤ ਸੁਚੱਜੇ ਢੰਗ ਨਾਲ਼ ਲੱਦਿਆ ਹੋਇਆ। ਮੀਆਂ–ਬੀਵੀ ਨੇ ਕੱਪੜਿਆਂ ਤੇ ਹੋਰ ਸਮਾਨ ਨਾਲ਼ ਖ਼ੁਦ ਨੂੰ ਪੈਕ ਕੀਤਾ ਹੋਇਆ। ਮੈਂ ਉਤਰਦਿਆਂ ਨੂੰ ਕਿਹਾ, ”ਯਰ ਅਕਲ ਨੂੰ ਹੱਥ ਮਾਰਿਆ ਕਰੋ, ਬੰਦਾ ਇਹੋ ਜੀ ਠੰਢ ‘ਚ ਬਾਥਰੂਮ ਕੰਨ੍ਹੀਂ ਗੇੜਾ ਮਾਰਨਾ ਟਾਲ਼ ਦਿੰਦੈ ਤੇ ਤੁਸੀਂ ਮੋਟਰ–ਸਾਈਕਲ ‘ਤੇ ਚੜ੍ਹੇ ਪਹਾੜਾਂ ‘ਚ ਘੁੰਮ ਰਹੇ ਓਂ।” ਉਦੋਂ ਨਿੰਮੇ ਨੇ ਮੇਰੀ ਗੱਲ ਹੱਸ ਕੇ ਟਾਲ਼ ਜਿਹੀ ਦਿੱਤੀ।
ਰਾਤੀਂ ਬੈਠਿਆਂ ਗੱਲਾਂ–ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਿੰਮਾ ਕਹਿੰਦਾ, ”ਮੈਂ ਦੇਖਣਾ ਚਾਹੁੰਦਾ ਸੀ, ਠੰਢ ਦੇ ਮਹੀਨਿਆਂ ‘ਚ ਪਹਾੜਾਂ ਦੀ ਠੰਢ ਕਿੰਨੀ ਕੁ ਠੰਢੀ ਹੁੰਦੀ ਐ। ਤੇ ਸਵਾਮੀ ਤੂੰ ਜਾਣ ਕੇ ਹੈਰਾਨ ਹੋਏਂਗਾ, ਸਾਡੀ ਪੰਜਾਬ ਆਲ਼ੀ ਠੰਢ ਬਾਹਲ਼ੀ ਠੰਢੀ ਐ। ਪਹਾੜਾਂ ਦੀ ਠੰਢ ਤਾਂ ਨਿੱਘੀ ਜਿਹੀ ਹੁੰਦੀ ਐ। ਸਵੇਰੇ 7 ਵਜੇ ਚਿੱਟਾ ਦਿਨ ਚੜ੍ਹ ਜਾਂਦੈ। ਸਾਰੀ ਦਿਹਾੜੀ ਖਿੜੀ–ਖਿੜੀ ਜਿਹੀ ਧੁੱਪ ਰਹਿੰਦੀ ਐ। ਹਾਂ ਸ਼ਾਮ ਨੂੰ ਪਾਲ਼ਾ ਜਿਹਾ ਲਹਿ ਪੈਂਦੈ ਪਰ ਫੇਰ ਵੀ ਆਪਣੇ ਅਰਗੀ ਠੰਢ ਨ੍ਹੀਂ ਓਧਰ ਪਹਾੜਾਂ ਵੱਲ੍ਹ।”
