ਹਿਜਾਬ ਵਿਵਾਦ: ਤਿੰਨ ਦਿਨਾਂ ਦੀ ਛੁੱਟੀ ਕਰ ਕੇ ਸਿੱਖਿਆ ਸੰਸਥਾਵਾਂ ’ਚ ਚੁੱਪ ਪੱਸਰੀ

ਬੰਗਲੂਰੂ (ਸਮਾਜ ਵੀਕਲੀ):  ਕਰਨਾਟਕ ਵਿੱਚ ਹਿਜਾਬ ਬਨਾਮ ਭਗਵਾ ਸ਼ਾਲ ਵਿਵਾਦ ਕਰਕੇ ਬਣੇ ਤਣਾਅ ਦਰਮਿਆਨ ਸੂਬਾ ਸਰਕਾਰ ਵੱਲੋਂ ਤਿੰਨ ਦਿਨਾਂ ਲਈ ਸਾਰੇ ਹਾਈ ਸਕੂਲ ਤੇ ਕਾਲਜ ਬੰਦ ਕੀਤੇ ਜਾਣ ਦੇ ਹੁਕਮਾਂ ਮਗਰੋਂ ਸਿੱਖਿਆ ਸੰਸਥਾਵਾਂ ਵਿੱਚ ਮਾਹੌਲ ਸ਼ਾਂਤ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਜ਼ਿਆਦਾਤਰ ਸਕੂਲ-ਕਾਲਜ ਸਿੱਖਿਆ ਦੇ ਆਨਲਾਈਨ ਮੋਡ ਵਿੱਚ ਪਰਤ ਆਏ ਹਨ ਜਦੋਂਕਿ ਪ੍ਰਾਇਮਰੀ ਸਕੂਲ ਬਿਨਾਂ ਕਿਸੇ ਰੋਕ-ਟੋਕ ਦੇ ਆਮ ਵਾਂਗ ਲੱਗੇ। ਹਿਜਾਬ ਵਿਵਾਦ ਨੂੰ ਲੈ ਕੇ ਕਰਨਾਟਕ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਰੀ ਪ੍ਰਦਰਸ਼ਨਾਂ ਨੇ ਮੰਗਲਵਾਰ ਨੂੰ ਕੁਝ ਥਾਵਾਂ ’ਤੇ ਹਿੰਸਕ ਰੂਪ ਲੈ ਲਿਆ ਸੀ।

ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਤੇ ਮਾਲ ਮੰਤਰੀ ਆਰ.ਅਸ਼ੋਕਾ ਨੇ ਅੱਜ ਕਾਂਗਰਸ ’ਤੇ ਹਿਜਾਬ ਵਿਵਾਦ ਨੂੰ ਹਵਾ ਦੇਣ ਦਾ ਦੋਸ਼ ਲਾਇਆ ਹੈ। ਗਿਆਨੇਂਦਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਹਿਜਾਬ ਵਿਵਾਦ ਨੂੰ ਲੈ ਕੇ ਕਾਂਗਰਸੀ ਆਗੂ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਜੇਕਰ ਭਵਿੱਖ ਵਿੱਚ ਵੀ ਉਨ੍ਹਾਂ ਇਹੀ ਵਰਤਾਰਾ ਜਾਰੀ ਰੱਖਿਆ ਤਾਂ ਕਰਨਾਟਕ ਦੇ ਲੋਕ ਉਨ੍ਹਾਂ ਨੂੰ ਅਰਬ ਸਾਗਰ ਵਿੱਚ ਸੁੱਟ ਦੇਣਗੇ।’’ ਉਨ੍ਹਾਂ ਕਿਹਾ ਕਿ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਮੁਖੀ ਡੀ.ਕੇ.ਸ਼ਿਵਕੁਮਾਰ ਨੇ ਪੱਤਰਕਾਰਾਂ ਨੂੰ ਗ਼ਲਤ ਜਾਣਕਾਰੀ ਦਿੱਤੀ ਸੀ ਕਿ ਸ਼ਿਵਾਮੋਗਾ ਵਿੱਚ ਤਿਰੰਗੇ ਝੰਡੇ ਨੂੰ ਹੇਠਾਂ ਲਾਹ ਕੇ ਉਸ ਦੀ ਥਾਂ ਭਗਵਾ ਝੰਡਾ ਲਹਿਰਾਇਆ ਗਿਆ ਹੈ। ਮੰਤਰੀ ਨੇ ਕਿਹਾ, ‘‘ਕੌਮੀ ਤਿਰੰਗਾ ਹਰ ਸਮੇਂ ਨਹੀਂ ਫਹਿਰਾਇਆ ਜਾਂਦਾ। ਸ਼ਿਵ ਕੁਮਾਰ ਗੈਰ-ਜ਼ਿੰਮੇਵਾਰੀ ਵਾਲਾ ਬਿਆਨ ਦੇ ਰਹੇ ਹਨ। ਅਸੀਂ ਕਿਸੇ ਸੀਨੀਅਰ ਆਗੂ ਵੱਲੋਂ ਦਿੱਤੇ ਬਿਆਨ ਪਿਛਲੇ ਮੰਤਵ ਨੂੰ ਸਮਝਦੇ ਹਾਂ।’’

