
(ਸਮਾਜ ਵੀਕਲੀ) ਅੱਜ ਅਸੀਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਯਾਦ ਕਰ ਰਹੇ ਹਾਂ ਤੇ ਉਸ ਅਦੁੱਤੀ ਤੇ ਬੇਮਿਸਾਲ ਸ਼ਹਾਦਤ ਬਾਰੇ ਕੁਝ ਲਿਖਣ ਦੀ ਹਿੰਮਤ ਕਰਦੇ ਹਾਂ ਤਾਂ ਉਸ ਦੇ ਮੇਚ ਦੇ ਸ਼ਬਦ ਕਿਧਰੇ ਨਹੀਂ ਲੱਭਦੇ। ਉਹਨਾਂ ਦੇ ਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ:
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸੁ ਦੀਆ ਪਰੁ ਸਿਰਰੁ ਨ ਦੀਆ। ।
ਹੀ ਇਸ ਸਹਾਦਤ ਦੇ ਸਮਰੱਥ ਹੋ ਸਕਦੇ ਹਨ। ਕਿਉਂਕਿ ਦੁਨੀਆ ਭਰ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਲੱਭਦੀ, ਜਦੋਂ ਕਿਸੇ ਨੇ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਧਰਮ ਖਾਤਰ ਆਪਣਾ ਸੀਸ ਵਾਰਿਆ ਹੋਵੇ। ਇਤਿਹਾਸ ਅਨੁਸਾਰ ਕਸ਼ਮੀਰੀ ਪੰਡਤਾਂ ਨੇ ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਨੂੰ ਇਹ ਦਾਸਤਾਂ ਸੁਣਾਈ ਕਿ ਔਰੰਗਜ਼ੇਬ ਦੀ ਹਕੂਮਤ ਵੱਲੋਂ ਉਹਨਾ ਦਾ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਕੁਝ ਸੋਚ ਕੇ ਕਿਹਾ ਕਿ ਇਸ ਲਈ ਕਿਸੇ ਮਹਾਨ ਪੁਰਖ ਦੀ ਦੇ ਬਲੀਦਾਨ ਦੀ ਲੋੜ ਹੈ! ਉਸ ਸਮੇਂ ਬਾਲ ਗੋਬਿੰਦ ਰਾਏ, ਜੋ ਕਿ ਉਸ ਸਮੇਂ ਸਿਰਫ ਨੌਂ ਵਰ੍ਹਿਆਂ ਦੇ ਸਨ , ਵੀ ਕੋਲ ਬੈਠੇ ਸਨ ਤੇ ਉਹਨਾਂ ਸਹਿਜ-ਸੁਭਾਅ ਹੀ ਕਹਿ ਦਿੱਤਾ ਕਿ ਆਪ ਤੋਂ ਵੱਡਾ ਮਹਾਤਮਾ ਕੌਣ ਹੋ ਸਕਦੈ? ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਏ ਵੱਲ ਧਿਆਨ ਨਾਲ ਦੇਖਿਆ ਤੇ ਉਹਨਾਂ ਦੀ ਦੂਰਅੰਦੇਸ਼ੀ ਸੋਚ ਤੇ ਖੁਸ਼ ਵੀ ਹੋਏ ਤੇ ਕਸ਼ਮੀਰੀ ਪੰਡਿਤਾਂ ਨੂੰ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਦਾ ਭਰੋਸਾ ਵੀ ਦਿੱਤਾ।
ਆਪ ਦੇ ਸ਼ਬਦ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ। ।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ । ।
ਕਿ ਸਾਨੂੰ ਆਪ ਨਿਡਰ ਹੋ ਕੇ ਦੂਜਿਆਂ ਦੇ ਡਰ ਅਤੇ ਜੁਲਮ ਤੋਂ ਬਚਾਉਣ ਲਈ ਅੱਗੇ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਦੇ ਵਿਚਾਰ ਕਿ ਜਦੋਂ ਤੇਗ ਬਹਾਦਰ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਕਸ਼ਮੀਰ ਦੇ ਸਾਰੇ ਪੰਡਤ ਵੀ ਇਸਲਾਮ ਨੂੰ ਕਬੂਲ ਕਰ ਲੈਣਗੇ, ਔਰੰਗਜ਼ੇਬ ਤੱਕ ਪਹੁੰਚੇ ਤਾਂ ਉਸ ਦੇ ਹੁਕਮ ਤੇ ਗੁਰੂ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਤੇ ਹੋਰ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਦਿੱਲੀ ਲਿਆਂਦਾ ਗਿਆ। ਆਪ ਨੂੰ ਕੋਈ ਚਮਤਕਾਰ ਕਰ ਕੇ ਦਿਖਾਉਣ ਜਾਂ ਇਸਲਾਮ ਕਬੂਲ ਕਰਨ ਦੇ ਹੁਕਮ ਸੁਣਾਏ ਗਏ ਤਾਂ ਆਪ ਨੇ ਦੋਹਾਂ ਤੋਂ ਇਨਕਾਰ ਕਰ ਦਿੱਤਾ। ਆਪ ਨੂੰ ਛੋਟੇ ਜਿਹੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਆਪ ਅੰਦਰ ਡਰ ਪੈਦਾ ਕਰਨ ਲਈ ਆਪ ਦੇ ਨਾਲ ਆਏ ਸਿੱਖਾਂ ਤੇ ਜੁਲਮ ਸ਼ੁਰੂ ਕਰ ਦਿੱਤੇ। ਭਾਈ ਮਤੀ ਦਾਸ ਨੂੰ ਆਪ ਦੇ ਸਾਹਮਣੇ ਆਰੇ ਨਾਲ ਚੀਰ ਦੋ-ਫਾੜ ਕਰ ਦਿੱਤਾ ਗਿਆ ਤੇ ਭਾਈ ਸਾਹਿਬ ਨੇ ਸ਼ੀ ਤੱਕ ਨਾਂ ਕਹੀ। ਉਸ ਤੋਂ ਬਾਅਦ ਬਾਈ ਦਿਆਲਾ ਜੀ ਨੂੰ ਇੱਕ ਵੱਡੀ ਦੇਗ ਵਿੱਚ ਉਬਲ਼ਦੇ ਪਾਣੀ ਵਿਚ ਸੁੱਟ ਸ਼ਹੀਦ ਕੀਤਾ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਇਸ ਤਰ੍ਹਾਂ ਗੁਰੂ ਸਾਹਿਬ ਇਹਨਾਂ ਸ਼ਹੀਦੀਆਂ ਤੋਂ ਵੀ ਨਾਂ ਘਬਰਾਏ ਤੇ ਨਾਂ ਹੀ ਇਸਲਾਮ ਕਬੂਲ ਕੀਤਾ। ਅਸਲ ਵਿਚ ਆਪ ਜਾਣੀ-ਜਾਣ ਸਨ ਕਿ ਮਨੁੱਖ ਦੇ ਜੀਵਨ ਦਾ ਅੰਤ ਮੌਤ ਹੀ ਹੈ। ਇਸ ਨੇ ਆਉਣਾ ਹੀ ਹੈ ਤੇ ਕਿਸੇ ਮਹਾਨ ਕਾਰਜ ਲਈ ਕੁਰਬਾਨ ਹੋਣਾ ਉੱਤਮ ਹੁੰਦੈ। ਆਪ ਦੇ ਸ਼ਬਦ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ।।
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀਂ ਕੋਇ ।।
