(ਸਮਾਜ ਵੀਕਲੀ)
ਹੱਲੇ ਕਿੰਞ ਬੋਲੇ ਜਦ ਵੇਖੇ ਫੋਲ੍ਹਕੇ,
ਪੰਨਿਆਂ ਚੋਂ ਮਿਲੀਆਂ ਸੀ ਹੱਲਾਸ਼ੇਰੀਆਂ।
ਜੁੱਸੇ ਜੱਸਾ ਸਿੰਘ ਦੇ ਹੋ ਜੇਤੂ ਬੋਲਦੇ,
ਬੋਲਦੀਆਂ ਦੁੱਲੇ ਦੀਆਂ ਨੇ ਦਲੇਰੀਆਂ।
ਇੱਟ ਨਾਲ ਇੱਟ ਖੜਕਾਕੇ ਤੁਰ ਗਏ,
ਬਹਾਦਰਾਂ ਦੀ ਕੌਮ ਦੇ ਉਹ ਬੰਦੇ ਖ਼ਾਸ ਨੇ।
ਹੁਣ ਤੱਕ ਪੜ੍ਹੇ ਜਾਂਦੇ ਮਾਣ ਨਾਲ ਜੋ,
ਲਿਖੇ ਜਾਣੇ ਫੇਰ ਉਹੀ ਇਤਿਹਾਸ ਨੇ….
ਦੇਗਾਂ ਚ’ ਉਬਾਲੇ, ਚਾੜੇ ਚਰਖੜੀਆਂ,
ਜਾਲਮਾਂ ਜੋ ਕੱਟੇ ਬੰਦ-ਬੰਦ ਪੜ੍ਹ ਲਈਂ।
ਜ਼ਿਗਰਾਂ ਦੇ ਟੋਟੇ ਭਾਵੇਂ ਝੋਲੀ ਚ’ ਪਏ,
ਮਾਵਾਂ ਦੇ ਤੂੰ ਜ਼ਿਗਰੇ ਬੁਲੰਦ ਪੜ੍ਹ ਲਈਂ।
ਖੋਪੜ ਲਹਾਏ, ਚੀਰੇ ਆਰਿਆਂ ਦੇ ਨਾਲ,
ਯਾਦ ਕਰੇ ਜਾਂਦੇ ਵਿੱਚ ਅਰਦਾਸ ਨੇ।
ਹੁਣ ਤੱਕ ਪੜ੍ਹੇ ਜਾਂਦੇ ਮਾਣ ਨਾਲ ਜੋ,
ਲਿਖੇ ਜਾਣੇ ਫੇਰ ਉਹੀ ਇਤਿਹਾਸ ਨੇ….
ਮਾਤਾ ਪਿਤਾ ਵਾਰੇ ਸੀ ਗੋਬਿੰਦ ਸਿੰਘ ਨੇ,
ਕੌਮ ਲਈ ਵਾਰੇ ਫਰਜ਼ੰਦ ਬੋਲਦੇ।
ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ,
ਛੋਟੇ ਕੰਧਾ ਵਿੱਚ ਸਰਹੰਦ ਬੋਲਦੇ।
ਤਵੀਆਂ ਦੇ ਸੇਕ ਅੱਜੇ ਤੱਕ ਆਉਂਦੇ ਨੇ,
ਪੰਜਵੇਂ ਗੁਰੂ ਦੇ ਧੰਨ ਧਰਵਾਸ ਨੇ।
ਹੁਣ ਤੱਕ ਪੜ੍ਹੇ ਜਾਂਦੇ ਮਾਣ ਨਾਲ ਜੋ,
ਲਿਖੇ ਜਾਣੇ ਫੇਰ ਉਹੀ ਇਤਿਹਾਸ ਨੇ….
ਇੱਕੀਆਂ ਨੂੰ ਕੱਤੀ ਪਾਈ ਊਧਮ ਸਿੰਘ ਨੇ,
ਇੱਕੀ ਵਰ੍ਹੇ ਰੱਖ ਸ਼ਬਰ ਤੇ ਹੌਸਲੇ।
ਨਾਅਰੇ ਜਦ ਗੂੰਜੇ ਸੀਗੇ ‘ਜਿੰਦਾਬਾਦ’ ਦੇ,
ਭਗਤ ਸਿੰਘ ਪਾਤੇ ਤਖ਼ਤਾਂ ਨੂੰ ਤੌਖਲੇ।
ਸਰਾਭੇ ਦੀ ਸ਼ਹੀਦੀ ਵੇਲੇ ਕੱਚੀ ਸੀ ਉਮਰ,
ਪੱਥਰਾਂ ਤੋਂ ਪੱਕੇ ਸੀਗੇ ਵਿਸ਼ਵਾਸ ਨੇ।
ਹੁਣ ਤੱਕ ਪੜ੍ਹੇ ਜਾਂਦੇ ਮਾਣ ਨਾਲ ਜੋ,
ਲਿਖੇ ਜਾਣੇ ਫੇਰ ਉਹੀ ਇਤਿਹਾਸ ਨੇ….
ਵਾਰਿਸ਼ ਉਨ੍ਹਾਂ ਦੇ ਤੇਰੀਆਂ ਬਰੂਹਾਂ ਤੇ,
ਬਿਨਾਂ ਛੱਤ ਬੈਠੇ ਸੀ ਜੋ ਛਾਤੀ ਤਾਣਕੇ।
ਅਣਖ, ਸਿਦਕ, ਹਿੰਮਤਾਂ ਤੋਂ ਪੁੱਛ ਲਓ,
ਸੰਘਰਸ਼ਾਂ ਚੋਂ ‘ਫਤਿਹ’ ਕਿੱਦਾਂ ਲੱਭੀ ਛਾਣਕੇ।
ਨ੍ਹੇਰੇ ਕਦ ਜਿੱਤੇ ਸੂਰਜਾਂ ਦੀ ਲਾਲੀ ਤੋਂ,
ਹੋਗੇ ਹੋਣੇ ਤੈਨੂੰ ਅੱਜ ਅਹਿਸਾਸ ਨੇ।
ਹੁਣ ਤੱਕ ਪੜ੍ਹੇ “ਬਾਠਾ” ਮਾਣ ਨਾਲ ਜੋ,
ਲਿਖੇ ਜਾਣੇ ਫੇਰ ਉਹੀ ਇਤਿਹਾਸ ਨੇ….
“ਬਾਠ ਬਲਵੀਰ”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly