HOME ਹਾਈਵੇ ਐਕਟ ਦੇ ਝੂਠੇ ਮਾਮਲੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ...

ਹਾਈਵੇ ਐਕਟ ਦੇ ਝੂਠੇ ਮਾਮਲੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਆਇਆ ਵਕੀਲ ਭਾਈਚਾਰਾ

4

-ਪਰਚਾ ਕੈਂਸਲ ਕਰਨ ਲਈ ਡੀਜੀਪੀ ਪੰਜਾਬ ਨੂੰ ਲਿਖਿਆ ਪੱਤਰ

-ਵਕੀਲਾਂ ਨੇ ਕਿਹਾ-ਮਾਮਲੇ ਵਿੱਚ ਇਨਸਾਫ ਲਈ ਹਰ ਕਾਨੂੰਨੀ ਲੜਾਈ ਲੜੀ ਜਾਵੇਗੀ

ਜਲੰਧਰ   (ਸਮਾਜ ਵੀਕਲੀ)   ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਪਵਨ ਬੈਂਸ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਦੀਪਕ ਤੇ ਹੋਰ ਵਕੀਲਾਂ ਵੱਲੋਂ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਹਾਈਵੇ ਐਕਟ ਦੇ ਝੂਠੇ ਪਰਚੇ ਵਿੱਚ ਨਾਮਜ਼ਦ ਕੀਤੇ ਗਏ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ ਤੇ ਐਡਵੋਕੇਟ ਮਧੂ ਰਚਨਾ ਨੇ ਕਿਹਾ ਕਿ ਐਡਵੋਕੇਟ ਬਲਵਿੰਦਰ ਕੁਮਾਰ ਜਿੱਥੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਨ, ਉੱਥੇ ਵਕੀਲ ਭਾਈਚਾਰੇ ਨਾਲ ਵੀ ਸਬੰਧਤ ਹਨ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਵਿੱਚ ਜਲੰਧਰ ਦਿਹਾਤੀ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਰਾਜਨੀਤਕ ਮੰਸ਼ਾ ਤੇ ਰੰਜਿਸ਼ ਤਹਿਤ ਇੱਕ ਝੂਠਾ ਹਾਈਵੇ ਐਕਟ ਦਾ ਪਰਚਾ (ਐਫਆਈਆਰ ਨੰਬਰ 85/23) 23 ਜੁਲਾਈ, 2023 ਨੂੰ ਥਾਣਾ ਮਕਸੂਦਾਂ ਵਿਖੇ ਦਰਜ ਕੀਤਾ ਗਿਆ ਸੀ, ਕਿਉਂਕਿ ਉਹ ਇੱਕ ਸਿਆਸੀ ਪਾਰਟੀ ਨਾਲ ਵੀ ਸਬੰਧਤ ਹਨ ਤੇ ਲੋਕ ਹਿੱਤਾਂ ਦੀ ਲੜਾਈ ਲੜਦੇ ਹਨ। ਵਕੀਲਾਂ ਨੇ ਕਿਹਾ ਕਿ ਇਹ ਪਰਚਾ ਉਸ ਸਮੇਂ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਵਿਰਕ ਵੱਲੋਂ ਦਰਜ ਕੀਤਾ ਗਿਆ ਸੀ, ਕਿਉਂਕਿ ਬਲਵਿੰਦਰ ਕੁਮਾਰ ਤੇ ਇਲਾਕੇ ਦੇ ਲੋਕਾਂ ਵੱਲੋਂ ਨਸ਼ੇ ਦੇ ਖਿਲਾਫ ਥਾਣਾ ਖੇਤਰ ਤਹਿਤ ਆਉਂਦੇ ਪਿੰਡ ਨੂਰਪੁਰ ਦੇ ਅੱਡੇ ’ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ ਲੋਕਾਂ ਵੱਲੋਂ ਕੋਈ ਵੀ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ ਤੇ ਇਸ ਧਰਨੇ ਸਬੰਧੀ ਵੀਡੀਓ ਤੇ ਤਸਵੀਰਾਂ ਤੋਂ ਸਾਫ ਹੈ ਕਿ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਰੰਜਿਸ਼ਨ ਖੁਦ ਹੀ ਆਪਣੇ ਮੁਲਾਜ਼ਮਾਂ ਦੇ ਨਾਲ ਹਾਈਵੇ ਰੋਕ ਕੇ ਇਹ ਝੂਠਾ ਪਰਚਾ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰਨਾਂ ਖਿਲਾਫ ਦਰਜ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਪਰਚੇ ਸਬੰਧੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਸਬੰਧੀ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਦੀ ਜਾਂਚ ਐਸਐਸਪੀ ਹੁਸ਼ਿਆਰਪੁਰ ਤੋਂ ਕਰਵਾਈ ਸੀ ਤੇ ਉਨ੍ਹਾਂ ਆਪਣੀ ਜਾਂਚ ਵਿੱਚ ਪਾਇਆ ਕਿ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਲੋਕ ਬੇਗੁਨਾਹ ਹਨ ਤੇ ਉਨ੍ਹਾਂ ਕੋਈ ਜਾਮ ਨਹੀਂ ਕੀਤਾ ਤੇ ਇਸ ਕਰਕੇ ਇਹ ਪਰਚਾ ਰੱਦ ਕਰਨ ਯੋਗ ਹੈ। ਡੀਜੀਪੀ ਪੰਜਾਬ ਨੇ ਇਹ ਜਾਂਚ ਰਿਪੋਰਟ ਡਾਇਰੈਕਟ ਪੀਬੀਆਈ ਨੂੰ ਭੇਜੀ ਤੇ ਉਨ੍ਹਾਂ ਸਾਰੇ ਕਾਨੂੰਨੀ ਪੱਖਾਂ ਤੋਂ ਇਹ ਰਿਪੋਰਟ ਦੇਖ ਕੇ ਐਸਐਸਪੀ ਜਲੰਧਰ ਦਿਹਾਤੀ ਨੂੰ ਇਸ ਪਰਚੇ ਨੂੰ ਰੱਦ ਕਰਨ ਸਬੰਧੀ ਹਦਾਇਤ ਕੀਤੀ। ਪਰ ਇਸ ਸਭ ਨੂੰ ਅਣਦੇਖਾ ਕਰਦਿਆਂ ਜਲੰਧਰ ਦੇ ਮੌਜ਼ੂਦਾ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੇ ਅਧੀਨ ਥਾਣਾ ਮਕਸੂਦਾਂ ਮੁਖੀ ਬਿਕਰਮ ਸਿੰਘ ਨੇ ਆਪਣੇ ਪੱਧਰ ’ਤੇ ਹੀ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹ ਲੋਕਾਂ ਖਿਲਾਫ ਸਤੰਬਰ, 2025 ਨੂੰ ਚਲਾਨ ਪੇਸ਼ ਕਰ ਦਿੱਤਾ। ਇਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਲੋਕਾਂ ਖਿਲਾਫ ਅਪਰਾਧ ਕੀਤਾ ਗਿਆ ਹੈ। ਵਕੀਲਾਂ ਨੇ ਕਿਹਾ ਕਿ ਇਸ ਪਰਚੇ ਨੂੰ ਰੱਦ ਕਰਨ ਤੇ ਚਲਾਨ ਵਾਪਸ ਲੈਣ ਸਬੰਧੀ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਇਨਸਾਫ ਨਹੀਂ ਹੋ ਜਾਂਦਾ, ਉਦੋਂ ਤੱਦ ਉਹ ਸਾਰੇ ਵਕੀਲ ਸਾਥੀ ਹਰ ਕਾਨੂੰਨੀ ਰਾਹ ਅਖਤਿਆਰ ਕਰਨਗੇ। ਇਸ ਮੌਕੇ ’ਤੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਮੌਜ਼ੂਦ ਸਨ। ਉਨ੍ਹਾਂ ਕਿਹਾ ਕਿ ਆਪਣੀ ਗੱਲ ਰੱਖਣਾ, ਵਿਰੋਧ ਜਤਾਉਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ, ਪਰ ਇਸਨੂੰ ਹੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਮੀਡੀਆ ਅਦਾਰਿਆਂ ਨਾਲ ਵੀ ਕੀਤਾ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSeth Sat Pal Mal – An obituary
Next articleਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿੰੰਦਾ