24 ਸਤੰਬਰ ਇਤਿਹਾਸਕ ਪੂਨਾ-ਪੈਕਟ ਦਿਵਸ ’ਤੇ ਵਿਸ਼ੇਸ਼
ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ) ਸਾਈਮਨ ਕਮਿਸ਼ਨ ਦੀ ਰਿਪੋਰਟ ਉਤੇ ਬਹਿਸ ਕਰਨ ਲਈ, ਲੰਡਨ ਵਿਖੇ 1930, 1931,1932 ਵਿਚ ਤਿੰਨ ਗੋਲਮੇਜ ਕਾਨਫਰੰਸਾਂ ਹੋਈਆਂ। ਗੋਲਮੇਜ ਕਾਨਫਰੰਸ ਵਿਚ 89 ਨੁਮਾਇੰਦੇ ਬੁਲਾਏ ਗਏ। ਭਾਰਤੀ 53 ਡੈਲੀਗੇਟ, ਰਿਆਸਤਾਂ ਦੇ 20 ਅਤੇ 16 ਬਰਤਾਨਵੀ ਤਿੰਨ ਰਾਜਨੀਤਕ ਪਾਰਟੀਆਂ ਦੇ ਸਨ। ਹਿੰਦੂਆਂ ਵਲੋਂ ਸਰ ਤੇਜ ਬਹਾਦਰ ਸਪਰੂ, ਐਮ ਆਰ ਜੇਕਰ, ਮਹਾਤਮਾ ਗਾਂਧੀ, ਮੁਸਲਮਾਨਾਂ ਵਲੋਂ ਆਗਾ ਖਾਨ, ਸਰ ਮੁਹੰਮਦ ਸ਼ਫ਼ੀ, ਮੁਹੰਮਦ ਅਲੀ ਜਿਨਾਹ, ਸਿੱਖਾਂ ਵਲੋਂ ਉੱਜਲ ਸਿੰਘ ਤੇ ਸੰਪੂਰਨ ਸਿੰਘ, ਅਤੇ ਅਛੂੂਤ ਦਲਿਤਾਂ ਵਲੋਂ ਡਾਕਟਰ ਅੰਬੇਡਕਰ ਤੇ ਰਾਓ ਬਹਾਦਰ ਸ਼੍ਰੀ ਨਿਵਾਸਨ ਸ਼ਾਮਲ ਹੋਏ।
ਸਮਰਾਟ ਜਾਰਜ ਪੰਜਵੇ ਨੇ 12 ਨਵੰਬਰ 1930 ਨੂੰ ਪਹਿਲੀ ਗੋਲਮੇਜ਼ ਕਾਨਫਰੰਸ ਦਾ ਲੰਡਨ ਵਿੱਖੇ ਉਦਘਾਟਨ ਕੀਤਾ। ਗੋਲਮੇਜ਼ ਕਾਨਫਰੰਸ ਵਿਚ ਡਾ. ਅੰਬੇਡਕਰ ਨੇ ਭਾਰਤ ਲਈ ਸੰਪੂਰਨ ਆਜ਼ਾਦੀ ਦੀ ਪੁਰਜੋਰ ਮੰਗ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ਲੋਕਾਂ ਵਲੋਂ ਬੋਲ ਰਿਹਾ ਹਾਂ ਜੋ ਭਾਰਤ ਦੀ ਵੱਸੋਂ ਦਾ ਪੰਜਵਾਂ ਭਾਗ ਹਨ ਜੋ ਇੰਗਲੈਂਡ ਜਾਂ ਫਰਾਂਸ ਦੀ ਵਸੋਂ ਨਾਲੋਂ ਵੱਧ ਹੈ। ਇਨ੍ਹਾਂ ਲੋਕਾਂ ਦੀ ਹਾਲਤ ਗੁਲਾਮਾਂ ਨਾਲੋਂ ਵੀ ਭੈੜੀ ਹੈ। ਜਦ ਅਸੀਂ ਦਲਿਤਾਂ ਦੀ ਹੁਣ ਦੀ ਹਾਲਤ ਅਤੇ ਬਰਤਾਨਵੀ ਸ਼ਾਸ਼ਨ ਤੋਂ ਪਹਿਲਾਂ ਦੀ ਹਾਲਤ ਦਾ ਮੁਕਾਬਲਾ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਅੰਗਰੇਜ਼ੀ ਰਾਜ ਤੋਂ ਪਹਿਲਾਂ ਛੂੂਆ-ਛਾਤ ਕਰਕੇ ਸਾਡੀ ਹਾਲਤ ਘਿ੍ਰਣਾਂ ਪੂਰਨ ਸੀ। ਕੀ ਬਰਤਾਨਵੀ ਸਰਕਾਰ ਨੇ ਇਸ ਨੂੰ ਦੂਰ ਕਰਨ ਲਈ ਕੁੁਝ ਕੀਤਾ? …ਦਲਿਤਾਂ ਨਾਲ ਵਧੀਕੀਆਂ ਅਤੇ ਜੁੱਲਮ ਅੱਜ ਵੀ ਉਵੇ ਹੀ ਹੁੰਦੇ ਹਨ ਜਦਕਿ ਕਿ ਬਰਤਾਨਵੀ ਰਾਜ ਨੂੰ 150 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ।’’
ਉਹਨਾਂ ਕਿਹਾ,‘‘ਉਹ ਦੁੱਖ ਜਿਨ੍ਹਾਂ ਨਾਲ ਦਲਿਤ ਪੀੜਤ ਹਨ, ਬੇਸ਼ੱਕ ਉਨ੍ਹਾਂ ਦਾ ਓਨਾਂ ਪ੍ਰਚਾਰ ਨਹੀਂ ਹੋਇਆ ਹੈ; ਜਿਨ੍ਹਾਂ ਕਿ ਯਹੂਦੀਆਂ ਦੇ ਦੁੱਖਾਂ ਦਾ ਹੋਇਆ ਹੈ ਤਾਂ ਵੀ ਦਮਨ ਅਤੇ ਅਤਿਆਚਾਰਾਂ ਦੇ ਢੰਗ ਤਰੀਕੇ, ਜਿਨ੍ਹਾਂ ਦਾ ਹਿੰਦੂਆਂ ਨੇ ਦਲਿਤਾਂ ਪ੍ਰਤੀ ਪ੍ਰਯੋਗ ਕੀਤਾ, ਉਹ ਨਾਜ਼ੀਆਂ ਦੇ ਯਹੂਦੀਆਂ ਪ੍ਰਤੀ ਵਰਤੇ ਢੰਗ ਤਰੀਕਿਆਂ ਤੋਂ ਘੱਟ ਭਿਅੰਕਰ ਨਹੀਂ ਸਨ। ਯਹੂਦੀਆਂ ਦੇ ਵਿਰੁੱਧ ਨਾਜ਼ੀਆਂ ਦਾ ‘ਐਂਟੀਸੈਮੀਟਿਜ਼ਮ’ ਦਾ ਵਿਵਹਾਰ ਭਾਰਤ ਵਿਚ ਦਲਿਤਾਂ ਵਿਰੁੱਧ ਹਿੰਦੂਆਂ ਦੇ ਸਨਾਤਨਵਾਦ ਤੋਂ ਕਿਸੇ ਵੀ ਤਰ੍ਹਾਂ ਅਲੱਗ ਨਹੀਂ ਹੈ। ਇਸ ਲਈ ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਜਿਸ ਵਿਚ ਤਾਕਤ ਅਜਿਹੇ ਲੋਕਾਂ ਦੇ ਹੱਥਾਂ ਵਿਚ ਹੋਵੇ ਜੋ ਇਕ ਮਾਤਰ ਦੇਸ਼ ਨੂੰ ਹੀ ਸਭ ਤੋਂ ਵੱਧ ਪਿਆਰ ਕਰਦੇ ਹੋਣ। ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਜਿਸ ਵਿਚ ਸ਼ਕਤੀ ਅਜਿਹੇ ਲੋਕਾਂ ਦੇ ਹੱਥਾਂ ਵਿਚ ਹੋਵੇ ਜੋ ਸਮਾਜਿਕ ਅਤੇ ਆਰਥਿਕ ਢਾਂਚੇ ਵਿਚ ਪ੍ਰੀਵਰਤਨ ਕਰਨ ਅਤੇ ਇਨਸਾਫ ਕਰਨ ਲੱਗੇ ਘਬਰਾਉਣਗੇ ਨਹੀ।
ਉਹਨਾਂ ਕਿਹਾ, ‘‘ਮੈਂ ਤੁੁਹਾਨੂੰ ਹੈਰਾਨੀ ਵਿਚ ਨਹੀਂ ਪਾਉਣਾ ਚਾਹੁੰਦਾ ਪਰ ਕਦੀ-ਕਦੀ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੰਨੇ ਭੁਲੱਕੜ ਹਾਂ, ਅਸੀਂ ਦੱਖਣੀ ਅਫਰੀਕਾ ਦੇ ਕਾਲੇ ਲੋਕਾਂ ਦੀ ਤਾਂ ਗੱਲ ਕਰਦੇ ਹਾਂ ਲੇਕਿਨ ਖੁਦ ਸਾਡੇ ਦੇਸ਼ ਦੇ ਹਰ ਪਿੰਡ ਵਿਚ ਇਕ ਦੱਖਣੀ ਅਫਰੀਕਾ ਹੈ ਜੋ ਕਿ ਪ੍ਰਤੱਖ ਪ੍ਰਮਾਣ ਹੈ, ਉਸ ਬਾਰੇ ਅਸੀਂ ਸੋਚ ਦੇ ਵੀ ਨਹੀਂ ਹਾਂ।’’
ਇਸ ਵੇਲੇ ਅਲੀ ਬੰਧੂ-ਮੁਹੰਮਦ ਅਲੀ, ਸ਼ੌਕਤ ਅਲੀ ਨੇ ਮਹਾਤਮਾ ਗਾਂਧੀ ਨੂੰ ਸੁਝਾਉ ਦਿੱਤਾ ਸੀ ਕਿ ਦਲਿਤਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਅੱਧੇ-ਅੱਧੇ ਵੰਡ ਲਿਆ ਜਾਵੇ। ਇਸ ਤਰ੍ਹਾਂ ਅਛੂਤਾਂ ਦਾ ਵਜੂਦ ਖਤਮ ਹੋ ਜਾਵੇਗਾ ਅਤੇ ਜਦੋਂ ਵਜੂਦ ਹੀ ਨਾ ਰਿਹਾ ਤਾਂ ਛੂਤ-ਛਾਤ ਦਾ ਮਸਲਾ ਵੀ ਖਤਮ ਹੋ ਜਾਵੇਗਾ। ਪ੍ਰੰਤੂ ਗਾਂਧੀ ਜੀ ਜਾਣਦੇ ਸਨ ਕਿ ਇਸ ਤਰ੍ਹਾਂ ਕਰਨ ਨਾਲ ਮੁਸਲਮਾਨਾਂ ਦੀ ਗਿਣਤੀ ਵੱਧ ਜਾਵੇਗੀ। ਜਿਹੜੇ ਅੱਧੇ ਦਲਿਤ ਹਿੰਦੂਆਂ ਦੇ ਹਿੱਸੇ ਆਉਣਗੇ, ਉਹ ਅਛੂਤ ਹੀ ਰਹਿਣਗੇ, ਪਰ ਜਿਹੜੇ ਅੱਧੇ ਅਛੂਤ ਮੁਸਲਮਾਨਾਂ ਦੇ ਹਿੱਸੇ ਆਉਣਗੇ ਉਹ ਮੁਸਲਮਾਨ ਬਣ ਜਾਣਗੇ। ਇਸ ਤਰ੍ਹਾਂ ਦਲਿਤ ਅਤੇ ਮੁਸਲਮਾਨਾਂ ਦੇ ਰਲੇਵੇ ਕਾਰਨ ਹਿੰਦੂ ਘੱਟਗਿਣਤੀ ਹੋ ਜਾਵੇਗਾ।
ਡਾ. ਅੰਬੇਡਕਰ ਨੇ ਕਿਹਾ, ‘‘ਦਲਿਤ, ਬਿ੍ਰਟਿਸ਼ ਸਾਮਰਾਜ ਤੋਂ ਆਜ਼ਾਦ ਹੋਣ ਦੇ ਖਿਲਾਫ਼ ਨਹੀਂ ਹਨ ਪਰ ਕੇਵਲ ਬਿ੍ਰਟਿਸ਼ ਸਾਮਰਾਜ ਤੋਂ ਆਜ਼ਾਦ ਹੋਣ ਨਾਲ ਹੀ ਦਲਿਤ ਸ਼ਾਂਤ ਨਹੀਂ ਹੋ ਜਾਣਗੋ, ਕਿਉਕਿ ਦੇਸ਼ ਦੀ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਵਿਚ ਫਰਕ ਹੁੰਦਾ ਹੈ। ਬਹੁਗਿਣਤੀ ਹਿੰਦੂ ਫਿਰਕਾਪ੍ਰਸਤੀ ਅਤੇ ਘੱਟ ਗਿਣਤੀ ਫਿਰਕਿਆਂ ਵਿਚ ਟਕਰਾਅ ਹੈ। ਜੇਕਰ ਬਹੁਗਿਣਤੀ ਹਿੰਦੂ ਫਿਰਕਾਪ੍ਰਸਤੀ ਦੇ ਘਿਨਾਉਣੇ ਵਾਰਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਤਹਿਤ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਦਲਿਤਾਂ ਨੂੰ ਦਬਾਉਣਗੇ। ਇਸ ਲਈ ਦਲਿਤ ਐਸਾ ਸੰਵਿਧਾਨ ਚਾਹੁੰਦੇ ਹਨ ਜੋ ਭਾਰਤ ਦੀਆਂ ਖਾਸ ਪ੍ਰਸਥਿਤੀਆਂ ਨੂੰ ਧਿਆਨ ’ਚ ਰੱਖਕੇ ਬਣੇ, ਜਿਸ ਵਿੱਚ ਦਲਿਤਾਂ ਲਈ ਸੁਰੱਖਿਆਤਾਵਾਂ ਦਾ ਪ੍ਰਬੰਧ ਹੋਵੇ।
ਜਦ ਗਾਂਧੀ ਜੀ ਨੇ ਇਹ ਦੇਖਿਆ ਕਿ ਘੱਟ ਗਿਣਤੀਆਂ (ਦਲਿਤ ਅਤੇ ਮੁਸਲਮਾਨਾਂ) ਨੇ ਆਪਸ ਵਿਚ ਏਕਾ ਕਰਕੇ ਸਮਝੌਤਾ ਕਰ ਲਿਆ ਹੈ ਤਾਂ ਇਕ ਦਿਨ ਗਾਂਧੀ ਜੀ ‘ਪਵਿੱਤਰ ਕੁੁਰਾਨ’ ਆਪਣੇ ਹੱਥ ਵਿਚ ਲੈ ਮਿਸਟਰ ਆਗਾ ਖਾਨ ਦੇ ਘਰ ਗਏ, ਅਤੇ ਮੁਸਲਮਾਨ ਨੇਤਾਵਾਂ ਨੂੰ ਕਿਹਾ ਕਿ ਉਹ ਦਲਿਤਾਂ ਦੇ ਅਲੱਗ ਅਧਿਕਾਰਾਂ ਲਈ ਦਿੱਤੀ ਗਈ ਹਮਾਇਤ ਵਾਪਸ ਲੈ ਲੈਣ ਤਾਂ ਮੈਂ ਮੁਸਲਮਾਨਾਂ ਦਾ 14 ਨੁੁਕਾਤੀ ਮੰਗ ਪੱਤਰ ਸਵੀਕਾਰ ਕਰ ਲਵਾਗਾ।
ਲੰਡਨ ’ਚ ਤਿੰਨ ਗੋਲਮੇਜ਼ ਕਾਨਫਰੰਸਾਂ ਦੀ ਸਮਾਪਤੀ ਉਪਰੰਤ ਬਿ੍ਰਟਿਸ਼ ਪ੍ਰਧਾਨ ਮੰਤਰੀ ਮੈਕਡਾਨਲਡ ਨੇ 17 ਅਗਸਤ 1932 ਨੂੰ ਫਿਰਕੂ ਫੈਸਲੇ (ਕਮਿਉਨਲ ਅਵਾਰ²ਡ) ਦਾ ਐਲਾਨ ਕਰ ਦਿੱਤਾ। ਜਿਸ ਵਿੱਚ ਮੁਸਲਮਾਨਾਂ, ਸਿੱਖਾਂ, ਯੂਰਪੀਨਾਂ, ਐਂਗਲੋ ਇੰਡੀਅਨਾਂ ਅਤੇ ਅਛੂਤਾਂ ਸਭ ਲਈ ਅਲੱਗ ਅਲੱਗ ਚੋਣ ਪ੍ਰਣਾਲੀ ਦਾ ਅਧਿਕਾਰ ਦੇ ਦਿੱਤਾ ਗਿਆ। ਇਸ ਤਰਾਂ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਲਿਤਾਂ ਨੂੰ ਵੱਖਰੇ ਚੋਣ ਖੇਤਰਾਂ ਰਾਹੀਂ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਮਿਲਿਆ।
ਪ੍ਰੰਤੂ ਗਾਂਧੀ ਜੀ ਨੇ ਦਲਿਤਾਂ ਦੇ ਅਲੱਗ ਅਧਿਕਾਰਾਂ ਦਾ ਵਿਰੋਧ ਕੀਤਾ ਅਤੇ ਯਰਵਦਾ ਜੇਲ੍ਹ ਵਿਚੋਂ ਪ੍ਰਧਾਨ ਮੰਤਰੀ ਮੈਕਡਾਨਲਡ ਨੂੰ ਧਮਕੀ ਭਰਿਆ ਪੱਤਰ ਲਿਖਿਆ ਕਿ ਜੇਕਰ ਅਛੂਤਾਂ ਦੇ ਵੱਖਰੇ ਆਜ਼ਾਦ ਚੋਣ ਅਧਿਕਾਰ ਵਾਪਸ ਨਾ ਲਏ ਗਏ ਤਾਂ ਮੈਂ ਆਪਣੇ ਪ੍ਰਾਣਾਂ ਦੀ ਬਾਜੀ ਲਗਾ ਦਿਆਂਗਾ। ਪੱਤਰ ਹੀ ਨਹੀ, ਗਾਂਧੀ ਜੀ ਨੇ ਅਛੂਤਾਂ ਦੇ ਅਲੱਗ ਅਧਿਕਾਰਾਂ ਦੇ ਖਿਲਾਫ ਮਰਨ ਵਰਤ ਸ਼ੁਰੂ ਕਰ ਦਿੱਤਾ।
