ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਮਾਤਾ ਸਵਿਤਰੀ ਬਾਈ ਫੂਲੇ ਦਾ ਜਨਮ ਦਿਨ ਮਨਾਇਆ
ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ ਅਤੀ ਅਹਿਮ – ਡਾ. ਸਾਵਰਕਰ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ, ਪੰਜਾਬ ਯੂਨਿਟ ਦੇ ਸਹਿਯੋਗ ਨਾਲ ਅੰਬੇਡਕਰ ਭਵਨ ਦੇ ਰਮਾ ਬਾਈ ਅੰਬੇਡਕਰ ਯਾਦਗਾਰ ਹਾਲ ਵਿਖੇ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕਰਕੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਮਾਤਾ ਸਵਿਤਰੀ ਬਾਈ ਫੂਲੇ ਦਾ ਜਨਮਦਿਨ ਮਨਾਇਆ ਗਿਆ । ਇਸ ਸੈਮੀਨਾਰ ਵਿੱਚ ਮਹਾਰਾਸ਼ਟਰ ਦੀ ਡਾ. ਬੀ. ਆਰ. ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਔਰੰਗਾਬਾਦ ਦੇ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਨੀਤਾ ਸਾਵਰਕਰ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੇ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ’ ਵਿਸ਼ੇ ਤੇ ਵਿਦਵਤਾ ਨਾਲ, ਜਾਣਕਾਰੀ ਭਰਪੂਰ ਭਾਸ਼ਣ ਦਿੱਤਾ।
ਡਾ. ਸਾਵਰਕਰ ਨੇ ਭਾਰਤ ਦੇ ਸਮਾਜਿਕ ਅੰਦੋਲਨ ਵਿੱਚ ਦਲਿਤ ਔਰਤਾਂ ਦੀ ਭੂਮਿਕਾ ਨੂੰ ਤਥਾਗਤ ਬੁੱਧ ਦੀ ਸ਼੍ਰਮਣ ਸੰਸਕ੍ਰਿਤੀ ਨਾਲ ਜੋੜਦਿਆਂ ਇਤਿਹਾਸਿਕ ਕ੍ਰਮ ਅਨੁਸਾਰ ਮੱਧਕਾਲ ਤੋਂ ਲੈ ਕੇ ਬਰਤਾਨਵੀ ਰਾਜ ਦੌਰਾਨ ਮਹਾਰਾਸ਼ਟਰ ਦੀਆਂ ਚਮਾਰ, ਮਹਾਰ, ਢੋਰ, ਅਤੇ ਮਾਤੰਗ ਜਾਤੀ ਦੀਆਂ ਔਰਤਾਂ ਵਿੱਚ ਆਈ ਚੇਤਨਤਾ ਦਾ ਇਤਿਹਾਸਿਕ ਚਿੱਤਰ ਪ੍ਰਸਤੁਤ ਕੀਤਾ। ਉਹਨਾਂ ਨੇ ਕਿਹਾ 19ਵੀਂ ਸਦੀ ਵਿੱਚ ਮਾਤਾ ਸਵਿਤਰੀ ਬਾਈ ਫੁਲੇ ਅਤੇ ਫਾਤਿਮਾ ਸ਼ੇਖ ਦੁਆਰਾ ਨਿਭਾਏ ਰੋਲ ਨੇ ਦਲਿਤ ਔਰਤਾਂ ਨੂੰ ਸੰਗਠਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। 20ਵੀਂ ਸਦੀ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਅਣਥੱਕ ਯਤਨਾਂ ਦੁਆਰਾ ਔਰਤਾਂ ਸਮਾਜਿਕ ਪਾਬੰਦੀਆਂ ਤੋੜ ਕੇ ਹੱਕਾਂ ਦੀ ਪ੍ਰਾਪਤੀ ਲਈ ਆਯੋਜਿਤ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ ਵਿੱਚ ਆਉਣੀਆਂ ਸ਼ੁਰੂ ਹੋਈਆਂ। ਡਾ. ਸਾਵਰਕਰ ਨੇ ਕਿਹਾ ਕਿ 1920 ਵਿੱਚ ਪਹਿਲੀ ਵਾਰੀ ਇੱਕ ਸਮਾਗਮ ਵਿੱਚ ਦੋ ਲੜਕੀਆਂ ਨੇ ਡਾ. ਅੰਬੇਡਕਰ ਦੇ ਸਨਮਾਨ ਵਿੱਚ ਇੱਕ ਸਵਾਗਤੀ ਗੀਤ ਪ੍ਰਸਤੁਤ ਕੀਤਾ, ਜਿਸ ਵਿੱਚ ਬਾਬਾ ਸਾਹਿਬ ਦੁਆਰਾ ਦਲਿਤ ਅਧਿਕਾਰਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ਾਂ ਦੀ ਪ੍ਰਸ਼ੰਸਾ ਕੀਤੀ ਗਈ । 1928 ਵਿੱਚ ਨਿਰੋਲ ਔਰਤਾਂ ਦੀ ਹੋਈ ਪਹਿਲੀ ਵਿਸ਼ਾਲ ਕਾਨਫਰੰਸ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਉਣ ਲਈ ਇਸਤਰੀ ਮੰਡਲਾਂ ਦੀ ਸਥਾਪਨਾ ਹੋਈ ਅਤੇ ਉਸ ਉਪਰੰਤ ਮਹਾਰਾਸ਼ਟਰ ਦੇ ਅੰਬੇਡਕਰੀ ਅੰਦੋਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਸੰਘਰਸ਼ਸ਼ੀਲ ਰਹੀਆਂ। ਦਲਿਤ ਔਰਤ ਲੇਖਕਾਂ ਵੱਲੋਂ ਸਮਾਜਿਕ ਚੇਤਨਾ, ਸਮਤਾ, ਸੁਤੰਤਰਤਾ ਅਤੇ ਭਾਈਚਾਰਕ ਏਕਤਾ ਪੈਦਾ ਕਰਨ ਲਈ ਤਥਾਗਤ ਬੁੱਧ ਦੀ ਵਿਚਾਰਧਾਰਾ ਤੇ ਅਧਾਰਤ ਰਚਨਾ ਲਿਖੀਆਂ ਜਾਣ ਲੱਗੀਆਂ ਜੋ ਭਾਰਤ ਦੀ ਆਜ਼ਾਦੀ ਉਪਰੰਤ ਵਰਤਮਾਨ ਸਮੇਂ ਤੱਕ ਜਾਰੀ ਹਨ। ਉਨ੍ਹਾਂ ਨੇ ਔਰਤਾਂ ਦੇ ਇਸ ਸਮਾਜਿਕ ਚੇਤਨਾ ਲਈ ਕੀਤੇ ਗਏ ਯਤਨਾਂ ਨੂੰ ਕਲਮਬੰਦ ਕਰਨ ਲਈ ਆਪਣੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਵੀ ਕੀਤਾ। ਯਾਦ ਰਹੇ ਕਿ ਡਾ. ਸਾਵਰਕਰ ਦੀਆਂ ਇਸ ਸੰਦਰਭ ਵਿੱਚ ਮਰਾਠੀ ਭਾਸ਼ਾ ਵਿੱਚ ਤਿੰਨ ਖੋਜ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਸੈਮੀਨਾਰ ਵਿੱਚ ਸ਼ਾਮਿਲ ਲੇਖਕਾਂ ਨੂੰ ਪ੍ਰੇਰਤ ਕੀਤਾ ਕਿ ਪੰਜਾਬ ਦੇ ਸਮਾਜਿਕ ਅੰਦੋਲਨਾਂ ਵਿੱਚ ਔਰਤਾਂ ਦੇ ਯੋਗਦਾਨ ਦੀ ਇਤਿਹਾਸਕਾਰੀ ਨੂੰ ਕਲਮਬੰਦ ਕਰਨ ਲਈ ਵੀ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।
ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਅਤੇ ਮੁੱਖ ਮਹਿਮਾਨ ਡਾ. ਸੁਨੀਤਾ ਸਾਵਰਕਰ ਦੀ ਜਾਣ ਪਹਿਚਾਣ ਕਰਾਉਂਦਿਆਂ ਕਿਹਾ ਕਿ 1964 ਦੇ ਰੀਪਬਲਿਕਨ ਪਾਰਟੀ ਆਫ ਇੰਡੀਆ (ਆਰ.ਪੀ.ਆਈ.) ਦੇ ਸਰਬ ਭਾਰਤੀ ਮੋਰਚੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਅੰਬੇਡਕਰੀ ਅੰਦੋਲਨ ਵਿੱਚ ਯੋਗਦਾਨ ਪਾਇਆ। ਇਨ੍ਹਾਂ ਵਿੱਚੋਂ ਖਾਸ ਕਰਕੇ ਬੀਬੀ ਮਲਾਵੀ ਦੇਵੀ, ਬੀਬੀ ਬੰਤੀ, (ਆਫ ਤਾਜਪੁਰ), ਬੀਬੀ ਰਾਓ ਪਤਨੀ ਸੇਠ ਮੇਲਾ ਰਾਮ ‘ਰਿਖੀ’, ਬੀਬੀ ਪ੍ਰਕਾਸ਼ ਕੌਰ, ਬੀਬੀ ਦਰਸ਼ੋ, ਬੀਬੀ ਜੈ ਕੌਰ, ਬੀਬੀ ਅਜੀਤ ਬਾਲੀ, ਬੀਬੀ ਭੋਲੀ, ਬੀਬੀ ਸਵਰਨੀ ਅਤੇ ਬੀਬੀ ਪ੍ਰਕਾਸ਼ੋ ਪਤਨੀ ਸ਼ਹੀਦ ਰਾਮ ਪ੍ਰਕਾਸ਼ ਦੇ ਨਾਮ ਵਰਨਣ ਯੋਗ ਹਨ।
ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.), ਅੰਬੇਡਕਰ ਭਵਨ ਟਰੱਸਟ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਕਈ ਅੜਚਨਾਂ ਦੇ ਬਾਬਜੂਦ ਪਿੱਛਲੇ 50 ਸਾਲ ਦੇ ਵੱਧ ਸਮੇਂ ਤੋਂ ਨਿਰੋਲ ਅੰਬੇਡਕਰ ਮਿਸ਼ਨ ਦਾ ਪ੍ਰਚਾਰ-ਪ੍ਰਸਾਰ ਕਰ ਰਿਹਾ ਹੈ ਅਤੇ ਭਵਿੱਖ ‘ਚ ਵੀ ਕਰਦਾ ਰਹੇਗਾ। ਸਟੇਜ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ।
ਇਸ ਮੌਕੇ ਸਰਵਸ਼੍ਰੀ ਪਰਮਿੰਦਰ ਸਿੰਘ ਖੁੱਤਣ, ਜਸਵਿੰਦਰ ਵਰਿਆਣਾ, ਤਿਲਕ ਰਾਜ, ਪ੍ਰੋ. ਬਲਬੀਰ, ਸੋਹਨ ਲਾਲ ਸਾਬਕਾ ਡੀ.ਪੀ.ਆਈ. (ਕਾਲਜਾਂ), ਡਾ. ਮਹਿੰਦਰ ਸੰਧੂ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਕੁਲਦੀਪ ਭੱਟੀ, ਸੰਨੀ ਥਾਪਰ, ਜੋਤੀ ਪ੍ਰਕਾਸ਼, ਨਿਰਮਲ ਬਿੰਜੀ, ਡਾ. ਆਰ.ਐਲ. ਜੱਸੀ ਸਾਬਕਾ ਏ.ਡੀ.ਜੀ.ਪੀ. (ਜੰਮੂ-ਕਸ਼ਮੀਰ), ਮਦਨ ਲਾਲ, ਤਰਸੇਮ ਜਲੰਧਰੀ, ਪ੍ਰੋ. ਅਸ਼ਵਨੀ ਜੱਸਲ, ਓਮ ਪ੍ਰਕਾਸ਼, ਪ੍ਰਿੰਸੀਪਲ ਪਰਮਜੀਤ ਜੱਸਲ, ਬਲਦੇਵ ਜੱਸਲ, ਹਰੀ ਸਿੰਘ ਥਿੰਦ, ਮਲਕੀਤ ਸਿੰਘ, ਮਾਸਟਰ ਜੀਤ ਰਾਮ, ਬਰਜੇਸ਼ ਕੁਮਾਰ, ਰਾਜੇਸ਼ ਵਿਰਦੀ, ਗੁਰਦੇਵ ਖੋਖਰ, ਹਰੀ ਰਾਮ ਓਐਸਡੀ, ਸ਼ਾਮ ਲਾਲ ਜੱਸਲ, ਗੌਤਮ ਬੌਧ, ਕਵਿਤਾ ਢੰਡੇ, ਗੁਰਦਿਆਲ ਜੱਸਲ ਅਤੇ ਹਰਭਜਨ ਨਿਮਤਾ ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਅੰਬੇਡਕਰ ਭਵਨ ਵਿਖੇ ਮਾਤਾ ਸਵਿਤਰੀ ਬਾਈ ਫੂਲੇ ਦੇ ਜਨਮਦਿਨ ਸਮਾਗਮ ਦੀਆਂ ਕੁਝ ਝਲਕੀਆਂ।