ਸਾਨੂੰ ਇਹੀ ਸਮਝਾਉਂਦੇ ਹਨ ਕਿ ਮਨੁੱਖ ਇਸ ਸੰਸਾਰ ਵਿੱਚ ਆ ਕੇ ਇਸ ਸੰਸਾਰ ਵਿੱਚ ਹੀ ਖਤਮ ਹੁੰਦਾ ਹੈ। ਇਸ ਲਈ ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ।
ਅਖੀਰ ਨੂੰ ਮੁਗਲ ਹਕੂਮਤ ਨੇ ਆਪ ਨੂੰ ਵੀ ਦਿੱਲੀ ਵਿਖੇ ਕੋਤਵਾਲੀ ਦੇ ਸਾਹਮਣੇ ਸਿਰ ਧੜ ਨਾਲੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ।
ਆਪ ਦੀ ਸ਼ਹਾਦਤ ਜਿੱਥੇ ਬਿਨਾਂ ਡਰ ਜਿਉਣ ਅਤੇ ਦੂਜਿਆਂ ਨੂੰ ਬਿਨਾਂ ਡਰ ਜਿਉਣ ਦੇਣ ਦੇ ਅਧਿਕਾਰਾਂ ਦੀ ਪ੍ਰਸੰਗਿਕ ਹੈ, ਉੱਥੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਖਾਤਰ ਦਿੱਤੀ ਬੇਮਿਸਾਲ ਸ਼ਹਾਦਤ ਵੀ ਹੈ। ਪਰ ਅੱਜ ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਘਾਣ ਮੌਜੂਦਾ ਸਿਸਟਮ ਤੇ ਸਵਾਲੀਆ ਚਿੰਨ੍ਹ ਖੜਾ ਕਰਦਾ ਹੈ। ਅੱਜ ਵੀ ਧਾਰਮਿਕ ਕੱਟੜਤਾ ਮਨੁੱਖੀ ਬਲੀਆਂ ਲੈ ਰਹੀ ਹੈ। ਉਹ ਗੁਰੂ ਜਿਸ ਦੇ ਬਾਪ ਨੇ ਮੀਰੀ ਤੇ ਪੀਰੀ ਦਾ ਮਾਰਗ ਦੱਸਿਆ ਤੇ ਗੁਰੂ ਜੀ ਨੇ ਖੁਦ ਆਪਣੇ ਧਰਮ ਤੋਂ ਅੱਗੇ ਹੋ ਮਨੁੱਖਾ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤੇ “ਹਿੰਦ ਦੀ ਚਾਦਰ” ਅਖਵਾਏ। ਉਹਨਾਂ ਕੁਰਬਾਨੀਆਂ ਦੀ ਐਸੀ ਚਿਣਗ ਲਗਾਈ, ਜੋ ਮੁਗਲ ਹਕੂਮਤ ਦਾ ਅੰਤ ਬਣੀ। ਸ਼ਾਇਦ ਅੱਜ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਗਏ ਜਾਪਦੇ ਹਾਂ। ਮੌਜੂਦਾ ਸਮੇਂ ਧਰਮ ਸੰਸਥਾਵਾਂ ਵੀ ਮਨੁੱਖਾ ਅਧਿਕਾਰਾਂ ਨੂੰ ਪਿੱਛੇ ਸੁੱਟ ਧਰਮ ਹੇਤ ਕੱਟੜਵਾਦ ਦੇ ਰਾਹ ਚੱਲਦਿਆਂ ਆਪਣੀ ਹਉਮੈ ਨੂੰ ਬੜਾਵਾ ਦੇ ਰਹੀਆਂ ਜਾਪਦੀਆਂ! ਅੱਜ ਲੋੜ ਹੈ ਸਾਨੂੰ ਆਪਣੀ ਇਸ ਹਉਮੈ, ਹੰਕਾਰ, ਈਰਖਾ, ਲਾਲਚ ਤੋਂ ਉੱਪਰ ਉੱਠ ਆਮ ਲੋਕਾਈ ਦੇ ਭਲੇ ਬਾਰੇ ਸੋਚਣ ਦੀ। ਫਿਰ ਹੀ ਸਾਨੂੰ ਉਹਨਾਂ ਦੀ ਅਦੁੱਤੀ ਤੇ ਬੇਮਿਸਾਲ ਸ਼ਹਾਦਤ ਨੂੰ ਸਜਦਾ ਕਰਨ ਦਾ ਹੱਕ ਹੈ, ਨਹੀਂ ਤਾਂ ਇਹ ਵਿਖਾਵੇ ਤੋਂ ਅਗਾਂਹ ਕੁਝ ਵੀ ਨਹੀਂ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371