ਇਸ ਸਮੇਂ ਡਾ. ਅੰਬੇਡਕਰ ਨੇ ਕਿਹਾ, ‘‘ਜੇਕਰ ਗਾਂਧੀ ਜੀ ਭਾਰਤ ਦੀ ਅਜ਼ਾਦੀ ਲਈ ਮਰਨ ਵਰਤ ਰੱਖਦੇ ਤਾਂ ਉਹ ਜਾਇਜ ਹੁੰਦਾ? ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਗਾਂਧੀ ਜੀ ਨੇ ਇਕੱਲੇ ਦਲਿਤਾਂ ਦੇ ਅਧਿਕਾਰਾਂ ਨੂੰ ਹੀ ਆਪਣੇ ਵਿਰੋਧ ਲਈ ਚੁਣਿਆ ਹੈ। ਫਿਰਕੂ ਫੈਸਲੇ ਰਾਹੀਂ ਭਾਰਤੀ ਇਸਾਈਆਂ, ਮੁਸਲਮਾਨਾਂ, ਸਿੱਖਾਂ, ਯੂਰਪੀਨਾਂ ਅਤੇ ਐਂਗਲੋ ਇੰਡੀਅਨਾਂ ਨੂੰ ਵੀ ਵੱਖਰੇ ਚੋਣ ਖੇਤਰਾਂ ਦੇ ਅਧਿਕਾਰ ਦਿੱਤੇ ਗਏ ਹਨ, ਪਰ ਗਾਂਧੀ ਜੀ ਨੇ ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ। ਜੇਕਰ ਇਹਨਾਂ ਘੱਟਗਿਣਤੀਆਂ ਨੂੰ ਅਲੱਗ ਚੋਣ ਖੇਤਰ ਦੇਣ ਨਾਲ ਭਾਰਤੀ ਰਾਸ਼ਟਰ ਵੰਡ ਨਹੀਂ ਹੁੰਦਾ ਤਾਂ ਫਿਰ ਦਲਿਤਾਂ ਨੂੰ ਅਲੱਗ ਚੋਣ ਖੇਤਰ ਅਧਿਕਾਰ ਦੇਣ ਨਾਲ ਹਿੰਦੂ ਸਮਾਜ ਰਾਸ਼ਟਰ ਕਿਵੇਂ ਵੰਡ ਹੋ ਸਕਦਾ ਹੈ? ਉਹਨਾਂ ਕਿਹਾ, ਇਹਨਾਂ ਸਭਨਾਂ ਦਾ ਗਾਂਧੀ ਜੀ ਵਲੋਂ ਵਿਰੋਧ ਨਾ ਕਰਨਾ ਇਹ ਵੀ ਸਪੱਸ਼ਟ ਕਰਦਾ ਹੈ ਕਿ ਗਾਂਧੀ ਜੀ ਦਲਿਤਾਂ ਨੂੰ ਕੋਈ ਅਧਿਕਾਰ ਨਹੀਂ ਦੇਣਾ ਚਾਹੁੰਦੇ।
ਮਰਨ ਵਰਤ ’ਤੇ ਬੈਠੇ ਗਾਂਧੀ ਜੀ ਦੀ ਹਾਲਤ ਵਿਗੜਦੀ ਦੇਖ ਕਈ ਹਿੰਦੂ ਮੰਦਰਾਂ ਦੇ ਦਰਵਾਜ਼ੇ ਅਛੂਤਾਂ ਵਾਸਤੇ ਖੋਲ੍ਹੇ ਗਏ। ਸਹਿਭੋਜ ਰਚਾਏ ਗਏ। ਹਿੰਦੂ ਔਰਤਾਂ ਜਿਵੇਂ ਸਰੋਜਨੀ ਨਾਇਡੋ, ਸ਼੍ਰੀਮਤੀ ਕਮਲਾ ਨਹਿਰੂ, ਸ਼੍ਰੀਮਤੀ ਕੈਪਟਨ ਅਤੇ ਸ਼੍ਰੀਮਤੀ ਹੰਸਾ ਮਹਿਤਾ ਆਦਿ ਨੇ ਡਾ. ਅੰਬੇਡਕਰ ਤੋਂ ਗਾਂਧੀ ਜੀ ਦੇ ਪ੍ਰਾਣਾਂ ਦੀ ਭਿੱਖਿਆ ਮੰਗੀ। ਹਿੰਦੂ ਜਿਨ੍ਹਾਂ ਵਿੱਚ ਸਰ ਤੇਜ ਬਹਾਦਰ ਸਪਰੂ, ਡਾ. ਜੈਕਰ, ਮਦਨ ਮੋਹਣ ਮਾਲਵੀਆ, ਬਿਰਲਾ, ਰਾਜ ਗੋਪਾਲ ਅਚਾਰੀਆ, ਅਤੇ ਰਜਿੰਦਰ ਪ੍ਰਸ਼ਾਦ ਆਦਿ ਆਗੂ ਡਾ. ਅੰਬੇਡਕਰ ਨੂੰ ਗਾਂਧੀ ਜੀ ਨੂੰ ਜੀਵਨ-ਦਾਨ ਦੇਣ ਲਈ ਮਜਬੂਰ ਕਰਨ ਲੱਗੇ।
ਡਾ. ਅੰਬੇਡਕਰ ਇਸ ਸਮੋਂ ਬੜੀ ਮੁਸੀਬਤ ’ਚ ਫਸ ਗਏ। ਇਕ ਪਾਸੇ ਉਹਨਾਂ ਸਾਹਮਣੇ ਗਾਂਧੀ ਜੀ ਦਾ ਜੀਵਨ ਦਾਨ ਦਾ ਮਸਲਾ ਸੀ ਪਰ ਦੂਜੇ ਪਾਸੇ ਉਹਨਾਂ ਦੀਆਂ ਅੱਖਾਂ ਸਾਹਮਣੇ ਆਪਣੇ 7 ਕਰੋੜ ਦਲਿਤ ਸ਼ੋਸ਼ਿਤ ਗਰੀਬਾਂ ਦੀ ਦਾਸਤਾਨ ਘੁੰਮ ਰਹੀ ਸੀ, ਜਿਨ੍ਹਾਂ ਉਤੇ ਸਵਰਨ ਸਦੀਆਂ ਤੋਂ ਜ਼ੁੱਲਮ ਅਤਿਆਚਾਰ ਢਾਹ ਰਹੇ ਸਨ। ਜੇ ਉਹ ਗਾਂਧੀ ਨੂੰ ਮਰਨ ਦਿੰਦੇ ਹਨ ਤਾਂ ਦੇਸ਼ ਦੇ 7 ਕਰੋੜ ਦਲਿਤ ਵੀ ਗਾਂਧੀ ਦੀ ਮੌਤ ਦੇ ਫਲਸਰੂਪ, ਅਖੌਤੀ ਉਚ ਜਾਤੀ ਹਿੰਦੂਆਂ ਵਲੋਂ ਕੀਤੇ ਜਾਣ ਵਾਲੇ ਕਤਲੇਆਮ ਤੋਂ ਨਹੀ ਬਚ ਸਕਣਗੇ? ਅੰਤ! ਹਿੰਦੂਆਂ ਦੇ ਪ੍ਰਮੁੱਖ ਲੀਡਰਾਂ ਦੇ ਵਿਸ਼ਵਾਸ ਦਿਵਾਉਣ ’ਤੇ ਕਿ ਹਿੰਦੂਇਜ਼ਮ ਨੂੰ ਆਪਣੇ ਆਪ ਨੂੰ ਸੁਧਾਰਨ ਦਾ ਅੰਤਿਮ ਮੌਕਾ ਦਿਉ, ਅਸੀਂ 10 ਸਾਲਾਂ ਵਿੱਚ ਦੇਸ਼ ਵਿੱਚੋਂ ਛੂਆ-ਛਾਤ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ ਦੇ ਵਿਸ਼ਵਾਸ ਉੱਤੇ ਡਾ. ਅੰਬੇਡਕਰ ਨੇ ਅਛੂਤਾਂ ਦੇ ਅਲੱਗ ਚੋਣ ਅਧਿਕਾਰਾਂ ਦੀ ਮੰਗ ਛੱਡਕੇ ਗਾਂਧੀ ਜੀ ਨੂੰ ਜੀਵਨ ਦਾਨ ਦਿੱਤਾ।
ਸਿੱਟੇ ਵਜੋਂ ਡਾ. ਅੰਬੇਡਕਰ ਤੇ ਹਿੰਦੂ ਸਮਾਜ ਦੇ ਆਗੂਆਂ ਵਿਚਕਾਰ ‘ਪੂਨਾ ਪੈਕਟ’ ਨਾਂ ਦਾ ਸਮਝੌਤਾ ਹੋਇਆ। ਸਮਝੌਤੇ ਉਤੇ ਦਲਿਤਾਂ ਵੱਲੋਂ ਡਾ. ਅੰਬੇਡਕਰ ਨੇ ਅਤੇ ਹਿੰਦੂਆਂ ਵੱਲੋਂ ਪੰਡਿਤ ਮਦਨ ਮੋਹਣ ਮਾਲਵੀਆ ਨੇ ਦਸਤਖਤ ਕੀਤੇ। ਇਸ ਸਮਝੌਤੇ ’ਤੇ ਸਪਰੂ, ਘਣਸ਼ਿਆਮ ਦਾਸ ਵਿਰਲਾ, ਰਾਜ ਗੋਪਾਲ ਅਚਾਰੀਆ, ਡਾ. ਰਜਿੰਦਰ ਪ੍ਰਸ਼ਾਦ, ਸ਼੍ਰੀ ਨਿਵਾਸਨ, ਸ਼੍ਰੀ ਰਾਜਾ, ਦੇਵਦਾਸ ਗਾਂਧੀ, ਬਿਸ਼ਵਾਸ, ਐਸ. ਬਾਲੂ, ਰਾਜਭੋਜ, ਗਵਈ, ਠੱਕਰਬਾਪਾ, ਸੋਲੰਕੀ, ਸੀ.