ਉਧਰ ਅਸ਼ੋਕਾ ਨੇ ਕਾਂਗਰਸ ਨੂੰ ਭੰਡਦਿਆਂ ਕਿਹਾ, ‘‘ਲੋਕਾਂ ਨੂੰ ਭੜਕਾਉਣਾ ਕਾਂਗਰਸ ਲਈ ਚੰਗੀ ਗੱਲ ਨਹੀਂ। ਉਹ ਬਿਆਨ ਦੇ ਕੇ ਲੋਕਾਂ ਨੂੰ ਭੜਕਾ ਰਹੇ ਹਨ। ਇਸ ਵਿਵਾਦ ਪਿੱਛੇ ਕਾਂਗਰਸ ਦੀ ਸਾਜ਼ਿਸ਼ ਸਾਫ਼ ਨਜ਼ਰ ਆਉਂਦੀ ਹੈ। ਇਕ ਧਿਰ ਅੱਗ ਨੂੰ ਹਵਾ ਦੇ ਰਹੀ ਹੈ ਜਦੋਂਕਿ ਦੂਜੀ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਜਮਾਤਾਂ ਵਿੱਚ ਸਿਰਾਂ ’ਤੇ ਹਿਜਾਬ ਤੇ ਭਗਵੇਂ ਦੁਪੱਟੇ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਬਿਲੇਗੌਰ ਹੈ ਕਿ ਗਿਆਨੇਂਦਰ ਨੇ ਮੰਗਲਵਾਰ ਰਾਤ ਨੂੰ ਉੱਚ ਸਿੱਖਿਆ ਮੰਤਰੀ ਡਾ. ਸੀ.ਐੈੱਨ.ਅਸ਼ਵਨਾਥ ਨਰਾਇਣ ਤੇ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ.ਨਾਗੇਸ਼ ਨਾਲ ਮੀਟਿੰਗ ਕੀਤੀ ਸੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਮਾਮਲਾ ਕੋਰਟ ਦੇ ਵਿਚਾਰਧੀਨ ਹੋਣ ਕਰਕੇ ਉਹ ਫੈਸਲੇ ਦੀ ਉਡੀਕ ਕਰਨਗੇ, ਪਰ ਡਰੈੱਸ ਕੋਡ ਲਈ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣਾ ਪਹਿਨਾਵਾਂ ਚੁਣਨਾ ਔਰਤਾਂ ਦਾ ਹੱਕ: ਪ੍ਰਿਯੰਕਾ
Next articlePKL 8: Gujarat Giants beat Telugu Titans to keep Playoff hopes alive