ਇਸ ਵਾਰ ਇਹ ਮੀਆਂ–ਬੀਵੀ ਮੋਟਰਸਾਈਕਲ ਉੱਤੇ ਮਸੂਰੀ ਘੁੰਮ ਆਏ ਨੇ। ਇਨ੍ਹਾਂ ਦਾ ਜਦੋਂ ਦਿਲ ਕਰਦੈ ਮੋਟਰ–ਸਾਈਕਲ ਚੁੱਕਦੇ ਨੇ ਤੇ ਯਾਤਰਾ ‘ਤੇ ਨਿਕਲ਼ ਜਾਂਦੇ ਨੇ। ਨਿੰਮਾ ਕਹਿੰਦਾ, ”ਇਹ ਕੋਈ ਮਹਿੰਗਾ ਸੌਦਾ ਵੀ ਨਹੀਂ। ਬਹੁਤ ਘੱਟ ਸਮਾਨ ਤੇ ਤਿਆਰੀ ਨਾਲ਼ ਵੀ ਤੁਸੀਂ ਯਾਤਰਾ ਦਾ ਮਜ਼ਾ ਲੈ ਸਕਦੇ ਓਂ ਪਰ ਤਿਆਰੀ ਕਰਨੀ ਜ਼ਰੂਰ ਪੈਂਦੀ ਐ।”
ਨਿੰਮੇ ਕੋਲ਼ ਹੀਰੋ ਆਲ਼ਿਆਂ ਦਾ ਸਾਦਾ ਜਿਹਾ ਮੋਟਰਸਾਈਕਲ ਹੈ ਜਿਸ ‘ਤੇ ਆਪ ਈ ਜੁਗਾੜ ਜਿਹਾ ਕਰ ਕੇ ਸਟੈਂਡ ਜਿਹਾ ਲਵਾਇਆ ਹੋਇਐ, ਜਿਸ ਵਿੱਚ ਸਾਰਾ ਸਮਾਨ ਸੁਰੱਖਿਆ ਅਤੇ ਸਲੀਕੇ ਸਹਿਤ ਟਿਕ ਜਾਂਦੈ। ਸਲੀਪਿੰਗ ਬੈਗ, ਟੈਂਟ, ਚੁੱਲ੍ਹਾ, ਪਹਿਨਣ ਵਾਲ਼ੇ ਕੱਪੜੇ, ਸੇਫ਼ਟੀ ਲਈ ਸਮਾਨ, ਦਸਤਾਨੇ, ਹੈਲਮੈਟ….।
ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਨਿੰਮਾ ਬਹੁਤ ਸਸਤੇ ਵਿੱਚ ਹੀ ਆਪਣੇ ਸ਼ੌਕ ਪੂਰੇ ਕਰਦਾ ਹੈ। ਮੇਰੇ ਵਰਗਾ ਤਾਂ ਘਰੇ ਬੈਠਾ ਈ ਸੋਚੀ ਜਾਂਦੈ ਬਈ ”ਜਵਾਂਗੇ, ਖ਼ਰਚਾ ਹੋਊਗਾ… ਰਹਿਣ–ਕਰਨ ਦਾ ਔਖਾ ਹੋਊ…. ਠੰਢ ਐ ਜਾਂ ਗਰਮੀ ਐ…. ਇੰਨੇ ਦਿਨ ਕਿਵੇਂ ਕੱਢਾਂਗੇ ਬਾਹਰ….।” ਪਰ ਨਿੰਮਾ ਇਹ ਨਹੀਂ ਸੋਚਦਾ। ਉਹਦੇ ਦਿਲ ਵਿੱਚ ਆਉਂਦੈ ਤਾਂ ਆਪਣੀ ਪਿਆਰੀ ਪਤਨੀ ਤੇ ਬੇਟੇ ਨੂੰ ਲੈ ਕੇ, ਕਦੇ ਕਦਾਈਂ ਕਿਸੇ ਸਾਥੀ ਨੂੰ ਨਾਲ਼ ਲੈ ਕੇ ਤੁਰ ਪੈਂਦੈ। ਇੱਕ ਵਾਰ ਤਾਂ ਇਹ ਦੋਸਤਾਂ ਨਾਲ਼ ਸਰਦੂਲਗੜ੍ਹ ਤੋਂ ਸਾਈਕਲਾਂ ‘ਤੇ ਮਸੂਰੀ ਚਲਿਆ ਗਿਆ ਸੀ। ਲੇਹ–ਲਦਾਖ, ਹਿਮਾਚਲ ਦੇ ਸਭ ਤੋਂ ਉੱਚੇ ਪਿੰਡ ਸਭ ਨਿੰਮੇ ਨੇ ਗਾਹੇ ਹੋਏ ਨੇ। ਵੱਡੀ ਗੱਲ ਐ ਭਰਜਾਈ ਦਾ ਪੂਰਾ ਸਾਥ ਹੈ। ਜਦੋਂ ਤੁਹਾਨੂੰ, ਤੁਹਾਡਾ ਜੀਵਨ ਸਾਥੀ ਤੁਹਾਡੇ ਮੇਚ ਦਾ ਲੱਭ ਪਏ (ਜਿਵੇਂ ਕਿ ਮੈਨੂੰ ਵੀ ਲੱਭਿਆ ਹੋਇਐ) ਤਾਂ ਤੁਹਾਡੀ ਜ਼ਿੰਦਗੀ ਰੰਗੀਨ, ਰਸਮਈ ਤੇ ਉਤਸਵਮਈ ਹੋ ਜਾਂਦੀ ਐ।
ਮੈਨੂੰ ਨਿੰਮੇ ਦਾ ਇਹ ਸ਼ੌਕ ਬਹੁਤ ਪਸੰਦ ਐ। ਮੈਂ ਇਹਨੂੰ ਹਰ ਵਾਰ ਬੇਨਤੀ ਕਰਦਾਂ ਕਿ ਤੂੰ ਜਿਹੜੇ ਵੀ ਸਫ਼ਰ ‘ਤੇ ਜਾਨਾ ਏਂ, ਡਾਅਰੀ ਲਿਖਿਆ ਕਰ ਕਿਉਂਕਿ ਇਹ ਡਾਅਰੀ ਹੀ ਸਾਡਾ ਸਰਮਾਇਆ ਤੇ ਰਾਹ–ਦਸੇਰਾ ਬਣੇਗੀ। ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਦੇ, ਸਾਡੇ ਅਰਗਿਆਂ ਨੂੰ ਪ੍ਰੋਤਾਹਿਤ ਕਰੇਗੀ।
ਹੁਣੇ ਮੀਆਂ–ਬੀਵੀ ਫੇਰ ਫੁੱਲ ਤਿਆਰੀ ਨਾਲ਼ ਸਰਦੂਲਗੜ੍ਹ ਨੂੰ ਤੁਰ ਪਏ ਨੇ….
ਜਲਦ ਹੀ ਨਿੰਮਾ ਕਿਸੇ ਹੋਰ ਸਫ਼ਰ ‘ਤੇ ਹੋਵੇਗਾ, ਹੋਰ ਨਵੇਂ ਤਜਰਬਿਆਂ ਵਿੱਚ ਵਿਚਰਦਾ ਹੋਇਆ, ਨਵੀਆਂ–ਨਵੀਆਂ ਗੱਲਾਂ ਸਿੱਖ ਕੇ, ਨਵੀਆਂ–ਨਵੀਆਂ ਗੱਲਾਂ ਕਰਦਾ ਹੋਇਆ…..
(ਨਿੰਮਾ ਜਾਂਦਾ ਹੋਇਆ ਪਿਆਰ ਸਹਿਤ ਮੈਨੂੰ ਗਲਵਜ਼ ਦੇ ਗਿਆ…. ਕਹਿੰਦਾ ਇਹ ਪਾ ਕੇ ਠੰਢ ਨਹੀਂ ਲਗਦੀ…. ਪਿਆਰ ਭੇਟ ਲਈ ਸ਼ੁਕਰਾਨਾ ਮੇਰੇ ਪਿਆਰੇ।)
– ਜੈ ਹੋ

Previous articleਲੋਕ
Next article22 ਵੀਰਿਓ