ਸਮਾਨਤਾ ਅਧਾਰਤ ਸਮਾਜ ਲਈ ਜਾਤੀ ਵਿਵਸਥਾ ਦਾ ਖਾਤਮਾ ਜਰੂਰੀ – ਪ੍ਰੋ. ਬਲਬੀਰ
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਦੇ ਉੱਘੇ ਸਮਾਜਿਕ ਕ੍ਰਾਂਤੀਕਾਰੀ, ਇਸਤਰੀ ਵਰਗ ਅਤੇ ਭਾਰਤ ਦੇ ਪੀੜਿਤ ਸਮਾਜ ਲਈ ਨਿਰੰਤਰ ਸੰਘਰਸ਼ ਕਰਨ ਵਾਲੇ ਮਹਾਨ ਚਿੰਤਕ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 69ਵੇਂ ਪਰਿਨਿਰਵਾਣ ਦਿਵਸ ਦੇ ਸਬੰਧ ਵਿੱਚ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਗਮ ਦੀ ਸ਼ੁਰੂਆਤ ਸ਼੍ਰੀ ਹਰਮੇਸ਼ ਜਸਲ ਦੁਆਰਾ ਬੁੱਧ ਵੰਦਨਾ, ਤਰੀਸ਼ਣ ਅਤੇ ਪੰਚਸ਼ੀਲ ਦਾ ਪਾਠ ਉਚਾਰਨ ਕਰਨ ਉਪਰੰਤ ਹੋਈ। ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਹ ਸਥਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਇਤਿਹਾਸਿਕ ਪੰਜਾਬ ਯਾਤਰਾ ਨਾਲ ਜੁੜਿਆ ਹੋਇਆ ਹੈ, ਜਿੱਥੇ 27 ਅਕਤੂਬਰ 1951 ਨੂੰ ਉਨ੍ਹਾਂ ਨੇ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਸ ਮੌਕੇ ਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਵਕਤਾ ਪ੍ਰੋ. ਰਾਜੇਸ਼ ਕੁਮਾਰ ਅਸਿਸਟੈਂਟ ਡੀਪੀਆਈ ਪੰਜਾਬ (ਕਾਲਜਾਂ) ਨੇ ਕਿਹਾ ਕਿ ਬੇਸ਼ੱਕ 68 ਸਾਲ ਪਹਿਲਾਂ ਅੱਜ ਦੇ ਦਿਨ ਬਾਬਾ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਨ੍ਹਾਂ ਦੁਆਰਾ ਕੀਤੇ ਗਏ ਅਣਥੱਕ ਸੰਘਰਸ਼ ਸਦਕਾ ਹਜ਼ਾਰਾਂ ਸਾਲਾਂ ਬਾਅਦ ਜਿਸ ਔਰਤ ਸਮਾਜ ਅਤੇ ਦਲਿਤ ਵਰਗ ਨੂੰ ਸਮਾਨਤਾ ਦੇ ਅਧਿਕਾਰ ਪ੍ਰਾਪਤ ਹੋਏ, ਉਨ੍ਹਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜ਼ਿੰਦਾ ਹਨ। ਡਾ. ਅੰਬੇਡਕਰ ਨੇ ਪਹਿਲੀ ਵਾਰ 1918 ਵਿੱਚ ਅਛੂਤਾਂ ਸਮੇਤ ਸਾਰੇ ਬਾਲਗ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਵਕਾਲਤ ਕੀਤੀ। ਅਮਰੀਕਾ ਅਤੇ ਇੰਗਲੈਂਡ ਵਰਗੇ ਲੋਕਤੰਤਰਿਕ ਵਿਵਸਥਾ ਨਾਲ ਜੁੜੇ ਦੇਸ਼ਾਂ ਦੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਕਰਨ ਉਪਰੰਤ ਭਾਰਤ ਵਿੱਚ ਵਾਪਸ ਆ ਕੇ ਉਨ੍ਹਾਂ ਨੇ ਸਮਤਾ, ਸੁਤੰਤਰਤਾ ਅਤੇ ਭਾਈਚਾਰਕ ਏਕਤਾ ਵਾਲੇ ਸਮਾਜ ਦੀ ਸਥਾਪਤੀ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਉਨ੍ਹਾਂ ਦੀ ਸੋਚ ਅਤੇ ਨਿਰੰਤਰ ਜੱਦੋ ਜਹਿਦ ਨੇ ਸਦੀਆਂ ਤੋਂ ਸਤਾਈ ਅਤੇ ਲਿਤਾੜੀ ਜਾ ਰਹੀ ਭਾਰਤ ਦੀ ਲਗਭਗ ਤਿੰਨ ਚੌਥਾਈ ਆਬਾਦੀ ਦੀ ਤਕਦੀਰ ਬਦਲਣ ਦਾ ਅਤੀ ਕਠਿਨ ਕਾਰਜ ਕੀਤਾ। ਪ੍ਰੋ. ਰਾਜੇਸ਼ ਕੁਮਾਰ ਨੇ ਵਰਤਮਾਨ ਹਾਲਤ ਵਿੱਚ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ ਅਧੀਨ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਦੀ ਸੁਰੱਖਿਆ ਲਈ ਭਾਰਤ ਦੇ ਬਹੁਜਨ ਸਮਾਜ ਨੂੰ ਇੱਕ ਮੁੱਠ ਹੋਣ ਦੀ ਅਪੀਲ ਕੀਤੀ।
ਇਸ ਅਵਸਰ ਤੇ ਪ੍ਰੋ. ਬਲਬੀਰ ਚੰਦਰ, ਸਾਬਕਾ ਮੁਖੀ, ਪੋਸਟ ਗ੍ਰੈਜੂਏਟ ਵਿਭਾਗ ਰਾਜਨੀਤੀ ਸ਼ਾਸਤਰ, ਦੁਆਬਾ ਕਾਲਜ ਜਲੰਧਰ ਨੇ ਆਪਣੇ ਸੰਬੋਧਨ ਵਿੱਚ ਡਾ. ਅੰਬੇਡਕਰ ਜੀ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੇ ਸੰਦਰਭ ਵਿੱਚ ਬਾਬਾ ਸਾਹਿਬ ਦੀਆਂ ਅਨੇਕ ਲਿਖਤਾਂ ਚੋਂ ਹਵਾਲਿਆਂ ਦਾ ਜ਼ਿਕਰ ਕਰਦਿਆਂ ਨੌਜਵਾਨ ਵਰਗ ਨੂੰ ਉੱਚ ਸਿੱਖਿਆ ਦੁਆਰਾ ਆਪਣੀ ਯੋਗਤਾ ਵਧਾਉਣ, ਵਿਵੇਕਸ਼ੀਲ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਮਾਨਤਾ ਅਧਾਰਤ ਸਮਾਜ ਦੀ ਸਥਾਪਤੀ ਲਈ ਜਾਤੀ ਵਿਵਸਥਾ ਨੂੰ ਖਤਮ ਕਰਨਾ ਅਤੀ ਜਰੂਰੀ ਹੈ। ਉਨ੍ਹਾਂ ਦਾ ਸਪਸ਼ਟ ਮਤ ਸੀ ਕਿ ਸੰਵਿਧਾਨ ਦੀ ਪ੍ਰਸਤਾਵਨਾ ਅਧਾਰਿਤ ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਵਾਲਾ ਸੰਸਦੀ ਲੋਕਤੰਤਰ ਕਾਇਮ ਕਰਨ ਲਈ ਸੰਵਿਧਾਨਿਕ ਅਧਿਕਾਰਾਂ, ਆਪਣੇ ਫਰਜਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਪ੍ਰਤੀ ਚੇਤਨਾ ਅਤੇ ਜਾਣਕਾਰੀ ਅਜੋਕੇ ਸਮੇਂ ਦੀ ਮੁੱਖ ਮੰਗ ਹੈ।
ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਨੇ ਕਿਹਾ ,ਕਿ ਤਥਾਗਤ ਗੌਤਮ ਬੁੱਧ ਦੇ ਵਿਗਿਆਨਕ ਧਰਮ, ਜਿਸ ਵਿੱਚ ਬਰਾਬਰੀ, ਬੰਧੁਤਵਾਦ ਅਤੇ ਤਰਕਵਾਦ ਦੇ ਸਿਧਾਂਤ ਇਕੱਠੇ ਮਿਲਦੇ ਹਨ, ਦੇ ਉੱਪਰ ਅਧਾਰਿਤ ਡਾ. ਬੀ. ਆਰ. ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਭਾਰਤੀ ਸਮਾਜ ਨੂੰ ਉਨਤੀ ਦੇ ਰਸਤੇ ਉੱਪਰ ਪਾਇਆ। ਇਸ ਨੂੰ ਮਨੂਵਾਦੀ ਤਾਕਤਾਂ ਨੇ ਪਸੰਦ ਨਹੀਂ ਕੀਤਾ। ਇਹ ਤਾਕਤਾਂ ਭਾਰਤੀ ਸੰਵਿਧਾਨ ਨੂੰ ਅਣਗੌਲਿਆ ਕਰਕੇ ਨਾਂਨਾਂ ਪ੍ਰਕਾਰ ਦੇ ਛੜਯੰਤਰ ਰਚ ਕੇ ਅਛੂਤਾਂ (ਐਸੀ, ਐਸਟੀ, ਓਬੀਸੀ) ਨੂੰ ਆਰਥਿਕ, ਸਮਾਜਿਕ, ਵਿਦਿਅਕ ਅਤੇ ਧਾਰਮਿਕ ਤੌਰ ਤੇ ਪਛਾੜ ਰਹੀਆਂ ਹਨ ਅਤੇ ਆਜ਼ਾਦ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਤਤਪਰ ਹਨ। ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਅਪਣਾਏ ਗਏ ਸਰਵੋਤਮ ਧਰਮ ਬੁੱਧ ਧਰਮ ਨੂੰ ਦਲਿਤਾਂ ਦੁਆਰਾ ਵੱਡੇ ਪੱਧਰ ਤੇ ਅਪਣਾਏ ਜਾਣ ਦੀ ਵਿਰੋਧਤਾ ਵਿੱਚ ਇਹ ਤਾਕਤਾਂ ਲੁਕਮੇ ਢੰਗਾਂ ਨਾਲ ਇਨ੍ਹਾਂ ਲੋਕਾਂ ਦੀ ਏਕਤਾ ਤੋੜਨ ਲਈ ਅਤੇ ਇਨ੍ਹਾਂ ਨੂੰ ਮੁੜ ਅੰਧ ਵਿਸ਼ਵਾਸੀ ਬਣਾਉਣ ਲਈ ਨਵੇਂ ਨਵੇਂ ਧਰਮ ਬਣਾਉਣ ਲਈ ਯਤਨਸ਼ੀਲ ਹਨ। ਫਰਜੀ ਭੰਤੇ ਤਿਆਰ ਕਰਕੇ ਤਥਾਗਤ ਬੁੱਧ ਦੀਆਂ ਮੂਰਤੀਆਂ ਅਤੇ ਬੁੱਧ ਧਰਮ ਦਾ ਭਗਵਾਂਕਰਨ ਸ਼ੁਰੂ ਕਰ ਦਿੱਤਾ ਗਿਆ ਹੈ।