ਆਰ.ਮਹਿਤਾ, ਬਾਖਲੇ ਅਤੇ ਕਾਮਬਨੇ ਨੇ ਵੀ ਦਸਤਖਤ ਕੀਤੇ। ਗਾਂਧੀ ਜੀ ਨੇ ਆਪਣਾ ਮਰਨ ਵਰਤ ਖੋਲ੍ਹ ਲਿਆ।
ਪੂਨਾ ਪੈਕਟ ਨੂੰ ਗੌ: ਆਫ ਇੰਡੀਆ ਐਕਟ 1935 ਅਧੀਨ ਕਨੂੰਨੀ ਮਾਨਤਾ ਦਿੱਤੀ ਗਈ। ਐਕਟ ਵਿੱਚ ਇੱਕ ਸ਼ਡੂਲਡ ਬਣਾਇਆ ਗਿਆ ਜਿਸ ਵਿੱਚ ਵਿੱਦਿਅਕ ਅਤੇ ਸਮਾਜਿਕ ਤੋਰ ਤੇ ਪੱਛੜੀਆਂ ਜਾਤੀਆਂ ਨੂੰ ਰੱਖਿਆ ਗਿਆ। ਇਸ ਤਰ੍ਹਾਂ ਰਾਜ ਭਾਗ ਵਿੱਚ ਹਿੱਸੇਦਾਰੀ ਲਈ ਦਲਿਤਾਂ ਨੂੰ ਪਹਿਲੀ ਵਾਰ ਰਿਜ਼ਰਵੇਸ਼ਨ ਦਿੱਤੀ ਗਈ। ਪਰ ਇੱਥੇ ਇਹ ਵੀ ਜਿਕਰਯੋਗ ਹੈ ਕਿ ਰਿਜ਼ਰਵੇਸ਼ਨ ਦਲਿਤ ਵਰਗਾਂ ਲਈ ਕੋਈ ਭੀਖ ਜਾਂ ਦਯਾ ਨਹੀਂ ਬਲਕਿ ਦਲਿਤਾਂ ਦਾ ਇਸ ਦੇ ਬਦਲੇ ਵਿੱਚ ਆਪਣਾ ਅਲੱਗ ਚੋਣ ਅਤੇ ਦੋਹਰੀ ਵੋਟ ਦੇ ਅਧਿਕਾਰ ਨੂੰ ਛੱਡਣਾ ਇੱਕ ਮਹਾਨ ਕੁਰਬਾਨੀ, ਦੇਸ਼ ਭਗਤੀ ਅਤੇ ਹਿੰਦੂ ਸਮਾਜ ’ਤੇ ਅਮੁੱਲ ਦਯਾ ਹੈ, ਜਿਸ ਨੇ ਉਸ ਵਕਤ ਕੇਵਲ ਗਾਂਧੀ ਜੀ ਦੀ ਜਾਨ ਹੀ ਨਹੀਂ ਬਚਾਈ ਬਲਕਿ ਅੱਗੋਂ ਭਾਰਤ ਨੂੰ ਟੋਟੇ-ਟੋਟੇ ਹੋਣ ਤੋਂ ਵੀ ਬਚਾਇਆ। ਕਿਉਂਕਿ ਜੇਕਰ ਡਾ. ਅੰਬੇਡਕਰ ਉਸ ਸਮੇਂ ਗਾਂਧੀ ਜੀ ਨਾਲ ਸਮਝੌਤਾ ਨਾ ਕਰਦੇ ਤਾਂ ਦੇਸ਼ ਦੇ ਟੋਟੇ ਦੋ ਨਹੀਂ, ਤਿੰਨ ਹੋਣੇ ਸਨ ਭਾਰਤ ਦੇ ਬਟਵਾਰੇ ਸਮੇਂ ਪਾਕਿਸਤਾਨ ਦੇ ਨਾਲ-ਨਾਲ ਦਲਿਤ ਸਥਾਨ ਵੀ ਬਣਦਾ। ਪ੍ਰੰਤੂ ਡਾ. ਅੰਬੇਡਕਰ ਇਕ ਸੱਚੇ ਦੇਸ਼ ਭਗਤ ਸਨ। ਉਨ੍ਹਾਂ ਦੇਸ਼ ਨਾਲੋਂ ਨਿੱਜੀ ਹਿੱਤਾ ਨੂੰ ਕਦੇ ਤਰਜੀਹ ਨਹੀਂ ਦਿੱਤੀ। ਉਹਨਾਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦੇਸ਼ ਭਗਤੀ ਦਾ ਵੱਡਾ ਸਬੂਤ ਵੀ ਦਿੱਤਾ.
