ਕਰਨਾਟਕ ਦੇ ਕਾਲਜਾਂ ’ਚ ਹਿਜਾਬ ਬਨਾਮ ਭਗਵਾ ਸ਼ਾਲ ਵਿਵਾਦ ਭਖਿਆ

ਮੰਗਲੂਰੂ (ਸਮਾਜ ਵੀਕਲੀ):  ਕਰਨਾਟਕ ਦੇ ਕਾਲਜਾਂ ’ਚ ਹਿਜਾਬ-ਭਗਵਾ ਸ਼ਾਲ ਵਿਵਾਦ ਭਖ਼ ਗਿਆ ਹੈ। ਦੋ ਜੂਨੀਅਰ ਕਾਲਜਾਂ ਦੇ ਵਿਦਿਆਰਥੀਆਂ ਨੇ ਵਰਦੀ ਲਾਜ਼ਮੀ ਪਹਿਨਣ ਸਬੰਧੀ ਜਾਰੀ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ। ਸੂਬੇ ਦੇ ਸਿੱਖਿਆ ਵਿਭਾਗ ਨੇ ਸ਼ਨਿਚਰਵਾਰ ਨੂੰ ਕਾਲਜਾਂ ’ਚ ਵਰਦੀ ਲਾਜ਼ਮੀ ਕਰਨ ਸਬੰਧੀ ਹੁਕਮ ਜਾਰੀ ਕੀਤੇ ਸਨ। ਕੁੰਦਾਪੁਰ ਦੇ ਵੈਂਕਟਰਮੰਨਾ ਕਾਲਜ ਦੇ ਕੁਝ ਵਿਦਿਆਰਥੀ ਸੋਮਵਾਰ ਨੂੰ ਭਗਵੇ ਸ਼ਾਲ ਲੈ ਕੇ ਕਾਲਜ ਪੁੱਜੇ। ਉਨ੍ਹਾਂ ਨੂੰ ਪ੍ਰਿੰਸੀਪਲ ਅਤੇ ਪੁਲੀਸ ਨੇ ਕਾਲਜ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਲੜਕੀਆਂ ਨੂੰ ਹਿਜਾਬ ਪਾ ਕੇ ਜਮਾਤਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਸ਼ਾਲਾਂ ਲੈ ਕੇ ਆਉਣਗੇ। ਜਦੋਂ ਪ੍ਰਿੰਸੀਪਲ ਨੇ ਭਰੋਸਾ ਦਿੱਤਾ ਕਿ ਕੋਈ ਵੀ ਵਿਦਿਆਰਥਣ ਹਿਜਾਬ ਪਾ ਕੇ ਕਲਾਸ ’ਚ ਦਾਖ਼ਲ ਨਹੀਂ ਹੋਵੇਗੀ ਤਾਂ ਵਿਦਿਆਰਥੀ ਸ਼ਾਲਾਂ ਉਤਾਰ ਕੇ ਕਲਾਸਾਂ ਲਗਾਉਣ ਲਈ ਸਹਿਮਤ ਹੋ ਗਏ। ਕੁੰਦਾਪੁਰ ਦੇ ਸਰਕਾਰੀ ਪੀਯੂ ਕਾਲਜ ’ਚ ਵੀ ਪ੍ਰਿੰਸੀਪਲ ਨੇ ਹਿਜਾਬ ਪਹਿਨ ਕੇ ਆਈਆਂ ਮੁਸਲਿਮ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਹੁਕਮਾਂ ਤੋਂ ਜਾਣੂ ਕਰਵਾਇਆ।

ਜਦੋਂ ਵਿਦਿਆਰਥਣਾਂ ਨੇ ਹਿਜਾਬ ਉਤਾਰਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਨੂੰ ਵੱਖਰੇ ਕਮਰੇ ’ਚ ਬੈਠਣ ਲਈ ਆਖਿਆ ਗਿਆ। ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਕਿਹਾ ਕਿ ਜਿਹੜੀਆਂ ਵਿਦਿਆਰਥਣਾਂ ਹਿਜਾਬ ਪਹਿਨਣ ’ਤੇ ਬਜ਼ਿਦ ਰਹਿਣਗੀਆਂ, ਉਨ੍ਹਾਂ ਨੂੰ ਸਰਕਾਰੀ ਵਿਦਿਆ ਸੰਸਥਾਨਾਂ ’ਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਾਲਜ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕੁਝ ਵਿਦਿਆਰਥੀਆਂ ਨੂੰ ਵੱਖਰੇ ਕਮਰੇ ’ਚ ਬੈਠਣ ਲਈ ਕਿਹਾ ਪਰ ਉਨ੍ਹਾਂ ਨੂੰ ਪੜ੍ਹਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਸਿਰਫ਼ ਇਕ ਦਿਨ ਲਈ ਕੀਤਾ ਗਿਆ ਹੈ ਕਿਉਂਕਿ ਹਰ ਕੋਈ ਕਰਨਾਟਕ ਹਾਈ ਕੋਰਟ ’ਚ ਮੰਗਲਵਾਰ ਨੂੰ ਹੋਣ ਜਾ ਰਹੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਚਿਕਮੰਗਲੂਰੂ ਦੇ ਇਕ ਕਾਲਜ ’ਚ ਕੁਝ ਵਿਦਿਆਰਥੀ ਨੀਲੇ ਸਕਾਰਫ ਪਹਿਨ ਕੇ ਪਹੁੰਚੇ ਜੋ ਭਗਵਾ ਸਕਾਰਫ ਪਾ ਕੇ ਆਏ ਵਿਦਿਆਰਥੀਆਂ ਮੂਹਰੇ ‘ਜੈ ਭੀਮ’ ਦੇ ਨਾਅਰੇ ਲਾ ਰਹੇ ਸਨ। ਇਹ ਵਿਦਿਆਰਥੀ ਹਿਜਾਬ ਪਹਿਨਣ ਵਾਲੀਆਂ ਲੜਕੀਆਂ ਦੀ ਹਮਾਇਤ ਕਰ ਰਹੇ ਸਨ। ਚਿੱਕਾਬਲਾਪੂਰਾ, ਬਾਗਲਕੋਟ, ਬੇਲਾਗਾਵੀ, ਹਾਸਨ ਅਤੇ ਮਾਂਡਿਆ ਦੇ ਕਾਲਜਾਂ ’ਚ ਵੀ ਵਿਦਿਆਰਥੀਆਂ ਦੇ ਹਿਜਾਬ ਅਤੇ ਭਗਵੇ ਸਕਾਰਫ ਪਹਿਨ ਕੇ ਪੁੱਜਣ ਦੀਆਂ ਰਿਪੋਰਟਾਂ ਹਨ। ਉਧਰ ਪ੍ਰਦਰਸ਼ਨਾਂ ਦੌਰਾਨ ਚਾਕੂ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਮੁਖੀ ਨੂੰ ਫਰਲੋ: ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਜਤਾਇਆ ਸਖ਼ਤ ਇਤਰਾਜ਼
Next articleਸ਼ਾਹ ਵੱਲੋਂ ਓਵਾਇਸੀ ਨੂੰ ਜ਼ੈੱਡ ਸੁਰੱਖਿਆ ਲੈਣ ਦੀ ਅਪੀਲ