ਅਜਿਹੇ ਹਾਲਾਤਾਂ ਵਿੱਚ ਦਲਿਤਾਂ ਨੂੰ ਬਾਬਾ ਸਾਹਿਬ ਦੁਆਰਾ ਦਿੱਤੇ ਗਏ ਬੁੱਧ ਧਰਮ ਅਤੇ ਆਜਾਦ ਭਾਰਤ ਦੇ ਸੰਵਿਧਾਨ ਦੀ ਰਾਖੀ ਕਰਨਾ ਹੀ ਅੰਬੇਡਕਰ ਸਾਹਿਬ ਜੀ ਦੇ ਪਰਿਨਿਰਵਾਣ ਦਿਵਸ ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਸ ਤਰ੍ਹਾਂ ਹੀ ਇਹ ਲੋਕ ਆਪਣੀ ਬਹੁਪੱਖੀ ਉਨਤੀ ਨੂੰ ਸੁਨਿਸ਼ਚਿਤ ਕਰ ਸਕਣਗੇ।
ਇਸ ਮੌਕੇ ਸਰਬ ਸ਼੍ਰੀ ਚਰਨ ਦਾਸ ਸੰਧੂ, ਕਮਲਸ਼ੀਲ ਬਾਲੀ, ਮਹਿੰਦਰ ਸੰਧੂ, ਪਰਮਿੰਦਰ ਸਿੰਘ ਖੁਤਣ, ਜਸਵਿੰਦਰ ਵਰਿਆਣਾ, ਸਾਬਕਾ ਰਾਜਦੂਤ ਰਮੇਸ਼ ਚੰਦਰ, ਨਿਰਮਲ ਬਿਨਜੀ, ਜ਼ੋਤੀ ਪ੍ਰਕਾਸ਼, ਡਾ. ਸਤਪਾਲ, ਮਨੋਹਰ ਲਾਲ ਭੱਠੇ, ਧਰਮਪਾਲ, ਐਡਵੋਕੇਟ ਕੁਲਦੀਪ ਭੱਟੀ, ਸਨੀ ਥਾਪਰ, ਮਦਨ ਲਾਲ, ਜਗਤਾਰ ਰਾਮ, ਰੂਪ ਲਾਲ, ਚਰਨ ਦਾਸ, ਪ੍ਰੋ. ਅਸ਼ਵਨੀ ਜਸਲ, ਮਲਕੀਤ ਸਿੰਘ, ਮੁਲਖਰਾਜ ਰਤਨ, ਮਨਜੀਤ ਸਿੰਘ, ਮੈਡਮ ਸੁਸ਼ਮਾ ਤੇ ਜੋਗਿੰਦਰ, ਰਾਮ ਸਰੂਪ ਬਾਲੀ, ਹਰੀ ਰਾਮ ਓਐਸਡੀ, ਚਰਨਜੀਤ ਸਿੰਘ ਮੱਟੂ, ਰਾਮ ਸਿੰਘ ਤੇਜੀ, ਗੌਤਮ ਬੋਧ, ਕਵਿਤਾ ਢਾਂਡੇ, ਮੈਡਮ ਮੰਜੂ, ਅਮਰਜੀਤ ਸਾਂਪਲਾ, ਪ੍ਰੋਫੈਸਰ ਅਰਿੰਦਰ ਸਿੰਘ, ਪ੍ਰਿੰਸੀਪਲ ਪਰਮਜੀਤ ਜਸਲ, ਮਿਹਰ ਮਲਕ, ਡਾ. ਸ਼ੇਖਰ ਕੁਮਾਰ, ਸੋਮਨਾਥ ਮਾਹੀ, ਸਤਵਿੰਦਰ ਮਦਾਰਾ,ਪਿਸ਼ੋਰੀ ਲਾਲ ਸੰਧੂ, ਮਨੋਹਰ ਲਾਲ ਮਹੇ, ਨਸੀਬ ਚੰਦ ਬੱਬੀ, ਯੂ.ਸੀ. ਸਰੋਇਆ, ਤੁਲਸੀਰਾਮ ਸਾਬਕਾ ਐਸਐਸਪੀ, ਪਰਮਜੀਤ ਮਹੇ, ਬਲਵਿੰਦਰ ਪੁਆਰ, ਰਾਮ ਲਾਲ ਦਾਸ, ਪ੍ਰਿੰਸੀਪਲ ਤੀਰਥ ਬਸਰਾ, ਸੁਖਜੀਤ ਸਿੰਘ ਖਾਲੜਾ, ਡਾ. ਤਰਸੇਮ ਸਾਗਰ, ਸ਼੍ਰੀਮਤੀ ਸੁਨੀਤਾ ਸਰਪੰਚ ਸੰਗਲ ਸੋਹਲ ਤੋਂ ਅਲਾਵਾ ਭਾਰੀ ਗਿਣਤੀ ਵਿੱਚ ਲੋਕ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਸਮਾਗਮ ‘ਚ ਪਹੁੰਚੇ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