‘ਪੂਨਾ ਪੈਕਟ’ ਡਾ.ਅੰਬੇਡਕਰ ਦਾ ਬਿਨਾ ਖੂਨ ਖਰਾਬੇ ਦੇ ਅਜਿਹਾ ਇਨਕਲਾਬ ਸੀ ਜਿਸ ਰਾਹੀਂ ਭਾਰਤ ਦੇ ਇਤਿਹਾਸ ਵਿਚ ਦਲਿਤਾਂ ਨੂੰ ਪਹਿਲੀ ਵਾਰ ਵੋਟ ਦਾ ਹੱਕ, ਕੇਂਦਰੀ ਅਤੇ ਪ੍ਰਾਂਤਿਕ ਵਿਧਾਨ ਸਭਾਵਾਂ ਵਿਚ ਆਪਣੇ ਨੁੁਮਾਇੰਦੇ ਭੇਜਣ, ਪੁਲਿਸ ਵਿਚ ਭਰਤੀ, ਵਿਦਿਅਕ ਸਹੂਲਤਾਂ ਅਤੇ ਨੌਕਰੀਆਂ ਵਿਚ ਰਾਖਵੀਆਂ ਸੀਟਾਂ ਪ੍ਰਾਪਤ ਹੋਈਆਂ। ਸਦੀਆਂ ਦੇ ਪਛਾੜੇ, ਲਤਾੜੇ, ਅਛੂੂਤ, ਗੁਲਾਮ ਦਲਿਤ ਆਪਣੇ ਦੁੱਖਾ ਦਰਦਾਂ ਦੀ ਕਹਾਣੀ ਸੁਣਾਉਣ ਜੋਗੇ ਹੋਏ। ਪੂਨਾ ਪੈਕਟ ਨੇ ਹੀ ਅੱਗੋਂ ਭਾਰਤ ਦੇ ਦਲਿਤਾਂ ਦੀ ਸੰਪੂਰਨ ਆਜ਼ਾਦੀ ਦਾ ਮੁੱਢ ਬੰਨਿ੍ਹਆ।
ਪਰ ਪਿੱਛਲੇ ਤਿੰਨ ਦਹਾਕਿਆ ਤੋਂ ਕੇਦਰੀ ਸਰਕਾਰਾਂ ਨੇ ਪੈਟਰੋਲੀਅਮ, ਬੈਂਕਿੰਗ, ਬੀਮਾ ਅਤੇ ਹੋਰ ਕਈ ਖੇਤਰਾਂ ਦੀਆ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕਰਕੇ ਰਾਖਵਾਂਕਰਨ ਨੂੰ ਖਤਮ ਕਰ ਦਿੱਤਾ ਹੈ। ਕੇਦਰ ਸਰਕਾਰ ਦਾ ਠੇਕਾ ਅਧਾਰ ’ਤੇ ਭਰਤੀ ਕਰਨਾ ਸੰਵਿਧਾਨਕ ਸੰਸਥਾ ਯੂ ਪੀ ਐਸ ਸੀ ਦੀ ਤਿਆਰੀ ਕਰ ਰਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਅਤੇ ਪੱਛੜਿਆਂ ਦੇ ਰਾਖਵਾਂਕਰਨ ਅਤੇ ਸਮਾਜਿਕ ਨਿਆਂ ਦੀ ਧਾਰਨਾ ਦੇ ਉਲਟ ਹੀ ਨਹੀ, ਪੂਨਾ-ਪੈਕਟ ਦੀ ਉਲੇਘਣਾ ਹੈ, ਸੰਵਿਧਾਨ ਦਾ ਵਿਰੋਧੀ ਵੀ ਹੈ। ਇਹਨਾਂ ਹਾਲਾਤਾਂ ਵਿਚ ਪੂਨਾ-ਪੈਕਟ ਦੀ ਸਾਰਥਿਕਤਾ ਹੀ ਕੀ ਰਹਿ ਜਾਂਦੀ ਹੈ?
ਸਿਵਲ ਕੋਰਟਸ, ਫਗਵਾੜਾ (ਪੰਜਾਬ)
ਮੋ. 98145 17499
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly