ਘਨੌਲੀ (ਸਮਾਜ ਵੀਕਲੀ): ਅੱਜ ਇੱਥੇ ਘਨੌਲੀ ਬੈਰੀਅਰ ਨੇੜੇ ਹਾਈਵੇਅ ਪਟਰੌਲਿੰਗ ਪਾਰਟੀ ਨੰਬਰ 12 ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦਾ ਹਾਦਸੇ ’ਚ ਵਾਲ ਵਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੌਣੇ ਛੇ ਵਜੇ ਭਰਤਗੜ੍ਹ ਤੋਂ ਰੂਪਨਗਰ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਡੀਐੱਲ.2ਸੀਬੀਏ-0197 ਹਾਈਵੇਅ ’ਤੇ ਬਣੇ ਡਿਵਾਇਡਰ ਨਾਲ ਟਕਰਾਉਣ ਬਾਅਦ ਕਾਫੀ ਦੂਰੀ ਜਾ ਕੇ ਪਲਟ ਗਈ।
ਇਸ ਹਾਦਸੇ ਦੌਰਾਨ ਭਾਵੇਂ ਕਾਰ ਚਾਲਕ ਜਸਨੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਰਾਜੌਰੀ ਗਾਰਡਨ ਦਿੱਲੀ ਸਣੇ ਤਿੰਨ ਜਣਿਆਂ ਦਾ ਬਚਾਅ ਹੋ ਗਿਆ ਪਰ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸਾਗ੍ਰਸਤ ਕਾਰ ਪਹਿਲਾਂ ਡਿਵਾਇਡਰ ਨਾਲ ਵੱਜੀ ਤੇ ਫਿਰ ਪੋਲ ਨੂੰ ਤੋੜ ਕੇ ਪਲਟਣੀਆਂ ਖਾਂਦੀ ਹੋਈ ਹਾਈਵੇਅ ਪਟਰੋਲਿੰਗ ਪਾਰਟੀ ਦੀ ਗੱਡੀ ਨੇੜੇ ਖੜ੍ਹੇ ਐਕਟਿਵਾ ਸਕੂਟਰ ’ਤੇ ਜਾ ਡਿੱਗੀ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਦੀ ਕਾਰ ਨਾਲ ਟਕਰਾ ਕੇ ਫਿਰ ਪੁੱਠੀ ਹੋ ਗਈ।
ਇਸ ਦੌਰਾਨ ਕਾਰ, ਐਕਟਿਵਾ ਤੇ ਪੁਲੀਸ ਮੁਲਾਜ਼ਮ ਦੀ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ। ਹਾਈਵੇਅ ਪਟਰੋਲਿੰਗ ਪਾਰਟੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਪਟਰੋਲਿੰਗ ਪਾਰਟੀ ਦਾ ਡਰਾਈਵਰ ਗੱਡੀ ਵਿੱਚ ਬੈਠਾ ਸੀ ਅਤੇ ਦੋ ਮੁਲਾਜ਼ਮ ਗੱਡੀ ਦੇ ਦੂਜੇ ਪਾਸੇ ਖੜ੍ਹੇ ਸਨ, ਜੇ ਗੱਡੀ ਡਿਵਾਇਡਰ ਨਾਲ ਟਕਰਾਉਣ ਦੀ ਬਜਾਇ ਸਿੱਧੀ ਉਨ੍ਹਾਂ ਵੱਲ ਆ ਜਾਂਦੀ ਤਾਂ ਤਿੰਨੋਂ ਮੁਲਾਜ਼ਮਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਲੰਬੇ ਸਫਰ ਦੌਰਾਨ ਡਰਾਈਵਰ ਨੂੰ ਨੀਂਦ ਆਣ ਕਾਰਨ ਹੋਇਆ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly